ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੌਰੇ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਅਮਨ ਕਨੂੰਨ ਅਤੇ ਕਈ ਹੋਰ ਮੁੱਦਿਆਂ ਮੁਤੱਲਕ ਤਿੱਖਾ ਹਮਲਾ ਬੋਲਿਆ ਅਤੇ ਸੱਤਾ ਧਿਰ ਨੂੰ ‘ਕੱਟੜ ਬੇਈਮਾਨ’ ਕਰਾਰ ਦਿੰਦਿਆਂ ਕਿਹਾ ਕਿ ਇਸ ਦੀ ਨਾ ਤਾਂ ਨੀਅਤ ਸਾਫ਼ ਹੈ ਅਤੇ ਨਾ ਹੀ ਇਹ ਇਮਾਨਦਾਰ ਹੈ। ਉਨ੍ਹਾਂ ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨੇ ’ਤੇ ਰੱਖਿਆ ਜਿਸ ਤੋਂ ਭਾਜਪਾ ਦੇ ਅਕਾਲੀ ਦਲ ਨਾਲ ਗੱਠਜੋੜ ਦੀ ਸੰਭਾਵਨਾ ਧੁੰਦਲੀ ਪੈ ਗਈ ਹੈ। ਰੈਲੀ ’ਚ ਹਰੀ ਪੱਗ ਬੰਨ੍ਹ ਕੇ ਪੁੱਜੇ ਪ੍ਰਧਾਨ ਮੰਤਰੀ ਨੇ ਹਰੀ ਪੱਗ ਨੂੰ ਹਰੀ ਕ੍ਰਾਂਤੀ ਨਾਲ ਜੋੜਿਆ ਅਤੇ ਕਿਹਾ ਕਿ ਕਿਸਾਨ ਸਾਡੇ ਸਿਰ ਦਾ ਤਾਜ ਹਨ। ਉਨ੍ਹਾਂ ਰੈਲੀ ’ਚ ਹਾਜ਼ਰ ਲੋਕਾਂ ਨਾਲ ਪੰਜਾਬੀ ’ਚ ਗੱਲਬਾਤ ਵੀ ਕੀਤੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ‘ਡਬਲ ਇੰਜਣ’ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਜਲੰਧਰ ਛਾਉਣੀ, ਐੱਸ ਏ ਐੱਸ ਨਗਰ (ਮੁਹਾਲੀ), ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਸਮੇਤ ਦੇਸ਼ ਭਰ ’ਚ ਮੁੜ ਵਿਕਸਿਤ ਕੀਤੇ 75 ਰੇਲਵੇ ਸਟੇਸ਼ਨਾਂ ਸਣੇ 5,470 ਕਰੋੜ ਰੁਪਏ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਕਾਨੂੰਨ ਪ੍ਰਬੰਧ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਜਿੱਥੇ ਕੋਈ ਵੀ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਕਦੋਂ ਅਤੇ ਕਿੱਥੇ ਗੈਂਗਵਾਰ ਸ਼ੁਰੂ ਹੋ ਜਾਵੇ ਜਾਂ ਕਿੱਧਰੋਂ ਗੋਲੀਆਂ ਚੱਲ ਪੈਣ। ਸ੍ਰੀ ਮੋਦੀ ਨੇ ਕਿਹਾ, ‘‘ਸ਼ਰ੍ਹੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਥਾਣਿਆਂ ’ਤੇ ਹਮਲੇ ਵੀ ਹੁਣ ਆਮ ਘਟਨਾ ਬਣ ਚੁੱਕੇ ਹਨ।’’ ਸੂਬੇ ਦੀ ‘ਆਪ’ ਸਰਕਾਰ ਨੂੰ ਬਿਨਾਂ ਕਿਸੇ ਸਾਫ਼ ਨੀਅਤ ਜਾਂ ਇਮਾਨਦਾਰੀ ਵਾਲੀ ‘ਕੱਟੜ ਬੇਈਮਾਨ’ ਸਰਕਾਰ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨਾਂ ’ਤੇ ਕਰਜ਼ੇ ਚੁੱਕੇ ਜਾ ਰਹੇ ਹਨ ਅਤੇ ਬਜਟ ਦਾ ਵੱਡਾ ਹਿੱਸਾ ਉਹ ਕਰਜ਼ਾ ਮੋੜਨ ’ਤੇ ਖ਼ਰਚ ਹੋ ਰਿਹਾ ਹੈ, ਜਦਕਿ ਸਰਕਾਰ ਚਲਾਉਣ ਵਾਲੇ ਉਸ ਪੈ\ਸੇ ’ਤੇ ਮੌਜਾਂ ਮਾਣ ਰਹੇ ਹਨ। ਉਨ੍ਹਾਂ ਅਕਾਲੀ ਦਲ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਸ ਨੂੰ ਜਨਤਾ ਦੀ ਕੋਈ ਪ੍ਰਵਾਹ ਨਹੀਂ ਹੈ ਕਿਉਂਕਿ ਇਹ ਆਪਣੇ ਹੀ ਮਾਮਲਿਆਂ ਵਿੱਚ ਉਲਝਿਆ ਹੋਇਆ ਹੈ। ਕਾਂਗਰਸ ’ਤੇ ਵਾਰ ਕਰਦਿਆਂ ਉਨ੍ਹਾਂ ਕਿਹਾ, ‘‘2014 ਤੋਂ ਪਹਿਲਾਂ ਰੇਲਵੇ ਦੀ ਕੀ ਹਾਲਤ ਸੀ?
ਤਤਕਾਲੀ ਕਾਂਗਰਸ ਸਰਕਾਰ ਨਵੀਆਂ ਰੇਲ ਗੱਡੀਆਂ ਬਾਰੇ ਸਿਰਫ਼ ਝੂਠੇ ਐਲਾਨ ਕਰਦੀ ਸੀ ਅਤੇ ਫਿਰ ਚੁੱਪ ਕਰ ਕੇ ਬੈਠ ਜਾਂਦੀ ਸੀ।’’ ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਲਈ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਚੱਲ ਰਹੀ ਆਪਸੀ ਲੜਾਈ ਕਦੇ ਨਾ ਖ਼ਤਮ ਹੋਣ ਵਾਲੀ ਜਾਪਦੀ ਹੈ। ਉਨ੍ਹਾਂ ਇੱਥੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਲੰਧਰ ਹੁਣ ਵਿਕਾਸ ਦਾ ਗਵਾਹ ਬਣ ਰਿਹਾ ਹੈ। ਪੰਜਾਬ ਵਿੱਚ ਭਾਵੇਂ ਭਾਜਪਾ ਦੀ ਸਰਕਾਰ ਨਹੀਂ ਹੈ, ਫਿਰ ਵੀ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਸੂਬੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨ੍ਹਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਅੰਮ੍ਰਿਤਸਰ (ਛੇਹਰਟਾ)-ਵਾਰਾਣਸੀ ਸੰਤ ਰਵਿਦਾਸ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਿਸ ਨਾਲ ਦੋ ਪ੍ਰਮੁੱਖ ਧਾਰਮਿਕ ਅਤੇ ਸੱਭਿਆਚਾਰਕ ਕੇਂਦਰਾਂ ਵਿਚਕਾਰ ਸਿੱਧਾ ਰੇਲ ਸੰਪਰਕ ਸਥਾਪਤ ਹੋ ਗਿਆ ਹੈ। ਰੈਲੀ ’ਚ ਵਿਕਰਮਜੀਤ ਸਾਹਨੀ, ਹਰਭਜਨ ਸਿੰਘ ਤੇ ਅਸ਼ੋਕ ਮਿੱਤਲ ਹਾਜ਼ਰ ਰਹੇ ਜਦਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੈਲੀ ’ਚ ਨਹੀਂ ਪੁੱਜੇ।
