Jul 18, 2026

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਐਤਵਾਰ ਨੂੰ ਪੰਜਾਬ ਬਸਪਾ ਦੇ ਪ੍ਰਧਾਨ ਤੇ ਸਾਬਕਾ ਐਮ ਪੀ, ਐਮ ਐਲ ਏ ਸ  ਅਵਤਾਰ ਸਿੰਘ ਕਰੀਮਪੁਰੀ ਖਾਲਸਾ ਦੀਵਾਨ ਸੁਸਾਇਟੀ ਗੁਰੂ ਘਰ ਵਿਖੇ ਨਤਮਸਤਕ ਹੋਏ। ਉਹਨਾਂ ਦੇ ਨਾਲ ਕਮਿਊਨਿਟੀ ਦੀਆਂ ਉਘੀਆਂ ਹਸਤੀਆਂ ਵੀ ਗੁਰੂ ਘਰ ਵਿਖੇ ਪੁੱਜੀਆਂ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਦੇ ਸਿਆਸੀ ਤੇ ਸਮਾਜਿਕ ਹਾਲਾਤ ਬਾਰੇ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਖਾੜਕੂਵਾਦ ਦੇ ਦੌਰ ਉਪਰੰਤ ਕਿਸੇ ਵੀ ਸਿਆਸੀ ਪਾਰਟੀ ਨੇ ਪੰਜਾਬ ਦਾ ਸਹੀ ਮਾਅਨਿਆਂ ਵਿਚ ਭਲਾ ਨਹੀ ਕੀਤਾ। ਹਰੇਕ ਆਗੂ ਤੇ ਪਾਰਟੀ ਨੇ ਪੰਜਾਬ ਨੂੰ ਲੁੱਟਿਆ ਤੇ ਕੰਗਾਲ ਬਣਾਉਣ ਦੀ ਕੋਈ ਕਸਰ ਨਹੀ ਛੱਡੀ। ਰਾਜ ਕਰਨ ਵਾਲੀਆਂ ਪਾਰਟੀਆਂ ਅਕਾਲੀ ਦਲ, ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਦਿਆਂ ਨੂੰ ਸੁਹਿਰਦਤਾ ਨਾਲ ਨਹੀ ਲਿਆ। ਉਹਨਾਂ ਕਿਹਾ ਕਿ ਹੁਣ ਪੰਜਾਬ ਵਿਚ ਬਸਪਾ ਨੇ ਪੰਜਾਬ ਬਚਾਓ ਮੁਹਿੰਮ ਆਰੰਭੀ ਹੈ। ਉਹਨਾਂ ਲੋਕਾਂ ਅਤੇ ਵਿਸ਼ੇਸ਼ ਕਰਕੇ ਐਨ ਆਰ ਆਈ ਭਰਾਵਾਂ ਨੂੰ ਬਸਪਾ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਗੁਰੁਦੁਆਰਾ ਕਮੇਟੀ ਵਲੋਂ ਸ ਕਰੀਮਪੁਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ , ਸਕੱਤਰ ਕਸ਼ਮੀਰ ਸਿੰਘ ਧਾਲੀਵਾਲ, ਗਿਆਨੀ ਹਰਮਿੰਦਰ ਸਿੰਘ ਤੇ ਜੋਗਿੰਦਰ ਸਿੰਘ ਸੁੰਨੜ ਵੀ ਹਾਜ਼ਰ ਸਨ।

ਬਸਪਾ ਸਮਰਥਕਾਂ ਵਲੋਂ ਸਰੀ ਵਿਚ ਸਮਾਗਮ-

ਸਰੀ ( ਮਲਕੀਤ ਸਿੰਘ, ਨਿਰੰਜਣ ਸਿੰਘ ਲੇਹਲ)- ਵਰਲਡਵਾਈਡ ਬਸਪਾ ਸਪੋਰਟਰਜ ਬੀ ਸੀ ਕੈਨੇਡਾ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਅਤੇ ਬਹੁਜਨ ਸਮਾਜ ਪਾਰਟੀ ਦੇ ਸਥਾਪਨਾ ਦਿਵਸ ਦੇ ਸਬੰਧ ਵਿਚ ਗਰੈਂਡ ਇੰਪਾਇਰ ਬੈਂਕੁਇਟ ਹਾਲ ਵਿਖੇ ਸ਼ਾਨਦਾਰ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਬਸਪਾ ਪੰਜਾਬ ਦੇ ਪ੍ਰਧਾਨ ਸ ਅਵਤਾਰ ਸਿੰਘ ਕਰੀਮਪੁਰੀ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਤੋਂ ਇਲਾਵਾ ਐਡਵੋਕੇਟ ਹਰਗੋਪਾਲ ਸਿੰਘ ਸਾਬਕਾ ਐਮ ਐਲ ਏ, ਸ ਹਰਬਿਲਾਸ ਸਿੰਘ ਝੀਂਗੜ ( ਯੂ ਐਸ ਏ) ਸ੍ਰੀਮਤੀ ਹਰਜਿੰਦਰ ਕੌਰ ਕਰੀਮਪੁਰੀ  ਅਤੇ ਸ੍ਰੀ ਰਾਮ ਆਸਰਾ ਐਜੂਕੇਸ਼ਨ ਅਫਸਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਵੱਖ ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਡਾ ਅੰਬੇਦਕਰ ਦੇ ਜਨਮ ਦਿਨ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਤੇ ਬਹੁਜਨ ਸਮਾਜ ਪਾਰਟੀ ਦੇ ਸਥਾਪਨਾ ਦਿਵਸ ਦੀ ਗੱਲ ਕਰਦਿਆਂ ਬਹੁਜਨ ਸਮਾਜ ਨੂੁੰ ਆਪਣੀ ਮਾਂ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਰਮਨੀਕ ਕਲੇਰ ਨੇ ਜੀਵਨ ਵਿਚ ਸਿੱਖਿਆ ਦੀ ਮਹੱਤਤਾ ਬਾਰੇ ਬੋਲਦਿਆਂ ਸਮਾਜਿਕ ਬਰਾਬਰੀ ਅਤੇ ਅੱਗੇ ਵਧਣ ਲਈ ਬੱਚਿਆਂ ਨੂੰ ਵਧ ਤੋਂ ਵੱਧ ਸਿੱਖਿਆ ਦੇਣ ਲਈ ਪ੍ਰੇਰਿਤ ਕੀਤਾ।  ਇਸ ਮੌਕੇ ਸ ਅਵਤਾਰ ਸਿੰਘ ਕਰੀਮਪੁਰੀ ਨੇ ਹਾਜ਼ਰੀਨ ਨਾਲ ਪੰਜਾਬ ਅਤੇ ਮੁਲਕ ਦੇ ਸਿਆਸੀ ਹਾਲਾਤ ਬਾਰੇ ਚਰਚਾ ਕੀਤੀ ਤੇ ਪੰਜਾਬ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਬਸਪਾ ਅਤੇ ਬਸਪਾ ਦੇ ਉਮੀਦਵਾਰਾਂ ਦਾ ਸਹਿਯੋਗ ਕਰਨ ਅਤੇ ਬਹੁਜਨ ਸਮਾਜ ਦੇ ਸੱਤਾ ਵਿਚ ਭਾਈਵਾਲੀ ਲਈ ਮਜਬੂਤੀ ਨਾਲ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਘੇ ਗਾਇਕ ਰੂਪ ਲਾਲ ਧੀਰ, ਪੰਮਾ ਸੁਨਾਰ, ਲੱਖਾ ਅਤੇ ਨਾਜ, ਪਰਮਜੋਤ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀਨ ਦਾ ਮਨੋਰੰਜਨ ਕੀਤਾ ਤੇ ਗੀਤਾਂ ਰਾਹੀਂ ਸਮਾਜ ਨੂੰ ਜੋੜਨ ਦਾ ਇਕ ਸੁਨੇਹਾ ਵੀ ਦਿੱਤਾ। ਮੰਚ ਸੰਚਾਲਕ ਦੀ ਜਿੰਮੇਵਾਰੀ ਸੁਰਿੰਦਰ ਸਿੰਘ ਸੰਧੂ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *