ਲੇਖਕ: ਗੁਰਨਾਮ ਸਿੰਘ ਡੌਡ-
ਅੱਜ ਤੋਂ ਕਈ ਦਹਾਕੇ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਜੀਵਨ ਕਾਫ਼ੀ ਮੁਸ਼ਕਲ ਹੁੰਦਾ ਸੀ। ਰੋਜ਼ਗਾਰ ਦੇ ਸਾਧਨ ਘੱਟ ਸਨ, ਜ਼ਮੀਨਾਂ ਥੋੜੀਆਂ ਸਨ ਅਤੇ ਘਰਾਂ ਦੀਆਂ ਲੋੜਾਂ ਵੱਡੀਆਂ। ਬਹੁਤ ਸਾਰੇ ਨੌਜਵਾਨ ਆਪਣੇ ਮਾਪਿਆਂ ਅਤੇ ਛੋਟੇ ਭੈਣ-ਭਰਾਵਾਂ ਦਾ ਸਹਾਰਾ ਬਣਨ ਲਈ ਰੋਜ਼ੀ-ਰੋਟੀ ਦੀ ਭਾਲ ਵਿੱਚ ਆਪਣੇ ਪਿੰਡ ਛੱਡਣ ਲਈ ਮਜਬੂਰ ਹੋ ਜਾਂਦੇ ਸਨ।
ਉਸ ਸਮੇਂ ਵਿਦੇਸ਼ ਜਾਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ। ਇਸ ਲਈ ਹਜ਼ਾਰਾਂ ਪੰਜਾਬੀ ਨੌਜਵਾਨ ਰੋਜ਼ਗਾਰ ਦੀ ਖ਼ਾਤਰ ਭਾਰਤ ਦੇ ਪੂਰਬੀ ਇਲਾਕਿਆਂ, ਖ਼ਾਸ ਕਰਕੇ ਬੰਗਾਲ (ਮੌਜੂਦਾ ਪੱਛਮੀ ਬੰਗਾਲ ਅਤੇ ਕੋਲਕਾਤਾ) ਵੱਲ ਰੁਖ਼ ਕਰਦੇ ਸਨ।
ਇਹ ਪੰਜਾਬੀ ਮੁੰਡੇ ਹੱਟੇ-ਕੱਟੇ, ਮਿਹਨਤੀ ਅਤੇ ਉੱਚੇ ਸੁਪਨੇ ਦੇਖਣ ਵਾਲੇ ਹੁੰਦੇ ਸਨ। ਜਿਹੜਾ ਵੀ ਕੰਮ ਮਿਲਦਾ—ਮਜ਼ਦੂਰੀ, ਢੋਆ-ਢੁਆਈ, ਵਪਾਰ ਜਾਂ ਕੋਈ ਛੋਟਾ-ਮੋਟਾ ਧੰਦਾ—ਇਮਾਨਦਾਰੀ ਨਾਲ ਕਰਦੇ ਸਨ। ਉਨ੍ਹਾਂ ਦਾ ਇੱਕੋ ਹੀ ਮਕਸਦ ਹੁੰਦਾ ਸੀ—ਕੁਝ ਪੈਸੇ ਕਮਾ ਕੇ ਆਪਣੇ ਘਰ ਭੇਜਣੇ, ਮਾਪਿਆਂ ਦਾ ਸਹਾਰਾ ਬਣਨਾ ਅਤੇ ਇੱਕ ਦਿਨ ਵਾਪਸ ਆਪਣੇ ਪਿੰਡ ਪਰਤ ਆਉਣਾ।
ਪਰ ਜ਼ਿੰਦਗੀ ਹਮੇਸ਼ਾਂ ਇਨਸਾਨ ਦੀ ਸੋਚ ਅਨੁਸਾਰ ਨਹੀਂ ਚੱਲਦੀ।
ਬੰਗਾਲ ਵਿੱਚ ਰਹਿੰਦੇ ਕਈ ਪੰਜਾਬੀ ਨੌਜਵਾਨਾਂ ਦੀ ਜਾਣ-ਪਛਾਣ ਬੰਗਾਲਣ ਕੁੜੀਆਂ ਨਾਲ ਹੋ ਜਾਂਦੀ ਸੀ। ਬੰਗਾਲ ਦੀਆਂ ਕੁੜੀਆਂ ਆਪਣੀ ਸਾਦਗੀ, ਨਰਮ ਸੁਭਾਅ, ਸੁੰਦਰਤਾ ਤੇ ਆਕਰਸ਼ਕ ਅੱਖਾਂ ਲਈ ਮਸ਼ਹੂਰ ਸਨ। ਹੌਲੀ ਹੌਲੀ ਜਾਣ-ਪਛਾਣ ਦੋਸਤੀ ਵਿੱਚ ਅਤੇ ਦੋਸਤੀ ਪਿਆਰ ਵਿੱਚ ਬਦਲ ਜਾਂਦੀ। ਵਿਆਹ ਹੁੰਦੇ, ਬੱਚੇ ਹੋ ਜਾਂਦੇ ਅਤੇ ਹੌਲੀ-ਹੌਲੀ ਉਨ੍ਹਾਂ ਦਾ ਆਪਣਾ ਘਰ-ਪਰਿਵਾਰ ਉੱਥੇ ਹੀ ਵੱਸ ਜਾਂਦਾ।
ਸਮਾਂ ਲੰਘਦਾ ਗਿਆ।
ਉਥੇ ਵਸਦਿਆਂ ਦਾ ਪੰਜਾਬ ਨਾਲ ਸੰਪਰਕ ਘਟਦਾ ਗਿਆ। ਜਿਹੜੇ ਪੈਸੇ ਪਹਿਲਾਂ ਹਰ ਮਹੀਨੇ ਘਰ ਭੇਜੇ ਜਾਂਦੇ ਸਨ, ਉਹ ਪਹਿਲਾਂ ਘੱਟ ਹੋਏ ਅਤੇ ਫਿਰ ਬਿਲਕੁਲ ਹੀ ਬੰਦ ਹੋ ਗਏ। ਪਿੰਡਾਂ ਵਿੱਚ ਬੈਠੇ ਮਾਪੇ ਡਾਕੀਏ ਦੀ ਉਡੀਕ ਕਰਦੇ ਰਹਿੰਦੇ ਕਿ ਕਦੋਂ ਮਨੀ ਆਰਡਰ ਲੈ ਕੇ ਆਵੇ। ਮਾਵਾਂ ਪੁੱਤਰਾਂ ਦੀ ਯਾਦ ਵਿੱਚ ਅੱਖਾਂ ਭਰ ਲੈਂਦੀਆਂ, ਪਿਤਾ ਚਿੰਤਾ ਕਰਦੇ ਅਤੇ ਛੋਟੇ ਭੈਣ-ਭਰਾ ਸੋਚਦੇ ਰਹਿੰਦੇ ਕਿ ਉਹ ਭਰਾ ਕਿੱਥੇ ਗੁੰਮ ਹੋ ਗਿਆ ਜਿਸ ਨੇ ਕਦੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਕਦੇ ਨਹੀਂ ਭੁੱਲੇਗਾ।
ਜਦੋਂ ਵੀ ਕੋਈ ਬੰਦਾ ਬੰਗਾਲ ਤੋਂ ਆਪਣੇ ਜਾਂ ਆਪਣੇ ਲਾਗਲੇ ਪਿੰਡ ਆਉਂਦਾ, ਮਾਪੇ ਦੌੜ ਕੇ ਪੁੱਛਦੇ,
“ਭਾਈ, ਸਾਡਾ ਮੁੰਡਾ ਮਿਲਿਆ ਸੀ? ਕਿਵੇਂ ਹੈ? ਚਿੱਠੀ ਕਿਉਂ ਨਹੀਂ ਲਿਖਦਾ? ਘਰ ਕਿਉਂ ਨਹੀਂ ਆਉਂਦਾ?”
ਹੁਣ ਜਵਾਬ ਦੇਣ ਵਾਲੇ ਵੀ ਮੁਸ਼ਕਲ ਵਿੱਚ ਪੈ ਜਾਂਦੇ।
ਉਹ ਕਿਸੇ ਬੁੱਢੀ ਮਾਂ ਦਾ ਦਿਲ ਨਹੀਂ ਤੋੜਨਾ ਚਾਹੁੰਦੇ ਸਨ ਕਿ ਤੁਹਾਡਾ ਪੁੱਤਰ ਹੁਣ ਆਪਣਾ ਨਵਾਂ ਘਰ ਵਸਾ ਕੇ ਉੱਥੇ ਜੋਗਾ ਹੀ ਰਹਿ ਗਿਆ ਹੈ ਅਤੇ ਸ਼ਾਇਦ ਹੁਣ ਕਦੇ ਵੀ ਵਾਪਸ ਨਹੀਂ ਆਵੇਗਾ।
ਇਸ ਲਈ ਉਨ੍ਹਾਂ ਨੇ ਇੱਕ ਕਹਾਣੀ ਘੜ ਲਈ।
ਇਹ ਕਹਾਣੀ ਹੌਲੀ-ਹੌਲੀ ਪੰਜਾਬ ਦੇ ਪਿੰਡਾਂ ਵਿੱਚ ਇੰਨੀ ਮਸ਼ਹੂਰ ਹੋ ਗਈ ਕਿ ਲੋਕ ਇਸਨੂੰ ਮੁਸਕਰਾਉਂਦੇ ਹੋਏ ਸੁਣਾਉਣ ਲੱਗ ਪਏ।
ਉਹ ਕਹਿੰਦੇ,
“ਤੁਹਾਡਾ ਮੁੰਡਾ ਇੱਕ ਦਿਨ ਗੁਆਂਢ ਵਿੱਚ ਇੱਕ ਬੰਗਾਲਣ ਦੇ ਘਰੋਂ ਦੁੱਧ ਲੈਣ ਗਿਆ ਸੀ ਤੇ ਉਨਾਂ ਦੀ ਕੁੜੀ ਨੂੰ ਜਾਦੂ-ਟੂਣਾ ਆਉਂਦਾ ਸੀ। ਉਸ ਨੇ ਜਾਦੂ ਕਰਕੇ ਤੁਹਾਡੇ ਮੁੰਡੇ ਨੂੰ *ਭੇਡੂ* ਬਣਾ ਲਿਆ ਤੇ ਰੁੱਖ ਨਾਲ ਬੰਨ੍ਹ ਲਿਆ। ਹੁਣ ਉਹ ਕਦੇ ਵਾਪਸ ਨਹੀਂ ਆ ਸਕਦਾ।”
ਹਰ ਕੋਈ ਜਾਣਦਾ ਸੀ ਕਿ ਇਹ ਸਿਰਫ਼ ਇੱਕ ਬਣਾਈ ਹੋਈ ਕਹਾਣੀ ਸੀ ਅਤੇ ਮਾਪਿਆਂ ਨੂੰ ਭੁਲੇਖੇ ਵਿੱਚ ਰੱਖਣ ਲਈ ਘੜੀ ਗਈ ਸੀ।
ਨਾ ਕਿਸੇ ਬੰਗਾਲਣ ਨੇ ਕਿਸੇ ਨੂੰ *ਭੇਡੂ* ਬਣਾਇਆ ਸੀ ਅਤੇ ਨਾ ਹੀ ਕੋਈ ਜਾਦੂ ਹੋਇਆ ਸੀ।
ਪਰ ਇਸ ਕਹਾਣੀ ਦੇ ਪਿੱਛੇ ਇੱਕ ਡੂੰਘੀ ਸੱਚਾਈ ਲੁਕੀ ਹੋਈ ਸੀ।
ਜਿਹੜਾ ਪੁੱਤਰ ਇੱਕ ਔਰਤ ਖਾਤਰ ਮਾਪਿਆਂ ਨੂੰ ਭੁੱਲ ਜਾਵੇ, ਆਪਣੇ ਛੋਟੇ ਭੈਣ-ਭਰਾਵਾਂ ਦੀ ਜ਼ਿੰਮੇਵਾਰੀ ਛੱਡ ਦੇਵੇ, ਉਨ੍ਹਾਂ ਰਿਸ਼ਤੇਦਾਰਾਂ ਨੂੰ ਵੀ ਭੁੱਲ ਜਾਵੇ ਜਿਨ੍ਹਾਂ ਨੇ ਉਸ ਨੂੰ ਅੱਗੇ ਵਧਣ ਲਈ ਹਰ ਸੰਭਵ ਮਦਦ ਕੀਤੀ ਹੋਵੇ, ਉਸ ਦੀ ਔਕਾਤ ਲੋਕਾਂ ਦੀ ਨਜ਼ਰ ਵਿੱਚ ਇੱਕ *ਭੇਡੂ* ਤੋਂ ਵੱਧ ਕੁਝ ਨਹੀਂ ਰਹਿ ਜਾਂਦੀ।
*ਭੇਡੂ*—ਜੋ ਆਪਣੀ ਸੋਚ ਨਾਲ ਨਹੀਂ, ਸਗੋਂ ਦੂਜਿਆਂ ਦੇ ਪਿੱਛੇ-ਪਿੱਛੇ ਤੁਰਦਾ ਹੈ।
ਅਸਲ ਜਾਦੂ ਕਿਸੇ ਬੰਗਾਲਣ ਦਾ ਨਹੀਂ ਬਲਕਿ ਆਪਣੀਆਂ ਜੜ੍ਹਾਂ ਤੇ ਆਪਣਿਆਂ ਨੂੰ ਭੁੱਲ ਜਾਣ ਦਾ ਹੁੰਦਾ।
ਅਫ਼ਸੋਸ ਦੀ ਗੱਲ ਹੈ ਕਿ ਇਹ ਪੁਰਾਣੀ ਕਹਾਣੀ ਅੱਜ ਵੀ ਕਈ ਥਾਵਾਂ ’ਤੇ ਸੱਚ ਸਾਬਤ ਹੁੰਦੀ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਅਜਿਹੇ ਅਣਗਿਣਤ *“ਭੇਡੂ”* ਮਿਲ ਜਾਂਦੇ ਹਨ। ਕੁਝ ਆਪਣੇ ਮਾਪਿਆਂ ਨੂੰ ਭੁੱਲ ਬੈਠੇ ਹਨ। ਕੁਝ ਆਪਣੇ ਭੈਣ-ਭਰਾਵਾਂ ਨਾਲ ਗੱਲ ਕਰਨੀ ਵੀ ਛੱਡ ਚੁੱਕੇ ਹਨ। ਕਈ ਤਾਂ ਉਨ੍ਹਾਂ ਰਿਸ਼ਤਿਆਂ ਤੋਂ ਵੀ ਮੂੰਹ ਮੋੜ ਲੈਂਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਵਿਦੇਸ਼ ਬੁਲਾਇਆ, ਸਹਾਰਾ ਦਿੱਤਾ, ਨੌਕਰੀ ਲੱਭਣ ਵਿੱਚ ਮਦਦ ਕੀਤੀ ਅਤੇ ਔਖੇ ਵੇਲੇ ਉਨ੍ਹਾਂ ਦੇ ਨਾਲ ਖੜ੍ਹੇ ਰਹੇ।
ਇਨਸਾਨ ਦੀ ਕਾਮਯਾਬੀ ਇਸ ਗੱਲ ਨਾਲ ਨਹੀਂ ਮਾਪੀ ਜਾਂਦੀ ਕਿ ਉਸਨੇ ਕਿੰਨਾ ਧਨ ਕਮਾਇਆ…
ਅਸਲ ਕਾਮਯਾਬੀ ਤਾਂ ਇਸ ਗੱਲ ਵਿੱਚ ਹੈ ਕਿ ਉਹ ਆਪਣੀਆਂ ਜੜ੍ਹਾਂ, ਆਪਣੇ ਮਾਪਿਆਂ ਅਤੇ ਆਪਣੇ ਉਨ੍ਹਾਂ ਲੋਕਾਂ ਨੂੰ ਕਦੇ ਨਾ ਭੁੱਲੇ ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ ਕਰਵਾਈ ਤੇ ਮੁਸ਼ਕਲਾਂ ਵਿੱਚ ਵੀ ਤੁਹਾਡਾ ਸਾਥ ਨਿਭਾਇਆ।
ਇਸ ਤੱਥ ਤੋਂ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ ਕਿ —
*“ਭੇਡੂ ਬਹੁਤ ਹਨ ਇੱਥੇ ਵੀ! ਅਤੇ ਸੱਚ ਪੁੱਛੋ ਤਾਂ ਇਹ ਗੱਲ ਅੱਜ ਵੀ ਉਨੀ ਹੀ ਸੱਚੀ ਲੱਗਦੀ ਹੈ ਜਿੰਨੀ ਉਸ ਵੇਲੇ ਸੀ।

