Jul 22, 2026

ਫੈਰਾਨ ਟੋਰੇਸ ਨੇ ਵਾਧੂ ਸਮੇਂ ਵਿੱਚ ਕੀਤਾ ਇਕਲੌਤਾ ਗੋਲ-

featured-img

ਨਿਊ ਜਰਸੀ- ਫੀਫਾ ਵਿਸ਼ਵ ਕੱਪ 2026 ਵਿੱਚ ਸਪੇਨ ਦੀ ਟੀਮ ਐਨੀ ਸ਼ਾਨਦਾਰ ਖੇਡੀ ਕਿ ਦੁਨੀਆ ਜੇਤੂ ਲਿਓਨਲ ਮੈਸੀ ਚਾਹ ਵੀ ਕੁਝ ਨਾ ਕਰ ਸਕਿਆ। ਜਦੋਂ ਮੈਚ ਖ਼ਤਮ ਹੋਇਆ, ਸਪੇਨ ਦੀ ਟੀਮ ਟਰਾਫੀ ਲੈ ਕੇ ਬਾਹਰ ਆਈ ਤਾਂ ਮੈਸੀ  ਅੱਖਾਂ ਵਿੱਚ ਅੱਥਰੂ ਲੈ ਕੇ ਮੈਦਾਨ ਤੋਂ ਬਾਹਰ ਚਲਾ ਗਿਆ। ਸਪੇਨ ਦੂਜੀ ਵਾਰ ਫੁਟਬਾਲ ਦੀ ਦੁਨੀਆ ਦੇ ਸਿਖਰ ’ਤੇ ਪੁੱਜਾ , ਜਦੋਂ ਫੈਰਾਨ ਟੋਰੇਸ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਗੋਲ ਕੀਤਾ। ਐਤਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਉਸਨੇ ਆਪਣੇ ਮੁਲਕ ਸਪੇਨ ਨੂੰ ਮੌਜੂਦਾ ਚੈਂਪੀਅਨ ਅਰਜਨਟੀਨਾ ’ਤੇ 1-0 ਨਾਲ ਜਿੱਤ ਦਿਵਾਈ।

ਟੋਰੇਸ ਨੇ ਸਪੇਨ ਦੀ ਆਬਾਦੀ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਇਹ 4.7 ਕਰੋੜ ਲੋਕਾਂ ਵੱਲੋਂ ਕੀਤਾ ਗਿਆ ਗੋਲ ਸੀ।’’ ਸ਼ਾਇਦ ਉਨ੍ਹਾਂ ਵੱਲੋਂ ਨਹੀਂ, ਪਰ ਨਿਸ਼ਚਿਤ ਤੌਰ ’ਤੇ ਉਨ੍ਹਾਂ ਲਈ ਸੀ। ਇਹ ਗੋਲ ਉਦੋਂ ਹੋਇਆ ਜਦੋਂ ਨਿਰਧਾਰਤ ਸਮੇਂ ਦੇ ਆਖ਼ਰੀ ਮਿੰਟਾਂ ਵਿੱਚ ਐਂਜ਼ੋ ਫਰਨਾਂਡੇਜ਼ ਨੂੰ ਰੈੱਡ ਕਾਰਡ ਦਿਖਾ ਕੇ ਬਾਹਰ ਭੇਜ ਦਿੱਤਾ ਗਿਆ ਸੀ, ਜਿਸ ਨਾਲ ਅਰਜਨਟੀਨਾ ਦੀ ਟੀਮ 10 ਖਿਡਾਰੀਆਂ ਨਾਲ ਖੇਡ ਰਹੀ ਸੀ। ਉਦੋਂ ਮਾਹੌਲ ਭਖ ਗਿਆ ਸੀ ਅਤੇ ਫਾਈਨਲ ਸੀਟੀ ਤੋਂ ਬਾਅਦ ਅਰਜਨਟੀਨਾ ਦੇ ਕੋਚ ਲਿਓਨਲ ਸਕਾਲੋਨੀ ਅਤੇ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚਕਾਰ ਧੱਕਾਮੁੱਕੀ ਹੁੰਦੀ ਦੇਖੀ ਗਈ।

ਅਖੀਰ ਵਿੱਚ, ਸਪੇਨ ਨੇ ਮੈਸੀ ਨੂੰ ਉਸ ਦੇ ਸੰਭਾਵੀ ਆਖਰੀ ਆਲਮੀ ਕੱਪ ਮੈਚ ਵਿੱਚ ਲਗਾਤਾਰ ਦੂਜਾ ਖ਼ਿਤਾਬ ਜਿੱਤਣ ਤੋਂ ਰੋਕ ਦਿੱਤਾ। ਦੂਜੇ ਅੱਧ ਵਿੱਚ ਬਦਲਵੇਂ ਖਿਡਾਰੀ ਵਜੋਂ ਆਏ ਟੋਰੇਸ ਨੇ 106ਵੇਂ ਮਿੰਟ ਵਿੱਚ ਪੈਨਲਟੀ ਬਾਕਸ ਵਿੱਚ ਟੱਪਾ ਖਾਂਦੀ ਗੇਂਦ ਨੂੰ ਆਪਣੇ ਖੱਬੇ ਪੈਰ ਨਾਲ ਸ਼ਾਟ ਮਾਰ ਕੇ ਕਰਾਸਬਾਰ ਦੇ ਹੇਠਾਂ ਗੋਲ ਵਿੱਚ ਪਹੁੰਚਾ ਦਿੱਤਾ। ਉਸ ਤੋਂ ਬਾਅਦ, ਸਪੇਨ ਦੇ ਮਜ਼ਬੂਤ ਡਿਫੈਂਸ ਜਿਸ ਨੇ ਪੂਰੇ ਟੂਰਨਾਮੈਂਟ ਦੌਰਾਨ ਵਿਰੋਧੀ ਟੀਮਾਂ ’ਤੇ ਦਬਾਅ ਬਣਾ ਕੇ ਰੱਖਿਆ ਸੀ, ਆਖ਼ਰੀ ਵਾਰ ਆਪਣਾ ਕਮਾਲ ਦਿਖਾਇਆ। 2010 ਵਿੱਚ ਵੀ ਖ਼ਿਤਾਬ ਜਿੱਤਣ ਵਾਲੇ ਸਪੇਨ ਨੇ ਇਸ ਆਲਮੀ ਕੱਪ ਦੇ ਅੱਠ ਮੈਚਾਂ ਵਿੱਚ ਸਿਰਫ਼ ਇੱਕ ਗੋਲ ਹੋਣ ਦਿੱਤਾ, ਜੋ ਚੈਂਪੀਅਨ ਟੀਮ ਵੱਲੋਂ ਸਭ ਤੋਂ ਘੱਟ ਗੋਲ ਕਰਵਾਉਣ ਦਾ ਰਿਕਾਰਡ ਹੈ। ਉੱਧਰ, 65 ਸਾਲ ਦੀ ਉਮਰ ਵਿੱਚ ਆਲਮੀ ਕੱਪ ਖ਼ਿਤਾਬ ਜਿੱਤਣ ਵਾਲੇ ਸਭ ਤੋਂ ਉਮਰਦਰਾਜ਼ ਕੋਚ ਬਣੇ ਸਪੇਨ ਦੇ ਕੋਚ ਲੁਈਸ ਡੀ ਲਾ ਫੁਐਂਤੇ ਨੇ ਕਿਹਾ, ‘‘ਮੈਂ ਸੱਚਮੁੱਚ ਮਾਣ ਮਹਿਸੂਸ ਕਰ ਰਿਹਾ ਹਾਂ। ਇਸ ਸਫ਼ਰ ਵਿੱਚ ਉਨ੍ਹਾਂ ਦਾ ਸਾਥ ਦੇਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਹ ਖ਼ਿਤਾਬ, 2023 ਵਿੱਚ ਸਪੇਨ ਵੱਲੋਂ ਜਿੱਤੇ ਗਏ ਮਹਿਲਾ ਆਲਮੀ ਕੱਪ ਦੇ ਨਾਲ ਮਿਲ ਕੇ, ਇਸ ਯੂਰੋਪੀਅਨ ਦੇਸ਼ ਨੂੰ ਇੱਕੋ ਸਮੇਂ ਪੁਰਸ਼ ਅਤੇ ਮਹਿਲਾ ਦੋਵਾਂ ਖ਼ਿਤਾਬਾਂ ’ਤੇ ਕਬਜ਼ਾ ਕਰਨ ਵਾਲਾ ਪਹਿਲਾ ਦੇਸ਼ ਬਣਾਉਂਦਾ ਹੈ। ਮੈਡ੍ਰਿਡ ਦੀਆਂ ਸੜਕਾਂ ’ਤੇ ਅਤੇ ਸ਼ਾਇਦ ਸਪੇਨ ਦੀਆਂ ਹੋਰ ਕਈ ਥਾਵਾਂ ’ਤੇ ਅਣਗਿਣਤ ਲੋਕ ਸੜਕਾਂ ’ਤੇ ਉਤਰ ਆਏ ਅਤੇ ਐਤਵਾਰ ਦੀ ਇਸ ਜਿੱਤ ਦਾ ਜਸ਼ਨ ਸੋਮਵਾਰ ਤੜਕੇ ਤੱਕ ਮਨਾਉਂਦੇ ਰਹੇ।

ਮੈਸੀ ਅੱਖਾਂ ਵਿਚ ਅਥਰੂ ਲੈਕੇ ਮੈਦਾਨ ਚੋ ਬਾਹਰ ਨਿਕਲਿਆ-

ਲਿਓਨਲ ਮੈਸੀ ਦਾ ਇਸ ਵਾਰ ਕੋਈ ਜਾਦੂ ਨਹੀਂ ਚਲ ਸਕਿਆ। ਆਪਣੇ ਆਲਮੀ ਕੱਪ ਦੀ ਸ਼ੁਰੂਆਤ ਤੋਂ 20 ਸਾਲ ਬਾਅਦ ਅਤੇ ਅਜਿਹੇ ਕਰੀਅਰ ਮਗਰੋਂ ਜਿਸ ਨੇ ਉਨ੍ਹਾਂ ਨੂੰ ਫੁਟਬਾਲ ਦੇ ਮਹਾਨ ਖਿਡਾਰੀਆਂ ਪੇਲੇ ਅਤੇ ਡਿਏਗੋ ਮੈਰਾਡੋਨਾ ਤੋਂ ਵੀ ਉੱਪਰ ਪਹੁੰਚਾ ਦਿੱਤਾ, 39 ਸਾਲ ਦੀ ਉਮਰ ਵਿੱਚ ਉਹ ਅਰਜਨਟੀਨਾ ਨੂੰ ਅੱਧੀ ਸਦੀ ਤੋਂ ਵੀ ਵੱਧ ਸਮੇਂ ਵਿੱਚ ਲਗਾਤਾਰ ਦੂਜੀ ਵਾਰ ਚੈਂਪੀਅਨ ਨਹੀਂ ਬਣਾ ਸਕਿਆ। ਮੈਟਲਾਈਫ ਸਟੇਡੀਅਮ ਵਿੱਚ ਪਹਿਲੀ ਸੀਟੀ ਵਜਣ ਤੋਂ ਹੀ ਸਪੇਨ ਨੇ ਅਰਜਨਟੀਨਾ ’ਤੇ ਦਬਾਅ ਬਣਾ ਕੇ ਰੱਖਿਆ, ਜਿੱਥੇ 80,663 ਦਰਸ਼ਕਾਂ ਵਿੱਚੋਂ ਜ਼ਿਆਦਾਤਰ ਮੈਸੀ ਨੂੰ ਦੁਬਾਰਾ ਤਾਜ ਪਹਿਨਦੇ ਦੇਖਣਾ ਚਾਹੁੰਦੇ ਸਨ। ਵਾਧੂ ਸਮੇਂ ਦੇ ਦੂਜੇ ਅੱਧ ਵਿੱਚ ਸਿਰਫ਼ 37 ਸਕਿੰਟ ਬਾਅਦ ਫੈਰਾਨ ਟੋਰੇਸ ਨੇ ਗੋਲ ਕਰ ਕੇ ਸਪੇਨ ਨੂੰ 1-0 ਨਾਲ ਜਿੱਤ ਦਿਵਾਈ । ਮੈਸੀ ਦੇ ਦੂਜੀ ਵਾਰ ਚੈਂਪੀਅਨ ਬਣਨ ਦੀ ਬਜਾਏ, ਆਲਮੀ ਕੱਪ ਦਾ ਤਾਜ ਸਪੇਨ ਦੇ ਹੱਥਾਂ ਵਿੱਚ ਚਲਾ ਗਿਆ ਤੇ ਮੈਸੀ ਆਪਣੇ ਹੰਝੂ ਰੋਕਦੇ ਹੋਏ ਬਹੁਤ ਨਿਰਾਸ਼ ਨਜ਼ਰ ਆ ਰਿਹਾ ਸੀ।

Spain defeats Argentina to win World Cup championship : NPR

Leave a Reply

Your email address will not be published. Required fields are marked *