ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਸਰੀ-ਫਲੀਟਵੁੱਡ ਪੋਰਟ ਕੈਲਸ ਤੋਂ ਲਿਬਰਲ ਐਮ ਪੀ ਸ . ਗੁਰਬਖਸ਼ ਸਿੰਘ ਸੈਣੀ ਵਲੋਂ ਉਘੇ ਬਿਜਨਸਮੈਨ ਤੇ ਏ ਕਲਾਸ ਇਲੈਕਟ੍ਰਿਕ ਕੰਪਨੀ ਲਿਮਟਡ ਸਰੀ ਦੇ ਪ੍ਰੈਜੀਡੈਂਟ ਸ ਮਨਜੀਤ ਸਿੰਘ ਸੈਣੀ ਨੂੰ ਕਾਰੋਬਾਰ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਮਹੱਤਵਪੂਰਣ ਯੋਗਦਾਨ ਪਾਉਣ ਲਈ ਕਿੰਗ ਚਾਰਲਸ ਤੀਸਰਾ ਕੋਰੋਨੇਸ਼ਨ ਮੈਡਲ ਅਤੇ ਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਕਿੰਗ ਚਾਰਲਸ ਕੋਰੋਨੇਸ਼ਨ ਸਨਮਾਨ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਭਾਈਚਾਰੇ ਅਤੇ ਸਮਾਜ ਲਈ ਵਿਲੱਖਣ ਅਤੇ ਮਹੱਤਵਪੂਰਨ ਯੋਗਦਾਨ ਪਾਇਆ ਹੋਵੇ।
ਜ਼ਿਕਰਯੋਗ ਹੈ ਕਿ ਸ. ਮਨਜੀਤ ਸਿੰਘ ਸੈਣੀ ਦੀ ਜਿਥੇ ਕੈਨੇਡੀਅਨ ਪੰਜਾਬੀ ਭਾਈਚਾਰੇ ਵਿਚ ਇਕ ਉਘੇ ਬਿਜਨਸਮੈਨ ਵਜੋਂ ਪਛਾਣ ਹੈ ਉਥੇ ਉਹ ਸਮਾਜ ਸੇਵਾ ਦੇ ਕਾਰਜਾਂ ਵਿਚ ਵੀ ਵਧ ਚੜਕੇ ਸਹਿਯੋਗ ਦਿੰਦੇ ਹਨ। ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿਚ ਵਡਮੁੱਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀ ਸੰਸਥਾ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਨਾਲ ਜੁੜੇ ਹੋਏ ਹਨ ਤੇ ਕੈਨੇਡਾ ਵਿਚ ਉਹ ਇਸ ਸੰਸਥਾ ਨਾਲ ਜੁੜੇ ਹੋਰ ਸਾਥੀ ਮੈਂਬਰਾਂ ਦੇ ਨਾਲ ਮਿਲਕੇ ਪੰਜਾਬ ਦੇ ਲੋਕਾਂ ਲਈ ਬੇਹਤਰ ਅਤੇ ਸਸਤੀਆਂ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਿਰੰਤਰ ਯੋਗਦਾਨ ਪਾ ਰਹੇ ਹਨ।
ਤਸਵੀਰ ਵਿਚ ਐਮ ਪੀ ਸੈਣੀ, ਸ ਮਨਜੀਤ ਸਿੰਘ ਸੈਣੀ ਨੂੰ ਮੈਡਲ ਪਿੰਨ ਲਾਕੇ ਸਨਮਾਨਿਤ ਕਰਦੇ ਤੇ ਮਾਣ ਪੱਤਰ ਦਿੰਦੇ ਹੋਏ। ਇਸ ਮੌਕੇ ਉਹਨਾਂ ਨਾਲ ਭਾਰਤ ਤੋਂ ਕੈਨੇਡਾ ਦੌਰੇ ਤੇ ਆਏ ਸ ਭੁਪਿੰਦਰ ਸਿੰਘ ਕਲੋਟੀ ਪਟਵਾਰੀ ਤੇ ਹੋਰ ਪਰਿਵਾਰਕ ਮੈਂਬਰ ਦਿਖਾਈ ਦੇ ਰਹੇ ਹਨ।




