Sep 12, 2026

ਬਰੈਂਪਟਨ- ਟੋਰਾਂਟੋ ’ਚ ਰਹਿੰਦੀ ਇਕ ਪੰਜਾਬੀ ਮੁਟਿਆਰ ਦਾ ਪੰਜਾਬੀ ਮੂਲ ਦੇ ਹੀ 37 ਸਾਲਾ ਵਿਅਕਤੀ ਵੱਲੋਂ ਸ਼ਰੇਆਮ ਗੋਲੀ ਮਾਰ ਕੇ ਕਤਲ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਟੋਰਾਂਟੋ ਪੁਲੀਸ ਨੇ ਮ੍ਰਿਤਕਾ ਦੀ ਪਛਾਣ ਨਵਨੀਤ ਕੌਰ (26) ਵਜੋਂ ਕੀਤੀ ਹੈ। ਪੁਲੀਸ ਅਨੁਸਾਰ ਸ਼ੁੱਕਰਵਾਰ ਸਵੇਰੇ ਇਟੋਬੀਕੋਕ ਇਲਾਕੇ ’ਚ ਹੋਏ ਇਸ “ਟਾਰਗੇਟਿਡ ਹਮਲੇ”  ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ’ਤੇ ਫ਼ਰਸਟ ਡਿਗਰੀ (ਪਹਿਲੇ ਦਰਜੇ) ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।

ਪੁਲੀਸ ਵੱਲੋਂ ਜਾਰੀ ਬਿਆਨ ਮੁਤਾਬਕ, ਘਟਨਾ ਦੇ ਸਮੇਂ ਪੀੜਤ ਮੁਟਿਆਰ ਅਤੇ ਮੁਲਜ਼ਮ ਵਿਚਕਾਰ ਕੁਝ ਸਮਾਂ ਗੱਲਬਾਤ ਹੋਈ, ਜਿਸ ਤੋਂ ਤੁਰੰਤ ਬਾਅਦ ਮੁਲਜ਼ਮ ਨੇ ਔਰਤ ’ਤੇ ਗੋਲੀ ਚਲਾ ਦਿੱਤੀ। ਮੌਕੇ ’ਤੇ ਨਜ਼ਦੀਕ ਚਾਹ ਪੀ ਰਹੇ ਇੱਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਇੱਕ ਵਿਅਕਤੀ ਨੂੰ ਔਰਤ ਕੋਲ ਆਉਂਦੇ ਅਤੇ ਥੋੜ੍ਹੀ ਦੇਰ ਗੱਲ ਕਰਨ ਤੋਂ ਬਾਅਦ ਅਚਾਨਕ ਗੋਲੀ ਚਲਾਉਂਦੇ ਦੇਖਿਆ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਪੀੜਤ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਡਾਕਟਰਾਂ ਨੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ। ਗੋਲੀਬਾਰੀ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਪਰ ਪੁਲੀਸ ਵੱਲੋਂ ਚਲਾਏ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਉਸ ਨੂੰ ਕਾਬੂ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬ੍ਰੈਂਪਟਨ ਦੇ ਰਹਿਣ ਵਾਲੇ ਸ਼ਰਨਜੀਤ ਸਿੰਘ (37) ਵਜੋਂ ਹੋਈ ਹੈ। ਉਸ ’ਤੇ ਫ਼ਰਸਟ ਡਿਗਰੀ ਮਰਡਰ ਅਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਆਇਦ ਕੀਤੇ ਗਏ ਹਨ।