ਪ੍ਰਿੰ. ਸਰਵਣ ਸਿੰਘ
ਵਿਦਵਾਨ ਲੇਖਕ ਬਰਨਾਰਡ ਸ਼ਾਅ ਨੇ ਪਤਾ ਨਹੀਂ ਕਿਹੜੇ ਰਉਂ `ਚ ਕਿਹਾ ਸੀ ਕਿ 22 ਜਣੇ ਮੂਰਖ ਹਨ ਜਿਹੜੇ ਇੱਕ ਬਾਲ ਪਿੱਛੇ ਸਿਰਤੋੜ ਦੌੜੇ ਫਿਰਦੇ ਹਨ। 11 ਜਣੇ ਇੱਕ ਪਾਸੇ ਨੂੰ ਠੁੱਡੇ ਮਾਰੀ ਜਾਂਦੇ
ਹਨ ਤੇ 11 ਜਣੇ ਦੂਜੇ ਪਾਸੇ ਨੂੰ। ਕਮਲੇL ਨਾ ਹੋਣ ਕਿਤੋਂ ਦੇ! ਉਹ 22 ਜਣੇ ਤਾਂ ਪਤਾ ਨਹੀਂ ਕਿੰਨੇ ਕੁ ਕਮਲੇL ਹੋਣਗੇ ਪਰ ਸੱਚਾਈ ਇਹੋ ਹੈ ਕਿ ਉਨ੍ਹਾਂ ਨੇ ਸਿਆਣੀ ਬਿਆਣੀ ਅੱਧੋਂ ਵੱਧ ਦੁਨੀਆ ਕਮਲ਼ੀ ਕੀਤੀ ਪਈ ਹੈ! ਕੋਈ ਮੰਨੇ ਨਾ ਮੰਨੇ ਫੁਟਬਾਲ ਦੀ ਖੇਡ ਵਿੱਚ ਕਮਾਲ ਦੀ ਕਸ਼ਿਸ਼ ਹੈ। ਉਹ ਬਾਬੇ ਬਰਨਾਰਡ ਸ਼ਾਅ ਨੂੰ ਤਾਂ ਭਾਵੇਂ ਆਪਣੇ ਵੱਲ ਨਹੀਂ ਖਿੱਚ ਸਕੀ ਪਰ ਪੂਰੇ ਸੰਸਾਰ ਨੂੰ ਆਪਣੇ ਪੰਜਿਆਂ `ਚ ਜਕੜੀ ਬੈਠੀ ਹੈ। ਆਲਮੀ ਕੱਪ ਦੇ ਮੈਚਾਂ `ਚ ਇੱਕ ਇੱਕ ਕਿੱਕ ਨੇ ਲੱਖਾਂ ਨਿਗਾਹਾਂ ਬੰਨ੍ਹੀਂ ਰੱਖੀਆਂ। ਫੁਟਬਾਲ ਸੱਚਮੁੱਚ ਹੀ ਦੁਨੀਆਂ ਦੀ ਸਭ ਤੋਂ ਵੱਧ ਦਰਸ਼ਨੀ ਖੇਡ ਸਾਬਤ ਹੋਈ ਹੈ। ਤਦੇ ਇਹ ਦੁਨੀਆਂ ਦੇ ਸਾਰੇ ਹੀ ਮੁਲਕਾਂ ਵਿੱਚ ਖੇਡੀ ਜਾਂਦੀ ਹੈ। ਫੁਟਬਾਲ ਦੀ ਕੌਮਾਂਤਰੀ ਫੈਡਰੇਸ਼ਨ ‘ਫੀਫਾ’ ਦੇ 211 ਦੇਸ਼ ਤੇ ਖੇਤਰ ਮੈਂਬਰ ਹਨ।
2022 ਦਾ 22ਵਾਂ ਆਲਮੀ ਕੱਪ 5 ਅਰਬ ਲੋਕਾਂ ਨੇ ਵੇਖਿਆ ਸੀ ਤੇ 23ਵਾਂ ਕੱਪ 6 ਅਰਬ ਲੋਕਾਂ ਨੇ। ਅਰਬਾਂ ਖਰਬਾਂ ਰੁਪਏ, ਸਮਾਂ ਤੇ ਸਾਧਨ ਲੱਗ ਜਾਂਦੇ ਨੇ ਇਨ੍ਹਾਂ ਆਲਮੀ ਕੱਪਾਂ ਉਤੇ। ਜੂਨ-ਜੁਲਾਈ ਫੁਟਬਾਲ ਦੀ ਚਰਚਾ ਦੇ ਮਹੀਨੇ ਬਣੇ ਰਹੇ। ਤਿੰਨ ਮੁਲਕਾਂ, ਕੈਨੇਡਾ, ਅਮਰੀਕਾ ਤੇ ਮੈਕਸੀਕੋ ਵਿਚਲੇ 16 ਸ਼ਹਿਰਾਂ ਦੇ ਵਿਸ਼ਾਲ ਸਟੇਡੀਅਮ, ਪ੍ਰਬੰਧਕਾਂ, ਖਿਡਾਰੀਆਂ ਤੇ ਮੀਡੀਆਕਾਰਾਂ ਨਾਲ ਭਰਪੂਰ ਰਹੇ। ਕਰੋੜਾਂ ਅਰਬਾਂ ਡਾਲਰਾਂ ਦੀਆਂ ਸ਼ਰਤਾਂ ਲੱਗੀਆਂ ਤੇ ਸੱਟਾ ਖੇਡਿਆ ਗਿਆ। ਜਿੱਤਾਂ ਦੀਆਂ ਖ਼ੁਸ਼ੀਆਂ ਮਨਾਈਆਂ ਗਈਆਂ, ਹਾਰਾਂ ਦੇ ਹੰਝੂ ਵਹਾਏ ਗਏ।
ਕੱਪ ਜਿੱਤਣ ਪਿੱਛੋਂ ਜੋ ਜਲੌਅ ਸਪੇਨੀਆਂ ਨੇ ਵਿਖਾਇਆ ਉਹਦੀਆਂ ਕਿਆ ਰੀਸਾਂ। ਕਿਆ ਕਮਾਲ ਦੇ ਨਜ਼ਾਰੇ ਬੱਝੇ ਉਨ੍ਹਾਂ ਦੀ ਰਾਜਧਾਨੀ ਮੈਡਰਿਡ ਵਿੱਚ! ਫੀਫਾ ਕੱਪ ਜਿੱਤਣ ਦੀ ਖ਼ਬਰ ਤੋਂ ਵੱਡੀ ਖ਼ਬਰ ਕੇਵਲ ਤੀਜੀ ਆਲਮੀ ਜੰਗ ਹੀ ਹੋ ਸਕਦੀ ਸੀ। ਡੇਢ ਮਹੀਨਾ ਰੇਡੀਓ, ਟੀ.ਵੀ, ਅਖ਼ਬਾਰ ਤੇ ਇੰਟਰਨੈਟ ਆਲਮੀ ਕੱਪ ਦੀਆਂ ਖ਼ਬਰਾਂ ਨਾਲ ਭਰੇ ਰਹੇ। 22 ਬੰਦਿਆਂ ਦੇ ਪੈਰਾਂ ਤੇ ਸਿਰਾਂ ਦੀ ਖੇਡ ਨੇ ਕਰੋੜਾਂ ਲੋਕਾਂ ਦੇ ਸਿਰ ਘੁੰਮਾਈ ਰੱਖੇ ਤੇ ਫੁਟਬਾਲ ਦੇ ਦੀਵਾਨਿਆਂ ਨੂੰ ਪਹਿਲੇ ਤੋੜ ਦਾ ਨਸ਼ਾ ਚਾੜ੍ਹੀ ਰੱਖਿਆ! ਉਨ੍ਹਾਂ ਦੀ ਹਾਤ-ਹੂਤ ਦੀਆਂ ਕਿਲਕਾਰੀਆਂ ਪੂਰੇ ਜੱਗ ਜਹਾਨ ਦੀ ਹਵਾ `ਚ ਗੂੰਜਦੀਆਂ ਰਹੀਆਂ। ਫੁਟਬਾਲ ਦੇ ਸੈLਦਾਈ ਮੁਲਖਈਏ ਨੇ ਤਾਂ ਸ਼ਰਤਾਂ ਲਾਉਣੀਆਂ ਹੀ ਸਨ, ਅਰਜਨਟੀਨਾ ਤੇ ਸਪੇਨ ਦੇ ਹਮਾਇਤੀਆਂ ਨੇ ਵੀ ਜਿੱਤ ਹਾਰ ਦਾ ਜੂਆ ਖੇਡਣਾ ਸੀ, ਹੈਰਾਨੀ ਇਸ ਗੱਲ ਦੀ ਸੀ ਕਿ ਬਠਿੰਡੇ ਦੇ ਬਾਣੀਏਂ ਜਿਨ੍ਹਾਂ ਦਾ ਫੁਟਬਾਲ ਨਾਲ ਕੋਈ ਲੈਣ ਦੇਣ ਨਹੀਂ ਸੀ ਉਨ੍ਹਾਂ ਨੇ ਵੀ ਅਰਜਨਟੀਨਾ ਜਾਂ ਸਪੇਨ ਦੀ ਹਾਰ ਜਿੱਤ ਉਤੇ ਲੱਖਾਂ ਦਾ ਸੱਟਾ ਖੇਡਿਆ।
90 ਮਿੰਟਾਂ ਦੇ ਮੈਚ ਪਿੱਛੋਂ ਵਾਧੂ ਸਮੇਂ ਵਿੱਚ ਆਖ਼ਰ ਸਪੇਨ ਨੇ 1-0 ਗੋਲ ਨਾਲ 2026 ਦਾ ਆਲਮੀ ਕੱਪ ਜਿੱਤ ਲਿਆ ਜੋ ਉਸ ਦਾ ਦੂਜਾ ਵਿਸ਼ਵ ਕੱਪ ਹੈ। ਗੋਲਡਨ ਟਰਾਫੀ ਦੇ ਨਾਲ ਗੋਲਡਨ ਬਾਲ ਤੇ ਗੋਲਡਨ ਗਲੱਬਜ਼ ਦੇ ਵੱਕਾਰੀ ਅਵਾਰਡ ਵੀ ਸਪੇਨੀ ਖਿਡਾਰੀਆਂ ਨੇ ਹੀ ਜਿੱਤੇ। ਫਰਾਂਸ ਦਾ ਕਿਲੀਅਨ ਅਮਬਾਪੇ ਇਸ ਆਲਮੀ ਕੱਪ `ਚ 10 ਗੋਲ ਕਰ ਕੇ ਗੋਲਡਨ ਬੂਟ ਦਾ ਅਵਾਰਡ ਜਿੱਤਿਆ। ਲਿਓਨਲ ਮੈਸੀ, ਜੀਹਦੀ ਵਰਿ੍ਹਆਂ ਤੋਂ ਫੁੱਟਬਾਲ ਦੀ ਖੇਡ `ਚ ਸਰਦਾਰੀ ਸੀ 8 ਗੋਲਾਂ ਨਾਲ ਉਸ ਤੋਂ ਪਿੱਛੇ ਰਹਿ ਗਿਆ। ਕੁਲ ਆਲਮੀ ਕੱਪਾਂ `ਚ ਵੀ 21 ਗੋਲ ਕਰਨ ਦੇ ਬਾਵਜੂਦ ਉਹ ਕਿਲੀਅਨ ਅਮਬਾਪੇ ਦੇ 22 ਗੋਲ ਹੋ ਜਾਣ ਨਾਲ ਦੂਜੀ ਥਾਂ ਜਾ ਪਿਆ। ਮੈਸੀ ਦੀ ਜਿੰਨੀ ਚੜ੍ਹਾਈ ਸੀ, ਮਹਿਮਾ ਸੀ, ਪਈ ਮੈਸੀ ਮੈਸੀ ਹੁੰਦੀ ਸੀ, ਫਾਈਨਲ ਮੈਚ `ਚ ਹੋਈ ਹਾਰ ਨਾਲ ਉਹਦੀਆਂ ਧਾਹਾਂ ਨਾ ਨਿਕਲਦੀਆਂ ਤਾਂ ਹੋਰ ਕੀ ਨਿਕਲਦਾ! ਰਿਸ਼ਤਾ ਅਰਜਨਟੀਨਾ ਤੇ ਸਪੇਨ ਦੇ ਸ਼ਰੀਕ ਹੋਣ ਦਾ ਵੀ ਸੀ। ਕਿਹਾ ਜਾਂਦੈ ਕਿ ਸ਼ਰੀਕ ਮੋਹ ਵੀ ਸਭ ਤੋਂ ਵੱਧ ਕਰਦੈ ਤੇ ਖੋਰ ਵੀ ਸਭ ਤੋਂ ਵੱਧ ਰੱਖਦੈ। ਫਾਈਨਲ ਮੈਚ ਦੇ ਖੇਡ ਮੈਦਾਨ ਦੀ ਭਾਸ਼ਾ ਅਰਜਨਟੀਨਾ ਤੇ ਸਪੇਨ ਦੇ ਖਿਡਾਰੀਆਂ ਦੀ ਇੱਕੋ ਸੀ: ਸਪੈਨਿਸ਼। ਐਨ ਉਵੇਂ ਜਿਵੇਂ ਹਾਕੀ ਦੇ ਓਲੰਪਿਕ ਤੇ ਹੋਰ ਮੈਚਾਂ ਵਿੱਚ ਭਾਰਤੀ ਤੇ ਪਾਕਿਸਤਾਨੀ ਖਿਡਾਰੀਆਂ ਦੀ ਖੇਡ ਭਾਸ਼ਾ ‘ਲਈਂ ਨੂਰਿਆ, ਦੇਈਂ ਬੀਰਿਆ’ ਬੋਲਦਿਆਂ ਪੰਜਾਬੀ ਹੁੰਦੀ ਹੈ। ਜਿਵੇਂ ਭਾਰਤੀ ਤੇ ਪਾਕਿਸਤਾਨੀ ਸ਼ਰੀਕ ਹੋਣ ਦੇ ਨਾਤੇ ਕਦੇ ਮੋਹ ਪਾਲ ਲੈਂਦੇ ਤੇ ਕਦੇ ਭਿੜ ਪੈਂਦੇ ਹਨ ਉਵੇਂ ਅਰਜਨਟੀਨੀਏ ਤੇ ਸਪੇਨੀਏ ਵੀ ਮੈਚ ਪਿੱਛੋਂ ਆਪਸ ਵਿੱਚ ਭਿੜੇ।
ਫੀਫਾ ਦਾ ਫੁਟਬਾਲ ਕੱਪ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਹੈ। ਇਹ ਓਲੰਪਿਕ ਖੇਡਾਂ ਦੇ ਅੱਧਵਿਚਾਲੇ ਹਰ ਚਹੁੰ ਸਾਲੀਂ ਹੁੰਦਾ ਹੈ। ਆਧੁਨਿਕ ਓਲੰਪਿਕ ਖੇਡਾਂ 1896 ਤੋਂ ਸ਼ੁਰੂ ਹੋਈਆਂ ਸਨ ਤੇ ਫੀਫਾ ਆਲਮੀ ਕੱਪ 1930 ਤੋਂ ਸ਼ੁਰੂ ਹੋਇਆ। 2018 ਦਾ 21ਵਾਂ ਆਲਮੀ ਕੱਪ 3.57 ਬਿਲੀਅਨ ਭਾਵ 357 ਕਰੋੜ ਦਰਸ਼ਕਾਂ ਨੇ ਵੇਖਿਆ ਸੀ। 2022 ਦਾ ਕੱਪ 500 ਕਰੋੜ ਯਾਨੀ ਦੁਨੀਆ ਦੀ ਅੱਧੋਂ ਵੱਧ ਆਬਾਦੀ ਨੇ ਵੇਖਿਆ। 11 ਜੂਨ 2026 ਤੋਂ ਸ਼ਰੂ ਹੋਏ ਤੇ 19 ਜੁਲਾਈ ਨੂੰ ਸਮਾਪਤ ਹੋਏ
ਅਜੋਕੇ 23ਵੇਂ ਆਲਮੀ ਕੱਪ ਦੇ ਦਰਸ਼ਕਾਂ ਦੀ ਗਿਣਤੀ ਦਾ ਹਿਸਾਬ ਲਗਾਇਆ ਜਾ ਰਿਹੈ ਜੋ ਹੋ ਸਕਦੈ 600 ਕਰੋੜ ਤੋਂ ਵੀ ਟੱਪ ਜਾਵੇ! 2022 ਦੇ ਕੱਪ ਦਾ ਫਾਈਨਲ ਮੈਚ ਦੁਨੀਆ ਦੇ ਲਗਭਗ 150 ਕਰੋੜ ਲੋਕਾਂ ਨੇ ਵੇਖਿਆ ਸੀ।
ਅਜੋਕੇ ਆਲਮੀ ਕੱਪ ਵਿੱਚ ਪਹਿਲੇ ਸਾਰੇ ਵਿਸ਼ਵ ਕੱਪਾਂ ਨਾਲੋਂ ਵਧੇਰੇ ਕੁਲ 104 ਮੈਚ ਖੇਡੇ ਗਏ ਹਨ ਜਿਨ੍ਹਾਂ `ਚ ਫੀਫਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਹੋਏ ਹਨ। 211 ਦੇਸ਼ਾਂ/ਟੈਰੇਟਰੀਆਂ `ਚੋਂ 48 ਦੇਸ਼ਾਂ ਦੀਆਂ ਕੌਮੀ ਟੀਮਾਂ ਆਲਮੀ ਕੱਪ ਲਈ ਕੁਆਲੀਫਾਈ ਕੀਤੀਆਂ ਸਨ। ਚਾਰ ਸਾਲਾਂ ਬਾਅਦ ਹੁੰਦੇ ਆ ਰਹੇ 23 ਆਲਮੀ ਕੱਪਾਂ `ਚ ਹੁਣ ਤੱਕ 80 ਮੁਲਕਾਂ ਦੀਆਂ ਨੈਸ਼ਨਲ ਟੀਮਾਂ ਭਾਗ ਲੈ ਚੁੱਕੀਆਂ ਹਨ। ਉਨ੍ਹਾਂ `ਚ 5 ਲੱਖ ਦੀ ਆਬਾਦੀ ਵਾਲਾ ਅਫਰੀਕਨ ਦੇਸ਼ ਕੇਪ ਵਾਰਡੇ ਵੀ ਹੈ ਜਿਸ ਨੂੰ ਅਰਜਨਟੀਨਾ ਦੀ ਵਿਸ਼ਵ ਚੈਂਪੀਅਨ ਟੀਮ ਮੈਚ ਦੇ ਪੂਰੇ ਸਮੇਂ `ਚ ਨਹੀਂ ਸੀ ਹਰਾ ਸਕੀ। ਵਾਧੂ ਸਮੇਂ `ਚ ਵੀ ਮਸੀਂ 1 ਗੋਲ ਨਾਲ ਹਰਾ ਸਕੀ। ਕੇਪ ਵਾਰਡੇ ਦੇ ਉਲਟ ਜਨਸੰਖਿਆ `ਚ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਭਾਰਤ ਦੀ ਕੌਮੀ ਟੀਮ,
ਫੀਫਾ ਕੱਪ ਦੇ 96 ਸਾਲਾ ਇਤਿਹਾਸ ਵਿੱਚ ਇੱਕ ਵਾਰ ਵੀ ਇਹ ਕੱਪ ਖੇਡਣ ਦੇ ਯੋਗ ਨਹੀਂ ਹੋ ਸਕੀ। ਐਵੇਂ ਹਵਾ `ਚ ਹੀ ਵਿਸ਼ਵ ਗੁਰੂ ਬਣ ਜਾਣ ਦੀਆਂ ਸ਼ੇਖ਼ੀਆਂ ਮਾਰੀ ਜਾਣ ਦੀ ਗੱਲ ਹੋਰ ਹੈ। ਇੰਡੀਆ ਅਥਵਾ ਭਾਰਤ ਨੇ ਫੁਟਬਾਲ ਦਾ ਆਲਮੀ ਕੱਪ ਤਾਂ ਕੀ ਕਰਾਉਣਾ ਸੀ ਓਲੰਪਿਕ ਖੇਡਾਂ ਦੇ 130 ਸਾਲਾਂ ਇਤਿਹਾਸ ਵਿੱਚ ਇੱਕ ਵਾਰ ਵੀ ਓਲੰਪਿਕ ਖੇਡਾਂ ਨਹੀਂ ਕਰਵਾ ਸਕਿਆ। ਜੇਕਰ 2036 ਜਾਂ 2040 ਦੀਆਂ ਓਲੰਪਿਕ ਖੇਡਾਂ ਵੀ ‘ਭਾਰਤ ਮਹਾਨ’ ਆਪਣੀ ਭੋਇੰ ਉੱਤੇ ਕਰਾ ਜਾਵੇ ਤਾਂ ਵਾਹ ਭਲ਼ੀ। ਇਸ ਖੋਜ ਬਾਰੇ ਹਾਲਾਂ ਵੀ ਮੱਤਭੇਦ ਹਨ ਕਿ ਫੁਟਬਾਲ ਦੀ ਖੇਡ ਦਾ ਜਨਮ ਚੀਨ `ਚ ਹੋਇਆ, ਇਟਲੀ ਜਾਂ ਅਫਰੀਕਾ ਵਿੱਚ ਹੋਇਆ? ਪਰ ਇਸ ਤੱਥ ਨਾਲ ਸਭ ਸਹਿਮਤ ਹਨ ਕਿ ਬਰਤਾਨੀਆਂ ਨੇ ਇਸ ਖੇਡ ਨੂੰ ਅਪਨਾਇਆ ਅਤੇ ਸੰਵਾਰਿਆ। ਫਿਰ ਫੀਫਾ ਬਣੀ ਜਿਸ ਦਾ ਮੁੱਖ ਮੰਤਵ ਫੁਟਬਾਲ ਦੀ ਖੇਡ ਨੂੰ ਕੁਲ ਦੁਨੀਆਂ `ਚ ਮਕਬੂਲ ਕਰਨਾ ਸੀ। 1920 ਵਿੱਚ ਫਰਾਂਸ ਦਾ ਇੱਕ ਵਕੀਲ ਜੂਲਸ ਰੀਮੇ ਫੀਫਾ ਦਾ ਪਰਧਾਨ ਬਣਿਆ।
ਉਹ 1954 ਤਕ ਇਸ ਅਹੁਦੇ ਉਤੇ ਰਿਹਾ। ਉਹਦੇ ਮਨ `ਚ ਵਿਚਾਰ ਆਇਆ ਕਿ ਫੁਟਬਾਲ ਦੀ ਖੇਡ ਦਾ ਹਰ ਚਾਰ ਸਾਲ ਬਾਅਦ ਵਰਲਡ ਕੱਪ ਟੂਰਨਾਮੈਂਟ ਕਰਵਾਇਆ ਜਾਵੇ ਤਾਂ ਜੋ ਇਹ ਖੇਡ ਹੋਰ ਵਿਕਾਸ ਕਰੇ ਤੇ ਹੋਰ ਹਰਮਨ ਪਿਆਰੀ ਹੋਵੇ। ਫੁਟਬਾਲ ਦੀ ਆਲਮੀ ਸਰਦਾਰੀ ਦਾ ਚਿੰਨ੍ਹ 9 ਪੌਂਡ ਸ਼ੁੱਧ ਸੋਨੇ ਦਾ ਕੱਪ ਬਣਾਇਆ ਗਿਆ ਜਿਸ ਦਾ ਨਾਂ ਜੂਲਸ ਰੀਮੇ ਟਰਾਫੀ ਰੱਖਿਆ। ਇਹ ਕੱਪ ਚਲੰਤ ਸੀ ਪਰ ਨਾਲ ਇਹ ਵੀ ਕਿਹਾ ਗਿਆ ਕਿ ਜਿਹੜਾ ਮੁਲਕ ਇਸ ਨੂੰ ਤਿੰਨ ਵਾਰ ਜਿੱਤ ਲਵੇਗਾ ਹਮੇਸ਼ਾ ਲਈ ਉਹਦਾ ਹੋ ਜਾਵੇਗਾ।
ਪਹਿਲਾ ਵਰਲਡ ਕੱਪ ਕਰਾਉਣ ਲਈ ਉਰੂਗੁਏ, ਇਟਲੀ, ਹਾਲੈਂਡ, ਸਪੇਨ ਤੇ ਸਵੀਡਨ ਨੇ ਪੇਸ਼ਕਸ਼ ਕੀਤੀ ਸੀ। ਜਦੋਂ ਫੀਫਾ ਵੱਲੋਂ ਉਰੂਗੁਏ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਤਾਂ ਬਾਕੀ ਚਾਰੇ ਮੁਲਕ ਰੁੱਸ ਗਏ। ਉਨ੍ਹਾਂ ਨੇ ਪਹਿਲੇ ਆਲਮੀ ਕੱਪ `ਚ ਆਪਣੀਆਂ ਟੀਮਾਂ ਨਾ ਭੇਜੀਆਂ। ਪਹਿਲੇ ਆਲਮੀ ਕੱਪ ਦਾ ਪਹਿਲਾ ਮੈਚ 13 ਜੁਲਾਈ 1930 ਨੂੰ ਫਰਾਂਸ ਤੇ ਮੈਕਸੀਕੋ ਦੀਆਂ ਟੀਮਾਂ ਵਿਚਾਲੇ ਉਰੂਗੁਏ ਦੇ ਸ਼ਤਾਬਦੀ ਸਟੇਡੀਅਮ ਵਿੱਚ ਖੇਡਿਆ ਗਿਆ ਜੋ ਫਰਾਂਸ ਨੇ ਜਿਤਿਆ। ਪਹਿਲਾ ਗੋਲ ਕਰਨ ਦਾ ਸਿਹਰਾ ਫਰਾਂਸੀਸੀ ਖਿਡਾਰੀ ਲੂਈ ਲਾਰੋਂ ਦੇ ਸਿਰ ਬੱਝਾ। ਉਦੋਂ 13 ਮੁਲਕਾਂ ਦੀਆਂ ਟੀਮਾਂ ਨੇ ਹੀ ਵਿਸ਼ਵ ਕੱਪ `ਚ ਭਾਗ ਲਿਆ। ਫਾਈਨਲ ਮੈਚ ਉਰੂਗੁਏ ਤੇ ਅਰਜਨਟੀਨਾ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਨੂੰ ਉਰੂਗੁਏ ਨੇ
4-2 ਗੋਲਾਂ ਨਾਲ ਜਿੱਤ ਕੇ ਪ੍ਰਸਿਧ ਮੂਰਤੀਕਾਰ ਅਬੇਲ ਲਾਪਲੂ ਦੀ ਡਿਜ਼ਾਈਨ ਕੀਤੀ ਅਤਿ ਮਹਿੰਗੀ ਜੂਲਸ ਰੀਮੇ ਟਰਾਫੀ ਚਾਰ ਸਾਲ ਲਈ ਆਪਣੇ ਕਬਜ਼ੇ `ਚ ਕਰ ਲਈ। 1934 ਦਾ ਦੂਜਾ ਆਲਮੀ ਕੱਪ ਇਟਲੀ `ਚ ਖੇਡਿਆ ਗਿਆ। ਉਥੇ ਉਰੂਗੁਏ ਗ਼ੈਰਹਾਜ਼ਰ ਰਿਹਾ। 17 ਟੀਮਾਂ ਦੇ ਭੇੜ `ਚੋਂ ਇਟਲੀ ਤੇ ਚੈਕੋਸਲੋਵਾਕੀਆ ਦੀਆਂ ਟੀਮਾਂ ਫਾਈਨਲ `ਚ ਪੁੱਜੀਆਂ। 55 ਹਜ਼ਾਰ ਦਰਸਕਾਂ ਦੀ ਹਾਜ਼ਰੀ ਵਿੱਚ ਇਟਲੀ ਨੇ ਚੈਕੋਸਲੋਵਾਕੀਆ ਨੂੰ 2-1 ਗੋਲਾਂ `ਤੇ ਹਰਾ ਕੇ ਜੂਲਸ ਰੀਮੇ ਟਰਾਫੀ
ਹਾਸਲ ਕਰ ਲਈ। 1938 ਦੇ ਤੀਜੇ ਆਲਮੀ ਕੱਪ ਦਾ ਮੇਜ਼ਬਾਨ ਫਰਾਂਸ ਸੀ। ਉਥੇ ਉਰੂਗੁਏ ਤੇ ਅਰਜਨਟੀਨਾ ਦੀਆਂ ਟੀਮਾਂ ਨਾ ਪੁੱਜੀਆਂ। ਆਸਟ੍ਰੇਲੀਆ ਤੇ ਸਪੇਨ ਵੀ ਵੱਖੋ ਵੱਖਰੇ ਕਾਰਨਾਂ ਕਰਕੇ ਟੂਰਨਾਮੈਂਟ ਤੋਂ ਲਾਂਭੇ ਰਹੇ। ਤੀਜੇ ਆਲਮੀ ਕੱਪ ਦਾ ਸਭ ਤੋਂ ਵਧੀਆ ਮੈਚ ਬ੍ਰਾਜ਼ੀਲ ਤੇ ਪੋਲੈਂਡ ਵਿਚਕਾਰ ਖੇਡਿਆ ਗਿਆ ਜੋ ਬ੍ਰਾਜ਼ੀਲ ਨੇ 6-5 ਗੋਲਾਂ ਨਾਲ ਜਿੱਤਿਆ। ਬ੍ਰਾਜ਼ੀਲ ਦੇ ਲਿਓਨੀਦਾਸ ਨੇ ਨੰਗੇ ਪੈਰੀਂ ਖੇਡਦਿਆਂ 4 ਗੋਲ ਕੀਤੇ। ਅੰਤਮ ਮੈਚ ਇਟਲੀ ਤੇ ਹੰਗਰੀ ਵਿਚਾਲੇ ਹੋਇਆ। ਇਟਲੀ ਨੇ 4-2 ਗੋਲਾਂ ਨਾਲ ਦੂਜੀ ਵਾਰ ਜੂਲਸ ਰੀਮੇ ਟਰਾਫੀ ਜਿੱਤੀ। ਦੂਜੇ ਵਿਸ਼ਵ ਯੁਧ ਕਾਰਨ 1942 ਤੇ 46 ਦੇ ਵਿਸ਼ਵ ਕੱਪ ਖੇਡੇ ਹੀ ਨਾ ਜਾ ਸਕੇ। 1950 ਦਾ ਚੌਥਾ ਆਲਮੀ ਕੱਪ ਬ੍ਰਾਜ਼ੀਲ `ਚ ਖੇਡਿਆ ਗਿਆ। ਉਰੂਗੁਏ ਦੀ ਟੀਮ 20 ਸਾਲਾਂ
ਪਿੱਛੋਂ ਆਲਮੀ ਕੱਪ `ਚ ਪਰਤੀ ਜਿਸ ਨੇ ਫਾਈਨਲ ਮੈਚ `ਚ ਬ੍ਰਾਜ਼ੀਲ ਨੂੰ ਹਰਾ ਦਿੱਤਾ। ਜਿੱਤ ਦੇ ਜਸ਼ਨ ਤਾਂ ਮਨਾਏ ਈ ਜਾਂਦੇ ਹਨ ਬ੍ਰਾਜ਼ੀਲ ਨੇ ਹਾਰ ਦਾ ਮਾਤਮ ਵੀ ਕੌਮੀ ਪੱਧਰ `ਤੇ ਮਨਾਇਆ। ਬ੍ਰਾਜ਼ੀਲ ਨੂੰ ਹਾਰਦਿਆਂ ਵੇਖ 60 ਦਰਸ਼ਕ ਮਾਰਕੋਨਾ ਸਟੇਡੀਅਮ ਵਿੱਚ ਹੀ ਬੇਹੋਸ਼ ਹੋ ਗਏ ਸਨ ਤੇ ਕੁਝ ਇੱਕ ਘਰੀਂ ਬੈਠੇ ਕੁਮੈਂਟਰੀ ਸੁਣਦਿਆਂ ਚੱਲ ਵਸੇ ਸਨ। 1954 ਦਾ 5ਵਾਂ ਵਿਸ਼ਵ ਕੱਪ ਸਵਿਟਜ਼ਰਲੈਂਡ `ਚ ਖੇਡਿਆ ਗਿਆ। ਹੰਗਰੀ ਦੀ ਟੀਮ ਚਾਰ ਸਾਲਾਂ ਤੋਂ 28 ਕੌਮਾਂਤਰੀ ਮੈਚਾਂ `ਚ ਕਿਤੇ ਵੀ
ਨਹੀਂ ਸੀ ਹਾਰੀ। ਪਰ ਫਾਈਨਲ ਮੈਚ ਵਿੱਚ ਪੱਛਮੀ ਜਰਮਨੀ ਨੇ ਹੰਗਰੀ ਨੂੰ 3-2 ਗੋਲਾਂ ਨਾਲ ਹਰਾ ਕੇ ਸਨਸਨੀ ਫੈਲਾਅ ਦਿੱਤੀ। ਉਹ ਵੀ ਉਸ ਹਾਲਤ ਵਿੱਚ ਜਦੋਂ ਹੰਗਰੀ ਪਹਿਲਾਂ ਹੀ 2 ਗੋਲ ਕਰ ਚੁੱਕਾ ਸੀ।
ਉਦੋਂ ਦਾ ਖੁੰਝਿਆ ਹੰਗਰੀ ਅੱਜ ਤਕ ਵਿਸ਼ਵ ਕੱਪ ਨੂੰ ਤਰਸ ਰਿਹੈ। ਸਵੀਡਨ `ਚ ਖੇਡੇ 1958 ਦੇ ਆਲਮੀ ਕੱਪ ਵਿੱਚ ਬ੍ਰਾਜ਼ੀਲ ਦੇ ਪੇਲੇ ਦੀ ਪਹਿਲੀ ਚੜ੍ਹਤ ਹੋਈ।18ਵੇਂ ਸਾਲ ਦੀ ਉਮਰੇ ਉਸ ਨੇ ਫਰਾਂਸ ਵਿਰੁਧ ਹੈਟ੍ਰਿਕ ਮਾਰਿਆ ਜਿਸ ਨੇ ਫੁਟਬਾਲ ਦੀ ਦੁਨੀਆਂ `ਚਥਲਕਾ ਮਚਾ ਦਿੱਤਾ। ਫਾਈਨਲ ਮੈਚ ਬ੍ਰਾਜ਼ੀਲ ਤੇ ਸਵੀਡਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਬ੍ਰਾਜ਼ੀਲਦੀ ਟੀਮ ਨੇ 5-2 ਗੋਲਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਸਵੀਡਨ ਦੀਆਂ ਨੀਲੀਆਂ ਅੱਖਾਂ ਵਾਲੀਆਂ ਗੋਰੀਆਂ ਕੁੜੀਆਂ ਕਾਲੇ ਪੇਲੇ ਦੇ ਆਟੋਗਰਾਫ ਲੈਣ ਪਿਛੋਂ ਆਪਣੀਆਂ ਰੰਗੀਨ ਨਹੁੰ ਪਾਲਸ਼ਾਂ ਵਾਲੀਆਂਉਂਗਲਾਂ ਉਹਦੇ ਪਿੰਡੇ `ਤੇ ਘਸਾ ਕੇ ਵੇਖਣ ਲੱਗੀਆਂ, ਇਹ ਕਿਤੇ ਪਾਲਸ਼ ਤਾਂ ਨਹੀਂ? ਪੇਲੇ ਦੇ
ਸਾਥੀਆਂ ਨੇ ਮਸ਼ਕਰੀ ਕੀਤੀ, “ਇਹ ਰੰਗ ਅਸਲੀ ਆ, ਨਾ ਧੁੱਪ `ਚ ਉਡਦਾ ਤੇ ਨਾ ਮੀਂਹ `ਚ ਖੁਰਦਾ।ਤੁਸੀਂ ਬੇਸ਼ਕ ਇਹਨੂੰ ਜੱਫੀਆਂ ਪਾਓ ਇਹਦਾ ਰੰਗ ਤੁਹਾਨੂੰ ਨਹੀਂ ਲੱਗੇਗਾ!”1962 ਦਾ 7ਵਾਂ ਆਲਮੀ ਕੱਪ ਚਿੱਲੀ `ਚ ਖੇਡਿਆ ਗਿਆ ਜਿਸ ਦਾ ਅੰਤਮ ਮੈਚ ਬ੍ਰਾਜ਼ੀਲ ਤੇਚੈਕੋਸਲੋਵਾਕੀਆ ਵਿਚਕਾਰ ਹੋਇਆ। ਪੇਲੇ ਦੇ ਜ਼ਖਮੀ ਹੋਣ ਦੇ ਬਾਵਜੂਦ ਬ੍ਰਾਜ਼ੀਲ ਨੇ ਜੂਲਸ ਰੀਮੇ ਟਰਾਫੀਆਪਣੇ ਕਬਜ਼ੇ `ਚ ਰੱਖੀ। 1966 ਦਾ ਵਿਸ਼ਵ ਕੱਪ ਬਰਤਾਨੀਆਂ `ਚ ਹੋਇਆ ਜਿਥੇ ਪੇਲੇ ਫੱਟੜ ਹੋ ਗਿਆ
ਤੇ ਬ੍ਰਾਜ਼ੀਲ ਦੀ ਟੀਮ ਮੁਢਲੇ ਮੈਚਾਂ `ਚ ਹੀ ਹਾਰ ਗਈ। ਫਾਈਨਲ ਮੈਚ ਇੰਗਲੈਂਡ ਤੇ ਜਰਮਨੀ ਦੀਆਂਟੀਮਾਂ ਦਰਮਿਆਨ ਖੇਡਿਆ ਗਿਆ ਜੋ ਇੰਗਲੈਂਡ ਨੇ ਜਿੱਤ ਲਿਆ। ਬਹੁਤੀ ਹੈਰਾਨੀ ਏਸ਼ੀਆ ਦੇ ਦੇਸ਼ਉੱਤਰੀ ਕੋਰੀਆ ਨੇ ਪੈਦਾ ਕੀਤੀ ਜਦੋਂ ਇੱਕਮੈਚ `ਚ ਉਸ ਨੇ ਦੋ ਵਾਰ ਵਿਸ਼ਵ ਕੱਪ ਜੇਤੂ ਇਟਲੀਨੂੰ ਹਰਾ ਕੇ ਕੁਆਟਰ ਫਾਈਨਲ ਦੀ ਪੌੜੀ ਨੂੰ ਜਾ ਹੱਥ ਪਾਏ।
ਨੌਵਾਂ ਵਿਸ਼ਵ ਕੱਪ ਮੈਕਸੀਕੋ `ਚ ਹੋਇਆ ਜਿਥੇ ਬ੍ਰਾਜ਼ੀਲ ਤੇ ਇਟਲੀ ਦੀਆਂ ਟੀਮਾਂ ਫਾਈਨਲ `ਚ
ਭਿੜੀਆਂ। ਪੇਲੇ ਚੌਥੀ ਵਾਰ ਵਿਸ਼ਵ ਕੱਪ ਖੇਡਦਾ ਪੂਰੇ ਜਲੌਅ `ਚ ਸੀ। ਇਕ ਲੱਖ ਦਰਸ਼ਕ ਮੈਕਸੀਕੋ ਦੇ
ਸਟੇਡੀਅਮ `ਚ ਪੱਬਾਂ ਭਾਰ ਸਨ। ਪੇਲੇ ਦੀ ਟੀਮ ਨੇ ਇਟਲੀ ਸਿਰ 4 ਗੋਲ ਕਰ ਕੇ ਬੰਬ ਬੁਲਾ ਦਿੱਤੀ। ਮੈਚ
ਮੁੱਕਣ ਦੀ ਵਿਸਲ ਵੱਜਣ ਸਾਰ ਅਣਗਿਣਤ ਪੇਲੇ-ਪ੍ਰੇਮੀ ਉਹਦੇ ਵੱਲ ਵਧੇ ਤਾਂ ਮੌਕੇ ਦੀ ਨਜ਼ਾਕਤ
ਵੇਖਦਿਆਂ ਉਹਨੇ ਆਪਣੀ ਜਰਸੀ ਉਹਨਾਂ ਵੱਲ ਵਗਾਹ ਮਾਰੀ ਜੋ ਨਿਸ਼ਾਨੀ ਵਜੋਂ ਉਹਨਾਂ ਦੇ ਹੱਥ ਲੀਰ
ਲੀਰ ਆਈ। ਪੇਲੇ ਭੱਜ ਕੇ ਕਮਰੇ `ਚ ਜਾ ਲੁਕਿਆ। ਉਸ ਨੇ ਸ਼ੁਕਰ ਕੀਤਾ ਕਿ ਮੈਕਸੀਕੋ ਦੇ ਦਰਸ਼ਕਾਂ
ਕੋਲੋਂ ਉਹਦਾ ਕੱਛਾ ਬਚ ਗਿਆ ਸੀ!
ਪੇਲੇ ਦੇ ਜਨਮ ਸਮੇਂ ਉਹਦੇ ਫੁਟਬਾਲਰ ਪਿਉ ਨੇ ਪੁੱਤਰ ਦੇ ਪੱਟ ਤੇ ਪੈਰ ਟੋਂਹਦਿਆਂ ਕਿਹਾ
ਸੀ, “ਲੱਗਦੈ ਫੁਟਬਾਲ ਚੰਗੀ ਖੇਡ ਲਏਗਾ।” ਮਾਂ ਨੇ ਟੋਕਿਆ ਸੀ, “ਇਹਨੂੰ ਫੁਟਬਾਲਰ ਬਣਨ ਦਾ ਸਰਾਪ ਨਾ
ਦੇਹ। ਅੱਗੇ ਫੁਟਬਾਲ ਖੇਡ ਕੇ ਤੂੰ ਕੀ ਲੱਲ੍ਹਰ ਲਾਇਐ?”
ਬ੍ਰਾਜ਼ੀਲ ਦੇ ਤੀਜੀ ਵਾਰ ਵਿਸ਼ਵ ਕੱਪ ਜਿੱਤਣ ਨਾਲ ਜੂਲਸ ਰੀਮੇ ਟਰਾਫੀ ਪੱਕੇ ਤੌਰ `ਤੇ ਬ੍ਰਾਜ਼ੀਲ ਦੀ ਬਣ
ਗਈ ਸੀ। 1973 `ਚ ਖ਼ਾਲਸ ਸੋਨੇ ਦੀ ਉਸ ਟਰਾਫੀ ਨੂੰ ਚੋਰਾਂ ਨੇ ਚੁਰਾ ਲਿਆ ਤੇ ਮਗਰੋਂ ਭੰਨ ਗਾਲ
ਸੁਟਿਆ। ਚੋਰ ਬੇਸ਼ੱਕ ਫੜੇ ਗਏ ਪਰ ਟਰਾਫੀ ਨਾ ਲੱਭੀ। 1974 ਦੇ ਵਿਸ਼ਵ ਕੱਪ ਲਈ ਨਵੀਂ ਫੀਫਾ
ਤਿਆਰ ਕਰਵਾਈ ਗਈ ਜੋ ਫਾਈਨਲ ਮੈਚ `ਚ ਜਰਮਨੀ ਨੇ ਹਾਲੈਂਡ ਨੂੰ ਹਰਾ ਕੇ ਜਿੱਤੀ। ਨਵੀਂ ਟਰਾਫੀ ਖਾਲਸ
ਸੋਨੇ ਦੀ ਹੈ ਜਿਸ ਦਾ ਬੇਸ ਹਰੇ ਕੀਮਤੀ ਪੱਥਰ ਦਾ ਹੈ। ਉਚਾਈ 36.5 ਸੈਂਟੀਮੀਟਰ, ਚੌੜਾਈ 12.5
ਸੈਂਟੀਮੀਟਰ ਤੇ ਭਾਰ 6.175 ਕਿਲੋਗ੍ਰਾਮ ਹੈ। ਸਿਰਫ ਸੋਨੇ ਤੇ ਸਮੱਗਰੀ ਦੀ ਕੀਮਤ ਹੀ 250000
ਅਮਰੀਕਨ ਡਾਲਰ ਬਣਦੀ ਹੈ। ਮਾਹਿਰਾਂ ਨੇ ਇਸ ਦੀ ਇਤਿਹਾਸਕ ਤੇ ਪ੍ਰਤੀਕਆਤਮਕ ਕੀਮਤ 20 ਮਿਲੀਅਨ
ਅਮਰੀਕਨ ਡਾਲਰ ਯਾਨੀ 2 ਕੁ ਕਰੋੜ ਰੁਪਏ ਅੰਕੀ ਹੈ। ਇਹ ਦੁਨੀਆ ਦੀ ਸਭ ਤੋਂ ਮਹਿੰਗੀ ਖੇਡ ਟਰਾਫੀ
ਹੈ ਜੋ ਦੁਨੀਆ ਭਰ `ਚ ਫੁਟਬਾਲ ਦੀ ਏਕਤਾ ਤੇ ਮਹੱਤਤਾ ਦੀ ਪ੍ਰਤੀਕ ਹੈ।
1978 ਵਿਚ ਅਰਜਨਟੀਨਾ ਨੇ ਫਤਿਹ ਹਾਸਲ ਕੀਤੀ ਤੇ 1982 `ਚ ਇਟਲੀ ਨੇ। ਇਟਲੀ ਦੇ ਖਿਡਾਰੀ ਪਾਵਲੋ ਰੌਸੀ
ਨੂੰ ਜਕੋਤਕੀ `ਚ ਖਿਡਾਇਆ ਗਿਆ ਸੀ ਪਰ ਉਸ ਨੇ ਫਾਈਨਲ ਮੈਚ `ਚ ਜਰਮਨੀ ਸਿਰ 3 ਗੋਲ ਕਰ ਕੇ ਧੰਨ
ਧੰਨ ਕਰਾ ਦਿੱਤੀ। 1986 ਦਾ ਵਿਸ਼ਵ ਕੱਪ ਅਰਜਨਟੀਨਾ ਨੇ ਜਿੱਤਿਆ ਜਿਸ ਵਿਚ ਮਾਰਾਦੋਨਾ ਦੇ ਰੱਬੀ ਹੱਥ
ਨਾਲ ਹੋਏ ਗੋਲ ਦੀ ਕਰਾਮਾਤ ਵਾਪਰੀ। 1990 `ਚ ਇਟਲੀ, 1994 ਜਰਮਨੀ ਤੇ 1998 ਵਿੱਚ ਫਰਾਂਸ ਵਿਸ਼ਵ
ਵਿਜੇਤਾ ਬਣੇ।
21ਵੀਂ ਸਦੀ ਦਾ ਪਹਿਲਾ ਉਂਜ 17ਵਾਂ ਵਿਸ਼ਵ ਕੱਪ ਪਹਿਲੀ ਵਾਰ ਏਸ਼ੀਆ ਦੀ ਧਰਤੀ `ਤੇ ਖੇਡਿਆ
ਗਿਆ। ਕੋਰੀਆ ਤੇ ਜਾਪਾਨ ਦੇ ਸ਼ਹਿਰ ਇਹਦੇ ਮੇਜ਼ਬਾਨ ਸਨ। ਸੰਸਾਰ ਦੇ ਲਗਭਗ 200 ਮੁਲਕਾਂ ਦੀਆਂ
ਟੀਮਾਂ `ਚੋਂ ਆਪਸ ਵਿਚੀਂ ਮੈਚ ਖਿਡਾ ਕੇ 32 ਟੀਮਾਂ ਨਿਤਾਰੀਆਂ ਗਈਆਂ ਜਿਨ੍ਹਾਂ ਨੂੰ ਅੱਗੇ 8
ਗਰੁੱਪਾਂ ਵਿੱਚ ਵੰਡਿਆ ਗਿਆ। 31 ਮਈ 2002 ਨੂੰ ਨਵੀਂ ਸਦੀ ਦੇ ਵਿਸ਼ਵ ਕੱਪ ਦਾ
ਸ਼ਾਨਾਂਮੱਤਾ ਉਦਘਾਟਨ ਹੋਇਆ ਅਤੇ ਪਹਿਲਾ ਮੈਚ ਆਲਮੀ ਚੈਂਪੀਅਨ ਫਰਾਂਸ ਤੇ ਅਫ਼ਰੀਕੀ ਮੁਲਕ
ਸੈਨੇਗਲ ਦੀ ਪਹਿਲੀ ਵਾਰ ਭਾਗ ਲੈ ਰਹੀ ਨਵੀਂ ਟੀਮ ਵਿਚਾਲੇ ਖੇਡਿਆ ਗਿਆ। ਇਹ ਗੱਲ ਕਿਸੇ ਦੇ ਖ਼ਾਬ ਖਿਆਲ
ਵਿਚ ਵੀ ਨਹੀਂ ਸੀ ਕਿ ਸੈਨੇਗਲ ਛੁਪਿਆ ਰੁਸਤਮ ਨਿਕਲੇਗਾ ਜੋ ਵਿਸ਼ਵ ਕੱਪ ਦੇ ਤਕੜੇ ਦਾਅਵੇਦਾਰ ਫਰਾਂਸ
ਦੀਆਂ ਗੋਡਣੀਆਂ ਲੁਆ ਦੇਵੇਗਾ।
ਕੁਆਟਰ ਫਾਈਨਲ `ਚ ਕੋਰੀਆ ਨੇ ਸਪੇਨ ਨੂੰ, ਜਰਮਨੀ ਨੇ ਅਮਰੀਕਾ ਨੂੰ, ਤੁਰਕੀ ਨੇ ਸੈਨੇਗਲ
ਨੂੰ ਤੇ ਬ੍ਰਾਜ਼ੀਲ ਨੇ ਜਾਪਾਨ ਨੂੰ ਜਿੱਤ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਪਾਇਆ। ਬ੍ਰਾਜ਼ੀਲ ਤੇ
ਜਰਮਨੀ 7-7 ਵਾਰ ਵਿਸ਼ਵ ਕੱਪ ਦੇ ਫਾਈਨਲ `ਚ ਪੁੱਜ ਚੁੱਕੇ ਸਨ ਪਰ ਆਪਸ ਵਿੱਚ ਕਦੇ ਨਹੀਂ ਸਨ
ਟੱਕਰੇ। ਬ੍ਰਾਜ਼ੀਲ 4 ਵਾਰ ਵਿਸ਼ਵ ਕੱਪ ਜਿੱਤਿਆ ਸੀ ਤੇ ਜਰਮਨੀ 3 ਵਾਰ। ਦੁਨੀਆਂ ਦੇ ਸਭ ਤੋਂ ਮਹਿੰਗੇ
ਖਿਡਾਰੀ ਰੋਨਾਲਡੋ ਨੇ 2 ਗੋਲ ਦਾਗ ਕੇ 8 ਗੋਲਾਂ ਨਾਲ ਗੋਲਡਨ ਬੂਟ ਵੀ ਹਾਸਲ ਕੀਤਾ ਤੇ ਬ੍ਰਾਜ਼ੀਲ ਨੂੰ
ਪੰਜਵੀਂ ਵਾਰ ਫੁਟਬਾਲ ਦਾ ਸ਼ਹਿਨਸ਼ਾਹ ਬਣਾਇਆ। 2006 ਦਾ ਕੱਪ ਇਟਲੀ ਨੇ ਫਰਾਂਸ ਨੂੰ, 2010 ਦਾ
ਕੱਪ ਸਪੇਨ ਨੇ ਨੀਦਰਲੈਂਡ ਨੂੰ, 2014 ਦਾ ਕੱਪ ਜਰਮਨੀ ਨੇ ਅਰਜਨਟੀਨਾ ਨੂੰ, 2018 ਦਾ ਕੱਪ
ਫਰਾਂਸ ਨੇ ਕ੍ਰੋਸ਼ੀਆ ਨੂੰ, 2022 ਦਾ ਕੱਪ ਅਰਜਨਟੀਨਾ ਨੇ ਫਰਾਂਸ ਨੂੰ ਤੇ 2026 ਦਾ ਕੱਪ ਸਪੇਨ
ਨੇ ਅਰਜਨਟੀਨਾ ਨੂੰ ਫਾਈਨਲ ਮੈਚਾਂ ਵਿੱਚ ਹਰਾ ਕੇ ਜਿੱਤੇ।
ਆਲਮੀ ਕੱਪ ਖੇਡਣ ਦੇ ਦਿਨ ਤਾਂ ਬੇਸ਼ੱਕ ਗਿਣਤੀ ਦੇ ਹੁੰਦੇ ਹਨ ਤੇ ਮੈਚ ਵੀ ਗਿਣਤੀ ਦੇ ਪਰ
ਉਹਨਾਂ ਦੀਆਂ ਗੱਲਾਂ ਸਾਲਾਂ-ਬੱਧੀ ਚਲਦੀਆਂ ਰਹਿੰਦੀਆਂ ਹਨ। ਆਲਮੀ ਕੱਪਾਂ `ਚ ਕਈ ਘਟਨਾਵਾਂ
ਐਸੀਆਂ ਵਾਪਰਦੀਆਂ ਹਨ ਜੋ ਦੇਰ ਤਕ ਨਹੀਂ ਭੁਲਦੀਆਂ। ਜੇਤੂਆਂ ਦੀਆਂ ਖ਼ੁਸ਼ੀ `ਚ ਖਿੜੀਆਂ ਵਰਾਛਾਂ
ਤੇ ਹਾਰੂਆਂ ਦੇ ਗ਼ਮਗੀਨ ਚਿਹਰੇ! ਹਾਰਨ ਵਾਲਿਆਂ ਤੋਂ ਉਠਿਆ ਨਹੀਂ ਜਾਂਦਾ ਤੇ ਜਿੱਤਣ ਵਾਲਿਆਂ ਤੋਂ
ਬੈਠਿਆ ਨਹੀਂ ਜਾਂਦਾ। ਟੀਮਾਂ ਦੇ ਕੋਚਾਂ ਦੀ ਪਰੇਸ਼ਾਨੀ ਤੇ ਖ਼ੁਸ਼ੀ ਦਾ ਵੀ ਕੋਈ ਅੰਤ ਨਹੀਂ
ਰਹਿੰਦਾ। ਦਰਸ਼ਕਾਂ ਦੀ ਹਾਤ-ਹੂਤ ਦਾ ਤਾਂ ਕਾਹਦਾ ਹਿਸਾਬ ਕਿਤਾਬ ਹੋਣਾ ਸੀ? ਜਦ ਨੂੰ 23ਵੇਂ ਆਲਮੀ
ਕੱਪ ਦੀਆਂ ਗੱਲਾਂ ਮੁੱਕਣਗੀਆਂ ਉਦੋਂ ਨੂੰ 24ਵੇਂ ਫੀਫਾ ਕੱਪ ਦੀਆਂ ਗੱਲਾਂ ਸ਼ੁਰੂ ਹੋ
ਜਾਣਗੀਆਂ। ਏਹੋ ਜੀਵਨ ਦਾ ਗੇੜ ਹੈ ਤੇ ਏਹੋ ਖੇਡਾਂ ਦਾ ਫਲਸਫਾ। ਇਕ ਖੇਡ ਮੇਲੇ ਦੀ ਧੂੜ ਬਹਿੰਦੀ
ਹੈ ਤੇ ਦੂਜੇ ਦੀ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ। ਵੇਖਾਂਗੇ 2030 ਵਾਲਾ ਫੀਫਾ ਦਾ ਸ਼ਤਾਬਦੀ ਫੁਟਬਾਲ
ਮੇਲਾ ਕਿਹੋ ਜਿਹਾ ਲੱਗਦਾ?
ਫੀਫਾ ਆਲਮੀ ਕੱਪਾਂ ਦੇ ਨਤੀਜੇ
1930 ਉਰੂਗੁਏ, ਅਰਜਨਟੀਨਾ, ਅਮਰੀਕਾ
1934 ਇਟਲੀ, ਚੈਕੋਸਲੋਵਾਕੀਆ, ਜਰਮਨੀ
1938 ਇਟਲੀ, ਹੰਗਰੀ, ਬ੍ਰਾਜ਼ੀਲ
1950 ਉਰੂਗੁਏ, ਬ੍ਰਾਜ਼ੀਲ, ਸਵੀਡਨ
1954 ਪੱਛਮੀ ਜਰਮਨੀ, ਹੰਗਰੀ, ਆਸਟ੍ਰੇਲੀਆ
1958 ਬ੍ਰਾਜ਼ੀਲ, ਸਵੀਡਨ, ਫਰਾਂਸ
1962 ਬ੍ਰਾਜ਼ੀਲ, ਚੈਕੋਸਲੋਵਾਕੀਆ, ਚਿੱਲੀ
1966 ਇੰਗਲੈਂਡ, ਵੈਸਟ ਜਰਮਨੀ, ਪੁਰਤਗਾਲ
1970 ਬ੍ਰਾਜ਼ੀਲ, ਇਟਲੀ, ਵੈਸਟ ਜਰਮਨੀ
1974 ਬ੍ਰਾਜ਼ੀਲ, ਨੀਦਰਲੈਂਡ, ਪੋਲੈਂਡ
1978 ਅਰਜਨਟੀਨਾ, ਨੀਦਰਲੈਂਡ, ਬ੍ਰਾਜ਼ੀਲ
1982 ਇਟਲੀ, ਵੈਸਟ ਜਰਮਨੀ, ਪੋਲੈਂਡ
1986 ਅਰਜਨਟੀਨਾ, ਵੈਸਟ ਜਰਮਨੀ, ਫਰਾਂਸ
1990 ਵੈਸਟ ਜਰਮਨੀ, ਅਰਜਨਟੀਨਾ, ਇਟਲੀ
1994 ਬ੍ਰਾਜ਼ੀਲ, ਇਟਲੀ, ਸਵੀਡਨ
1998 ਫਰਾਂਸ, ਬ੍ਰਾਜ਼ੀਲ, ਕ੍ਰੋਸ਼ੀਆ
2002 ਬ੍ਰਾਜ਼ੀਲ, ਜਰਮਨੀ, ਟਰਕੀ
2006 ਇਟਲੀ, ਫਰਾਂਸ, ਜਰਮਨੀ
2010 ਸਪੇਨ, ਨੀਦਰਲੈਂਡ, ਜਰਮਨੀ
2014 ਜਰਮਨੀ, ਅਰਜਨਟੀਨਾ, ਨੀਦਰਲੈਂਡ
2018 ਫਰਾਂਸ, ਕ੍ਰੋਸ਼ੀਆ, ਬੈਲਜੀਅਮ
2022 ਅਰਜਨਟੀਨਾ, ਫਰਾਂਸ, ਕ੍ਰੋਸ਼ੀਆ
2026 ਸਪੇਨ, ਅਰਜਨਟੀਨਾ, ਇੰਗਲੈਂਡ
