Jul 28, 2026

Screenshot

ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵਲੋਂ ਪੰਜਾਬੀ ਸਾਹਿਤ ਅਤੇ ਗੁਰਮੁਖੀ ਲਿੱਪੀ ਨੂੰ ਸਮਰਪਿਤ ਸਮਾਗਮ-

ਸਰੀ (ਜੋਗਿੰਦਰ ਸਿੰਘ)- ਉਘੇ ਸਿੱਖ ਵਿਦਵਾਨ ਡਾ: ਪੂਰਨ ਸਿੰਘ ਗਿੱਲ ਅਤੇ ਗੁਣਤਾਸ ਕੌਰ ਅਮਰੀਕਾ ਦੀਆਂ ਕਿਤਾਬਾਂ ਨੂੰ ਲੋਕ ਅਰਪਿਤ ਕਰਨ ਲਈ ਸਰੀ ਵਿਖੇ ਇਕ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ। ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਵਲੋਂ ਗੁਰੂ ਨਾਨਕ ਇੰਡੋ ਕੈਨੇਡੀਅਨ ਸੀਨੀਅਰ ਸਿਟੀਜਨ ਸੈਂਟਰ ਸਰੀ ਵਿਖੇ ਕਰਵਾਏ ਗਏ ਇਸ ਵਿਸ਼ਾਲ ਸਮਾਰੋਹ ਦੌਰਾਨ ਵੱਖ-ਵੱਖ ਵਿਦਵਾਨਾਂ ਤੇ ਨਾਮਵਰ ਸਖਸ਼ੀਅਤਾਂ ਵਲੋਂ ਖੋਜ-ਭਰਪੂਰ ਪਰਚੇ ਪੜੇ ਗਏ। ਸਮਾਰੋਹ ਦਾ ਸੰਚਾਲਨ ਕਰਦਿਆਂ ਲੇਖਕ ਗੁਰਪ੍ਰੀਤ ਸਿੰਘ ਤਲਵੰਡੀ ਨੇ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵਲੋਂ ਸੰਨ੍ਹ 2018 ਤੋਂ ਸਭਾ ਦੁਆਰਾ ਪੰਜਾਬੀ ਬੋਲੀ ਦੇ ਪਸਾਰ, ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਨੌਜਵਾਨ ਪੀੜੀ ਨੂੰ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਸਿੱਖ ਵਿਦਵਾਨ ਡਾ: ਪੂਰਨ ਸਿੰਘ ਗਿੱਲ ਨੇ ਆਪਣੀਆਂ ਕਿਤਾਬਾਂ ਬਾਰੇ ਵਿਸਥਾਰ ਵਿੱਚ ਚਰਚਾ ਕਰਦਿਆਂ, ਕੈਨੇਡੀਅਨ ਇਤਿਹਾਸ ਵਿੱਚ ਵਾਪਰੀਆਂ ਕਈ ਵੱਡੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਪੰਜਾਬੀ ਪ੍ਰੈੱਸ ਕਲੱਬ ਆਫ ਬੀ ਸੀ  ਦੇ ਪ੍ਰਧਾਨ ਡਾ: ਗੁਰਵਿੰਦਰ ਸਿੰਘ ਧਾਲੀਵਾਲ ਨੇ ਡਾ: ਪੂਰਨ ਸਿੰਘ ਗਿੱਲ ਦੁਆਰਾ ਆਪਣੀਆਂ ਕਿਤਾਬਾਂ ‘ਚ ਸਚਾਈ ਪੇਸ਼ ਕਰਨ ਦੀ ਦਲੇਰੀ ਦੀ ਸਰਾਹਨਾ ਕਰਦਿਆਂ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਨੌਰਵਿੱਚ ਸ਼ਹਿਰ ਦੇ ਗੁਰਸਿੱਖ ਮੇਅਰ ਸਵਰਨਜੀਤ ਸਿੰਘ ਖਾਲਸਾ ਦੀ ਧਰਮਪਤਨੀ ਬੀਬੀ ਗੁਣਤਾਸ ਕੌਰ ਦੁਆਰਾ ਬੱਚਿਆਂ ਵਿੱਚ ਪੰਜਾਬੀ ਸਿੱਖਣ ਦੀ ਰੁਚੀ ਪੈਦਾ ਕਰਨ ਲਈ ਤਿਆਰ ਕੀਤੀ ਪੈਂਤੀ ਅੱਖਰੀ ਕਿਤਾਬ ਬਾਰੇ ਵੇਰਵੇ ਦਿੰਦਿਆਂ ਅਜਿਹੇ ਉਪਰਾਲਿਆਂ ਤੋਂ ਸੇਧ ਲੈਣ ਦੀ ਅਪੀਲ ਕੀਤੀ।

ਸਿੱਖ ਅਤੇ ਮੁਸਲਿਮ  ਭਾਈਚਾਰੇ ਦੀ ਸਤਿਕਾਰਿਤ ਸ਼ਖਸੀਅਤ ਰਾਏ ਅਜੀਜਉੱਲਾ ਖਾਨ ਸਾਬਕਾ ਮੈਂਬਰ ਪਾਰਲੀਮੈਂਟ ਪਾਕਿਸਤਾਨ ਨੇ ਆਪਣੇ ਸੰਬੋਧਨ ਦੌਰਾਨ ਪੰਜਾਬੀ ਲੇਖਕਾਂ ਤੇ ਪੱਤਰਕਾਰਾਂ ਨੂੰ ਦੋਵਾਂ ਹੀ ਪੰਜਾਬਾਂ ਵਿੱਚ ਆਪਸੀ ਭਾਈਚਾਰਾ ਕਾਇਮ ਰੱਖਣ ਸਮੇਤ ਬਾਬੇ ਨਾਨਕ ਦੇ ਫਲਸਫੇ ਨੂੰ ਘਰ ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕਮਾਲਪੁਰਾ (ਜਗਰਾਉਂ) ਦੇ ਡਾ: ਕੰਵਲਜੀਤ ਕੌਰ ਨੇ ਡਾ: ਪੂਰਨ ਸਿੰਘ ਗਿੱਲ ਦੀਆਂ ਕਿਤਾਬਾਂ ਤੇ ਪਰਚਾ ਪੜਦਿਆਂ ਉਨ੍ਹਾਂ ਦੁਆਰਾ ਲਿਖੀ ਆਪਣੀ ਜੀਵਨ ਕਥਾ ਬਾਰੇ ਕਈ ਤਰ੍ਹਾਂ ਦੇ ਪਹਿਲੂ ਉਜਾਗਰ ਕੀਤੇ। ਮਨੁੱਖੀ ਹੱਕਾਂ ਨੂੰ ਸਮਰਪਿਤ ਉੱਘੇ ਕਾਰਕੁੰਨ ਭੁਪਿੰਦਰ ਸਿੰਘ ਮੱਲ੍ਹੀ ਨੇ ਡਾ: ਗਿੱਲ ਦੀ ਕਿਤਾਬ ‘ਕਿਵ ਸਚਿਆਰਾ ਹੋਈਐ’ ਬਾਰੇ ਪਰਚਾ ਪੜਦਿਆਂ ਬੜੇ ਭਾਵਪੂਰਤ ਸ਼ਬਦਾਂ ਨਾਲ ਮਨੁੱਖ ਨੂੰ ਸੱਚ ਬੋਲਣ ਦੀ ਹਿੰਮਤ ਜਗਾਉਣ ਦਾ ਸੁਨੇਹਾ ਦਿੱਤਾ। ਕਵਾਂਟਲਿਨ ਪੌਲੀਟੈਕਨਿਕ ਯੁਨੀਵਰਸਿਟੀ ਦੇ ਵਿਦਿਆਰਥੀ ਗੁਰਨੂਰ ਸਿੰਘ ਨੇ ਡਾ: ਪੂਰਨ ਸਿੰਘ ਦੀਆਂ ਅੰਗਰੇਜੀ ਪੁਸਤਕਾਂ ਦੇ ਮਹੱਤਵ ਬਾਰੇ ਚਾਨਣਾ ਪਾਇਆ। ਪੰਜਾਬੀ ਕਵੀ ਮੋਹਣ ਸਿੰਘ ਗਿੱਲ, ਇੰਡੋ ਕੈਨੇਡੀਅਨ ਸੀਨੀਅਰ ਸਿਟੀਜਨ ਸੈਂਟਰ ਸਰੀ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਵਲੋਂ ਵੀ ਆਪਣੇ ਵਿਚਾਰ ਰੱਖੇ ਗਏ। ਸਮਾਰੋਹ ਦੌਰਾਨ ਪਹੁੰਚੀਆਂ ਸਖਸ਼ੀਅਤਾਂ ਵਲੋਂ ਡਾ: ਪੂਰਨ ਸਿੰਘ ਗਿੱਲ ਦੀਆਂ ਚਾਰ ਕਿਤਾਬਾਂ ਤੋਂ ਇਲਾਵਾ ਬੀਬੀ ਗੁਣਤਾਸ ਕੌਰ ਅਮਰੀਕਾ ਦੁਆਰਾ ਤਿਆਰ ਕੀਤੀ ਪੈਂਤੀ ਅੱਖਰੀ ਐਕਟੀਵਿਟੀ ਕਿਤਾਬ ਲੋਕ ਅਰਪਿਤ ਕੀਤੀ। ਜਿਕਰਯੋਗ ਹੈ ਕਿ ਡਾ: ਗਿੱਲ ਦੁਆਰਾ ਚਾਰ ਕਿਤਾਬਾਂ ਵਿੱਚੋਂ ਦੋ ਪੰਜਾਬੀ ਭਾਸ਼ਾ ਅਤੇ ਦੋ ਅੰਗਰੇਜੀ ਵਿੱਚ ਲਿਖੀਆਂ ਗਈਆਂ ਹਨ। ਅੰਤ ਵਿੱਚ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵਲੋਂ ਉੱਘੇ ਵਿਦਵਾਨ ਡਾ: ਕੁਲਵੰਤ ਸਿੰਘ ਥਿੰਦ ਨੇ ਸਮੂਹ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਾਹਿਤ ਸਭਾ ਵਲੋਂ ਨਵੇਂ ਲੇਖਕਾਂ ਨੂੰ ਚੰਗੇ ਮੌਕੇ ਪ੍ਰਦਾਨ ਕਰਨ ਲਈ ਸਹਾਇਕ ਸਿੱਧ ਹੋਣਗੇ। ਸਮਾਰੋਹ ਦੌਰਾਨ ਕੈਨੇਡੀਅਨ ਸਿੱਖ ਸਟੱਟੀਜ ਐਂਡ ਟੀਚਿੰਗ ਸੁਸਾਇਟੀਜ ਨਾਲ ਸਬੰਧਿਤ ਕਈ ਸ਼ਖਸੀਅਤਾਂ ਵਿਚ ਜੀ ਐੱਚ ਜੀ ਖਾਲਸਾ ਕਾਲਜ ਗੁਰੂਸਰ ਸੁਧਾਰ ਤੋਂ ਡਾ: ਸੁਸ਼ੀਲ ਕੌਰ, ਡਾ: ਹਰਜਿੰਦਰ ਸਿੰਘ ਬਰਾੜ, ਸਾਹਿਬ ਸਿੰਘ ਗਿੱਲ, ਮੈਡਮ ਸ਼ਬਨਮ ਮੱਲ੍ਹੀ, ਬਨਜੋਤ ਸਿੰਘ ਸੰਘੇੜਾ, ਪਰਮਿੰਦਰ ਕੌਰ ਸਵੈਚ, ਪਰਮਜੀਤ ਸਿੰਘ ਬੁੱਟਰ, ਕੇਸਰ ਸਿੰਘ ਕੂਨਰ, ਬਲਵੀਰ ਸਿੰਘ ਸੰਘਾ, ਅਮਰਦੀਪ ਸਿੰਘ ਗਿੱਲ, ਹਰਜੀਤ ਕੌਰ ਗਿੱਲ, ਦਮਨਦੀਪ ਕੌਰ, ਹਰਦਮ ਮਾਨ, ਅਮਰਪਾਲ ਸਿੰਘ, ਹਰਕੀਰਤ ਸਿੰਘ ਕੁਲਾਰ, ਕਰਤਾਰ ਸਿੰਘ ਗਿੱਲ ਸਮੇਤ ਅਨੇਕਾਂ ਹੋਰ ਸ਼ਖਸੀਅਤਾਂ ਵੀ ਹਾਜਰ ਸਨ। ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਦਾ ਇਹ ਸਮਾਗਮ ਗੁਰਮੁਖੀ ਲਿੱਪੀ ਅਤੇ ਪੰਜਾਬੀ ਸਾਹਿਤ ਦੀ ਵਿਦੇਸ਼ਾਂ ਵਿੱਚ ਚੜ੍ਹਤ ਦਾ ਪ੍ਰਤੀਕ ਹੋ ਨਿੱਬੜਿਆ।

Leave a Reply

Your email address will not be published. Required fields are marked *