Jul 28, 2026

– ਸੁਖਵੰਤ ਹੁੰਦਲ-

ਇਸ ਸਮੇ ਕੈਨੇਡਾ ਵਿੱਚ 950 ਤੋਂ ਵੱਧ ਜੰਗਲੀ ਅੱਗਾਂ ਲੱਗੀਆਂ ਹੋਈਆਂ ਹਨ ਅਤੇ ਇਹਨਾਂ ਵਿੱਚੋਂ ਢਾਈ ਸੌ ਦੇ ਕਰੀਬ ਕੰਟਰੋਲ ਤੋਂ ਬਾਹਰ ਹਨ। ਇਹਨਾਂ ਅੱਗਾਂ ਕਾਰਨ ਦਹਿ-ਲੱਖਾਂ (ਮਿਲੀਅਨਜ਼) ਏਕੜ ਜੰਗਲ ਜਲ ਕੇ ਰਾਖ ਹੋ ਚੁੱਕੇ ਹਨ। ਇਸ ਸਮੇਂ ਇਹਨਾਂ ਅੱਗਾਂ ਬਾਰੇ ਛਪੀਆਂ ਤਿੰਨ ਰਿਪੋਰਟਾਂ ਪਾਠਕਾਂ ਨਾਲ ਸਾਂਝੀਆਂ ਕਰ ਰਿਹਾ ਹਾਂ। ਇਹ ਰਿਪੋਰਟਾਂ ਦਸਦੀਆਂ ਹਨ ਕਿ ਇਹਨਾਂ ਅੱਗਾਂ ਨਾਲ ਨਿਪਟਣ ਲਈ ਸਰਕਾਰਾਂ ਨੂੰ ਕੀ ਕਰਨ ਦੀ ਲੋੜ ਹੈ ਅਤੇ ਸਰਕਾਰਾਂ ਕੀ ਕਰ ਰਹੀਆਂ ਹਨ। ਇਹਨਾਂ ਰਿਪੋਰਟਾਂ ਨੂੰ ਮੇਰੇ ਵਲੋਂ ਲਿਖੀ ਲਿਖਤ ਤੋਂ ਵੱਖਰਾ ਕਰਨ ਲਈ ਚੌਰਸ ਬਰੈਕਟਾਂ ਵਿੱਚ ਦਿੱਤਾ ਗਿਆ ਹੈ।

ਰਿਪੋਰਟ 1.

ਪਹਿਲੀ ਰਿਪੋਰਟ 18 ਜੁਲਾਈ ਨੂੰ ਸੀ ਬੀ ਸੀ ਦੇ ਆਨਲਾਈਨ ਸਾਈਟ `ਤੇ ਛਪੀ ਸੀ। ਇਨਾਇਤ ਸਿੰਘ ਵਲੋਂ ਲਿਖੀ ਇਸ ਰਿਪੋਰਟ ਦਾ ਮੁੱਖ ਨੁਕਤਾ ਇਹ ਸੀ ਕਿ ਜੰਗਲੀ ਅੱਗਾਂ ਦਾ ਸਹੀ ਹੱਲ ਕੋਲੇ, ਤੇਲ, ਗੈਸ ਆਦਿ ਨੂੰ ਬਾਲਣਾਂ ਬੰਦ ਕਰਨਾ ਹੈ। “ਵਿਗਿਆਨੀਆਂ ਅਨੁਸਾਰ ਸਾਡੇ ਧੂੰਏਂ ਵਾਲੇ ਅਸਮਾਨਾਂ ਦਾ ਇਕ ਹੀ ਹੱਲ ਹੈ ‘ਫੌਸਿਲ ਫਿਊਲਾਂ ਦੀ ਵਰਤੋਂ ਬੰਦ ਕਰਨਾ’ ਦੇ ਸਿਰਲੇਖ ਹੇਠ ਛਪੀ ਰਿਪੋਰਟ ਪੇਸ਼ ਹੈ।

[ਦੱਖਣੀ ਉਨਟਾਰੀਉ ਵਿੱਚ ਇਹ ਇੱਕ ਹੋਰ ਧੂੰਏਂ ਵਾਲੀ ਗਰਮੀ ਹੈ, ਅਤੇ ਟੋਰਾਂਟੋ ਵਿੱਚ ਅਤੇ ਇਸ ਦੇ ਆਲੇ-ਦੁਆਲੇ ਖਰਾਬ ਹਵਾ ਵਿੱਚ ਸਾਹ ਲੈਣ ਵਾਲੇ ਲੋਕ ਇੱਕ ਵਾਰ ਫਿਰ ਪੁੱਛ ਰਹੇ ਹਨ ਕਿ ਸਰਕਾਰਾਂ ਜੰਗਲੀ ਅੱਗਾਂ ਦੇ ਧੂੰਏਂ ਬਾਰੇ ਕੀ ਕਰ ਸਕਦੀਆਂ ਹਨ। ਉਨਟਾਰੀਉ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੂਬੇ ਦੇ ਜੰਗਲੀ ਅੱਗਾਂ ਦੇ ਬਜਟ ਨੂੰ ਠੀਕ ਠਹਿਰਾਇਆ ਹੈ ਅਤੇ ਔਟਾਵਾ ਤੋਂ ਵਾਧੂ ਮਦਦ ਮੰਗੀ ਹੈ। ਅਮਰੀਕਾ ਵਿੱਚ ਕੁਝ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਮੰਗ ਕੀਤੀ ਹੈ ਕਿ ਕੈਨੇਡਾ ਸਰਹੱਦ ਪਾਰ ਧੂੰਏਂ ਨੂੰ ਆਉਣ ਤੋਂ ਰੋਕਣ ਲਈ ਹੋਰ ਕਦਮ ਚੁੱਕੇ।

ਪਰ ਮਾਹਰਾਂ ਦਾ ਕਹਿਣਾ ਹੈ ਕਿ ਸਿਆਸਤ ਇੱਕ ਕਰੂਰ ਹਕੀਕਤ ਨੂੰ ਛੁਪਾ ਸਕਦੀ ਹੈ: ਅੱਗ ਕੈਨੇਡਾ ਦੇ ਜੰਗਲਾਂ ਦਾ ਇੱਕ ਕੁਦਰਤੀ ਹਿੱਸਾ ਹੈ, ਅਤੇ ਗਰਮ ਹੋ ਰਿਹਾ ਜਲਵਾਯੂ ਇਹਨਾਂ ਅੱਗਾਂ ਨੂੰ ਵਧੇਰੇ ਤੀਬਰ ਕਰ ਰਿਹਾ ਹੈ, ਬੁਝਾਉਣ ਦੇ ਕਾਰਜ ਨੂੰ ਮੁਸ਼ਕਲ ਬਣਾ ਰਿਹਾ ਹੈ ਅਤੇ ਪ੍ਰਮੁੱਖ ਸ਼ਹਿਰਾਂ ਵਿੱਚ ਧੂੰਆਂ ਪਹੁੰਚਣ ਦੀ ਸੰਭਾਵਨਾ ਵਿੱਚ ਵਾਧਾ ਕਰ ਰਿਹਾ ਹੈ।

ਟੋਰਾਂਟੋ ਯੂਨੀਵਰਸਿਟੀ ਦੇ ਜੰਗਲਾਤ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਪੈਟਰਿਕ ਜੇਮਜ਼ ਨੇ ਕਿਹਾ, “ਇਸ ਵਿੱਚੋਂ ਬਹੁਤ ਕੁਝ ਪੂਰੀ ਤਰ੍ਹਾਂ ਅਚਾਨਕ ਵਾਪਰਨ ਵਾਲਾ ਨਹੀਂ ਹੈ। (ਪਰ) ਇਹ ਬਹੁਤ ਸਾਰੇ ਲੋਕਾਂ ਦੀ ਉਮੀਦ ਨਾਲੋਂ ਕਿਤੇ ਪਹਿਲਾਂ ਵਾਪਰ ਰਿਹਾ ਹੈ।ਅਸੀਂ ਜੋ ਦੇਖ ਰਹੇ ਹਾਂ ਉਹ ਇਹ ਹੈ ਕਿ ਤਾਪਮਾਨ ਵਿੱਚ ਬਹੁਤ ਮਾਮੂਲੀ ਵਾਧੇ ਦੇ ਨਤੀਜੇ ਵਜੋਂ ਅੱਗਾਂ ਦੀ ਗਿਣਤੀ ਅਤੇ ਉਨ੍ਹਾਂ ਅੱਗਾਂ ਦੀ ਤੀਬਰਤਾ ਵਿੱਚ ਕਈ ਗੁਣਾ ਜਿ਼ਆਦਾ ਅਸਰ ਪੈ ਸਕਦਾ ਹੈ।”

ਦੱਖਣੀ ਉਨਟਾਰੀਉ ਦੇ ਕੁਝ ਹਿੱਸਿਆਂ ਨੂੰ ਸੰਤਰੀ ਰੰਗ ਵਿੱਚ ਬਦਲਣ ਵਾਲੇ ਧੂੰਏਂ ਵਾਲੇ ਅਸਮਾਨਾਂ ਦੇ ਪਿੱਛੇ ਇੱਕ ਜਲਵਾਯੂ ਪ੍ਰਣਾਲੀ ਹੈ ਜੋ ਲਗਾਤਾਰ ਪਹਿਲਾਂ ਅਨੁਮਾਨ ਨਾ ਲਾਏ ਜਾ ਸਕਣ ਵਾਲੇ (ਅਨਪ੍ਰੀਡਿਕਟੇਬਲ) ਤਰੀਕਿਆਂ ਨਾਲ ਕੰਮ ਕਰ ਰਹੀ ਹੈ। ਗਰਮ ਤਾਪਮਾਨ ਅਤੇ ਸੋਕੇ ਵਾਲੀਆਂ ਸਥਿਤੀਆਂ ਜੰਗਲਾਂ ਨੂੰ ਤੇਜ਼ੀ ਨਾਲ ਸੁਕਾ ਦਿੰਦੀਆਂ ਹਨ ਅਤੇ ਮੌਸਮ ਦੀਆਂ ਹਾਲਤਾਂ (ਪੈਟਰਨ) ਧੂੰਏਂ ਨੂੰ ਸੈਂਕੜੇ ਜਾਂ ਹਜ਼ਾਰਾਂ ਕਿਲੋਮੀਟਰ ਦੂਰ ਸ਼ਹਿਰਾਂ ਵਿੱਚ ਲਿਜਾ ਸਕਦੀਆਂ ਹਨ।

ਜੰਗਲੀ ਅੱਗਾਂ ਦਾ ਧੂੰਆਂ ਹਵਾ ਦੀਆਂ ਕੁਦਰਤੀ ਹਾਲਤਾਂ ਰਾਹੀਂ ਟੋਰਾਂਟੋ ਵਰਗੇ ਸ਼ਹਿਰਾਂ ਤੱਕ ਪਹੁੰਚ ਸਕਦਾ ਹੈ। ਇਸ ਵਾਰ, ਇੱਕ ਅਸਧਾਰਨ ਤੌਰ ‘ਤੇ ਮਜ਼ਬੂਤ ਮੌਸਮ ਦੀ ਅਲ ਨੀਨੋ ਹਾਲਤ (ਪੈਟਰਨ) ਨੇ ਧੂੰਏਂ ਨੂੰ ਦੱਖਣੀ ਸ਼ਹਿਰਾਂ ਵੱਲ ਧੱਕਣ ਵਿੱਚ ਸੰਭਾਵਿਤ ਮਦਦ ਕੀਤੀ ਹੈ। ਹੋ ਸਕਦਾ ਹੈ ਕਿ ਜੁਲਾਈ ਦੇ ਸ਼ੁਰੂ ਵਿੱਚ ਰਿਕਾਰਡ ਤੋੜ ਤਾਪਮਾਨ ਲਿਆਉਣ ਵਾਲੇ ਹੀਟ ਡੋਮ ਨੇ ਵੀ ਸ਼ਾਇਦ ਧੂੰਏਂ ਨੂੰ ਰੋਕ ਲਿਆ ਹੋਵੇ ਅਤੇ ਇਸ ਨੂੰ ਜ਼ਿਆਦਾ ਦੇਰ ਤੱਕ ਰੋਕੀ ਰੱਖਿਆ ਹੋਵੇ।

ਮਿਸ਼ੀਗਨ ਯੂਨੀਵਰਸਿਟੀ ਵਿੱਚ ਡੀਨ ਅਤੇ ਜਲਵਾਯੂ ਵਿਗਿਆਨੀ (ਕਲਾਈਮੇਟ ਸਾਇੰਟਿਸਟ) ਜੌਨਾਥਨ ਓਵਰਪੈਕ ਨੇ ਕਿਹਾ, “ਵਿਸ਼ਵਵਿਆਪੀ ਜਲਵਾਯੂ ਤਬਦੀਲੀ (ਗਲੋਬਲ ਕਲਾਈੰਮੇਟ ਚੇਂਜ) ਅਤੇ ਧਰਤੀ ਦੇ ਗਰਮ ਹੋਣ ਕਾਰਨ, ਅਤੀਤ ਦੇ ਮੁਕਾਬਲੇ ਬਨਸਪਤੀ ਬਹੁਤ ਜ਼ਿਆਦਾ ਸੁੱਕ ਰਹੀ ਹੈ, ਅਤੇ ਇਸ ਕਾਰਨ ਇਸ ਨੂੰ ਅੱਗ ਲੱਗਣ ਦਾ ਖਤਰਾ ਵੱਧ ਰਿਹਾ ਹੈ।”

ਕੈਨੇਡਾ ਗਲੋਬਲ ਔਸਤ ਨਾਲੋਂ ਕਿਤੇ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਦੇਸ਼ ਵਿਸ਼ਵ ਪੱਧਰ ਤੋਂ ਦੁੱਗਣੀ ਦਰ ਨਾਲ ਗਰਮ ਹੋ ਰਿਹਾ ਹੈ, ਜਦੋਂ ਕਿ ਕੈਨੇਡੀਅਨ ਆਰਕਟਿਕ ਵਿਸ਼ਵ ਪੱਧਰ ਦੀ ਦਰ ਤੋਂ ਲਗਭਗ ਚਾਰ ਗੁਣਾ ਦਰ ਨਾਲ ਗਰਮ ਹੋ ਰਿਹਾ ਹੈ, ਜਿਸ ਨਾਲ ਉੱਤਰੀ ਖੇਤਰਾਂ ਵਿੱਚ ਪਿਘਲ ਰਹੇ ਪਰਮਾਫਰੌਸਟਸ (ਕੋਈ ਵੀ ਅਜਿਹੀ ਜ਼ਮੀਨ ਜੋ ਜ਼ੀਰੋ ਡਿਗਰੀ ਸੈਂਟੀਗ੍ਰੇਡ ਤੋਂ ਹੇਠਾਂ ਦੇ ਤਾਪਮਾਨ ਵਿੱਚ ਘੱਟੋ ਘੱਟ ਦੋ ਸਾਲਾਂ ਲਈ ਜੰਮੀ ਰਹਿੰਦੀ ਹੈ-ਅਨੁਵਾਦਕ) ਬਾਰੇ ਚਿੰਤਾਵਾਂ ਵਧ ਰਹੀਆਂ ਹਨ। ਇਹ ਕਾਰਬਨ ਨਾਲ ਭਰਪੂਰ ਮਿੱਟੀ ਨੂੰ ਨੰਗੀ ਕਰ ਸਕਦਾ ਹੈ, ਜੋ ਵਾਯੂਮੰਡਲ ਵਿੱਚ ਧਰਤੀ ਦੇ ਗਰਮ ਹੋਣ ਵਿੱਚ ਤੇਜ਼ੀ ਲਿਆਉਣ ਵਾਲੀਆਂ ਗ੍ਰੀਨ ਹਾਊਸ ਗੈਸਾਂ, ਕਾਰਬਨ ਡਾਈਆਕਸਾਈਡ ਅਤੇ ਮੀਥੇਨ ਛੱਡ ਸਕਦੀ ਹੈ।

ਓਵਰਪੈਕ ਨੇ ਕਿਹਾ, “ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਅਤੇ ਇਹ ਹੋਰ ਵੀ ਬਦਤਰ ਹੋ ਸਕਦਾ ਹੈ। ਅਤੇ ਪਰਮਾਫਰੌਸਟ ਅਤੇ ਆਰਕਟਿਕ ਮਹਾਂਸਾਗਰ ਦੇ ਘੱਟ ਡੂੰਘੇ ਸਮੁੰਦਰਾਂ ਵਿੱਚ ਵੱਡੀ ਮਾਤਰਾ ਵਿੱਚ ਕਾਰਬਨ ਜਮ੍ਹਾਂ ਹੈ।”

ਆਰਕਟਿਕ ਪਰਮਾਫਰੌਸਟ ਦੇ ਵਧੇਰੇ ਵਿਆਪਕ ਤੌਰ ‘ਤੇ ਪਿਘਲਣ ਤੋਂ ਪਹਿਲਾਂ ਕਿੰਨੀ ਗਰਮੀ ਦੀ ਲੋੜ ਹੈ, ਇਸ ਬਾਰੇ ਅਜੇ ਵੀ ਵਿਗਿਆਨਕ ਅਨਿਸ਼ਚਿਤਤਾ ਹੈ, ਪਰ ਖੋਜ ਦਰਸਾਉਂਦੀ ਹੈ ਕਿ ਇਹ ਅਮਲ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ।

ਸਰਕਾਰਾਂ ਕੀ ਕਰ ਸਕਦੀਆਂ ਹਨ?

ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਅੱਗ ਬੁਝਾਉਣ ਦੇ ਹੋਰ ਵਸੀਲੇ ਜ਼ਰੂਰੀ ਹਨ। ਗਵੈਲਫ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਤੇ ਜਲਵਾਯੂ ਵਿਗਿਆਨੀ ਜ਼ੀਵ ਗੇਡਾਲੋਫ ਨੇ ਕਿਹਾ, “ਇਸ ਸਮੇਂ ਨੋਵਾ ਸਕੋਸ਼ੀਆ ਵਿੱਚ ਅੱਗ ਲੱਗੀ ਹੋਈ ਹੈ, ਬ੍ਰਿਟਿਸ਼ ਕੋਲੰਬੀਆ ਦੇ ਤਟਵਰਤੀ ਇਲਾਕਿਆਂ ਵਿੱਚ ਅੱਗ ਲੱਗੀ ਹੋਈ ਹੈ, ਅਤੇ ਦੂਰ ਉੱਤਰ ਵਿੱਚ ਵੀ ਅੱਗ ਲੱਗੀ ਹੋਈ ਹੈ।ਇਸ ਲਈ ਅਸੀਂ ਵਸੀਲਿਆਂ ਨੂੰ ਇੱਧਰ-ਉੱਧਰ ਨਹੀਂ ਲਿਜਾ ਸਕਦੇ। ਅਸੀਂ ਪਹਿਲਾਂ ਹਵਾਈ ਜਹਾਜ਼ਾਂ, ਹੈਲੀਕੋਪਟਰਾਂ ਅਤੇ ਲੋਕਾਂ ਨੂੰ ਜੰਗਲੀ ਅੱਗਾਂ ਦੇ ਮੌਸਮ ਦੇ ਬਦਲਣ ਨਾਲ ਦੇਸ਼ ਭਰ ਵਿੱਚ ਇਕ ਥਾਂ ਤੋਂ ਦੂਜੀ ਥਾਂ `ਤੇ ਤਬਦੀਲ ਕਰ ਲੈਂਦੇ ਸੀ।”

ਇਸ ਸਥਿਤੀ ਨੇ ਕੈਨੇਡਾ ਵਿੱਚ ਲੰਬੇ ਅਤੇ ਵਧੇਰੇ ਵਿਆਪਕ ਅੱਗ ਦੇ ਮੌਸਮਾਂ ਨਾਲ ਨਜਿੱਠਣ ਲਈ ਇੱਕ ਵਧੇਰੇ ਸਥਾਈ ਨੈਸ਼ਨਲ ਫਾਇਰਫਾਈਟਿੰਗ ਫੋਰਸ ਦੀ ਮੰਗ ਨੂੰ ਜਨਮ ਦਿੱਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਕਿ ਅੱਗ ਬੁਝਾਉਣ ਦੇ ਵਸੀਲੇ ਸਥਾਨਕ ਭਾਈਚਾਰਿਆਂ ਦੀ ਰੱਖਿਆ ਲਈ ਮਹੱਤਵਪੂਰਨ ਹਨ — ਜਿਨ੍ਹਾਂ ਵਿੱਚੋਂ ਕੁਝ ਇਸ ਸਾਲ ਉਨਟਾਰੀਉ ਦੀਆਂ ਅੱਗਾਂ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ — ਵੱਡੇ ਸ਼ਹਿਰਾਂ ਵੱਲ ਧੂੰਆਂ ਭੇਜਣ ਵਾਲੀ ਹਰ ਅੱਗ ਨੂੰ ਬੁਝਾਉਣਾ ਸੰਭਵ ਨਹੀਂ ਹੈ।

ਅਮਰੀਕਾ ਦੇ ਪ੍ਰਸਿੱਧ ਕਲਾਈਮੇਟ ਸਾਇੰਟਿਸਟ (ਜਲਵਾਯੂ ਵਿਗਿਆਨੀ) ਨੇ ਆਨਲਾਈਨ ਪਾਈ ਇਕ ਵਿਸਤ੍ਰਿਤ ਪੋਸਟ ਵਿੱਚ ਲਿਖਿਆ ਹੈ ਕਿ ਕੈਨੇਡਾ ਦੇ ਬੋਰੀਅਲ ਜੰਗਲਾਂ ਵਿੱਚ ਅੱਗ ਅਕਸਰ ਤੀਬਰ ‘ਕ੍ਰਾਊਨ ਫਾਇਰ (ਦਰੱਖਤਾਂ ਦੇ ਉੱਪਰਲੇ ਸਿਰਿਆਂ `ਤੇ ਲੱਗਣ ਵਾਲੀ ਅੱਗ)’ ਵਜੋਂ ਬਲਦੀ ਹੈ, ਜਿੱਥੇ ਮਨੁੱਖੀ ਪ੍ਰਬੰਧ ਤੋਂ ਦੂਰ ਦੁਰਾਡੇ ਇਲਾਕਿਆਂ ਵਿੱਚ ਲਾਟਾਂ ਰੁੱਖਾਂ ਦੀਆਂ ਚੋਟੀਆਂ ਤੱਕ ਪਹੁੰਚ ਜਾਂਦੀਆਂ ਹਨ। ਬਹੁਤ ਸਾਰੀਆਂ ਅੱਗਾਂ ਨੂੰ ਬੁਝਾਉਣਾਂ ਮੁਮਕਿਨ ਨਹੀਂ ਹੁੰਦਾ ਕਿਉਂਕਿ ਉਹ ਬਹੁਤ ਦੂਰ ਅਤੇ ਤੀਬਰ ਹੁੰਦੀਆਂ ਹਨ। ਹੌਸਫਾਦਰ ਨੇ ਅੱਗੇ ਲਿਖਿਆ, “ਇਹ ਇੱਕ ਅਜਿਹਾ ਲੈਂਡਸਕੇਪ ਹੈ ਜੋ ਉਡੀਕ ਕਰਦਾ ਹੈ ਅਤੇ ਫਿਰ ਅਤਿ ਦੇ ਮੌਸਮ (ਐਸਕਟ੍ਰੀਮ ਵੈਧਰ) ਅਧੀਨ ਭਿਆਨਕ ਰੂਪ ਵਿੱਚ ਸੜਦਾ ਹੈ।”

ਅਜਿਹਾ ਹੋਣ ਦੇ ਬਾਵਜੂਦ ਮਿਸ਼ੀਗਨ ਦੇ ਰਿਪਬਲਿਕਨ ਕਾਨੂੰਨ ਘਾੜਿਆ ਦੇ ਇਕ ਗਰੁੱਪ ਨੇ ਕੈਨੇਡਾ ਤੋਂ ਧੂੰਏਂ ਨਾਲ ਨਜਿੱਠਣ ਲਈ ਹੋਰ ਕਦਮ ਚੁੱਕਣ ਦੀ ਮੰਗ ਕੀਤੀ ਹੈ – ਇਕ ਕਦਮ ਜੋ ਉਨ੍ਹਾਂ ਵਿੱਚੋਂ ਕੁਝ ਨੇ ਪਿਛਲੇ ਸਾਲ ਵੀ ਚੁੱਕਿਆ ਸੀ। ਓਹਾਇਓ ਦੇ ਇੱਕ ਰਿਪਬਲਿਕਨ ਅਮਰੀਕੀ ਸੈਨੇਟਰ ਨੇ ਕਿਹਾ ਹੈ ਕਿ ਉਹ ਧੂੰਏਂ ਨਾਲ ਨਿਪਟਣ ਵਿੱਚ ਅਸਫਲ ਰਹਿਣ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਕੈਨੇਡੀਅਨ ਅਧਿਕਾਰੀਆਂ ‘ਤੇ ਪਾਬੰਦੀ ਲਗਾਉਣ ਲਈ ਇੱਕ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਉਹਨਾਂ ਵਿੱਚੋਂ ਕਿਸੇ ਵੀ ਕਾਨੂੰਨ ਘਾੜੇ ਨੇ ਜਲਵਾਯੂ ਵਿੱਚ ਤਬਦੀਲੀ (ਕਲਾਈਮੇਟ ਚੇਂਜ) ਜਾਂ ਫੌਸਿਲ ਫਿਊਲ (ਤੇਲ, ਗੈਸ, ਕੋਲਾ ਆਦਿ) ਦੀ ਵਰਤੋਂ ਦਾ ਜ਼ਿਕਰ ਨਹੀਂ ਕੀਤਾ। 2023 ਦੇ ਇੱਕ ਇਤਿਹਾਸਕ ਅਧਿਐਨ ਨੇ ਪੱਛਮੀ ਅਮਰੀਕਾ ਅਤੇ ਦੱਖਣ-ਪੱਛਮੀ ਕੈਨੇਡਾ ਦੇ ਜੰਗਲਾਂ ਵਿੱਚ ਵੱਧ ਰਹੀਆਂ ਜੰਗਲੀ ਅੱਗਾਂ ਨੂੰ ਦੁਨੀਆ ਦੀਆਂ ਫੌਸਿਲ ਫਿਊਲ ਦੀ ਸਭ ਤੋਂ ਵੱਡੀਆਂ 88 ਕੰਪਨੀਆਂ ਦੇ ਸਮੂਹ ਨਾਲ ਸਿੱਧਾ ਜੋੜਿਆ ਹੈ, ਜਿਹਨਾਂ ਵਿੱਚ ਅਮਰੀਕਾ ਦੀਆਂ ਕਈ ਵੱਡੀਆਂ ਤੇਲ ਕੰਪਨੀਆਂ ਵੀ ਸ਼ਾਮਲ ਹਨ। ਓਵਰਪੈੱਕ ਦਾ ਕਹਿਣਾ ਹੈ, “ਅਸੀਂ ਕਈ ਛੋਟੀਆਂ ਸਮੱਸਿਆਂ ਦੇ ਮੇਲ ਕਾਰਨ ਪੈਦਾ ਹੋਈ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ। ਅਤੇ ਇਸ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਫੌਸਿਲ ਫਿਊਲਾਂ (ਤੇਲ, ਗੈਸ, ਕੋਲੇ) ਦੀ ਵਰਤੋਂ ਨੂੰ ਬੰਦ ਕੀਤਾ ਜਾਵੇ।”]

ਰਿਪੋਰਟ 2.

ਦੂਜੀ ਰਿਪੋਰਟ ਔਟਵਾ ਸਿਟੀਜ਼ਨ ਦੇ ਸਾਈਟ `ਤੇ 22 ਜੁਲਾਈ ਨੂੰ ਛਪੀ ਸੀ। ਬੈਨ ਐਂਡਰਿਊਜ਼ ਵਲੋਂ ਲਿਖੀ ਇਸ ਰਿਪੋਰਟ ਵਿੱਚ ਕੈਨੇਡਾ ਵਿੱਚ ਸਰਕਾਰੀ ਕਰਮਚਾਰੀਆਂ ਦੀ ਸਭ ਤੋਂ ਵੱਡੀ ਯੂਨੀਅਨ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਗਵਰਮੈਂਟ ਆਪ੍ਰੇਸ਼ਨ ਸੈਂਟਰ ਵਿੱਚਲੀਆਂ ਅੱਧੀਆਂ ਨੌਕਰੀਆਂ ਨੂੰ ਖਤਮ ਕਰ ਦਿੱਤਾ ਹੈ। “ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਨਰਵ ਸੈਂਟਰ ਵਿੱਚ ਅੱਧੀਆਂ ਦੇ ਤਕਰੀਬਨ ਨੌਕਰੀਆਂ ਕੱਟੀਆਂ: ਯੂਨੀਅਨ” ਦੇ ਸਿਰਲੇਖ ਵਿੱਚ ਛਪੀ ਇਹ ਰਿਪੋਰਟ ਇਸ ਤਰ੍ਹਾਂ ਹੈ।

[19 ਜੁਲਾਈ ਐਤਵਾਰ ਨੂੰ ਵਰਲਡ ਕੱਪ ਦੇ ਫਾਈਨਲ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਜੰਗਲੀ ਅੱਗਾਂ ਦੇ ਧੂੰਏਂ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੈਡਰਲ ਸਰਕਾਰ ਦੇ ਗਵਰਮੈਂਟ ਆਪ੍ਰੇਸ਼ਨ ਸੈਂਟਰ (ਜੀ ਓ ਸੀ) ਦੇ ਆਪਣੇ ਦੌਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ। ਪੋਸਟ ਵਿੱਚ ਲਿਖਿਆ ਸੀ “ਅੱਜ ਸਵੇਰੇ, ਮੈਂ ਔਟਾਵਾ ਵਿੱਚ ਉਹਨਾਂ ਫੈਡਰਲ ਵਰਕਰਾਂ ਨੂੰ ਮਿਲਿਆ ਜੋ ਉੱਤਰੀ-ਪੱਛਮੀ ਉਨਟਾਰੀਉ ਅਤੇ ਪੂਰੇ ਦੇਸ਼ ਵਿੱਚ ਜੰਗਲੀ ਅੱਗਾਂ ਦੇ ਰਾਹਤ ਯਤਨਾਂ ਵਿੱਚ ਆਪਣਾ ਸਹਿਯੋਗ ਦੇ ਰਹੇ ਹਨ”।

ਪਿਛਲੇ ਹਫ਼ਤੇ ਉੱਤਰ-ਪੂਰਬੀ ਅਮਰੀਕਾ ਦੇ ਵੱਡੇ ਹਿੱਸੇ ਵਿੱਚ ਫੈਲੇ ਧੂੰਏਂ ਦੇ ਮੁੱਦੇ ‘ਤੇ ਟਰੰਪ ਵੱਲੋਂ ਕੈਨੇਡਾ ‘ਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਦੇਣ ਤੋਂ ਬਾਅਦ, ਕਾਰਨੀ ਨੇ “ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਜੰਗਲੀ ਅੱਗਾਂ ਦੇ ਸੀਜ਼ਨਾਂ ਵਿੱਚੋਂ ਇੱਕ” ਨਾਲ ਨਜਿੱਠਣ ਦੇ ਪ੍ਰਤੀਕਰਮ ਦਾ ਤਾਲਮੇਲ ਕਰਨ ਦੇ ਸਰਕਾਰ ਦੇ ਯਤਨਾਂ `ਤੇ ਚਾਨਣਾ ਪਾਇਆ।

ਪਰ ਕੈਨੇਡਾ ਦੀ ਸਭ ਤੋਂ ਵੱਡੀ ਪਬਲਿਕ ਸੈਕਟਰ ਯੂਨੀਅਨ ਅਨੁਸਾਰ, ਕਾਰਨੀ ਸਰਕਾਰ ਦੀ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀ ਯੋਜਨਾ ਤਹਿਤ, ਇਸ ਪੋਸਟ ਵਿੱਚ ਦਿਖਾਏ ਗਏ ਸੈਂਟਰ ਵਿੱਚੋਂ ਲਗਭਗ 50 ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ, ਜੋ ਕਿ ਇਸ ਦੇ ਕੁੱਲ ਕਰਮਚਾਰੀਆਂ ਦਾ ਲਗਭਗ ਅੱਧਾ ਹਿੱਸਾ ਹੈ। ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ (ਪੀ ਐੱਸ ਏ ਸੀ) ਦੀ ਨੈਸ਼ਨਲ ਪ੍ਰਧਾਨ ਸ਼ੈਰਨ ਡੀਸੂਜ਼ਾ ਨੇ ਇੱਕ ਲਿਖਤੀ ਬਿਆਨ ਵਿੱਚ ਦੱਸਿਆ, “ਗਵਰਮੈਂਟ ਆਪ੍ਰੇਸ਼ਨ ਸੈਂਟਰ (ਜੀ ਓ ਸੀ) ਸਾਡੇ ਨੈਸ਼ਨਲ ਐਮਰਜੈਂਸੀ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਲਈ ਜ਼ਿੰਮੇਵਾਰ ਹੈ।ਇਸ ਨੂੰ ਅੱਧ ਦੇ ਲਗਭਗ ਘਟਾਉਣਾ ਦੇਸ਼ ਭਰ ਦੇ ਲੋਕਾਂ ਨੂੰ ਖਤਰੇ ਵਿੱਚ ਪਾਉਂਦਾ ਹੈ, ਜਿਸ ਵਿੱਚ ਉਹ ਫਰੰਟਲਾਈਨ ਵਰਕਰ ਵੀ ਸ਼ਾਮਲ ਹਨ ਜੋ ਜੰਗਲੀ ਅੱਗਾਂ ਨਾਲ ਨਜਿੱਠ ਰਹੇ ਹਨ, ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕਰ ਰਹੇ ਹਨ ਅਤੇ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਰਹੇ ਹਨ।”

ਜੀ ਓ ਸੀ (ਗਵਰਮੈਂਟ ਆਪ੍ਰੇਸ਼ਨ ਸੈਂਟਰ) ਐਮਰਜੈਂਸੀ ਦੀ ਤਿਆਰੀ ਵਿੱਚ ਮਦਦ ਕਰਦਾ ਹੈ, 24 ਘੰਟੇ ਸਥਿਤੀ ‘ਤੇ ਨਜ਼ਰ ਰੱਖਦਾ ਹੈ ਅਤੇ “ਨੈਸ਼ਨਲ ਹਿੱਤ ਵਾਲੀਆਂ ਸਾਰੀਆਂ ਖ਼ਤਰਨਾਕ ਘਟਨਾਵਾਂ ਲਈ ਇੱਕਜੁੱਟ ਫੈਡਰਲ ਰਾਹਤ ਕਾਰਜਾਂ” ਦੇ ਤਾਲਮੇਲ ਦੀ ਅਗਵਾਈ ਕਰਦਾ ਹੈ। 2004 ਵਿੱਚ ਸਥਾਪਿਤ ਕੀਤਾ ਗਿਆ ਇਹ ਸੈਂਟਰ, ਵੱਡੇ ਹੜ੍ਹਾਂ ਤੋਂ ਲੈ ਕੇ ਪਾਰਲੀਮੈਂਟ ਹਿੱਲ ‘ਤੇ 2014 ਵਿੱਚ ਹੋਈ ਗੋਲੀਬਾਰੀ ਅਤੇ ਡਾਊਨਟਾਊਨ ਔਟਾਵਾ ਵਿੱਚ 2022 ਵਿੱਚ ਹੋਏ ਟਰੱਕਰਾਂ ਦੇ ਪ੍ਰਦਰਸ਼ਨਾਂ ਵਰਗੀਆਂ ਐਮਰਜੈਂਸੀਆਂ ਦੌਰਾਨ ਨੈਸ਼ਨਲ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਵਿੱਚ ਮਦਦ ਕਰ ਚੁੱਕਾ ਹੈ।

17 ਜੁਲਾਈ ਨੂੰ ਇਸ ਸੈਂਟਰ ਨੇ ਮੌਜੂਦਾ ਜੰਗਲੀ ਅੱਗਾਂ ਦੇ ਸੀਜ਼ਨ ਲਈ ਆਪਣਾ “ਲੈਵਲ 3” ਦਾ ਰਾਹਤ ਕਾਰਜ ਚਾਲੂ ਕੀਤਾ। ਉਸ ਪ੍ਰਤੀਕਿਰਿਆ ਦੇ ਪੱਧਰ ਤਹਿਤ, ਜੀ ਓ ਸੀ ਫੈਡਰਲ ਸਹਾਇਤਾ ਲਈ ਮੌਜੂਦਾ ਅਤੇ ਸੰਭਾਵੀ ਬੇਨਤੀਆਂ ਦਾ ਨਿਪਟਾਰਾ ਕਰਨ ਲਈ ਖੇਤਰੀ ਦਫ਼ਤਰਾਂ ਨਾਲ ਮਿਲ ਕੇ ਕੰਮ ਕਰਦਾ ਹੈ, ਅਤੇ ਖੇਤਰਾਂ ਜਾਂ ਫੈਡਰਲ ਸਰਕਾਰ ਦੀਆਂ ਹੋਰ ਸੰਸਥਾਵਾਂ ਵਿੱਚ ਲਿਆਜ਼ਨ ਅਧਿਕਾਰੀ (ਸੰਪਰਕ ਅਫ਼ਸਰ) ਭੇਜ ਸਕਦਾ ਹੈ।

ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ (ਪੀ ਐੱਸ ਏ ਸੀ) ਅਨੁਸਾਰ ਆਪ੍ਰੇਸ਼ਨ ਸੈਂਟਰ ਦੇ ਪ੍ਰਭਾਵਿਤ ਕਰਮਚਾਰੀਆਂ ਨੂੰ ਜਨਵਰੀ ਵਿੱਚ ਵਰਕਫੋਰਸ ਐਡਜਸਟਮੈਂਟ ਪੱਤਰ ਮਿਲੇ ਸਨ। ਵਰਕਫੋਰਸ ਐਡਜਸਟਮੈਂਟ ਇੱਕ ਅਜਿਹਾ ਅਮਲ ਹੈ ਜਿਸ ਰਾਹੀਂ ਫੈਡਰਲ ਸਰਕਾਰ ਦਾ ਇਕ ਪੱਕਾ ਕਰਮਚਾਰੀ ਕਿਸੇ ਹੋਰ ਸਰਕਾਰੀ ਕਰਮਚਾਰੀ ਦੀ ਥਾਂ ਲੈਣ ਬਾਰੇ ਦੇਖ ਸਕਦਾ ਹੈ ਜਾਂ ਨੌਕਰੀ ਛੱਡਣ ਲਈ ਐਗਜ਼ਿਟ ਪੈਕੇਜ ਲੈ ਸਕਦਾ ਹੈ।

ਯੂਨੀਅਨ ਨੇ ਦੱਸਿਆ ਕਿ ਛਾਂਟੀ ਤੋਂ ਪ੍ਰਭਾਵਿਤ ਹੋਏ ਜ਼ਿਆਦਾਤਰ ਕਰਮਚਾਰੀਆਂ ਨੇ ਸੈਂਟਰ ਛੱਡ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਕਿਸੇ ਹੋਰ ਜਗ੍ਹਾ ਪੋਸਟਾਂ ਮਿਲ ਗਈਆਂ ਜਾਂ ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ। ਵਰਕਫੋਰਸ ਐਡਜਸਟਮੈਂਟ ਪੱਤਰ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਥੋੜ੍ਹੇ ਹੀ ਅਜੇ ਵੀ ਗਵਰਮੈਂਟ ਆਪ੍ਰੇਸ਼ਨ ਸੈਂਟਰ ਵੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ।

ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਅਨੁਸਾਰ, ਮੰਗਲਵਾਰ, 21 ਜੁਲਾਈ ਤੱਕ, ਆਪ੍ਰੇਸ਼ਨ ਸੈਂਟਰ ਵਿੱਚੋਂ 100 ਤੋਂ ਕੁਝ ਵੱਧ ਅਸਾਮੀਆਂ ਵਿੱਚੋਂ ਲਗਭਗ 50 ਪੋਸਟਾਂ ਘਟਾ ਦਿੱਤੀਆਂ ਗਈਆਂ ਸਨ। ਯੂਨੀਅਨ ਅਨੁਸਾਰ, ਇਹ ਵਰਕਫੋਰਸ ਐਡਜਸਟਮੈਂਟ ਨੋਟਿਸ ਬਹੁਤੇ ਵਿਭਾਗਾਂ ਅਤੇ ਇਜੰਸੀਆਂ ਨੂੰ ਚਲਾਉਣ ਦੇ ਬੱਜਟ (ਆਪ੍ਰੇਸ਼ਨਲ ਬੱਜਟ) ਵਿੱਚੋਂ 60 ਅਰਬ (ਬਿਲੀਅਨ) ਡਾਲਰ ਦੀ ਬਚਤ ਕਰਨ ਦੀ ਸਰਕਾਰ ਦੀ ਯੋਜਨਾ, “ਕੰਪਰੀਹੈਨਸਿਵ ਐਕਪੈਂਡੀਚਰ ਰਿਵੀਊ ਭਾਵ ਵਿਆਪਕ ਖਰਚ ਸਮੀਖਿਆ” ਦੇ ਹਿੱਸੇ ਵਜੋਂ ਜਾਰੀ ਕੀਤੇ ਗਏ ਸਨ। ਉਹ ਕਟੌਤੀਆਂ ਆਉਣ ਵਾਲੇ ਕੁਝ ਸਾਲਾਂ ਵਿੱਚ ਪਬਲਿਕ ਸਰਵਿਸ ਵਿੱਚੋਂ ਹਜ਼ਾਰਾਂ ਅਸਾਮੀਆਂ ਘਟਾਉਣ ਦੀ ਇੱਕ ਵਿਆਪਕ ਯੋਜਨਾ ਦਾ ਮੁੱਖ ਹਿੱਸਾ ਹਨ। ਪਬਲਿਕ ਸੇਫਟੀ ਡਿਪਾਰਟਮੈਂਟ ਨੇ ਇਸ ਬਾਰੇ ਟਿੱਪਣੀ ਕਰਨ ਲਈ ਕੀਤੀ ਬੇਨਤੀ ਦਾ ਡੈੱਡਲਾਈਨ ਤੱਕ ਕੋਈ ਜਵਾਬ ਨਹੀਂ ਦਿੱਤਾ, ਅਤੇ ਨਾ ਹੀ ਕਾਰਨੀ ਜਾਂ ਪਬਲਿਕ ਸੇਫਟੀ ਮਨਿਸਟਰ ਗੈਰੀ ਅਨੰਦਸੰਗਰੀ ਦੇ ਕਮਿਊਨੀਕੇਸ਼ਨ ਸਟਾਫ ਨੇ ਕੋਈ ਜਵਾਬ ਦਿੱਤਾ।

ਜਦੋਂ ਤੱਕ ਕੋਈ ਜੰਗਲੀ ਅੱਗ ਕਿਸੇ ਨੈਸ਼ਨਲ ਪਾਰਕ ਜਾਂ ਫਸਟ ਨੇਸ਼ਨ (ਮੂਲਵਾਸੀ) ਭਾਈਚਾਰੇ ਵਿੱਚ ਨਹੀਂ ਲੱਗਦੀ, ਉਦੋਂ ਤੱਕ ਇਸ ਸਥਿਤੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੂਬਾਈ ਸਰਕਾਰਾਂ ਦੀ ਹੁੰਦੀ ਹੈ।

ਪਿਛਲੇ ਸਭ ਤੋਂ ਤਾਜ਼ੇ ਬੱਜਟ ਵਿੱਚ, ਫੈਡਰਲ ਸਰਕਾਰ ਨੇ “ਇੱਕ ਨਵੀਂ ਰਾਸ਼ਟਰੀ ਹਵਾਈ ਅੱਗ ਬੁਝਾਊ ਐਮਰਜੈਂਸੀ ਸਮਰੱਥਾ” ਸਥਾਪਤ ਕਰਨ ਲਈ ਪੰਜ ਸਾਲਾਂ ਵਿੱਚ 31 ਕ੍ਰੋੜ 67 ਲੱਖ ( 316.7 ਮਿਲੀਅਨ) ਡਾਲਰ ਨਿਵੇਸ਼ ਕੀਤੇ ਹਨ। ਮਈ ਵਿੱਚ, ਫੈਡਰਲ ਸਰਕਾਰ ਨੇ ਸੂਬਾਈ ਅਤੇ ਟੈਰੀਟਰੀਆਂ ਦੀਆਂ ਜੰਗਲੀ ਅੱਗਾਂ ਨਾਲ ਸੰਬੰਧਿਤ ਏਜੰਸੀਆਂ ਦੀ ਮਦਦ ਲਈ ਅੱਗ ਬੁਝਾਉਣ ਵਾਲੇ 10 ਹਵਾਈ ਜਹਾਜ਼ (ਫਾਇਰਫਾਈਟਿੰਗ ਏਅਰਕ੍ਰਾਫਟ) ਲੀਜ ਕਰਨ ਲਈ ਇਸ ਫੰਡ ਦੀ ਵਰਤੋਂ ਕੀਤੀ – ਜਿਸ ਵਿੱਚ ਏਅਰ ਟੈਂਕਰ, ਹੈਵੀ ਲਿਫਟ ਹੈਲੀਕਾਪਟਰ ਅਤੇ ਬਰਡਡੌਗ ਪਲੇਨ (ਨਿਗਰਾਨੀ ਅਤੇ ਤਾਲਮੇਲ ਕਰਨ ਲਈ ਵਰਤਿਆ ਜਾਣ ਵਾਲਾ ਜਹਾਜ਼) ਸ਼ਾਮਲ ਹਨ।

ਪਿਛਲੇ ਨਵੰਬਰ ਵਿੱਚ ਸਰਕਾਰ ਨੇ ਗਵਰਮੈਂਟ ਆਪ੍ਰੇਸ਼ਨ ਸੈਂਟਰ (ਜੀ ਓ ਸੀ) ਲਈ ਇੱਕ “ਅਤਿ-ਆਧੁਨਿਕ” ਸੁਵਿਧਾ ਸ਼ੁਰੂ ਕੀਤੀ, ਜਿਸ ਦਾ ਜ਼ਿਕਰ ਕਾਰਨੀ ਦੀ ਐਤਵਾਰ ਦੀ ਪੋਸਟ ਵਿੱਚ ਕੀਤਾ ਗਿਆ ਸੀ। ਉਸ ਸਮੇਂ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਸੀ, “ਇਹ ਨਵਾਂ ਆਪ੍ਰੇਸ਼ਨ ਸੈਂਟਰ ਲੋੜ ਸਮੇਂ ਸੂਬਿਆਂ, ਟੈਰਾਟਰੀਆਂ ਅਤੇ ਕੈਨੇਡੀਅਨਾਂ ਦੀ ਮਦਦ ਕਰਨ ਲਈ ਫੈਡਰਲ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਮੌਜੂਦਾ ਅਤੇ ਆਉਣ ਵਾਲੇ ਖਤਰਿਆਂ ਤੋਂ ਕੈਨੇਡੀਅਨ ਲੋਕਾਂ ਦੀ ਰੱਖਿਆ ਕਰਨ ਦੇ ਸਾਡੀ ਸਰਕਾਰ ਦੇ ਮਿਸ਼ਨ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ।”

ਸੋਮਵਾਰ, 20 ਜੁਲਾਈ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਉਸ ਨੇ ਟਰੰਪ ਨੂੰ ਜੰਗਲੀ ਅੱਗਾਂ ਦੇ ਪ੍ਰਬੰਧ ਵਿੱਚ ਕੈਨੇਡੀਅਨ ਨਿਵੇਸ਼ ਦੇ ਪੈਮਾਨੇ ਬਾਰੇ ਦੱਸਿਆ ਅਤੇ ਇਸ ਸਮੇਂ ਫਰੰਟਲਾਈਨ ‘ਤੇ ਕੰਮ ਕਰ ਰਹੇ ਹਜ਼ਾਰਾਂ ਫਾਇਰਫਾਈਟਰਾਂ ਦੇ ਕੰਮ ਬਾਰੇ ਖਾਸ ਤੌਰ `ਤੇ ਜਾਣਕਾਰੀ ਦਿੱਤੀ।

ਕਟੌਤੀਆਂ ਤੋਂ ਪਹਿਲਾਂ ਵੀ, ਗਵਰਮੈਂਟ ਆਪ੍ਰੇਸ਼ਨ ਸੈਂਟਰ (ਜੀ ਓ ਸੀ) ਵਸੀਲਿਆਂ ਦੀ ਥੁੜ੍ਹ ਦਾ ਸਾਹਮਣਾ ਕਰ ਰਿਹਾ ਸੀ

2024 ਵਿੱਚ ‘ਕੈਨੇਡੀਅਨ ਪ੍ਰੈਸ’ ਵਲੋਂ ਪ੍ਰਾਪਤ ਕੀਤੇ ਗਏ ਇੱਕ ਅੰਦਰੂਨੀ ਮੀਮੋ ਤੋਂ ਪਤਾ ਲੱਗਾ ਸੀ ਕਿ ਸੈਂਟਰ ਵਿਖੇ ਬੱਜਟ ਅਤੇ ਸਟਾਫ ਦੀਆਂ ਚੁਣੌਤੀਆਂ ਨੇ ਬਹੁਤ ਜ਼ਿਆਦਾ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਥਕਾ ਦਿੱਤਾ ਸੀ ਅਤੇ ਉਨ੍ਹਾਂ ਦੇ ਮਨੋਬਲ ਨੂੰ ਕਮਜ਼ੋਰ ਕਰ ਦਿੱਤਾ ਸੀ। ਉਸ ਦਸਤਾਵੇਜ਼ ਅਨੁਸਾਰ, ਇਹ ਆਪ੍ਰੇਸ਼ਨ ਸੈਂਟਰ ਲਗਭਗ ਇੱਕ ਦਹਾਕੇ ਤੋਂ ਢਾਂਚਾਗਤ ਘਾਟੇ (ਸਟ੍ਰਕਚਰਲ ਡੈਫੇਸਿਟ) ਦਾ ਸਾਹਮਣਾ ਕਰ ਰਿਹਾ ਹੈ।]

ਰਿਪੋਰਟ 3.

ਤੀਜੀ ਰਿਪੋਰਟ ਆਨਲਾਈਨ ਸਾਈਟ “ਦਿ ਮੇਪਲ” `ਤੇ 16 ਜੁਲਾਈ ਨੂੰ ਛਪੀ ਸੀ। ਇਸ ਰਿਪੋਰਟ ਵਿੱਚ ਪ੍ਰਧਾਨ ਮੰਤਰੀ ਕਾਰਨੀ ਵਲੋਂ 15 ਜੁਲਾਈ ਨੂੰ ਸੋਸ਼ਲ ਮੀਡੀਏ ਉੱਤੇ ਨਵੀਂ ਪਾਈਪ ਲਾਈਨ ਬਣਾਉਣ ਦੇ ਪ੍ਰਚਾਰ ਲਈ ਰਿਲੀਜ਼ ਕੀਤੀ ਇਕ ਵੀਡੀਓ ਦਾ ਹਵਾਲਾ ਦੇ ਕੇ ਦੱਸਿਆ ਗਿਆ ਸੀ ਕਿ ਕੈਨੇਡਾ ਵਿੱਚ ਇਕ ਪਾਸੇ ਜੰਗਲੀ ਅੱਗਾਂ ਲੱਗੀਆਂ ਹੋਈਆਂ ਹਨ ਅਤੇ ਦੂਜੇ ਪਾਸੇ ਪ੍ਰਧਾਨ ਕਾਰਨੀ ਨਵੀਂ ਪਾਈਪ ਲਾਈਨ ਖੋਲ੍ਹਣ ਦੇ ਐਲਾਨ ਕਰ ਰਿਹਾ ਹੈ। ਮੇਪਲ ਦੀ ਰਿਪੋਰਟ ਐਮਾ ਪੇਲਿੰਗ ਵਲੋਂ “ਮਾਰਕ ਕਾਰਨੀ ਨੇ ਅਲਬਰਟਾ ਪਾਈਪਲਾਈਨ ਨੂੰ ਦਿੱਤਾ ਉਤਸ਼ਾਹ, ਜਦੋਂ ਕਿ ਉਨਟਾਰੀਉ ਦੀਆਂ ਜੰਗਲੀ ਅੱਗਾਂ ਭੜਕ ਰਹੀਆਂ ਹਨ” ਦੇ ਸਿਰਲੇਖ ਹੇਠ ਛਪੀ ਰਿਪੋਰਟ ਦੇ ਕੁੱਝ ਹਿੱਸੇ ਪੇਸ਼ ਹਨ।

 

[ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਅਲਬਰਟਾ ਦੀ ਨਵੀਂ ਪਾਈਪਲਾਈਨ ਲਈ ਆਪਣੀ ਯੋਜਨਾ ਦਾ ਪ੍ਰਚਾਰ ਕੀਤਾ, ਜਦੋਂ ਕਿ ਉੱਤਰੀ ਉਨਟਾਰੀਉ ਵਿੱਚ ਦਰਜਨਾਂ ਜੰਗਲੀ ਅੱਗਾਂ ਬਲ ਰਹੀਆਂ ਸਨ, ਜਿਹਨਾਂ ਨਾਲ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਹਵਾ ਦੀ ਕੁਆਲਟੀ ਖ਼ਤਰਨਾਕ ਹੱਦ ਤੱਕ ਖ਼ਰਾਬ ਹੋ ਗਈ ਸੀ।

 

ਕਾਰਨੀ ਨੇ ਐਕਸ ‘ਤੇ ਪਾਈ ਇੱਕ ਵੀਡੀਓ ਦੀ ਕੈਪਸ਼ਨ ਵਿੱਚ ਕਿਹਾ, “ਦੁਨੀਆ ਕੈਨੇਡਾ ਨਾਲ ਹੋਰ ਕੰਮ ਕਰਨਾ ਚਾਹੁੰਦੀ ਹੈ। ਅਲਬਰਟਾ ਨਾਲ ਸਾਡਾ ਸਮਝੌਤਾ (ਐਮ ਓ ਯੂ) ਊਰਜਾ ਦੇ ਖੇਤਰ ਵਿੱਚ ਇਨ੍ਹਾਂ ਮੌਕਿਆਂ ਦੇ ਰਾਹ ਖੋਲ੍ਹੇਗਾ — ਅਤੇ ਕੈਨੇਡਾ ਦੇ ਲੋਕਾਂ ਲਈ ਸਥਾਈ ਲਾਭ ਪੈਦਾ ਕਰੇਗਾ।”

ਵੀਡੀਓ ਵਿੱਚ ਉਸ ਨੇ ਕਿਹਾ ਕਿ ਇਹ ਪਾਈਪਲਾਈਨ ਅਮਰੀਕਾ ਨੂੰ ਹੋਣ ਵਾਲੀ ਤੇਲ ਦੀ ਬਰਾਮਦ ਦੇ ਹਿੱਸੇ ਨੂੰ ਘਟਾ ਕੇ ਕੈਨੇਡਾ ਨੂੰ “ਹੋਰ ਆਤਮਨਿਰਭਰ” ਬਣਾਏਗੀ।

ਕਾਰਨੀ 3 ਜੁਲਾਈ ਨੂੰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨਾਲ ਮਿਲ ਕੇ ਐਲਾਨੇ ਆਪਣੇ ਪ੍ਰਸਤਾਵ ਦਾ ਪ੍ਰਚਾਰ ਕਰ ਰਿਹਾ ਸੀ। ਇਹ ਦੋਵੇਂ ਬ੍ਰਿਟਿਸ਼ ਕੋਲੰਬੀਆ ਦੇ ਦੱਖਣ-ਪੱਛਮੀ ਤੱਟ ਤੱਕ ਇਕ ਨਵੀਂ ਪਾਈਪਲਾਈਨ ਬਣਾਉਣਾ ਚਾਹੁੰਦੇ ਹਨ, ਜਿਸ ਲਈ ਜ਼ਿਆਦਾਤਰ ਫੰਡਿੰਗ ਸਰਕਾਰੀ ਟੈਕਸ ਦੇ ਪੈਸਿਆਂ ਤੋਂ ਦਿੱਤੇ ਜਾਣ ਦੀ ਸੰਭਾਵਨਾ ਹੈ। …

ਬੁੱਧਵਾਰ ਨੂੰ ਘੱਟੋ-ਘੱਟ ਪੰਜ ਫਸਟ ਨੇਸ਼ਨਜ਼ (ਮੂਲਵਾਸੀ ਭਾਈਚਾਰੇ) ਅਤੇ ਓਨਟਾਰੀਓ ਦੇ ਕਸਬੇ ਆਰਮਸਟ੍ਰੌਂਗ ਦੀ ਦਿਹਾਤੀ ਕਮਿਊਨਿਟੀ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। ਨਾਮੇਗੂਸਿਸਾਗਾਗਨ ਫਸਟ ਨੇਸ਼ਨ ਦੇ ਵਸਨੀਕਾਂ ਨੇ ਦੱਸਿਆ ਕਿ ਜਦੋਂ ਉਹ ਬੇੜੀਆਂ ‘ਤੇ ਭੱਜ ਰਹੇ ਸਨ, ਤਾਂ ਉਨ੍ਹਾਂ ਦੀ ਕਮਿਊਨਿਟੀ ਅੱਗ ਦੀਆਂ ਲਾਟਾਂ ਵਿੱਚ ਘਿਰ ਰਹੀ ਸੀ। ਇੱਕ ਵਸਨੀਕ ਨੇ ਏ ਪੀ ਟੀ ਐੱਨ ਨਿਊਜ਼ ਨੂੰ ਦੱਸਿਆ, “ਇਸ ਤੋਂ ਪਹਿਲਾਂ ਕਿ ਇਹ ਸਾਡੇ ਕਸਬੇ ਨੂੰ ਤਬਾਹ ਕਰ ਦਿੰਦੀ, ਸਾਡੇ ਕੋਲ ਬੇੜੀਆਂ ‘ਤੇ ਚੜ੍ਹਨ ਅਤੇ ਭੱਜਣ ਲਈ ਬਹੁਤ ਹੀ ਘੱਟ ਸਮਾਂ ਸੀ।”

‘ਕਲੀਨ ਏਅਰ ਫੰਡ’ ਨਾਂ ਦੀ ਪਰਉਪਕਾਰੀ ਸੰਸਥਾ ਅਨੁਸਾਰ, ਫੌਸਿਲ ਫਿਊਲ ਬਾਲਣ ਵਰਗੀਆਂ ਮਨੁੱਖੀ ਗਤੀਵਿਧੀਆਂ ਪ੍ਰਦੂਸ਼ਨ ਫੈਲਾਉਣ ਵਾਲੇ ਅਜਿਹੇ ਪਦਾਰਥ ਪੈਦਾ ਕਰਦੀਆਂ ਹਨ ਜੋ ਵਾਯੂਮੰਡਲ ਵਿੱਚ ਗਰਮੀ ਨੂੰ ਰੋਕ ਕੇ ਰੱਖਦੇ ਹਨ। ਇਹ ਅਮਲ ਜੰਗਲੀ ਅੱਗਾਂ ਦੀਆਂ ਘਟਨਾਵਾਂ ਨੂੰ ਵਧਾਉਂਦਾ ਹੈ, ਜੋ ਫਿਰ ਜਲਵਾਯੂ ਨੂੰ ਗਰਮ ਕਰਨ ਵਾਲੇ ਹੋਰ ਦੂਸਿ਼ਤ ਪਦਾਰਥ (ਪੋਲੂਟੈਂਟਸ) ਪੈਦਾ ਕਰਦੀਆਂ ਹਨ। ਕਲੀਨ ਏਅਰ ਫੰਡ ਦਾ ਕਹਿਣਾ ਹੈ, “ਹਵਾ ਦੇ ਪ੍ਰਦੂਸ਼ਣ, ਜਲਵਾਯੂ ਵਿੱਚ ਤਬਦੀਲੀ (ਕਲਾਈਮੇਟ ਚੇਂਜ) ਅਤੇ ਜੰਗਲੀ ਅੱਗਾਂ ਵਿਚਲਾ ਸੰਬੰਧ ਇੱਕ ਅਜਿਹਾ ਘਾਤਕ ਚੱਕਰ ਹੈ ਜੋ ਲੋਕਾਂ, ਜਾਨਵਰਾਂ ਅਤੇ ਧਰਤੀ ਲਈ ਖ਼ਤਰਾ ਬਣਦਾ ਹੈ।”…

ਐਨ ਡੀ ਪੀ ਦ ਨੇਤਾ ਅਵੀ ਲੁਈਸ ਨੇ ਐਕਸ ‘ਤੇ ਪਾਈ ਆਪਣੀ ਇੱਕ ਪੋਸਟ ਵਿੱਚ ਕਾਰਨੀ ਵਲੋਂ ਪਾਈਪਲਾਈਨ ਨੂੰ ਦਿੱਤੇ ਜਾ ਰਹੇ ਉਤਸ਼ਾਹ ਦੀ ਆਲੋਚਨਾ ਕੀਤੀ, ਜਦੋਂ ਕਿ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਅਵ ਨੇ ਮੰਗਲਵਾਰ ਨੂੰ ਇੱਕ ਵੀਡੀਓ ਪੋਸਟ ਕਰਕੇ ਇਸ ਗੱਲ ਦਾ ਜਸ਼ਨ ਮਨਾਇਆ ਕਿ ਜਲਵਾਯੂ ਦੀ ਤਬਦੀਲੀ ਨੇ ਆਖਰਕਾਰ “ਦੁਨੀਆ ਦਾ ਅੰਤ” ਨਹੀਂ ਕੀਤਾ ਹੈ।

ਲੁਈਸ ਨੇ ਕਿਹਾ, “ਅੱਜ ਵਰਗੇ ਦਿਨ ਪ੍ਰਧਾਨ ਮੰਤਰੀ ਵਲੋਂ ਫੌਸਿਲ ਫਿਊਲ ਦੇ ਉਤਪਾਦਨ ਨੂੰ ਵਧਾਉਣ ਦੇ ‘ਸਥਾਈ ਲਾਭਾਂ’ ਬਾਰੇ ਸ਼ੇਖੀ ਮਾਰਨਾ ਬਹੁਤ ਹੀ ਬੇਸ਼ਰਮੀ ਭਰੀ ਗੱਲ ਹੈ। ਰਿਕਾਰਡ ਤੋੜ ਗਰਮੀ ਦੀਆਂ ਲਹਿਰਾਂ। ਸ਼ਹਿਰਾਂ ਅਤੇ ਕਸਬਿਆਂ ਨੂੰ ਘੇਰਦਾ ਜ਼ਹਿਰੀਲਾ ਧੂੰਆਂ। ਪੂਰੀਆਂ ਦੀਆਂ ਪੂਰੀਆਂ ਕਮਿਊਨਿਟੀਆਂ ਨੂੰ ਇਲਾਕਾ ਖਾਲੀ ਕਰਨ ਲਈ ਮਜ਼ਬੂਰ ਕਰ ਰਹੀਆਂ ਬੇਕਾਬੂ ਜੰਗਲੀ ਅੱਗਾਂ। ਇਹ ਸਰਕਾਰ ਉਸ ਸਨਅਤ ਦਾ ਵਿਸਥਾਰ ਕਰਨ ਲਈ ਅਰਬਾਂ ਡਾਲਰਾਂ ਦਾ ਜਨਤਕ ਪੈਸਾ ਖਰਚ ਕਰ ਰਹੀ ਹੈ ਜਿਹੜੀ ਸਨਅਤ ਜਲਵਾਯੂ ਤਬਾਹੀ ਦਾ ਕਾਰਨ ਬਣ ਰਹੀ ਹੈ — ਇੱਕ ਅਜਿਹੇ ਸਮੇਂ ਜਦੋਂ ਨਵਿਆਉਣਯੋਗ ਊਰਜਾ (ਰੀਨਿਊਏਬਲ ਐਨਰਜੀ) ਪਹਿਲਾਂ ਨਾਲੋਂ ਕਿਤੇ ਵੱਧ ਸਸਤੀ ਅਤੇ ਆਸਾਨੀ ਨਾਲ ਉਪਲਬਧ ਹੈ।” ਦੂਜੇ ਪਾਸੇ, ਪੌਲੀਅਵ ਨੇ ਪਹਿਲਾਂ ਕਾਰਬਨ ਟੈਕਸ ਅਤੇ ਨੈੱਟ-ਜ਼ੀਰੋ ਨਿਕਾਸ (ਇਮੀਸ਼ਨ) ਨੀਤੀਆਂ ਦਾ ਪ੍ਰਚਾਰ ਕਰਨ, ਅਤੇ ਹੁਣ ਕੈਨੇਡਾ ਦੇ ਨਿਕਾਸ (ਇਮੀਸ਼ਨ) ਦੇ ਵਧਣ ਨੂੰ ਠੀਕ ਦੱਸਣ ਲਈ ਕਾਰਨੀ ਦੀ ਆਲੋਚਨਾ ਕੀਤੀ। ਪੌਲੀਅਵ ਨੇ ਕਿਹਾ, “ਸਾਰਿਆਂ ਲਈ ਚੰਗੀ ਖ਼ਬਰ! ਆਖਰਕਾਰ ਦੁਨੀਆ ਦਾ ਅੰਤ ਨਹੀਂ ਹੋ ਰਿਹਾ।”]

***

ਸੋ ਇਹ ਤਿੰਨੇ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਕੈਨੇਡਾ ਵਿੱਚ ਲੱਗਦੀਆਂ ਜੰਗਲੀ ਅੱਗਾਂ ਦੀ ਸਥਿਤੀ ਜਲਵਾਯੂ ਵਿੱਚ ਹੋ ਰਹੀ ਤਬਦੀਲੀ ਕਾਰਨ ਹਰ ਸਾਲ ਬਦਤਰ ਹੋ ਰਹੀ ਹੈ। ਇਹਨਾਂ ਜੰਗਲੀ ਅੱਗਾਂ ਤੋਂ ਬਚਾਅ ਕਰਨ ਲਈ ਸਾਨੂੰ ਇਸ ਦੇ ਮੁੱਖ ਕਾਰਨ “ਫੌਸਿਲ ਫਿਊਲਾਂ” ਦੀ ਵਰਤੋਂ ਨਾਲ ਨਜਿੱਠਣਾ ਪਵੇਗਾ। ਪਰ ਫੈਡਰਲ ਸਰਕਾਰ ਇਸ ਦੇ ਉਲਟ ਪਾਈਪ ਲਾਈਨਾਂ ਬਣਾਉਣ ਦੇ ਕਾਰਜ ਨੂੰ ਉਤਸ਼ਾਹਿਤ ਕਰਨ ਵਿੱਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਉਹ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਸੈਂਟਰ ਵਿੱਚਲੀਆਂ ਅਸਾਮੀਆਂ ਨੂੰ ਖਤਮ ਕਰ ਰਹੀ ਹੈ। ਕਿਹਾ ਜਾ ਸਕਦਾ ਹੈ ਕਿ ਜੰਗਲੀ ਅੱਗਾਂ ਦੇ ਪ੍ਰਬੰਧ ਦੇ ਸੰਬੰਧ ਵਿੱਚ ਸਰਕਾਰ ਉਹ ਕੁੱਝ ਨਹੀਂ ਕਰ ਰਹੀ, ਜੋ ਕਰਨ ਦੀ ਲੋੜ ਹੈ।

Leave a Reply

Your email address will not be published. Required fields are marked *