Aug 1, 2026

ਕੌਮਾਂਤਰੀ ਵਿਦਿਆਰਥੀਆਂ ਵਲੋਂ ਕੈਲਗਰੀ ਤੇ ਐਡਮਿੰਟਨ ਵਿਚ ਰੋਸ ਧਰਨਾ ਜਾਰੀ

ਸਰੀ ( ਦੇ ਪ੍ਰ ਬਿ )-ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵਲੋਂ ਇਮੀਗ੍ਰੇਸ਼ਨ ਨੀਤੀਆਂ ਵਿਚ ਤਬਦੀਲੀਆਂ ਅਤੇ ਨਿਯਮਾਂ ਵਿਚ ਸਖਤਾਈ ਕਾਰਣ ਕੌਮਾਂਤਰੀ ਵਿਦਿਆਰਥੀਆਂ ਅਤੇ ਹੋਰ ਕੱਚੇ ਕਾਮਿਆਂ ਨੂੰ ਵਰਕ ਪਰਮਿਟਾਂ ਦੀ ਪ੍ਰਾਪਤੀ ਅਤੇ ਪੀ ਆਰ ਵਾਸਤੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਕੈਲਗਰੀ ਦੇ ਪੋਰਟਾਜ ਕਾਲਜ ਅਤੇ ਐਡਮਿੰਟਨ ਦੇ ਇਕ ਕਾਲਜ ਤੋਂ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੀ ਇਨਕਾਰੀ ਉਪਰੰਤ ਵਿਦਿਆਰਥੀਆਂ ਵਿਚ ਨਿਰਾਸ਼ਾ ਫੈਲਣ ਦੇ ਨਾਲ ਇਮੀਗ੍ਰੇਸ਼ਨ ਵਿਭਾਗ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ। ਵਿਦਿਆਰਥੀਆਂ ਵਲੋਂ ਵਰਕ ਪਰਮਿਟ ਅਤੇ ਹੋਰ ਰਾਹਤ ਦੀ ਮੰਗ ਨੂੰ ਲੈਕੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।

ਹੋਰ ਜਾਣਕਾਰੀ ਮੁਤਾਬਿਕ ਜਦੋਂ ਪੋਰਟਾਜ ਕਾਲਜ ਦੇ ਕੁਝ ਵਿਦਿਆਰਥੀਆਂ ਨੂੰ ਵਰਕ ਪਰਮਿਟ ਤੋਂ ਇਨਕਾਰ ਹੋਇਆ ਤਾਂ ਇਹ ਵਿਦਿਆਰਥੀ ਸਭ ਤੋਂ ਪਹਿਲਾਂ ਦਸਮੇਸ਼ ਕਲਚਰ ਸੈਂਟਰ ਗੁਰੂ ਘਰ ਵਿਖੇ ਇਕੱਤਰ ਹੋਏ। ਜਾਣਕਾਰੀ ਮੁਤਾਬਿਕ ਲਗਪਗ 480 ਦੇ ਕਰੀਬ ਵਿਦਿਆਰਥੀਆਂ ਨੂੰ ਰਿਫਿਊਜਲ ਪੱਤਰ ਆਏ ਹਨ। ਹੋਰ ਸੂਤਰਾਂ ਮੁਤਾਬਿਕ  1,500 ਤੋਂ ਵੱਧ ਗ੍ਰੈਜੂਏਟ ਪ੍ਰਭਾਵਿਤ ਹੋਏ ਹਨ। ਵਿਭਾਗ ਦਾ ਦਾਅਵਾ ਹੈ ਕਿ ਨਾਨ ਕ੍ਰੈਡਿਟ ਪ੍ਰੋਗਰਾਮ ਵਾਲੇ ਵਿਦਿਆਰਥੀਆਂ ਨੂੰ ਪੋਸਟ ਗਰੇਜੂਏਟ ਵਰਕ ਪਰਮਿਟ ਜਾਰੀ ਨਹੀ ਕੀਤਾ ਜਾਂਦਾ ਜਦੋਕਿ ਵਿਦਿਆਰਥੀਆਂ ਦਾ ਤਰਕ ਹੈ ਕਿ ਵਿਭਾਗ ਵਿਚ ਆਪਣੇ ਮਾਪਦੰਡ ਵਿਚ ਇਹ ਤਬਦੀਲੀ ਹੁਣ ਕੀਤੀ ਗਈ ਹੈ  ਪਰ ਜਦੋਂ ਉਹਨਾਂ ਨੇ ਇਸ ਪ੍ਰੋਗਰਾਮ ਵਿਚ ਦਾਖਲਾ ਲਿਆ ਸੀ ਤਾਂ ਅਜਿਹੀ ਕੋਈ ਸ਼ਰਤ ਨਹੀ ਸੀ। ਸਬੰਧਿਤ ਕਾਲਜ ਨੇ ਵੀ ਉਹਨਾਂ ਨੂੰ ਪ੍ਰੋਗਰਾਮ ਪੂਰਾ ਕਰਨ ਤੇ ਵਰਕ ਪਰਮਿਟ ਜਾਰੀ ਹੋਣ ਦਾ ਭਰੋਸਾ ਦਿੱਤਾ ਸੀ।

ਵਰਕ ਪਰਮਿਟ ਤੋਂ ਇਨਕਾਰ ਹੋਣ ਉਪਰੰਤ ਕਈ ਵਿਦਿਆਰਥੀ ਕਨੂੰਨੀ ਮਾਹਿਰਾਂ ਦੀ ਸਲਾਹ ਲੈ ਰਹੇ ਹਨ। ਪਰ ਇਸਦੇ ਨਾਲ ਹੀ ਪ੍ਰਭਾਵਿਤ ਵਿਦਿਆਰਥੀਆਂ ਵਲੋਂ ਕੈਲਗਰੀ ਨਾਰਥ ਈਸਟ ਵਿਚ ਧਰਨਾ ਦਿੱਤਾ ਜਾ ਰਿਹਾ ਹੈ ਤੇ ਕੁਝ ਵਲੋਂ ਭੁੱਖ ਹੜਤਾਲ ਵੀ ਕੀਤੀ ਜਾ ਰਹੀ ਹੈ। ਉਹਨਾਂ ਦੀ ਮੰਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਉਹਨਾਂ ਨੂੰ ਤੁਰੰਤ ਰਾਹਤ ਦੇਵੇ। ਉਹ ਕੇਵਲ ਵਰਕ ਪਰਮਿਟ ਦੀ ਮੰਗ ਕਰ ਰਹੇ ਹਨ।

ਇਸੇ ਦੌਰਾਨ ਪ੍ਰਭਾਵਿਤ ਵਿਦਿਆਰਥੀ ਦਾ ਇਕ ਵਫਦ ਜਿਸ ਵਿਚ ਸਿਕੰਦਰ ਸਿੰਘ, ਹਰਸ਼ਦੀਪ ਸਿੰਘ, ਇੰਦਰਜੀਤ ਤੇ ਹੋਰ ਸ਼ਾਮਿਲ ਹਨ, ਨੇ ਸਰੀ ਨਿਊਟਨ ਤੋਂ ਐਮ ਪੀ ਸੁਖ ਧਾਲੀਵਾਲ ਨਾਲ ਮੁਲਾਕਾਤ ਕੀਤੀ ਤੇ ਵਿਦਿਆਰਥੀਆਂ ਨਾਲ ਇਨਸਾਫ ਦੀ ਮੰਗ ਲਈ ਯਾਦਪੱਤਰ ਸੌਂਪਿਆ। ਵਫਦ ਵਲੋਂ ਇਥੇ ਇਕ ਪ੍ਰੈਸ ਕਾਫਰੰਸ ਵੀ ਕੀਤੀ ਗਈ ਜਿਸ ਦੌਰਾਨ ਉਹਨਾਂ ਨਾਲ ਆਪਣੇ ਨਾਲ ਹੋਈ ਬੀਤੀ ਦੀ ਵਿਸਥਾਰ ਵਿਚ ਚਰਚਾ ਕੀਤੀ ਤੇ ਮੰਗ ਕੀਤੀ ਕਿ ਪਰੈਸ ਅਤੇ ਪੰਜਾਬੀ ਭਾਈਚਾਰਾ ਇਸ ਬਿਪਤਾ ਦੀ ਘੜੀ ਵਿਚ ਉਹਨਾਂ ਦਾ ਸਾਥ ਦੇਵੇ। ਵਿਦਿਆਰਥੀਆਂ ਨੇ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਵੀ ਜਵਾਬ ਦਿੱਤੇ। ਉਹਨਾਂ ਸਪੱਸ਼ਟ ਕੀਤਾ ਕਿ ਉਹਨਾਂ ਨੇ ਪੂਰੀ ਇਮਾਨਦਾਰੀ ਨਾਲ ਪੜਾਈ ਕੀਤੀ, ਫੀਸਾਂ ਭਰੀਆਂ ਤੇ ਕੋਰਸ ਪਾਸ ਕੀਤੇ। ਉਹਨਾਂ ਨੂੰ ਹੁਣ ਵਰਕ ਪਰਮਿਟ ਜਾਰੀ ਹੋਣ ਦੀ ਉਡੀਕ ਸੀ ਪਰ ਇਮੀਗ੍ਰੇਸ਼ਨ ਵਿਭਾਗ ਵਲੋਂ ਇਨਕਾਰ ਕਰਨ ਤੇ ਉਹ ਠੱਗਿਆਂ ਮਹਿਸੂਸ ਕਰ ਰਹੇ ਹਨ। ਉਹਨਾਂ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਕੈਲਗਰੀ ਅਤੇ ਐਡਮਿੰਟਨ ਵਿਚ ਪੰਜਾਬੀ ਮੂਲ ਦੇ ਐਮ ਪੀਜ਼ ਤੇ ਹੋਰ ਨੁਮਾਇੰਦੇ ਉਹਨਾਂ ਦੀ ਗੱਲ ਸੁਣ ਰਹੇ ਹਨ ਪਰ ਉਹ ਵੱਡੇ ਪੱਧਰ ਤੇ ਸਮਰਥਨ ਜੁਟਾਉਣ ਲਈ ਸਰੀ ਪੁੱਜੇ ਹਨ ਤੇ ਲਿਬਰਲ ਐਮ ਪੀਜ਼ ਨੂੰ ਮਿਲ ਰਹੇ ਹਨ।

ਕੈਪਸ਼ਨ- ਪ੍ਰਭਾਵਿਤ ਵਿਦਿਆਰਥੀਆਂ ਦਾ ਵਫਦ ਲਿਬਰਲ ਐਮ ਪੀ ਸੁੱਖ ਧਾਲੀਵਾਲ ਨੂੰ ਮੰਗ ਪੱਤਰ ਦੇਣ ਸਮੇਂ।

Leave a Reply

Your email address will not be published. Required fields are marked *