ਵੱਡੀ ਗਿਣਤੀ ‘ਚ ਸੰਗਤਾਂ ਨੇ ਕੀਤੀ ਸ਼ਮੂਲੀਅਤ-
ਵੈਨਕੂਵਰ,1 ਅਗਸਤ( ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਸਰੀ–ਡੈਲਟਾ ਦੇ ਸਕਾਟ ਰੋਡ ‘ਤੇ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਖਰਾਬ ਮੌਸਮ ਕਾਰਨ ਮਿਥੇ ਸਮੇਂ ਤੋਂ ਕੁਝ ਘੰਟੇ ਲੇਟ ਸ਼ੁਰੂ ਹੋਏ ਇਸ ਨਗਰ ਕੀਰਤਨ ਦੀ ਆਰੰਭਤਾ ਵੇਲੇ ਸਭ ਤੋਂ ਪਹਿਲਾਂ ਅਰਦਾਸੀਏ ਸਿੰਘ ਵੱਲੋਂ ਅਰਦਾਸ ਕੀਤੀ ਗਈ। ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਤਕਰੀਬਨ 11 ਵਜੇ ਗੁਰੂ ਘਰ ਤੋਂ ਆਰੰਭ ਹੋਇਆ ਜੋ ਨਿਰਧਾਰਤ ਰੂਟਾਂ ਰਾਹੀਂ ਹੁੰਦਾ ਹੋਇਆ ਸ਼ਾਮ ਨੂੰ ਗੁਰੂ ਘਰ ਵਿੱਚ ਸਮਾਪਤ ਹੋਇਆ । ਅੱਜ ਦੇ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ ਸੰਗਤਾਂ ਵੱਲੋਂ ਸਜਾਈਆਂ ਗਈਆਂ ਕੇਸਰੀ ਅਤੇ ਨੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਦੀ ਬਹੁਤਾਤ ਨਾਲ ਸਮੁੱਚਾ ਦ੍ਰਿਸ਼ ਖਾਲਸਾਈ ਰੰਗ ਚ ਰੰਗਿਆ ਨਜਰੀ ਆਇਆ। ਇਸ ਦੇ ਨਾਲ ਨਾਲ ਵੱਖ ਵੱਖ ਕਾਰੋਬਾਰੀ ਅਦਾਰਿਆਂ ਅਤੇ ਸਥਾਨਕ ਸਿੱਖ ਸੰਗਤਾਂ ਵੱਲੋਂ ਨਿਰਧਾਰਤ ਥਾਵਾਂ ਤੇ ਵੱਖ ਵੱਖ ਪਕਵਾਨਾਂ ਦੇ ਲੰਗਰਾਂ ਦੇ ਕੀਤੇ ਗਏ ਇੰਤਜਾਮ ਸਲਾਹੁਣਯੋਗ ਸਨ। ਅੱਜ ਦੇ ਨਗਰ ਕੀਰਤਨ ਵਿੱਚ ਸ਼ਾਮਿਲ ਵੱਖ-ਵੱਖ ਢਾਡੀ, ਕਵੀਸ਼ਰੀ ਅਤੇ ਕੀਰਤਨੀ ਜਥਿਆਂ ਤੋਂ ਇਲਾਵਾ ਸਕੂਲੀ ਬੱਚਿਆਂ ਵੱਲੋਂ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਪ੍ਰਬੰਧਕਾਂ ਅਤੇ ਸਿਟੀ ਕੌਂਸਲ ਦੇ ਸਾਂਝੇ ਸਹਿਯੋਗ ਸਦਕਾ ਨਗਰ ਕੀਰਤਨ ਦੌਰਾਨ ਆਵਾਜਾਈ ਨੂੰ ਨਿਰਵਿਘਨ ਚੱਲਦਾ ਰੱਖਣ ਲਈ ਕੀਤੇ ਗਏ ਬਦਲਵੇਂ ਪ੍ਰਬੰਧ ਸਲਾਹੁਣਯੋਗ ਸਨ। ਗੁਰਦੁਆਰੇ ਦੀ ਖੁਲੀ ਗਰਾਉਂਡ ਵਿੱਚ ਲਗਾਏ ਗਏ 19 ਟੈਂਟਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਛਕਣ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਦੀਆਂ ਭੀੜਾਂ ਨਜ਼ਰੀਂ ਆਈਆਂ। ਨਗਰ ਕੀਰਤਨ ਦੌਰਾਨ ਵੱਖ-ਵੱਖ ਗਤਕਾ ਜਥਿਆਂ ਵੱਲੋਂ ਗਤਕੇ ਦੇ ਵਿਖਾਏ ਗਏ ਜੋਹਰਾਂ ਦੀ ਅਲੌਕਿਕ ਪੇਸ਼ਕਾਰੀ ਦੇਖਣ ਯੋਗ ਸੀ। ਨਗਰ ਕੀਰਤਨ ਦੀ ਸਮਾਪਤੀ ਵੇਲੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਕੈਪਸ਼ਨ ਨਗਰ ਕੀਰਤਨ ਦੀਆਂ ਵੱਖ ਵੱਖ ਤਸਵੀਰਾਂ
