Aug 6, 2026

ਅਮਰੀਕੀ ਰਾਜਾਂ ਨਾਲੋਂ ਦੁੱਗਣੀ ਤਨਖ਼ਾਹ ਲੈਂਦੇ ਹਨ ਕੈਨੇਡੀਅਨ ਵਿਧਾਇਕ-
ਸੁਰਿੰਦਰ ਮਾਵੀ,

ਵਿੰਨੀਪੈੱਗ,  6 ਅਗਸਤ
ਕੈਨੇਡਾ ਦੇ ਸੂਬਾਈ ਵਿਧਾਇਕ (MLA) ਆਪਣੇ ਅਮਰੀਕੀ ਸਮਕਾਲੀਆਂ ਦੇ ਮੁਕਾਬਲੇ ਲਗਭਗ ਦੁੱਗਣੀ ਤਨਖ਼ਾਹ ਲੈ ਰਹੇ ਹਨ, ਪਰ ਇਸ ਦਾ ਪ੍ਰਤੀਬਿੰਬ ਨਾ ਤਾਂ ਆਰਥਿਕ ਕਾਰਗੁਜ਼ਾਰੀ ਵਿੱਚ ਨਜ਼ਰ ਆਉਂਦਾ ਹੈ ਅਤੇ ਨਾ ਹੀ ਟੈਕਸ ਦਾਤਿਆਂ ਨੂੰ ਮਿਲਣ ਵਾਲੇ ਨਤੀਜਿਆਂ ਵਿੱਚ। ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ (CTF) ਦੀ ਜਾਰੀ ਰਿਪੋਰਟ ਵਿੱਚ ਇਹ ਦਾਅਵਾ ਕਰਦਿਆਂ ਕਿਹਾ ਗਿਆ ਹੈ ਕਿ ਉੱਚੀਆਂ ਤਨਖ਼ਾਹਾਂ ਅਤੇ ਬਿਹਤਰ ਸ਼ਾਸਨ ਵਿਚਾਲੇ ਕੋਈ ਸਿੱਧਾ ਸਬੰਧ ਨਹੀਂ ਮਿਲਦਾ।ਰਿਪੋਰਟ ਅਨੁਸਾਰ ਪਿਛਲੇ ਸਾਲ ਕੈਨੇਡਾ ਦੇ ਇੱਕ MLA ਦੀ ਔਸਤ ਸਾਲਾਨਾ ਤਨਖ਼ਾਹ 1,15,378 ਡਾਲਰ ਰਹੀ, ਜਦਕਿ ਅਮਰੀਕੀ ਰਾਜਾਂ ਦੇ ਵਿਧਾਇਕਾਂ ਦੀ ਔਸਤ ਤਨਖ਼ਾਹ 58,241 ਡਾਲਰ ਸੀ। ਕੈਨੇਡਾ ਦੇ 70 ਫ਼ੀਸਦੀ ਵਿਧਾਇਕ ਇੱਕ ਲੱਖ ਡਾਲਰ ਤੋਂ ਵੱਧ ਸਾਲਾਨਾ ਕਮਾਈ ਕਰਦੇ ਹਨ, ਜਦਕਿ ਅਮਰੀਕਾ ਵਿੱਚ ਇਹ ਅੰਕੜਾ ਸਿਰਫ਼ 18 ਫ਼ੀਸਦੀ ਹੈ।
ਸਭ ਤੋਂ ਵੱਧ ਤਨਖ਼ਾਹ ਦੇਣ ਵਾਲੇ ਖੇਤਰਾਂ ਵਿੱਚ ਨਿਊਯਾਰਕ, ਕੈਲੇਫੋਰਨੀਆ ਅਤੇ ਪੈਨਸਲਵੇਨੀਆ ਤੋਂ ਬਾਅਦ ਓਨਟਾਰੀਓ ਅਤੇ ਕਿਉਬਿਕ ਦਾ ਸਥਾਨ ਹੈ। ਅਲਬਰਟਾ, ਅਲਾਸਕਾ ਅਤੇ ਬ੍ਰਿਟਿਸ਼ ਕੋਲੰਬੀਆ ਵੀ ਉੱਚ ਤਨਖ਼ਾਹ ਵਾਲੇ ਖੇਤਰਾਂ ਵਿੱਚ ਸ਼ਾਮਲ ਹਨ। ਮੈਸਾਚੂਸੇਟਸ ਤੋਂ ਬਾਅਦ ਨੋਵਾ ਸਕੋਸ਼ੀਆ, ਮੈਨੀਟੋਬਾ ਅਤੇ ਸਸਕੈਚਵਨ ਦਾ ਨੰਬਰ ਆਉਂਦਾ ਹੈ।
ਰਿਪੋਰਟ ਵਿੱਚ ਮੈਨੀਟੋਬਾ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਇੱਥੇ ਦੇ ਵਿਧਾਇਕਾਂ ਨੂੰ ਅਮਰੀਕਾ ਦੇ ਜ਼ਿਆਦਾਤਰ ਰਾਜਾਂ ਨਾਲੋਂ ਵੱਧ ਤਨਖ਼ਾਹ ਮਿਲਦੀ ਹੈ, ਪਰ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ (GDP) ਦੇ ਮਾਮਲੇ ਵਿੱਚ ਸੂਬਾ ਕਈ ਅਮਰੀਕੀ ਰਾਜਾਂ ਤੋਂ ਪਿੱਛੇ ਹੈ। CTF ਦਾ ਕਹਿਣਾ ਹੈ ਕਿ ਇਹ ਹਾਲਾਤ ਸਪਸ਼ਟ ਕਰਦੇ ਹਨ ਕਿ ਵੱਧ ਤਨਖ਼ਾਹ ਆਪਣੇ ਆਪ ਵਿੱਚ ਬਿਹਤਰ ਨਤੀਜਿਆਂ ਦੀ ਗਾਰੰਟੀ ਨਹੀਂ ਹੁੰਦੀ।
ਰਿਪੋਰਟ ਨੇ ਟੈਕਸਾਸ ਅਤੇ ਨਾਰਥ ਡਕੋਟਾ ਦੀਆਂ ਉਦਾਹਰਨਾਂ ਵੀ ਦਿੱਤੀਆਂ ਹਨ। ਟੈਕਸਾਸ ਵਿੱਚ ਵਿਧਾਇਕਾਂ ਨੂੰ ਸਾਲਾਨਾ ਸਿਰਫ਼ 10,331 ਡਾਲਰ ਤਨਖ਼ਾਹ ਮਿਲਦੀ ਹੈ, ਪਰ ਪ੍ਰਤੀ ਵਿਅਕਤੀ GDP ਦੇ ਮਾਮਲੇ ਵਿੱਚ ਉਹ ਕੈਨੇਡਾ ਦੇ ਹਰ ਸੂਬੇ ਤੋਂ ਅੱਗੇ ਹੈ। ਇਸੇ ਤਰ੍ਹਾਂ ਨਾਰਥ ਡਕੋਟਾ ਵੀ ਘੱਟ ਤਨਖ਼ਾਹਾਂ ਦੇ ਬਾਵਜੂਦ ਕੈਨੇਡਾ ਦੇ ਸਾਰੇ ਸੂਬਿਆਂ ਨਾਲੋਂ ਵੱਧ ਪ੍ਰਤੀ ਵਿਅਕਤੀ GDP ਦਰਜ ਕਰਦਾ ਹੈ।
ਰਿਪੋਰਟ ਅਨੁਸਾਰ ਉੱਚੀਆਂ ਵਿਧਾਇਕੀ ਤਨਖ਼ਾਹਾਂ ਵਾਲੇ ਕੈਨੇਡੀਅਨ ਸੂਬਿਆਂ ਵਿੱਚ ਆਮਦਨ ਕਰ ਦੀਆਂ ਦਰਾਂ ਵੀ ਸਭ ਤੋਂ ਵੱਧ ਹਨ। ਸਭ ਤੋਂ ਉੱਚੇ ਟਾਪ ਮਾਰਜਿਨਲ ਟੈਕਸ ਰੇਟ ਵਾਲੇ ਪਹਿਲੇ ਅੱਠ ਖੇਤਰ ਕੈਨੇਡਾ ਦੇ ਸੂਬੇ ਹਨ, ਜਿੱਥੇ ਇਹ ਦਰ 50 ਫ਼ੀਸਦੀ ਤੋਂ ਉੱਪਰ ਹੈ। ਕੈਲੇਫੋਰਨੀਆ, ਅਲਬਰਟਾ ਅਤੇ ਸਸਕੈਚਵਨ ਵੀ ਉੱਚੇ ਟੈਕਸ ਵਾਲੇ ਖੇਤਰਾਂ ਵਿੱਚ ਸ਼ਾਮਲ ਹਨ।

CTF ਨੇ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਉਠਾਏ ਹਨ। ਰਿਪੋਰਟ ਮੁਤਾਬਕ ਅਲਬਰਟਾ ਦੇ MLA ਦੀ ਸਾਲਾਨਾ ਤਨਖ਼ਾਹ 1,23,838 ਡਾਲਰ ਹੈ, ਜੋ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਹੈ, ਪਰ ਪ੍ਰਤੀ ਵਿਅਕਤੀ GDP ਦੇ ਮਾਮਲੇ ਵਿੱਚ ਸੂਬਾ ਅਮਰੀਕਾ ਦੇ 19 ਰਾਜਾਂ ਤੋਂ ਪਿੱਛੇ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ MLA ਦੀ ਤਨਖ਼ਾਹ 1,22,000 ਡਾਲਰ ਹੈ, ਜਦਕਿ ਸੂਬੇ ਦੀ ਆਰਥਿਕ ਸਥਿਤੀ ਅਤੇ ਵਿੱਤੀ ਸਾਖ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ਅਨੁਸਾਰ S&P ਨੇ ਸੂਬੇ ਦੀ ਕ੍ਰੈਡਿਟ ਰੇਟਿੰਗ A+ ਤੋਂ ਘਟਾ ਕੇ A ਕਰ ਦਿੱਤੀ ਹੈ।
CTF ਦੇ ਬ੍ਰਿਟਿਸ਼ ਕੋਲੰਬੀਆ ਡਾਇਰੈਕਟਰ ਕਾਰਸਨ ਬਿੰਦਾ ਨੇ ਕਿਹਾ, ‘‘ਟੈਕਸ ਦਾਤਾ ਪ੍ਰੀਮੀਅਮ ਕੀਮਤ ਅਦਾ ਕਰ ਰਹੇ ਹਨ, ਪਰ ਬਦਲੇ ਵਿੱਚ ਸਰਕਾਰ ਤੋਂ ਉਨ੍ਹਾਂ ਨੂੰ ਉਮੀਦਾਂ ਦੇ ਮੁਤਾਬਕ ਨਤੀਜੇ ਨਹੀਂ ਮਿਲ ਰਹੇ।’’

Leave a Reply

Your email address will not be published. Required fields are marked *