Aug 14, 2026

Screenshot

ਹਮਲਾਵਰ ਨਿਹੰਗ ਦੀ ਤਲਵਾਰ ਦੇ ਵਾਰ ਕਾਰਣ ਬਾਂਹ ਤੇ ਜਖਮ ਆਇਆ- ਇਕ ਸੁਰੱਖਿਆ ਕਰਮੀ ਵੀ ਜ਼ਖਮੀ- ਪੁਲਿਸ ਵਲੋਂ ਹਮਲਾਵਰ ਕਾਬੂ-

ਨਾਂਦੇੜ ਸਾਹਿਬ- ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਦਰਸ਼ਨ ਕਰਨ ਦੌਰਾਨ ਇਕ ਨਿਹੰਗ ਵਲੋਂ ਕਿਰਪਾਨ ਨਾਲ ਹਮਲਾ ਕੀਤੇ ਜਾਣ ਦੀ ਖਬਰ ਹੈ। ਇਸ ਹਮਲੇ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਗੁੱਟ ਤੇ ਜ਼ਖਮ ਆਇਆ ਹੈ ਜਿਸ ਉਪਰੰਤ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਉਹਨਾਂ ਦੀ ਬਾਂਹ ਤੇ 5-7 ਟਾਂਕੇ ਲਗਾਏ ਗਏ ਹਨ। ਹਮਲੇ ਦੌਰਾਨ ਉਹਨਾਂ ਦਾ ਇਕ ਬਾਡੀਗਾਰਡ ਵੀ ਜਖਮੀ ਹੋਇਆ ਹੈ। ਇਸੇ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸਦੀ ਪਛਾਣ ਜਸਪਾਲ ਸਿੰਘ ਦੱਸੀ ਹੈ ਜੋ ਪੁਣੇ ਦਾ ਵਸਨੀਕ ਸੀ। ਉਹ ਪਿਛਲੇ ਡੇਢ ਦੋ ਸਾਲ ਤੋਂ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਕਰਦਾ ਆ ਰਿਹਾ ਸੀ।

ਹੋਰ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਇਸ ਦੌਰਾਨ ਨਿਹੰਗ ਬਾਣੇ ਵਿੱਚ ਆਏ ਇੱਕ ਵਿਅਕਤੀ ਨੇ ਕਥਿਤ ਤੌਰ ਉੱਤੇ ਤੇਜ਼ਧਾਰ ਤਲਵਾਰ  ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੁਰੱਖਿਆ ਕਰਮਚਾਰੀ ਅਤੇ ਹੋਰ ਵੀ ਜ਼ਖਮੀ ਹੋ ਗਏ, ਜਦੋਂ ਕਿ ਸੁਖਬੀਰ ਬਾਦਲ ਦੀ ਬਾਂਹ ‘ਤੇ ਸੱਟ ਲੱਗੀ ਹੈ। ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਨਾਂਦੇੜ ਦੇ ਨਿੱਜੀ ਹਸਪਤਾਲ (ਯਸ਼ੋ ਸਾਈ ਹਸਪਤਾਲ) ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੱਕ ਸਾਬਕਾ ਖਾਲਿਸਤਾਨੀ ਅਤਿਵਾਦੀ ਨਰਾਇਣ ਸਿੰਘ ਚੌੜਾ ਨੇ 4 ਦਸੰਬਰ ਨੂੰ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ‘ਸੇਵਾਦਾਰ’ ਵਜੋਂ ਡਿਉੂਟੀ ਨਿਭਾ ਰਹੇ  ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕੀਤਾ ਸੀ।

ਮਹਾਰਾਸ਼ਟਰ ਸਰਕਾਰ ਵੱਲੋਂ ਜਾਂਚ ਦੇ ਹੁਕਮ-ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਮੁੱਖ ਮੰਤਰੀ ਨੇ ਖ਼ੁਦ ਸੁਖਬੀਰ ਸਿੰਘ ਬਾਦਲ ਨਾਲ ਫ਼ੋਨ ‘ਤੇ ਗੱਲ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਨਾਂਦੇੜ ਦੇ ਪੁਲੀਸ ਕਪਤਾਨ ਨੂੰ ਹਮਲੇ ਦੀ ਅਸਲ ਸਾਜ਼ਿਸ਼ ਨੂੰ ਬੇਨਕਾਬ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਸਿਮਰਤ ਕੌਰ ਬਾਦਲ ਨਾਲ ਫੋਨ ਤੇ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਦੀ ਸਿਹਤ ਦਾ ਹਾਲ ਪੁੱਛਿਆ ਹੈ।

ਅਕਾਲੀ ਦਲ ਵਲੋਂ ਉਚ ਪੱਧਰੀ ਜਾਂਚ ਦੀ ਮੰਗ-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਵਿੱਚ ਹਮਲੇ ਦੀ ਪੰਜਾਬ ਦੀਆਂ ਵੱਖ-ਵੱਖ ਸਿਆਸੀ ਧਿਰਾਂ ਨੇ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਮਾਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਜਦੋਂ ਵੀ ਅਕਾਲੀ ਦਲ ਦੀ ਚੜ੍ਹਤ ਹੁੰਦੀ ਹੈ ਤਾਂ ਅਜਿਹੀਆਂ ਵਿਰੋਧੀ ਤਾਕਤਾਂ ਪੰਥ ਨੂੰ ਆਗੂ ਵਿਹੂਣਾ ਬਣਾਉਣ ਲਈ ਅਜਿਹੇ ਘਿਨੌਣੇ ਹਮਲੇ ਸ਼ੁਰੂ ਕਰ ਦਿੰਦੀਆਂ ਹਨ। ਇਸ ਮਾਮਲੇ ’ਚ ਸੁਰੱਖਿਆ ਏਜੰਸੀਆਂ ਦੀ ਨਾਕਾਮੀ ਤੇ ਅਪਰਾਧ ਪਿਛਲੀ ਸਾਜ਼ਿਸ਼ ਦੀ ਡੂੰਘਾਈ ਨਾਲ ਜਾਂਚ ਹੋਵੇ। ਡਾ. ਚੀਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਕੰਪਲੈਕਸ ’ਚ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਹੋਇਆ ਸੀ। ਜੇ ਉਸ ਵੇਲੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਹੁੰਦੀ ਤਾਂ ਅੱਜ ਦੀ ਘਟਨਾ ਨੂੰ ਟਾਲਿਆ ਜਾ ਸਕਦਾ ਸੀ।ਉਨ੍ਹਾਂ ਮੰਗ ਕੀਤੀ ਕਿ ਅੱਜ ਦੇ ਮਾਮਲੇ ਦੀ ਜਾਂਚ ਸਣੇ ਅੰਮ੍ਰਿਤਸਰ ਹਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੁਖਬੀਰ ਸਿੰਘ ਬਾਦਲ ਨੂੰ ਖ਼ਤਮ ਕਰਨ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਅਸਲ ਸਾਜ਼ਿਸ਼ ਬਾਰੇ ਪਤਾ ਲਾਇਆ ਜਾ ਸਕੇ। ਉਨ੍ਹਾਂ  ਇਸ ਹਮਲੇ ਤੇ ਵਿਰੋਧੀ ਪਾਰਟੀ ਆਗੂਆਂ ਵਲੋਂ ਪ੍ਰਗਟਾਏ ਗਏ ਪ੍ਰਤੀਕਰਮ ਨੂੰ ਸੰਵੇਦਨਹੀਣ ਕਰਾਰ ਦਿੰਦਿਆਂ ‘ਆਪ’ ਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਵੱਲੋਂ ਇਸ ਹਮਲੇ ਨੂੰ ਬਰਗਾੜੀ ਤੇ ਬਹਿਬਲ ਕਲਾਂ ਕੇਸਾਂ ਨਾਲ ਜੋੜ ਕੇ ਇਸ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਮਜੀਠੀਆ ਨੇ ਸੀ ਬੀ ਆਈ ਜਾਂਚ ਮੰਗੀ- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੇਂਦਰ ਸਰਕਾਰ ਕੋਲੋਂ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ। ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਸੁਰੱਖਿਅਤ ਅਤੇ ਠੀਕ ਹਨ। ਉਨ੍ਹਾਂ ਸੁਖਬੀਰ ਸਿੰਘ ਬਾਦਲ ’ਤੇ ਅੱਜ ਅਤੇ ਦਸੰਬਰ 2024 ਵਿੱਚ ਹਰਿਮੰਦਰ ਸਾਹਿਬ ਕੈਂਪਸ ਵਿੱਚ ਹੋਏ ਜਾਨਲੇਵਾ ਹਮਲੇ ਦੇ ਦੋਵਾਂ ਮਾਮਲਿਆਂ ਵਿੱਚ ਸੀ ਬੀ ਆਈ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਹੁਣ ਵੀ ਇਸ ਮਾਮਲੇ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਭਵਿੱਖ ਵਿੱਚ ਮੁੜ ਜਾਨਲੇਵਾ ਹਮਲਾ ਹੋ ਸਕਦਾ ਹੈ। ਉਨ੍ਹਾਂ ਇਸ ਹਮਲੇ ਨੂੰ ਬੇਅਦਬੀ ਘਟਨਾਵਾਂ ਨਾਲ ਜੋੜਨ ਤੋਂ ਇਨਕਾਰ ਕੀਤਾ ਹੈ।

featured-img

ਅਕਾਲੀ ਦਲ ਵਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡਾ ਦਲਜੀਤ ਸਿੰਘ ਚੀਮਾ। ਨਾਲ ਬਲਵਿੰਦਰ ਸਿੰਘ ਭੂਂਦੜ, ਅਰਸ਼ਦੀਪ ਸਿੰਘ ਕਲੇਰ ਤੇ ਦਰਬਾਰਾ ਸਿੰਘ ਗੁਰੂ।

ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਜਸਪਾਲ ਸਿੰਘ ਪੁਣੇ ਦਾ ਵਾਸੀ ਹੈ-

ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਦੇ ਨੇੜੇ ਇੱਕ ਗੁਰਦੁਆਰੇ ਵਿੱਚ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਵਾਲਾ ਵਿਅਕਤੀ ਪਿਛਲੇ ਦੋ ਸਾਲਾਂ ਤੋਂ ਉੱਥੇ ‘ਸੇਵਾਦਾਰ’ ਵਜੋਂ ਕੰਮ ਕਰ ਰਿਹਾ ਸੀ ਅਤੇ ਪੁਣੇ ਦਾ ਰਹਿਣ ਵਾਲਾ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਜਸਪਾਲ ਸਿੰਘ ਦੀ ਉਮਰ 60 ਤੋਂ 62 ਸਾਲ ਦੇ ਵਿਚਕਾਰ ਹੈ ਅਤੇ ਉਹ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਿਹਾ ਸੀ।  ਐੱਸ ਪੀ ਰੋਹਨ ਨੇ ਦੱਸਿਆ ਕਿ ਜਸਪਾਲ ਸਿੰਘ ਕੋਲ ਕਾਮਰਸ ਅਤੇ ਕਾਨੂੰਨ ਦੀਆਂ ਡਿਗਰੀਆਂ ਹਨ ਅਤੇ ਉਹ ਆਪਣੇ ਪਰਿਵਾਰ ਨਾਲ ਪੁਣੇ ਵਿੱਚ ਰਹਿੰਦਾ ਹੈ। ਹਾਲਾਂਕਿ, ਉਹ ਨਾਂਦੇੜ ਵਿੱਚ ਇਕੱਲਾ ਰਹਿ ਰਿਹਾ ਸੀ। ਉਨ੍ਹਾਂ ਕਿਹਾ, “ਅਸੀਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਅਸੀਂ ਉਸ ਦੀ ਪਿਛੋਕੜ ਦੀ ਜਾਂਚ ਕਰ ਰਹੇ ਹਾਂ… ਸ਼ੁਰੂ ਵਿੱਚ ਉਸ ਨੇ ਕਿਹਾ ਕਿ ਉਹ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਨਾਰਾਜ਼ ਸੀ। ਪਰ ਹਮਲੇ ਦਾ ਅਸਲ ਕਾਰਨ ਵਿਸਤ੍ਰਿਤ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਸਾਨੂੰ ਹਮਲਾਵਰ ਦੇ ਕਿਸੇ ਗਿਰੋਹ ਨਾਲ ਸਬੰਧ ਜਾਂ ਅਪਰਾਧਿਕ ਪਿਛੋਕੜ ਬਾਰੇ ਵੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਹਮਲਾਵਰ ਜਸਪਾਲ ਸਿੰਘ

Leave a Reply

Your email address will not be published. Required fields are marked *