Aug 18, 2026

 3.62 ਲੱਖ ਦਰਸ਼ਕਾਂ ਨੇ ਮਾਣਿਆ ਰੰਗਾ-ਰੰਗ ਮੇਲਾ-

ਸੁਰਿੰਦਰ ਮਾਵੀ,

ਵਿੰਨੀਪੈਗ, 17 ਅਗਸਤ-ਵਿੰਨੀਪੈਗ ਵਿੱਚ ਦੋ ਹਫ਼ਤਿਆਂ ਤੱਕ ਚੱਲਿਆ 55ਵਾਂ ਫੋਕੋਰਾਮਾ ਫ਼ੈਸਟੀਵਲ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੀ ਸ਼ਮੂਲੀਅਤ ਅਤੇ ਵੱਖ-ਵੱਖ ਭਾਈਚਾਰਿਆਂ ਦੇ ਸਭਿਆਚਾਰਕ ਮਾਣ ਨਾਲ ਯਾਦਗਾਰ ਬਣ ਕੇ ਸਮਾਪਤ ਹੋ ਗਿਆ।14 ਦਿਨਾਂ ਦੇ ਇਸ ਮੇਲੇ ਦੌਰਾਨ ਵਿੰਨੀਪੈਗ ਦੇ 30 ਵੱਖ-ਵੱਖ ਸਥਾਨਾਂ ’ਤੇ 45 ਪਵੇਲੀਅਨ ਨੇ ਦੁਨੀਆ ਭਰ ਦੀਆਂ ਸਭਿਆਚਾਰਕ ਪਰੰਪਰਾਵਾਂ, ਸੰਗੀਤ, ਨਾਚ, ਖਾਣ-ਪੀਣ ਅਤੇ ਕਲਾਵਾਂ ਦੀ ਝਲਕ ਪੇਸ਼ ਕੀਤੀ। ਇਸ ਵਾਰ ਫੋਕੋਰਾਮਾ ਵਿੱਚ 3,62,397 ਦਰਸ਼ਕਾਂ ਨੇ ਸ਼ਮੂਲੀਅਤ ਕੀਤੀ, ਜਦਕਿ ਕੁੱਲ 972 ਸ਼ੋਅ ਅਤੇ ਲੇਟ-ਨਾਈਟ ਪਾਰਟੀਆਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ।

ਇਸ ਸਾਲ ਫ਼ੈਸਟੀਵਲ ਦੀ ਵਾਤਾਵਰਣ-ਪੱਖੀ ਪਹਿਲਕਦਮੀ ਵੀ ਖ਼ਾਸ ਰਹੀ। ਪੂਰੇ ਫ਼ੈਸਟੀਵਲ ਵਿੱਚ ਸ਼ੁਰੂ ਕੀਤੇ ਗਏ ਨਵੇਂ ਕੰਪੋਸਟਿੰਗ ਪ੍ਰੋਗਰਾਮ ਰਾਹੀਂ ਅੰਦਾਜ਼ਨ 15,000 ਕਿੱਲੋਗਰਾਮ ਕੂੜਾ ਲੈਂਡ ਫਿੱਲ ਵਿੱਚ ਜਾਣ ਤੋਂ ਰੋਕਿਆ ਗਿਆ।ਫੋਕੋਰਾਮਾ ਦੇ ਕਈ ਸ਼ੋਅ ਪਹਿਲਾਂ ਹੀ ਹਾਊਸ ਫੁੱਲ ਹੋ ਗਏ ਸਨ। VIP ਟੂਰਾਂ ਦੀ ਵੀ ਭਾਰੀ ਮੰਗ ਰਹੀ। ਇਸ ਸਾਲ ਵਧੇਰੇ ਵਿਕਲਪਾਂ ਦੇ ਬਾਵਜੂਦ 7,014 ਦਰਸ਼ਕਾਂ ਨੇ ਕੁੱਲ 195 ਕਸਟਮ ਗਰੁੱਪ ਅਤੇ VIP ਟੂਰਾਂ ਰਾਹੀਂ ਫੋਕੋਰਾਮਾ ਦਾ ਤਜਰਬਾ ਹਾਸਲ ਕੀਤਾ। ਇਨ੍ਹਾਂ ਵਿੱਚ ਵਿਨੀਪੈਗ ਟਰਾਲੀ ਕੰਪਨੀ ਅਤੇ ਪੈਡਲ ਪੱਬ ਵਿਨੀਪੈਗ ਦੇ ਸਹਿਯੋਗ ਨਾਲ ਤਿਆਰ ਕੀਤੇ ਵਿਸ਼ੇਸ਼ ਥੀਮ ਵਾਲੇ ਟੂਰ ਵੀ ਸ਼ਾਮਲ ਸਨ।

ਫੋਕੋਰਾਮਾ ਦੀ ਕਾਰਜਕਾਰੀ ਡਾਇਰੈਕਟਰ ਟੇਰੇਸਾ ਕੋਟਰੋਨੀਓ ਨੇ ਕਿਹਾ ਕਿ ਹਰ ਪਵੇਲੀਅਨ ਦਰਸ਼ਕਾਂ ਨੂੰ ਆਪਣਾ ਵਿਲੱਖਣ ਸਭਿਆਚਾਰਕ ਤਜਰਬਾ ਦਿੰਦਾ ਹੈ, ਪਰ ਇਨ੍ਹਾਂ ਸਾਰਿਆਂ ਨੂੰ ਜੋੜਨ ਵਾਲੀ ਸਭ ਤੋਂ ਵੱਡੀ ਤਾਕਤ ਉੱਥੇ ਸੇਵਾ ਕਰ ਰਹੇ ਵਲੰਟੀਅਰ ਹਨ। ਉਨ੍ਹਾਂ ਮੁਤਾਬਕ ਇਹੀ ਲੋਕ ਫੋਕੋਰਾਮਾ ਦੀ ਰੂਹ ਹਨ ਅਤੇ ਇਸ ਮੇਲੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਫਲਤਾ ਦਾ ਮੁੱਖ ਕਾਰਨ ਵੀ ਹਨ।ਇਸ ਸਾਲ ਫ਼ੈਸਟੀਵਲ ਦੌਰਾਨ 40,264 ਵਲੰਟੀਅਰ ਵੱਲੋਂ ਇਸ ਮੇਲੇ ਨੂੰ ਕਾਮਜਾਬ ਕੀਤਾ ਗਿਆ ।ਕੋਟਰੋਨੀਓ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਲੋਕ ਕਿਸੇ ਨਵੇਂ ਭੋਜਨ, ਨਾਚ ਜਾਂ ਸਭਿਆਚਾਰਕ ਰਿਵਾਜ ਨਾਲ ਜਾਣੂ ਹੁੰਦੇ ਹਨ ਅਤੇ ਉਸ ਦੀ ਖ਼ੁਸ਼ੀ ਸਾਂਝੀ ਕਰਦੇ ਹਨ, ਤਾਂ ਇਹੀ ਪਲ ਫੋਕੋਰਾਮਾ ਨਾਲ ਜੁੜੇ ਲੋਕਾਂ ਨੂੰ ਅੱਗੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ।

ਇਸ ਸਾਲ ਪੰਜਾਬ ਪਵੇਲੀਅਨ ਵੀ ਫੋਕੋਰਾਮਾ ਦੀ ਰੌਣਕ ਦਾ ਇੱਕ ਖ਼ਾਸ ਕੇਂਦਰ ਰਿਹਾ। ਪੰਜਾਬੀ ਸੰਗੀਤ, ਲੋਕ ਨਾਚ, ਰਵਾਇਤੀ ਸੱਭਿਆਚਾਰ ਅਤੇ ਭੋਜਨ ਨੇ ਦਰਸ਼ਕਾਂ ਨੂੰ ਪੰਜਾਬ ਦੀ ਰੰਗੀਨ ਵਿਰਾਸਤ ਨਾਲ ਜੋੜਿਆ।ਪੰਜਾਬੀ ਪਵੇਲੀਅਨ ਦੇ ਪ੍ਰੋਗਰਾਮਾਂ ਵਿੱਚ ਭੰਗੜਾ , ਸਾਜ਼ ਪੰਜਾਬੀ ਨਾਚ ਤੋਂ ਇਲਾਵਾ ਅਮਨ ਦੀ  ਟੀਮ — ਤ੍ਰਿੰਜਣ ਆਰਟਸ (Triyanjan Arts) ਵੱਲੋਂ ਪੇਸ਼ ਕੀਤਾ ਗਿਆ ਵਿਸ਼ੇਸ਼ ਗਿੱਧਾ ਪ੍ਰਦਰਸ਼ਨ ਵੀ ਖ਼ਾਸ ਖਿੱਚ ਦਾ ਕੇਂਦਰ ਬਣਿਆ। ਪੰਜਾਬ ਦੀਆਂ ਧੀਆਂ ਦੇ ਜੋਸ਼, ਬੋਲੀਆਂ ਅਤੇ ਰਵਾਇਤੀ ਅੰਦਾਜ਼ ਨਾਲ ਸਜੇ ਇਸ ਗਿੱਧੇ ਨੇ ਦਰਸ਼ਕਾਂ ਨੂੰ ਪੰਜਾਬ ਦੀ ਲੋਕ-ਨਾਚ ਪਰੰਪਰਾ ਦੀ ਜੀਵੰਤ ਝਲਕ ਦਿਖਾਈ।ਗਿੱਧੇ ਦੀ ਪੇਸ਼ਕਾਰੀ ਨੇ ਖ਼ਾਸ ਤੌਰ ’ਤੇ ਇਹ ਦਰਸਾਇਆ ਕਿ ਵਿਦੇਸ਼ੀ ਧਰਤੀ ’ਤੇ ਰਹਿੰਦਿਆਂ ਵੀ ਪੰਜਾਬੀ ਨਵੀਂ ਪੀੜ੍ਹੀ ਆਪਣੀ ਭਾਸ਼ਾ, ਲੋਕ-ਕਲਾ ਅਤੇ ਸਭਿਆਚਾਰਕ ਵਿਰਾਸਤ ਨੂੰ ਮਾਣ ਨਾਲ ਅੱਗੇ ਲੈ ਕੇ ਜਾ ਰਹੀ ਹੈ।

ਇੰਡੀਆ ਪਵੇਲੀਅਨ ਨੇ ਵੀ ਦਰਸ਼ਕਾਂ ਨੂੰ ਭਾਰਤ ਦੀ ਵਿਭਿੰਨਤਾ ਨਾਲ ਰੂਬਰੂ ਕਰਵਾਇਆ। ਵੱਖ-ਵੱਖ ਖੇਤਰਾਂ ਦੇ ਸੰਗੀਤ, ਨਾਚ, ਪਹਿਰਾਵਿਆਂ, ਸਭਿਆਚਾਰਕ ਰਵਾਇਤਾਂ ਅਤੇ ਭਾਰਤੀ ਖਾਣਿਆਂ ਨੇ ਭਾਰਤ ਦੀ ‘ਵਿਭਿੰਨਤਾ ਵਿੱਚ ਏਕਤਾ’ ਦੀ ਤਸਵੀਰ ਪੇਸ਼ ਕੀਤੀ।ਪੰਜਾਬ ਪਵੇਲੀਅਨ ਅਤੇ ਇੰਡੀਆ ਪਵੇਲੀਅਨ ਵਰਗੇ ਪਵੇਲੀਅਨ ਦੀ ਮੌਜੂਦਗੀ ਨੇ ਫੋਕੋਰਾਮਾ ਦੇ ਉਸ ਮਕਸਦ ਨੂੰ ਹੋਰ ਮਜ਼ਬੂਤ ਕੀਤਾ ਜਿਸ ਤਹਿਤ ਵੱਖ-ਵੱਖ ਭਾਈਚਾਰਿਆਂ ਨੂੰ ਆਪਣੀ ਪਛਾਣ ਮਨਾਉਣ ਅਤੇ ਦੂਜਿਆਂ ਨੂੰ ਆਪਣੀ ਸਭਿਆਚਾਰਕ ਵਿਰਾਸਤ ਨਾਲ ਜਾਣੂ ਕਰਵਾਉਣ ਦਾ ਮੌਕਾ ਮਿਲਦਾ ਹੈ।

ਫੋਕੋਰਾਮਾ ਨੂੰ 30 ਤੋਂ ਵੱਧ ਲੰਬੇ ਸਮੇਂ ਤੋਂ ਸਹਿਯੋਗ ਦੇ ਰਹੇ ਭਾਈਵਾਲ ਦਾ ਸਹਿਯੋਗ ਪ੍ਰਾਪਤ ਹੈ। ਸੰਸਥਾ ਦਾ ਮਕਸਦ ਐਥਨੋ-ਕਲਚਰਲ ਕਲਾਵਾਂ ਅਤੇ ਸਿੱਖਿਆ ਰਾਹੀਂ ਲੋਕਾਂ ਨੂੰ ਇਕੱਠਾ ਕਰਨਾ ਹੈ।ਅਗਲੇ ਸਾਲ 56ਵਾਂ ਫੋਕੋਰਾਮਾ ਫ਼ੈਸਟੀਵਲ 1 ਤੋਂ 14 ਅਗਸਤ 2027 ਤੱਕ ਵਿਨੀਪੈਗ ਵਿੱਚ ਹੋਵੇਗਾ। ਜਿਹੜੇ ਲੋਕ ਅਗਲੀ ਗਰਮੀਆਂ ਤੱਕ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਲਈ ਫੋਕੋਰਾਮਾ ਵੱਲੋਂ ਸਾਲ ਭਰ ਵਰਕਸ਼ਾਪਾਂ ਅਤੇ ਹੋਰ ਸਭਿਆਚਾਰਕ ਸਮਾਗਮ ਵੀ ਕਰਵਾਏ ਜਾਂਦੇ ਹਨ।

Leave a Reply

Your email address will not be published. Required fields are marked *