Sep 13, 2026

*ਹਮਲਾਵਰ ਪੁਲਿਸ ਵਲੋਂ ਕਾਬੂ-
ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ 21 ਅਗਸਤ ਦੀ ਸਵੇਰ ਨਿਤਨੇਮ ਦੌਰਾਨ ਹੋਏ ਹਮਲੇ ਵਿੱਚ 2 ਸੇਵਾਦਾਰ ਜ਼ਖਮੀ ਹੋ ਗਏ। ਪੁਲਿਸ ਨੇ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਐਡਮਿੰਟਨ ਪੁਲਿਸ ਨੂੰ ਸ਼ੁੱਕਰਵਾਰ ਸਵੇਰੇ  ਚਾਕੂ ਨਾਲ ਹਮਲੇ ਦੀ ਕਾਲ ਮਿਲੀ ਸੀ। ਨੌਰਥ-ਈਸਟ ਬ੍ਰਾਂਚ ਦੇ ਪਟਰੋਲ ਅਧਿਕਾਰੀ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਅਤੇ ਉਨ੍ਹਾਂ ਮੌਕੇ ‘ਤੇ 2 ਵਿਅਕਤੀਆਂ ਨੂੰ ਚਾਕੂ ਲੱਗਣ ਕਾਰਨ ਜ਼ਖਮੀ ਪਾਇਆ। ਦੋਵਾਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਦੀ ਹਾਲਤ ਗੰਭੀਰ ਨਹੀਂ ਹੈ। ਪੁਲਿਸ ਨੇ ਮੌਕੇ ‘ਤੇ ਹੀ ਸ਼ੱਕੀ ਹਮਲਾਵਰ ਨੂੰ ਕਾਬੂ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਸੰਗਤ ਵਿੱਚ ਸਹਿਮ ਦਾ ਮਾਹੌਲ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਗੁਰਦੁਆਰਾ ਸਾਹਿਬ ਨੂੰ ਆਮ ਸੰਗਤ ਲਈ ਬੰਦ ਕਰ ਦਿੱਤਾ ਹੈ ਅਤੇ ਜਾਂਚ ਜਾਰੀ ਹੈ।

ਐਡਮਿੰਟਨ ਪੁਲੀਸ ਸਰਵਿਸ ਨੇ ਨਾਨਕਸਰ ਸਿੱਖ ਗੁਰਦੁਆਰੇ ਵਿਖੇ ਵਾਪਰੀ ਘਟਨਾ ਤੋਂ ਬਾਅਦ ਜਿਸ  27 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ  ਲਿਆ ਹੈ, ਉਸਦਾ ਅਪਰਾਧਿਕ ਪਿਛੋਕੜ ਦੱਸਿਆ ਜਾਂਦਾ ਹੈ।  ਉਸ ਨੂੰ ਹਾਲ ਹੀ ਵਿੱਚ ਇਕ ਹਮਲੇ ਅਤੇ ਪੀਸ ਅਫਸਰ  ‘ਤੇ ਹਮਲਾ ਕਰਨ ਦੇ ਮਾਮਲੇ ਵਿੱਚ ਸਜ਼ਾ ਪੂਰੀ ਕਰਨ ਤੋਂ ਬਾਅਦ ਜੇਲ ਤੋਂ ਰਿਹਾ ਕੀਤਾ ਗਿਆ ਸੀ।
ਇਸ ਹਿੰਸਕ ਘਟਨਾ ‘ਤੇ ਪ੍ਰਤੀਕਿਰਿਆ ਦਿੰਦਿਆਂ ਐਡਮਿੰਟਨ ਪੁਲਿਸ ਦੇ ਮੁੱਖ ਪੁਲੀਸ ਅਧਿਕਾਰੀ ਵਾਰਨ ਡ੍ਰੀਚੇਲ ਨੇ ਭਾਈਚਾਰੇ ਦੀ ਸੁਰੱਖਿਆ ਪ੍ਰਤੀ ਵਿਭਾਗ ਦੀ ਵਚਨਬੱਧਤਾ ਦੁਹਰਾਈ ਹੈ। ਉਹਨਾਂ ਆਪਣੇ ਬਿਆਨ ਵਿਚ ਕਿਹਾ ਹੈ ਕਿ “ਅਸੀਂ ਸ਼ੁਕਰਗੁਜ਼ਾਰ ਹਾਂ ਕਿ ਅੱਜ ਸਵੇਰ ਦੀ ਇਸ ਘਟਨਾ ਦੇ ਨਤੀਜੇ ਵਜੋਂ ਕੋਈ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਪੀੜਤਾਂ ਅਤੇ ਉਨ੍ਹਾਂ ਦੇ ਭਾਈਚਾਰੇ ਦੁਆਰਾ ਅਨੁਭਵ ਕੀਤੇ ਗਏ ਸਦਮੇ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ। ਉਨ੍ਹਾਂ ਅੱਗੇ ਕਿਹਾ, “ਸਾਡੇ ਸ਼ਹਿਰ ਵਿੱਚ ਇਸ ਪੱਧਰ ਦੀ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ, ਅਤੇ ਅਸੀਂ ਸਿੱਖ ਭਾਈਚਾਰੇ ਅਤੇ ਸਾਰੇ ਐਡਮੰਟਨ ਵਾਸੀਆਂ ਨੂੰ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਇਸ ਘਟਨਾ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ।
ਦੱਸਣਯੋਗ ਹੈ ਕਿ ਇਹ ਘਟਨਾ ਅਲਬਰਟਾ ਦੀ ਸਿੱਖ ਕਮਿਊਨਿਟੀ ਨਾਲ ਜੁੜੀਆਂ ਹਾਲੀਆ ਕਈ ਘਟਨਾਵਾਂ ਤੋਂ ਬਾਅਦ ਵਾਪਰੀ ਹੈ, ਜਿਸ ਵਿੱਚ ਕੈਲਗਰੀ ਦੇ ਦੋ ਗੁਰੂ ਘਰਾਂ  ਨੂੰ ਢਾਹੁਣ ਦੀਆਂ ਧਮਕੀ ਭਰੀਆਂ ਕਾਲਾਂ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਐਡਮਿੰਟਨ ਦੇ ਇੱਕ ਵਾਲਮਾਰਟ ਵਿੱਚ ਇੱਕ ਸਿੱਖ ਟਰੱਕ ਡਰਾਈਵਰ ‘ਤੇ ਹਮਲੇ ਦੀ ਘਟਨਾ ਸ਼ਾਮਲ ਹੈ। ਸਿੱਖ ਭਾਈਚਾਰੇ ਨੇ ਵੀ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਪੁਲਿਸ ਜਾਂਚ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਪ੍ਰਧਾਨ ਮੰਤਰੀ ਵਲੋਂ ਨਿੰਦਾ- ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਇਸਨੂੰ “ਭਿਆਨਕ” ਕਰਾਰ ਦਿੱਤਾ ਅਤੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ ਹੈ ਕਿ  “ਅੱਜ ਸਵੇਰੇ ਐਡਮੰਟਨ ਵਿੱਚ ਨਾਨਕਸਰ ਗੁਰਦੁਆਰੇ ‘ਤੇ ਹੋਇਆ ਹਮਲਾ ਭਿਆਨਕ ਹੈ। ਮੇਰੀ ਹਮਦਰਦੀ ਉਨ੍ਹਾਂ ਦੋ ਵਿਅਕਤੀਆਂ ਨਾਲ ਹੈ ਜੋ ਜ਼ਖ਼ਮੀ ਹੋਏ ਹਨ ਅਤੇ ਪੂਰੇ ਭਾਈਚਾਰੇ ਨਾਲ ਹੈ ਜੋ ਇਸ ਭਿਆਨਕ ਘਟਨਾ ਤੋਂ  ਪ੍ਰੇਸ਼ਾਨ ਹਨ।”
ਅਲਬਰਟਾ ਦੀ ਪ੍ਰੀਮੀਅਰ ਡੈਨੀ੍ਲ  ਸਮਿਥ ਨੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ  ਹੈ ਅਤੇ ਪਿਛਲੇ ਕੁਝ ਦਿਨਾਂ ਵਿੱਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਦੇ ਮੱਦੇਨਜ਼ਰ ਸਿੱਖ ਭਾਈਚਾਰੇ ਪ੍ਰਤੀ ਸਮਰਥਨ ਪ੍ਰਗਟ ਕੀਤਾ ਹੈ।

ਕੰਸਰਵੇਟਿਵ ਆਗੂ ਪੋਲੀਏਵ ਵਲੋਂ ਹਮਲੇ ਦੀ ਸਖਤ ਨਿੰਦਾ-

ਇਸੇ ਦੌਰਾਨ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲਏਵ ਨੇ ਟਵੀਟ ਰਾਹੀਂ  ਐਡਮਿੰਟਨ ਦੇ ਸਿੱਖ ਗੁਰਦੁਆਰੇ ‘ਤੇ ਹੋਇਆ ਹਿੰਸਕ ਹਮਲਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਕੈਨੇਡਾ ਵਿੱਚ ਹਰ ਕਿਸੇ ਨੂੰ ਸ਼ਾਂਤੀ ਅਤੇ ਸੁਰੱਖਿਆ ਨਾਲ ਪੂਜਾ ਕਰਨ ਦੀ ਆਜ਼ਾਦੀ  ਹੈ। ਹਮਲਾਵਰ ਨੂੰ ਕਾਨੂੰਨ ਦੀ ਪੂਰੀ ਤਾਕਤ ਦਾ ਸਾਹਮਣਾ ਕਰਨਾ ਚਾਹੀਦਾ ਹੈ, ਅਤੇ ਅਧਿਕਾਰੀਆਂ ਨੂੰ ਇਸ ਹਿੰਸਾ ਦੀ ਤਹਿ ਤੱਕ ਪਹੁੰਚਣ ਦੀ ਲੋੜ ਹੈ। ਅਸੀਂ ਪੀੜਤਾਂ ਦੀ ਪੂਰੀ ਅਤੇ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ਅਤੇ ਅਸੀਂ ਐਡਮਿੰਟਨ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਖੜ੍ਹੇ ਹਾਂ।
ਐਡਮਿੰਟਨ ਤੋਂ ਕੰਸਰਵੇਟਿਵ ਐਮ ਪੀ ਟਿੰਮ ਉਪਲ ਨੇ ਕਿਹਾ ਹੈ ਕਿ ਮੈਂ ਅੱਜ ਸਵੇਰੇ ਐਡਮਿੰਟਨ ਨਾਨਕਸਰ ਗੁਰਦੁਆਰੇ ‘ਤੇ ਗੁਰੂ ਗ੍ਰੰਥ ਸਾਹਿਬ  ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਅਤੇ 2 ਸੇਵਾਦਾਰਾਂ  ਨੂੰ ਚਾਕੂ ਮਾਰਨ ਵਾਲੇ ਭਿਆਨਕ ਹਿੰਸਕ ਹਮਲੇ ਤੋਂ ਬਹੁਤ ਦੁਖੀ ਹਾਂ। ਸਿੱਖ ਵਿਰੋਧੀ ਨਫ਼ਰਤ ਦੇ ਉਭਾਰ, ਔਨਲਾਈਨ ਨਫ਼ਰਤ ਤੋਂ ਲੈ ਕੇ ਹਿੰਸਕ ਹਮਲਿਆਂ ਤੱਕ, ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਡਾ ਭਾਈਚਾਰਾ, ਸਾਡਾ ਸੂਬਾ, ਸਾਡਾ ਦੇਸ਼ ਅਜਿਹਾ ਨਹੀਂ ਹੋ ਸਕਦਾ। ਸਾਡੇ ਭਾਈਚਾਰਿਆਂ ਵਿੱਚ ਇਸ ਹਿੰਸਾ ਅਤੇ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਸਾਨੂੰ ਸਾਰਿਆਂ ਨੂੰ ਇਸ ਸਮੇਂ ਆਪਣੇ ਐਡਮਿੰਟਨ ਸਿੱਖ ਭਾਈਚਾਰੇ ਨਾਲ ਇਕਮੁੱਠ ਹੋਣ ਦੀ ਲੋੜ ਹੈ।

Leave a Reply

Your email address will not be published. Required fields are marked *