Oct 3, 2026

-ਮਲਕੀਤ ਸਿੰਘ-
ਵੈਨਕੂਵਰ, 22 ਅਗਸਤ – ਪਿਛਲੇ ਤਕਰੀਬਨ ਇੱਕ ਸਾਲ  ਤੋਂ ਕੈਨੇਡਾ ਦੇ ਰਿਹਾਇਸ਼ੀ ਬਾਜ਼ਾਰ ਵਿੱਚ ਲਗਾਤਾਰ  ਚੱਲ ਰਹੇ ਆਰਥਿਕ ਮੰਦਵਾੜੇ ਨੇ ਇੱਕ ਤਰ੍ਹਾਂ ਨਾਲ ਮੱਧ ਵਰਗ ਦੀ ਸ਼੍ਰੇਣੀ ‘ਚ ਆਉਂਦੇ ਇੱਥੇ ਵੱਸਦੇ ਹਜ਼ਾਰਾਂ ਪਰਿਵਾਰਾਂ ਅਤੇ ਨਿਵੇਸ਼ਕਾਂ ਦੀ ਆਰਥਿਕਤਾ ਹਿਲਾ ਦਿੱਤੀ ਜਾਪਦੀ  ਹੈ
ਕੈਨੇਡਾ ਦੇ ਮਹਾਨਗਰਾਂ ਟੋਰਾਂਟੋ, ਬਰੈਂਪਟਨ, ਕੈਲਗਰੀ ਅਤੇ ਐਡਮਿੰਟਨ  ਤੋ ਸ਼ੁਰੂ ਹੋਇਆ ਆਰਥਿਕ ਮੰਦਵਾੜੇ ਦਾ ਇਹ ਰੁਝਾਨ ਕਿਸੇ ‘ਵਾਵਰੋਲੇ’ ਵਾਂਗ  ਹੁਣ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਹਾਂਨਗਰਾਂ ਵੈਨਕੂਵਰ,ਸਰੀ ਅਤੇ ਐਫਸਫੋਰਡ ਵੱਲ ਸਰਕ ਚੁੱਕਿਐ ਮਹਿਸੂਸ ਹੋ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਘਰਾਂ ਦੀਆਂ ਕੀਮਤਾਂ ‘ਚ ਆਈ ਗਿਰਾਵਟ ਕਾਰਨ ਕਈ ਪਰਿਵਾਰਾਂ ਅਤੇ ਨਿਵੇਸ਼ਕਾਂ ਦੇ ਵਿੱਤੀ ਸੰਕਟ ਦੀ ਅਣਕਿਆਸੀ ਘੁੰਮਣਘੇਰੀ ‘ਚ ਵਿੱਚ ਘਿਰ ਜਾਣ ਦੀਆਂ ਚਰਚਾਵਾਂ ਆਮ ਸੁਣੀਆਂ ਜਾ ਸਕਦੀਆਂ ਹਨ। ਇਸ ਸਬੰਧੀ ਵੱਖ-ਵੱਖ ਪਹਿਲੂਆਂ ਤੇ ਕੀਤੀ ਗਈ ਘੋਖ ਅਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੋਰੋਨਾ ਮਹਾਮਾਰੀ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬੀਆਂ ਸਮੇਤ ਦੂਸਰੇ ਭਾਈਚਾਰੇ ਦੇ ਲੋਕਾਂ  ਨੇ ਕੈਨੇਡਾ ਵਿੱਚ ਨਿਵੇਸ਼ ਦੇ ਉਦੇਸ਼ ਨਾਲ ਘਰ ਖਰੀਦੇ ਸਨ। ਉਸ ਵੇਲੇ ਕਈ ਘਰਾਂ ਦੀ ਔਸਤਨ ਕੀਮਤ 11 ਲੱਖ ਤੋਂ 13 ਲੱਖ ਕੈਨੇਡੀਅਨ ਡਾਲਰ ਤੱਕ ਹੋਣੀ ਅਨੁਮਾਨੀ ਗਈ  ਸੀ, ਪਰ ਹੁਣ ਆਰਥਿਕ ਮੰਦਵਾੜੇ ਕਾਰਨ ਕਈ ਖੇਤਰਾਂ ਵਿੱਚ ਇਹੀ ਕੀਮਤ ਘਟ ਕੇ 9 ਲੱਖ ਤੋਂ 11 ਲੱਖ ਕੈਨੇਡੀਅਨ ਡਾਲਰ ਰਹਿ ਗਈ ਦੱਸੀ ਜਾਂਦੀ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਕੈਨੇਡਾ ਦੇ  ਟੋਰਾਂਟੋ ਏਰੀਏ ਵਿੱਚ ਲੰਘੀ  ਜਨਵਰੀ ਮਹੀਨੇ ਵਿੱਚ ਸਿਰਫ 268 ਘਰਾਂ ਦੀ ਵਿਕਰੀ ਹੋਣ ਦੇ ਅੰਕੜੇ ਸਾਹਮਣੇ ਆਏ ਹਨ
ਰੀਅਲ ਅਸਟੇਟ ਜਗਤ ਨਾਲ ਜੁੜੇ ਪੰਜਾਬੀ ਮੂਲ ਦੇ ਉਘੇ ਨੌਜਵਾਨ ਰਿਐਲਟਰ (ਪ੍ਰਾਪਰਟੀ ਡੀਲਰ) ਪ੍ਰੈਟੀ ਰਸੂਲਪੁਰ  ਦਾ ਮੰਨਣਾ ਸੀ ਕਿ 1981 ਵਿੱਚ ਘਰੇਲੂ ਮਾਰਕੀਟ ‘ਚ ਆਈ ਕਮੀ  ਵਰਗੀ ਮੰਦਹਾਲੀ ਕਈ ਦਹਾਕਿਆਂ ਬਾਅਦ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਘਰਾਂ ਦੀਆਂ ਕੀਮਤਾਂ ਦੇ ਔਸਤਨ ਗ੍ਰਾਫ ਵਿੱਚਲੀ  ਕਮੀ 15 ਤੋਂ 20 ਫੀਸਦੀ ਹੇਠਾਂ ਆਈ ਸਪਸ਼ਟ ਰੂਪ ਵਿੱਚ ਵੇਖੀ ਜਾ ਸਕਦੀ ਹੈ
ਰੀਅਲ ਅਸਟੇਟ ਨਾਲ ਜੁੜੇ ਲੋਕਾਂ ਮੁਤਾਬਕ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਕਈ ਨਿਵੇਸ਼ਕਾਂ ਅਤੇ ਘਰਾਂ ਦੇ ਮਾਲਕਾਂ  ਨੂੰ ਪ੍ਰਤੀ ਜਾਇਦਾਦ ਲਗਭਗ 1ਕਰੋੜ ਤੋਂ ਡੇਢ  ਕਰੋੜ ਰੁਪਏ ਤੱਕ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਬਹੁਤ ਸਾਰੇ ਲੋਕਾਂ ਨੇ ਇਹ ਸੋਚ ਕੇ ਘਰ ਖਰੀਦੇ ਸਨ ਕਿ ਕਿਰਾਏ ਦੀ ਆਮਦਨ ਨਾਲ ਘਰ ਦੀਆਂ ਕਿਸ਼ਤਾਂ ਆਸਾਨੀ ਨਾਲ ਭਰੀਆਂ ਜਾਣਗੀਆਂ, ਪਰ ਹੁਣ ਪੰਜਾਬੀ ਦੀ ਕਹਾਵਤ ‘ਆਪੋ ਫਸੀਏ, ਤੈਨੂੰ ਕੌਣ ਛੁਡਾਵੇ’ ਵਰਗੇ ਬਣੇ ਉਲਟੇ ਹਾਲਾਤਾਂ ਨੇ ਉਨ੍ਹਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ  ਜਾਪਦਾ ਹੈ
ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵਸਨੀਕਾਂ ਦੀ ਗਿਣਤੀ ਸੀਮਤ ਕਰਨ ਤੋਂ ਬਾਅਦ ਕਿਰਾਏ ਦੇ ਘਰਾਂ ਅਤੇ ਰਿਹਾਇਸ਼ੀ  ਬੇਸਮੈਂਟਾਂ ਦੀ ਮੰਗ ਵਿੱਚ ਵੀ ਕਮੀ ਆਈ ਹੈ। ਭਾਰਤੀ ਅਤੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਘਟਣ ਕਾਰਨ ਵੈਨਕੂਵਰ,ਬਰੈਂਪਟਨ, ਸਰੀ ਅਤੇ ਟੋਰਾਂਟੋ ਵਰਗੇ ਵੱਡੇ ਸ਼ਹਿਰਾਂ ਵਿੱਚ ਬੇਸਮੈਂਟਾਂ ਅਤੇ ਕਮਰਿਆਂ ਦੇ ਕਿਰਾਇਆਂ ਤੇ ਵੀ ਅਸਰ ਪਿਆ ਹੈ ਪ੍ਰਾਪਤ ਵੇਰਵਿਆਂ ਮੁਤਾਬਕ ਪਿਛਲੇ ਇੱਕ ਸਾਲ ਤੋਂ ਕਿਰਾਏ ਲਗਾਤਾਰ ਘਟ ਰਹੇ ਹਨ, ਜਿਸ ਨਾਲ ਮਕਾਨ ਮਾਲਕਾਂ ਦੀ ਆਮਦਨ ਪ੍ਰਭਾਵਿਤ ਹੋਈ ਹੈ।
ਰੀਅਲ ਸਟੇਟ ਕਾਰੋਬਾਰ ਨਾਲ ਜੁੜੇ ਇੱਕ ਹੋਰ ਰਿਐਲਟਰ  ਸੰਦੀਪ ਤੂਰ ਦਾ ਤਰਕ ਸੀ ਕਿ ਇਸ ਸੰਕਟ ਦਾ ਇੱਕ ਹੋਰ ਵੱਡਾ ਕਾਰਨ ਘਰਾਂ ਦੇ ਕਰਜ਼ਿਆਂ ਦੀਆਂ ਵਧੀਆਂ ਬੈਂਕ ਵਿਆਜ ਦਰਾਂ ਨੂੰ ਵੀ ਮੰਨਿਆ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਨੇ 2020 ਅਤੇ 2021 ਵਿੱਚ ਘੱਟ ਵਿਆਜ ਦਰਾਂ ‘ਤੇ ਕਰਜ਼ੇ ਲਏ ਸਨ, ਉਨ੍ਹਾਂ ਨੂੰ ਹੁਣ ਬੈਂਕ ਦੀਆਂ ਵਧੀਆਂ ਵਿਆਜ ਦਰਾਂ ਮਗਰੋਂ ਮਾਸਕ ਕਿਸ਼ਤਾਂ ਦੇਣੀਆਂ ਔਖੀਆਂ ਹੋ ਰਹੀਆ  ਹਨ।
ਇਸ ਸਬੰਧੀ ਉਪਲਬਧ ਹੋਰਨਾ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ 90 ਦਿਨ ਜਾਂ ਇਸ ਤੋਂ ਵੱਧ ਸਮੇਂ ਲਈ ਘਰ ਦਾ ਕਰਜ਼ਾ ਨਾ  ਮੋੜਨ ਵਾਲਿਆਂ ਦੀ ਦਰ 24 ਤੋਂ 28 ਫੀਸਦੀ ਦੇ ਵਿਚਕਾਰ ਪਹੁੰਚ ਗਈ ਹੈ। ਜਦੋਂ ਕਿ ਪੰਜਾਬੀ ਬਹੁਗਿਣਤੀ ਵਸੋਂ  ਵਾਲੇ ਓਨਟਾਰੀਓ ਵਿੱਚ ਇਹ ਦਰ 36 ਫੀਸਦੀ ਤੱਕ ਪਹੁੰਚ ਜਾਣ ਦੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇਹ ਦਰ 25 ਫੀਸਦੀ ਹੋਣੀ ਦੱਸੀ  ਜਾ ਰਹੀ  ਹੈ।
ਕੁਝ ਮਹਾਨਗਰਾਂ  ਵਿੱਚ ਘਰਾਂ ਦਾ ਕਰਜ਼ਾ ਨਾ ਮੋੜਨ  ਦੇ ਮਾਮਲਿਆਂ ਵਿੱਚ  ਚਿੰਤਾਜਨਕ  ਵਾਧਾ ਵੀ ਦੇਖਿਆ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬੇਰੁਜ਼ਗਾਰੀ ਵਧਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਜਾਇਦਾਦਾਂ ਦੀ ਜ਼ਬਤੀ ਦੇ ਮਾਮਲੇ ਵੀ ਵੱਧ ਸਕਦੇ ਹਨ। ਰੀਅਲ ਅਸਟੇਟ ਮਾਹਰਾਂ ਦਾ ਕਹਿਣਾ ਹੈ ਕਿ ਹੁਣ ਘਰ ਪਹਿਲਾਂ ਵਾਂਗ ਨਹੀਂ ਵਿਕ ਰਹੇ ਕਈ ਘਰ ਵੇਚਣ ਲਈ   ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਕਈ ਵਾਰ ਤਾਂ ਘਰ ਵੇਚਣ ਲਈ ਵਾਰ ਵਾਰ ਘੱਟ ਕੀਮਤ ਸ਼ੋਅ ਕਰਨੀ ਪੈਂਦੀ ਹੈ ਉਨਾਂ ਇਹ ਵੀ ਦੱਸਿਆ ਕਿ ਸਾਲ 2021 ਦੇ 2022 ‘ਚ ਇੱਕੋ ਘਰ ਲਈ ਕਈ ਕਈ ਪੇਸ਼ਕਸ਼ਾਂ ਆਉਂਦੀਆਂ ਸਨ, ਪਰੰਤੂ ਹੁਣ ਹਾਲਾਤ ਉਲਟ ਹਨ ਕਿਉਂਕਿ ਘਰਾਂ ਦੇ ਨਵੇਂ ਖਰੀਦਦਾਰ  ‘ਤੇਲ ਵੇਖੋ, ਤੇ ਤੇਲ ਦੀ ਧਾਰ ਵੇਖੋ..!’ ਵਾਲੀ ਨੀਤੀ ਅਪਣਾਉਂਦਿਆਂ  ਘਰਾਂ ਦੀਆਂ ਕੀਮਤਾਂ ਹੋਰ ਘਟ ਜਾਣ ਦੀ ਆਸ ਵਿੱਚ ਫਿਲਹਾਲ ‘ਸਬਰ’ ਰੱਖਣ ਨੂੰ ਤਰਜੀਹ ਦੇ ਰਹੇ ਹਨ ਭਾਵੇਂ ਕਿ ਇਸ ਕਾਰੋਬਾਰ ਨਾਲ ਜੁੜੇ ਕੁਝ ਲੋਕਾਂ ਵੱਲੋਂ ਅਗਲੇ ਸਾਲ ਤੋਂ ਘਰਾਂ ਦੀਆਂ ਕੀਮਤਾਂ ‘ਚ ਵਾਧਾ ਹੋਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ, ਪਰੰਤੂ ਅਜਿਹੇ ਅੰਦਾਜਿਆਂ ਨੂੰ ਫਿਲਹਾਲ ਭਵਿੱਖ ਦੇ ਗਰਭ ਵਿੱਚ ਛੁਪਿਆ ਇੱਕ ਸਵਾਲ ਹੀ ਮੰਨਿਆ ਜਾ ਸਕਦਾ ਹੈ।
ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਸਾਲ 2021 ਤੋਂ  ਮਕਾਨਾ ਦੀ ਵਿਕਰੀ ਘਟਣ ਕਾਰਨ ਕੈਨੇਡਾ ਦੇ ਕੁਝ ਹੋਰਨਾ ਸੂਬਿਆਂ ਵਾਂਗ ਬ੍ਰਿਟਿਸ਼ ਕੋਲੰਬੀਆ ਸੂਬੇ ਨਾਲ ਸੰਬੰਧਿਤ ਰਿਐਲਟਰਾਂ ਦੀ ਗਿਣਤੀ ਦੇ ਗ੍ਰਾਫ ਵਿੱਚ ਵੀ ਕਮੀ ਆਉਣ ਦਾ ਰੁਝਾਨ ਦਰਜ ਕੀਤਾ ਗਿਆ ਹੈ।

error: Content is protected !!