Screenshot
ਗੋਲਡੀ ਬਰਾੜ ਨੇ ਹਰਦੀਪ ਨਿੱਝਰ ਨੂੰ ਮਾਰਨ ਦੀ ਕਾਰਵਾਈ ਨੂੰ ਦੱਸਿਆ ਨਿੱਜੀ ਮਸਲਾ-
ਗੈਂਗਸਟਰ ਅਰਸ਼ ਡੱਲਾ ਨੂੰ ਦੱਸਿਆ ਨਸ਼ਿਆਂ ਦਾ ਵਪਾਰੀ-ਅਰਸ਼ ਡੱਲਾ ਵਲੋਂ ਮੋੜਵਾਂ ਜਵਾਬ-
ਸਿਖਸ ਫਾਰ ਜਸਟਿਸ ਦੇ ਆਗੂ ਪੰਨੂ ਵਲੋਂ ਗੋਲਡੀ ਬਰਾੜ ਤੇ ਰਾਅ ਦਾ ਏਜੰਟ ਹੋਣ ਦੇ ਦੋਸ਼-
ਵੈਨਕੂਵਰ ( ਸੋਸ਼ਲ ਮੀਡੀਆ ਸਰੋਤ)-ਬੀਤੇ ਇਕ ਦੋ ਦਿਨਾਂ ਤੋਂ ਬਦਨਾਮ ਗੈਂਗਸਟਰ ਗੋਲਡੀ ਬਰਾੜ ਤੇ ਖਾਲਿਸਤਾਨੀ ਆਗੂ ਪਰਮਜੀਤ ਸਿੰਘ ਪੰਮਾ ਵਿਚਾਲੇ ਗੱਲਬਾਤ ਦੀ ਇਕ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ ਉਪਰ ਲੀਕ ਹੋਣ ਦੀ ਭਾਰੀ ਚਰਚਾ ਹੈ। ਇਸ ਆਡੀਓ ਵਿਚ ਗੈਂਗਸਟਰ ਗੋਲਡੀ ਬਰਾੜ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਨੂੰ ਕਤਲ ਕਰਵਾਏ ਜਾਣ ਦੀ ਜਿੰਮੇਵਾਰੀ ਕਬੂਲਦਿਆਂ, ਇਸ ਵਿਚ ਕਿਸੇ ਭਾਰਤੀ ਏਜੰਸੀ ਦਾ ਹੱਥ ਹੋਣ ਤੋਂ ਇਨਕਾਰ ਕਰਦਿਆਂ ਇਹ ਕਹਿੰਦਾ ਹੈ ਕਿ ਉਸਨੇ ਇਹ ਕਤਲ ਉਸਦੇ ਵਿਰੋਧੀ ਗੈਂਗਸਟਰ ਅਰਸ਼ ਡੱਲਾ ਦੀ ਨਿੱਝਰ ਨਾਲ ਨੇੜਤਾ ਅਤੇ ਉਸਦੇ ਗਰੁੱਪ ਦਾ ਨੁਕਸਾਨ ਕਰਵਾਏ ਜਾਣ, ਉਸਦੇ ਆਪਣੇ ਭਰਾ ਦਾ ਕਤਲ ਹੋਣ ਦੇ ਬਦਲੇ ਵਜੋਂ ਨਿੱਜੀ ਦੁਸ਼ਮਣੀ ਵਜੋਂ ਕਰਵਾਇਆ ਸੀ। ਆਡੀਓ ਵਿਚ ਗੈਂਗਸਟਰ ਗੋਲਡੀ ਬਰਾੜ ਖਾਲਿਸਤਾਨੀ ਆਗੂ ਪੰਮਾ ਨੂੰ ਇਹ ਕਹਿੰਦਾ ਸੁਣਾਈ ਦਿੰਦਾ ਹੈ ਕਿ ਭਾਈ ਨਿੱਝਰ ਦੇ ਕਤਲ ਦੇ ਬਦਲੇ ਵਿਚ ਖਾਲਿਸਤਾਨੀ ਉਸਦਾ ਕਤਲ ਵੀ ਕਰਵਾ ਸਕਦੇ ਹਨ ਪਰ ਇਸ ਮਾਮਲੇ ਨੂੰ ਖਾਲਿਸਤਾਨ ਜਾਂ ਕਿਸੇ ਧਰਮ ਨਾਲ ਨਾ ਜੋੜਿਆ ਜਾਵੇ। ਉਹ ਆਪਣੇ ਆਪਨੂੰ ਸਿੱਖ ਕੌਮ ਦਾ ਖੈਰਖੁਆਹ ਦਸਦਿਆਂ ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਬੇਅਦਬੀਆਂ ਦੇ ਦੋਸ਼ੀਆਂ ਖਿਲਾਫ ਹਿੰਸਕ ਕਾਰਵਾਈਆਂ ਲਈ ਆਪਣੀ ਪਿੱਠ ਥਾਪੜਦਾ ਹੈ। ਉਹ ਖੁਦ ਨੂੰ ਆਜ਼ਾਦੀ ਦੀ ਲੜਾਈ ਲੜਨ ਵਾਲਿਆਂ ਵਾਂਗ ਕੌਮ ਦਾ ਮੁਹਾਫਿਜ ਦਸਦਾ ਹੈ। ਖਾਲਿਸਤਾਨੀ ਆਗੂ ਪਰਮਜੀਤ ਪੰਮਾ ਜੋ ਉਸਨੂੰ ਵਾਰ ਮੇਰੇ ਭਰਾ, ਵੀਰ ਤੇ ਹੋਰ ਨੇੜਤਾ ਪ੍ਰਗਟ ਕਰਦੇ ਸ਼ਬਦਾਂ ਨਾਲ ਸੰਬੋਧਨ ਹੁੰਦਾ ਹੈ, ਉਸਦੀਆਂ ਕਈ ਗੱਲਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਭਾਈ ਨਿੱਝਰ ਦਾ ਕਤਲ ਕਰਵਾਏ ਜਾਣ ਨੂੰ ਵੱਡੀ ਗਲਤੀ ਕਹਿੰਦਾ ਹੈ ਤੇ ਨਾਲ ਹੀ ਇਹ ਵੀ ਕਹਿੰਦਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਭਾਈ ਨਿੱਝਰ ਦਾ ਕਤਲ ਉਸਦੇ ਸਾਥੀਆਂ ਨੇ ਕੀਤਾ ਪਰ ਇਸਦੇ ਬਾਵਜੂਦ ਉਹਨਾਂ ਕਦੇ ਗੋਲਡੀ ਬਰਾੜ ਦਾ ਨਾਮ ਨਹੀ ਲਿਆ ਬਲਕਿ ਹਮੇਸ਼ਾ ਇੰਡੀਆ ਸਰਕਾਰ ਅਤੇ ਏਜੰਸੀਆਂ ਦਾ ਹੀ ਨਾਮ ਲਿਆ ਹੈ।
ਇਸ ਗੱਲਬਾਤ ਦੌਰਾਨ ਗੋਲਡੀ ਬਰਾੜ ਗੈਂਗਸਟਰ ਅਰਸ਼ ਡਾਲਾ ਜਿਸਨੂੰ ਪਿਛਲੇ ਸਮੇਂ ਦੌਰਾਨ ਕੈਨੇਡਾ ਪੁਲਿਸ ਨੇ ਇਕ ਗੋਲੀਬਾਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ, ਨਸ਼ਿਆਂ ਦਾ ਵਪਾਰੀ ਹੋਣ ਦੇ ਦੋਸ਼ ਲਗਾਉਂਦਿਆਂ ਆਪਣਾ ਵੱਡਾ ਦੁਸ਼ਮਣ ਗਰਦਾਨਦਾ ਹੈ। ਗੋਲਡੀ ਭਾਈ ਨਿੱਝਰ ਉਪਰ ਅਰਸ਼ ਡੱਲਾ ਤੇ ਉਸਦੇ ਸਾਥੀਆਂ ਨੂੰ ਗੁਰਦੁਆਰਾ ਅਤੇ ਆਪਣੇ ਘਰ ਵਿਚ ਪਨਾਹ ਦੇਣ, ਉਹਨਾਂ ਵਰਕ ਪਰਮਿਟ ਦਿਵਾਉਣ, ਇਥੋਂ ਤੱਕ ਕਿ ਪਾਕਿਸਤਾਨੀ ਏਜੰਸੀ ਤੋਂ ਹਥਿਆਰ ਦਿਵਾਉਣ ਦੇ ਵੀ ਦੋਸ਼ ਲਗਾਉਂਦਾ ਹੈ।
ਗੈਂਗਸਟਰ ਗੋਲਡੀ ਬਰਾੜ ਤੇ ਪਰਮਜੀਤ ਸਿੰਘ ਪੰਮਾ ਦੀ ਆਡੀਓ ਤੋਂ ਬਾਦ ਗੈਂਗਸਟਰ ਅਰਸ਼ ਡੱਲਾ ਵਲੋਂ ਇਕ ਆਡੀਓ ਸੋਸ਼ਲ ਮੀਡੀਆ ਉਪਰ ਜਾਰੀ ਕਰਦਿਆਂ ਗੋਲਡੀ ਦੇ ਦੋਸ਼ਾਂ ਨੂੰ ਝੁਠਲਾਉਂਦਿਆਂ ਉਸਨੂੰ ਵੰਗਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਰਸ਼ ਡੱਲਾ ਜਿਸਨੂੰ ਕੁਝ ਸਮਾਂ ਪਹਿਲਾਂ ਜਬਰੀ ਵਸੂਲੀ ਤੇ ਗੋਲੀਬਾਰੀ ਦੇ ਮਾਮਲੇ ਵਿਚ ਕੈਨੇਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਦੀ ਅਸਲ ਲੋਕੇਸ਼ਨ ਬਾਰੇ ਕੋਈ ਜਾਣਕਾਰੀ ਨਹੀ ਹੈ।
ਪਿਛਲੇ 24 ਘੰਟਿਆਂ ਵਿੱਚ ਵਾਇਰਲ ਹੋਈਆਂ ਕਈ ਆਡੀਓਜ਼ ਵਿੱਚ, ਗੋਲਡੀ ਬਰਾੜ ਨੇ ਪਹਿਲਾਂ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਦੀ ਗੱਲ ਸਵੀਕਾਰ ਕੀਤੀ। ਇਸ ਦੇ ਜਵਾਬ ਵਿੱਚ ਡੱਲਾ ਨੇ ਬਦਲੇ ਦੀਆਂ ਧਮਕੀਆਂ ਦਿੱਤੀਆਂ, ਜਿਸ ਤੋਂ ਬਾਅਦ ਬਰਾੜ ਨੇ ਇੱਕ ਹੋਰ ਆਡੀਓ ਜਾਰੀ ਕਰਦਿਆਂ ਦੋਸ਼ ਲਾਇਆ ਕਿ ਡੱਲਾ ਕੈਨੇਡਾ ਦੇ ਹੈਮਿਲਟਨ ਵਿੱਚ ਇੱਕ ਹਮਲੇ ਦੌਰਾਨ ਵਾਲ-ਵਾਲ ਬਚਿਆ ਹੈ, ਉਸਨੂੰ ਗੁਪਤ ਰੂਪ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ ਹੁਣ ਉਹ ਪੁਲੀਸ ਦੀ ਨਿਗਰਾਨੀ ਹੇਠ ਹੈ ਅਤੇ ਉਸਦੇ ਪੈਰ ਵਿੱਚ ਇੱਕ ਟਰੈਕਿੰਗ ਡਿਵਾਈਸ ਫਿੱਟ ਕੀਤਾ ਗਿਆ ਹੈ।ਬਰਾੜ ਨੇ ਅੱਗੇ ਦਾਅਵਾ ਕੀਤਾ ਕਿ 2024 ਵਿੱਚ ਕੌਮੀ ਜਾਂਚ ਏਜੰਸੀ ਵੱਲੋਂ ਡੱਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਜਦੋਂ 5 ਕਿਲੋ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ, ਜੋ ਕਥਿਤ ਤੌਰ ’ਤੇ ਸਟੱਡੀ ਵੀਜ਼ਾ ‘ਤੇ ਗਏ ਪੰਜਾਬੀ ਨੌਜਵਾਨਾਂ ਵਿੱਚ ਵੰਡਣ ਲਈ ਕੈਨੇਡਾ ਤਸਕਰੀ ਕੀਤੇ ਜਾਣੇ ਸਨ।
ਪਹਿਲੀ ਆਡੀਓ ਵਿੱਚ ਬਰਾੜ ਨੇ ਨਿੱਝਰ ‘ਤੇ ਡੱਲਾ ਨੂੰ ਪਨਾਹ ਦੇਣ, ਉਸਨੂੰ ਹਥਿਆਰ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ, ਅਤੇ ਨੌਜਵਾਨਾਂ ਵਿੱਚ ਨਸ਼ਾਖੋਰੀ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਗਾਏ ਹਨ। ਇਸ ਦੇ ਜਵਾਬ ਵਿੱਚ ਡੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ 15 ਮਿੰਟ ਦਾ ਵੀਡੀਓ ਜਾਰੀ ਕਰਦਿਆਂ ਬਰਾੜ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
ਉਸ ਨੇ ਦਾਅਵਾ ਕੀਤਾ ਕਿ ਉਹ ਕਤਲ ਤੋਂ ਲਗਪਗ ਇੱਕ ਸਾਲ ਪਹਿਲਾਂ ਤੱਕ ਨਿੱਝਰ ਨੂੰ ਨਹੀਂ ਮਿਲਿਆ ਸੀ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਨਿੱਝਰ ਨੇ ਉਸ ਨੂੰ ਪੈਸੇ, ਪਨਾਹ ਜਾਂ ਹਥਿਆਰ ਦਿੱਤੇ ਸਨ। ਡੱਲਾ ਅਤੇ ਬਰਾੜ ਦੋਵਾਂ ਨੇ ਇੱਕ-ਦੂਜੇ ‘ਤੇ ਏਜੰਸੀਆਂ ਲਈ ਕੰਮ ਕਰਨ ਦੇ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਭਾਈ ਨਿੱਝਰ ਨੂੰ 2023 ਵਿੱਚ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਗੋָਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਜਿਸ ਨਾਲ ਭਾਰਤ ਅਤੇ ਕੈਨੇਡਾ ਵਿਚਕਾਰ ਸਭ ਤੋਂ ਮਾੜਾ ਕੂਟਨੀਤਕ ਸੰਕਟ ਪੈਦਾ ਹੋ ਗਿਆ ਸੀ। ਬਰਾੜ, ਜੋ ਪਹਿਲਾਂ ਹੀ ਭਾਰਤ ਵਿੱਚ ਲੋੜੀਂਦਾ ਹੈ ਅਤੇ ਸਿੱਧੂ ਮੂਸੇਵਾਲਾ ਸਮੇਤ ਕਈ ਕਤਲਾਂ ਲਈ ਅਮਰੀਕਾ ਦੀ ਸਭ ਤੋਂ ਵੱਧ ਲੋੜੀਂਦੀ ਸੂਚੀ ਵਿੱਚ ਹੈ, ਨੇ ਆਪਣੇ ਤਾਜ਼ਾ ਦਾਅਵੇ ਖਾਲਿਸਤਾਨੀ ਅਤਿਵਾਦੀ ਪਰਮਜੀਤ ਸਿੰਘ ਪੰਮਾ ਨਾਲ ਕਥਿਤ ਗੱਲਬਾਤ ਦੌਰਾਨ ਕੀਤੇ ਹਨ।
ਨਿੱਝਰ ਦੇ ਕਤਲ ਦੇ ਮੁਲਜ਼ਮ ਕਰਨ ਬਰਾੜ ਨੂੰ ਰਾਅ ਨੇ ਦਿੱਤੇ ਸੀ ਪੈਸੇ …ਗੁਰਪਤਵੰਤ ਪੰਨੂ ਨੇ ਦੋਸ਼ ਲਗਾਏ
ਖਾਲਿਸਤਾਨੀ ਆਗੂ ਪਰਮਜੀਤ ਸਿੰਘ ਪੰਮਾ ਤੇ ਗੈਂਗਸਟਰ ਗੋਲਡੀ ਬਰਾੜ ਵਿਚਾਲੇ ਗੱਲਬਾਤ ਦੀ ਆਡੀਓ ਸੋਸ਼ਲ ਮੀਡੀਆ ਤੇ ਲੀਕ ਹੋਣ ਉਪਰੰਤ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ਉਪਰ ਇਕ ਵੀਡੀਓ ਸੰਦੇਸ਼ ਰਾਹੀਂ ਗੋਲਡੀ ਬਰਾੜ ਤੇ ਝੂਠ ਬੋਲਣ ਅਤੇ ਏਜੰਸੀਆਂ ਦੇ ਕਹਿਣ ਤੇ ਲੋਕਾਂ ਨੂੰ ਗੁੰਮਰਾਹ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਪੰਨੂੰ ਨੇ ਆਪਣੀ ਵੀਡੀਓ ਵਿਚ ਕਿਹਾ ਹੈ ਕਿ ਅਸੀਂ ਸ਼ਹੀਦ ਨਿੱਝਰ ਦੇ ਕਤਲ ਦੇ ਮੁਲਜ਼ਮ ਨੂੰ ਓਟਾਵਾ ਵਿੱਚ ਭਾਰਤੀ ਖੁਫੀਆ ਏਜੰਸੀਆ ਰਾਅ ਦੇ ਮੁਖੀ ਵੱਲੋਂ ਦਿੱਤੀ ਗਈ ‘ਕਿੱਲ ਮਨੀ’ ਦੇ ਸਬੂਤ ਮੁਕੱਦਮੇ ਦੇ ਵਿਚਕਾਰ ਜਾਰੀ ਕਰਨ ਲਈ ਮਜਬੂਰ ਹਾਂ, ਤਾਂ ਜੋ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਪਰਦਾਪੋਸ਼ੀ ਦੇ ਯਤਨਾਂ ਨੂੰ ਬੇਨਕਾਬ ਕੀਤਾ ਜਾ ਸਕੇ। ਭਾਰਤ ਪ੍ਰੌਕਸੀ ਗੈਂਗਾਂ ਦੀ ਵਰਤੋਂ ਕਰਕੇ ਸਰਕਾਰੀ ਨਿਰਦੇਸ਼ਾਂ ਹੇਠ ਹੋਏ ਕਤਲ ਨੂੰ ਗੈਂਗਾਂ ਦੀ ਆਪਸੀ ਦੁਸ਼ਮਣੀ ਵਜੋਂ ਪੇਸ਼ ਕਰ ਰਿਹਾ ਹੈ।
ਸਿੱਖਸ ਫ਼ਾਰ ਜਸਟਿਸ ਨੇ ਅੱਜ ਇੱਕ ਤਸਵੀਰ ਜਾਰੀ ਕੀਤੀ ਹੈ, ਜਿਸ ਬਾਰੇ ਸੰਗਠਨ ਦਾ ਦਾਅਵਾ ਹੈ ਕਿ ਇਹ ਦਰਸਾਉਂਦੀ ਹੈ ਕਿ ਸਤੰਬਰ 2023 ਵਿੱਚ ਟਰੂਡੋ ਸਰਕਾਰ ਵੱਲੋਂ ਕੈਨੇਡਾ ਚੋ ਕੱਢੇ ਗਏ ਰਾਅ ਦੇ ਅਧਿਕਾਰੀ ਪਵਨ ਕੁਮਾਰ ਰਾਏ ਵੱਲੋਂ ਕਤਲ ਦੇ ਮੁਲਜ਼ਮ ਕਰਨ ਬਰਾੜ ਤੱਕ “ਕਿੱਲ ਮਨੀ” ਪਹੁੰਚਾਈ ਸੀ।
ਜਾਰੀ ਕੀਤੇ ਕਥਿਤ ਸਬੂਤਾਂ ਵਿੱਚ ਕਤਲ ਦੇ ਮੁਲਜ਼ਮ ਕਰਨ ਬਰਾੜ ਦੀ ਇੱਕ ਤਸਵੀਰ ਵਿਖਾਈ ਗਈ ਹੈ, ਜਿਸ ਵਿੱਚ ਉਹ ਨਕਦੀ ਦੀ ਇੱਕ ਵੱਡੀ ਗੁੱਥੀ ਨਾਲ ਦਿਖਾਈ ਦਿੰਦਾ ਹੈ। ਪੰਨੂ ਦਾ ਮੰਨਣਾ ਹੈ ਕਿ ਇਹ ਰਕਮ ਲਗਭਗ $1 ਲੱਖ ਡਾਲਰ ਦੇ ਕਰੀਬ ਹੈ। ਤਸਵੀਰ ਵਿੱਚ ਬਰਾੜ ਕੋਲ ਇੱਕ ਹਥਿਆਰ ਵੀ ਦਿਖਾਈ ਦਿੰਦਾ ਹੈ। ਜਿਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਹ ਹਥਿਆਰ ਸ਼ਹੀਦ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਜੁੜਿਆ ਹੋਇਆ ਹੈ।
ਸਿਖਸ ਫਾਰ ਜਸਟਿਸ ਉਹ ਦਸਤਾਵੇਜ਼ ਵੀ ਜਾਰੀ ਕਰ ਰਿਹਾ ਹੈ, ਜਿਨ੍ਹਾਂ ਨੂੰ ਆਪਰੇਸ਼ਨਲ ਰਿਕਾਰਡ ਮੰਨਿਆ ਜਾ ਰਿਹਾ ਹੈ। ਉਹਨਾਂ ਦਾ ਦਾਅਵਾ ਹੈ ਕਿ ਇਨ੍ਹਾਂ ਰਿਕਾਰਡਾਂ ਮੁਤਾਬਕ ਕੈਨੇਡਾ ਤੋਂ ਕੱਢੇ ਗਏ ਰਾਅ ਦੇ ਸਟੇਸ਼ਨ ਚੀਫ਼ ਪਵਨ ਕੁਮਾਰ ਰਾਏ ਨੇ ਹਿੱਟ ਟੀਮ ਲਈ $300,000 ਤੋਂ ਵੱਧ ਦੀ ਫੰਡਿੰਗ ਦਾ ਪ੍ਰਬੰਧ ਕੀਤਾ ਸੀ।
ਸਿਖਸ ਫਾਰ ਜਸਟਿਸ ਦੇ ਆਗੂ ਦੇ ਉਕਤ ਦਾਅਵੇ ਦੇ ਨਾਲ ਖਾਲਿਸਤਾਨੀ ਆਗੂ ਪਰਮਜੀਤ ਸਿੰਘ ਪੰਮਾ ਦੀ ਗੈਂਗਸਟਰ ਗੋਲਡੀ ਬਰਾੜ ਨਾਲ ਗੱਲਬਾਤ ਦੀ ਆਡੀਓ ਤੇ ਫਿਰ ਗੈਂਗਸਟਰ ਅਰਸ਼ ਡੱਲਾ ਦੀ ਆਡੀਓ ਵਿਚ ਇਕ ਦੂਸਰੇ ਖਿਲਾਫ ਦੂਸ਼ਣਬਾਜ਼ੀ, ਖੁਦ ਨੂੰ ਸੱਚਾ ਸਾਬਿਤ ਕਰਨ ਅਤੇ ਦੂਸਰੇ ਨੂੰ ਨੀਚਾ ਦਿਖਾਉਣ ਦੀਆਂ ਕੋਸ਼ਿਸ਼ਾਂ ਪਿੱਛੇ ਸੱਚ ਕੀ ਹੈ-ਇਹ ਕੋਈ ਨਹੀ ਜਾਣਦਾ। ਪਰ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣੀ ਆਡੀਓਜ਼ ਦਾ ਸਭ ਤੋਂ ਚਿੰਤਾਜਨਕ ਤੇ ਸੋਚਣ ਵਾਲਾ ਪਹਿਲੂ ਇਹ ਹੈ ਕਿ ਇਕ ਖਾਲਿਸਤਾਨੀ ਆਗੂ ਦੀ ਇਕ ਬਦਨਾਮ ਗੈਂਗਸਟਰ ਵਿਚਾਲੇ ਗੱਲਬਾਤ ਦੇ ਅਰਥ ਕੀ ਹਨ ? ਖਾਲਿਸਤਾਨੀ ਕਾਰਕੁੰਨਾਂ ਤੇ ਗੈਂਗਸਟਰਾਂ ਵਿਚਾਲੇ ਸਾਂਝ ਦੀ ਅਜਿਹੀ ਕਿਹੜੀ ਤੰਦ ਹੈ ਜੋ ਉਹ ਆਪਸ ਵਿਚ ਫੋਨ ਤੇ ਗੱਲਬਾਤ ਕਰ ਰਹੇ ਹਨ। ਕੀ ਮਰਹੂਮ ਨਿੱਝਰ ਦੀ ਗੈਂਗਸਟਰ ਅਰਸ਼ ਡੱਲਾ ਨਾਲ ਕੋਈ ਨੇੜਤਾ ਸੀ। ਭਾਵੇਂਕਿ ਅਰਸ਼ ਡੱਲਾ ਆਪਣੀ ਆਡੀਓ ਵਿਚ ਮਰਹੂਮ ਨਿੱਝਰ ਨਾਲ ਮੇਲਜੋਲ ਰੱਖਣ ਜਾਂ ਕੋਈ ਲਾਭ ਉਠਾਉਣ ਦੇ ਦੋਸ਼ਾਂ ਤੋਂ ਇਨਕਾਰ ਕਰਦਾ ਹੈ ਪਰ ਗੋਲਡੀ ਬਰਾੜ ਵਲੋਂ ਉਸਦੇ ਸਰੀ ਗੁਰਦੁਆਰਾ ਸਾਹਿਬ ਅਤੇ ਨਿੱਝਰ ਦੇ ਘਰ ਠਹਿਰਨ ਦੇ ਦੋਸ਼ ਕਿਊਂ ਲਗਾਏ ਗਏ ਹਨ ? ਅਰਸ਼ ਡੱਲਾ ਜੋ ਪਿਛਲੇ ਸਮੇਂ ਦੌਰਾਨ ਕੈਨੇਡੀਅਨ ਪੁਲਿਸ ਦੀ ਹਿਰਾਸਤ ਵਿਚ ਸੀ, ਦੀ ਜ਼ਮਾਨਤ ਕਿਸ ਵਲੋਂ ਦਿੱਤੀ ਗਈ ਹੈ ਤੇ ਤਾਜ਼ਾ ਆਡੀਓ ਵਿਚ ਉਸਦੀ ਲੋਕੇਸ਼ਨ ਜਾਂ ਸਥਿਤੀ ਕੀ ਹੈ ? – ਇਹ ਨੁਕਤੇ ਕਈ ਗੰਭੀਰ ਸਵਾਲਾਂ ਦੇ ਨਾਲ ਭੰਬਲਭੂਸੇ ਪੈਦਾ ਕਰਨ ਵਾਲੇ ਵੀ ਹਨ।
