Aug 25, 2026

ਸਵਰਗੀ ਜਸਵਿੰਦਰ ਭੱਲਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ-

ਸਰੀ, 24 ਅਗਸਤ (ਮਹੇਸ਼ਇੰਦਰ ਸਿੰਘ ਮਾਂਗਟ)- ਸਵਰਗਵਾਸੀ ਡਾ. ਜਸਵਿੰਦਰ ਸਿੰਘ ਭੱਲਾ ਦੀ ਪਹਿਲੀ ਬਰਸੀ ਮੌਕੇ ਸਰੀ ਦੇ ਗ੍ਰੈਂਡ ਤਾਜ ਬੈਂਕੁਇਟ ਹਾਲ ਵਿਖੇ ਕਰਵਾਏ ਗਏ ਯਾਦਗਾਰੀ ਸਮਾਗਮ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਜਮਾਤੀ ਸਾਥੀਆਂ ਵੱਲੋਂ ਉਨ੍ਹਾਂ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਡਾ. ਜਸਵਿੰਦਰ ਸਿੰਘ ਭੱਲਾ ਦੇ ਕਰੀਬੀ ਸਾਥੀ ਅਤੇ ਉਨ੍ਹਾਂ ਨਾਲ ਲੰਮਾ ਸਮਾਂ ਬਿਤਾਉਣ ਵਾਲੇ ਬਾਲ ਮੁਕੰਦ ਸ਼ਰਮਾ ਵਿਸ਼ੇਸ਼ ਤੌਰ ’ਤੇ ਆਪਣੇ ਪਰਿਵਾਰ ਸਮੇਤ ਕੈਲਗਰੀ ਤੋਂ ਸਰੀ ਪਹੁੰਚੇ। ਸਮਾਗਮ ਦੌਰਾਨ ਬੁਲਾਰਿਆਂ ਨੇ ਡਾ. ਭੱਲਾ ਦੀ ਸਾਦਗੀ, ਹਾਸ-ਮਜ਼ਾਕ, ਮਿਲਾਪੜੇ ਸੁਭਾਅ ਅਤੇ ਪੰਜਾਬੀ ਮਨੋਰੰਜਨ ਜਗਤ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਯਾਦ ਕੀਤਾ।
ਇਸੇ ਲੜੀ ਤਹਿਤ ਉੱਘੇ ਕਾਰੋਬਾਰੀ ਜੇ. ਮਨਿਹਾਸ ਵੱਲੋਂ ਬਾਲ ਮੁਕੰਦ ਸ਼ਰਮਾ ਅਤੇ ਉਨ੍ਹਾਂ ਦੇ ਨਾਲ ਕੈਲਗਰੀ ਤੋਂ ਆਏ ਪਰਿਵਾਰਕ ਮੈਂਬਰਾਂ ਲਈ ਰਿਫਲੈਕਸ਼ਨ ਹਾਲ ਵਿਖੇ ਵਿਸ਼ੇਸ਼ ਖਾਣੇ ਦੀ ਦਾਵਤ ਦਾ ਪ੍ਰਬੰਧ ਕੀਤਾ ਗਿਆ। ਇਸ ਮਿਲਣੀ ਦੌਰਾਨ ਡਾ. ਜਸਵਿੰਦਰ ਭੱਲਾ ਨਾਲ ਬਿਤਾਏ ਪੁਰਾਣੇ ਸਮਿਆਂ ਦੀਆਂ ਯਾਦਾਂ ਤਾਜ਼ਾ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਜੀਵਨ ਨਾਲ ਜੁੜੇ ਕਈ ਦਿਲਚਸਪ ਤੇ ਭਾਵੁਕ ਪਲ ਸਾਂਝੇ ਕੀਤੇ ਗਏ।
ਇਸ ਮੌਕੇ ਡਾ. ਭੱਲਾ ਦੀ ਕਲਾ, ਉਨ੍ਹਾਂ ਦੀ ਦੋਸਤੀ ਅਤੇ ਪੰਜਾਬੀ ਭਾਈਚਾਰੇ ਨਾਲ ਉਨ੍ਹਾਂ ਦੇ ਗੂੜ੍ਹੇ ਰਿਸ਼ਤੇ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ। ਹਾਜ਼ਰੀਨ ਨੇ ਕਿਹਾ ਕਿ ਡਾ. ਜਸਵਿੰਦਰ ਸਿੰਘ ਭੱਲਾ ਸਿਰਫ਼ ਇੱਕ ਮਹਾਨ ਕਲਾਕਾਰ ਹੀ ਨਹੀਂ ਸਨ, ਸਗੋਂ ਉਹ ਆਪਣੇ ਸਾਥੀਆਂ ਅਤੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣ ਵਾਲੀ ਸ਼ਖ਼ਸੀਅਤ ਸਨ।
ਗੱਲਬਾਤ ਦੌਰਾਨ ਇਹ ਵੀ ਵਿਚਾਰ ਸਾਹਮਣੇ ਆਇਆ ਕਿ ਡਾ. ਭੱਲਾ ਦੀਆਂ ਯਾਦਾਂ ਨੂੰ ਸਾਂਭਣ ਲਈ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਮੇਂ-ਸਮੇਂ ’ਤੇ ਅਜਿਹੇ ਯਾਦਗਾਰੀ ਸਮਾਗਮ ਕਰਵਾਏ ਜਾਣ, ਤਾਂ ਜੋ ਉਨ੍ਹਾਂ ਦੀ ਕਲਾ, ਸ਼ਖ਼ਸੀਅਤ ਅਤੇ ਪੰਜਾਬੀ ਸੱਭਿਆਚਾਰ ਲਈ ਦਿੱਤੇ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕੇ।

Leave a Reply

Your email address will not be published. Required fields are marked *