Aug 25, 2026

ਸਰੀ. (ਮਹੇਸ਼ਇੰਦਰ ਸਿੰਘ ਮਾਂਗਟ)— ਕੈਨੇਡਾ ਉਰਦੂ ਐਸੋਸੀਏਸ਼ਨ ਵੱਲੋਂ ਸ਼ਨੀਵਾਰ, 22 ਅਗਸਤ ਨੂੰ ਫਲੀਟਵੁੱਡ ਕਮਿਊਨਿਟੀ ਸੈਂਟਰ, ਸਰੀ ਵਿਖੇ ਸਾਲਾਨਾ ਮੁਸ਼ਾਇਰਾ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਉਰਦੂ ਭਾਸ਼ੀ ਭਾਈਚਾਰੇ ਦੇ ਮੈਂਬਰਾਂ, ਕਵੀਆਂ, ਸਾਹਿਤਕਾਰਾਂ ਅਤੇ ਸੱਭਿਆਚਾਰਕ ਆਗੂਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸਰੀ ਸਿਟੀ ਸੈਂਟਰ ਦੀ ਵਿਧਾਇਕਾ ਆਮਨਾ ਸ਼ਾਹ ਅਤੇ ਵੈਨਕੂਵਰ ਸਥਿਤ ਪਾਕਿਸਤਾਨੀ ਕੌਂਸਲੇਟ ਦੇ ਡਿਪਟੀ ਕੌਂਸਲ ਜਨਰਲ ਵਕਾਸ ਅਹਿਮਦ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਉਰਦੂ ਭਾਸ਼ਾ ਤੇ ਸਾਹਿਤ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਡਾ. ਜ਼ਰੀਨ ਨਕਵੀ, ਕਮਰ ਵਹੀਦ, ਫਰਜ਼ਾਨਾ ਆਲਮ ਅਤੇ ਅਫ਼ਸ਼ੀ ਅਜੀਜ਼ ਨੂੰ ਹੌਸਲਾਅਫਜ਼ਾਈ ਐਵਾਰਡ, ਹਰਦੇਵ ਸੋਢੀ ਅਸ਼ਕ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਐਵਾਰਡ ਅਤੇ ਹਰਸਿਮਰਨ ਸਿੰਘ ਨੂੰ ਫਰੋਗ ਏ ਸੁਖਨ ਐਵਾਰਡ  ਦਿੱਤਾ ਗਿਆ। ਐਸੋਸੀਏਸ਼ਨ ਦਾ ਵੱਕਾਰੀ ਰਫੀਕ ਏ ਉਰਦੂ ਐਵਾਰਡ  ਹੁਮਾ ਸ਼ੋਏਬ ਨੂੰ ਪ੍ਰਦਾਨ ਕੀਤਾ ਗਿਆ।
ਸਨਮਾਨ ਸਮਾਗਮ ਤੋਂ ਬਾਅਦ ਮੁਸ਼ਾਇਰੇ ਦੌਰਾਨ ਵੱਖ-ਵੱਖ ਕਵੀਆਂ ਨੇ ਆਪਣੀਆਂ ਉਰਦੂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਅਮਰੀਕਾ ਤੋਂ ਪਹੁੰਚੀ ਅਮਨਾ ਮੁਰਾਦ ਨੇ ਅੱਲਾਮਾ ਇਕਬਾਲ ਬਾਰੇ ਵਿਸ਼ੇਸ਼ ਪੇਸ਼ਕਾਰੀ ਵੀ ਦਿੱਤੀ।
ਕੈਨੇਡਾ ਉਰਦੂ ਐਸੋਸੀਏਸ਼ਨ 1997 ਤੋਂ ਉਰਦੂ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਰਗਰਮ ਹੈ।

Leave a Reply

Your email address will not be published. Required fields are marked *