ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਇਤਿਹਾਸਕਾਰ ਸੋਹਣ ਸਿੰਘ ਪੂੰਨੀ ਜੋ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ ਹਨ, ਨੇ ਕੈਨੇਡਾ ਦੇ ਗ਼ਦਰੀ ਯੋਧੇ ਤੇ ਅਮਰੀਕਾ ਦੇ ਗ਼ਦਰੀ ਯੋਧੇ ਕਿਤਾਬਾਂ ਲਿਖ ਕੇ ਪਾਠਕਾਂ ਦੀ ਝੋਲੀ ਪਾਈਆਂ ਹਨ। 22 ਅਗਸਤ ਐਤਵਾਰ ਨੂੰ ਸੋਹਣ ਸਿੰਘ ਪੂੰਨੀ ਨੇ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਦੇ ਕਨਵੀਨਰ ਚਿਰੰਜੀ ਲਾਲ ਕੰਗਣੀਵਾਲ ਨੂੰ ਆਪਣੇ ਘਰ ਸੱਦ ਕੇ ਪਿਛਲੇ 50 ਸਾਲਾਂ ਦਾ ਗ਼ਦਰੀ ਬਾਬਿਆਂ ਤੇ ਬੱਬਰਾਂ ਦਾ ਇਤਿਹਾਸ ਉਨ੍ਹਾਂ ਨੂੰ ਭੇਟ ਕੀਤਾ। ਇਸ ਵਿਚ ਜੁਗਿੰਦਰ ਸਿੰਘ ਸੁੰਨੜ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਰਿਕਾਰਡਿੰਗ ਸਕੱਤਰ ਤੇ ਗਿਆਨੀ ਹਰਮਿੰਦਰਪਾਲ ਸਿੰਘ ਜੀ ਨੂੰ ਉਚੇਚੇ ਤੌਰ ਤੇ ਬੁਲਾਇਆ ਗਿਆ । ਸੁਖਵੰਤ ਹੁੰਦਲ ਤੇ ਇਕਬਾਲ ਪੁਰੇਵਾਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਵਿਚ ਭਾਰਤ ਤੋਂ ਬਾਹਰ ਛਪਣ ਵਾਲੇ ਅਖ਼ਬਾਰ ਸੁਦੇਸ਼ ਸੇਵਕ, ਸੰਸਾਰ ਤੇ ਗ਼ਦਰ ਪੇਪਰ ਦੀਆਂ ਸਾਰੀਆਂ ਕਾਪੀਆਂ ਭੇਟ ਕੀਤੀਆਂ। ਅੰਗਰੇਜ਼ੀ ਵਿਚ ਕੈਨੇਡਾ ਤੋਂ ਛਪਣ ਵਾਲੇ ਅਖ਼ਬਾਰ ਫ਼ਰੀ ਹਿੰਦੁਸਤਾਨ ਤਾਰਕ ਨਾਥ ਦਾਸ ਵੱਲੋਂ ਤੇ ਹੁਸੈਨ ਰਹੀਮ ਵੱਲੋਂ ਕੈਨੇਡਾ ਅਤੇ ਇੰਡੀਆ (1915) ਤੇ ਕੈਨੇਡਾ ਤੇ ਇੰਡੀਆ 1930 ਦੀਆਂ ਸਾਰੀਆਂ ਕਾਪੀਆਂ ਭੇਟ ਕੀਤੀਆਂ। ਕਾਮਾਗਾਟਾਮਾਰੂ ਕਮਿਸ਼ਨ ਦੀ ਰਿਪੋਰਟ, ਬਜਬਜ ਘਾਟ (ਕਲਕੱਤੇ) ਗੋਲੀ ਚੱਲਣ ਦੀ ਰਿਪੋਰਟ ਜੋ ਕਾਮਾਗਾਟਾਮਾਰੂ ਦੇ ਮੁਸਾਫ਼ਰਾਂ ਤੇ ਚੱਲੀ। ਸੰਤ ਤੇਜਾ ਸਿੰਘ ਦੀ ਰਿਪੋਰਟ। ਭਾਈ ਬਲਵੰਤ ਸਿੰਘ ਦੀ ਹੱਥ ਲਿਖਤ ਡਾਇਰੀ, ਸੇਵਾ ਸਿੰਘ ਦੀਆਂ ਹੱਥ ਲਿਖਤਾਂ ਤੇ ਅਰਜਨ ਸਿੰਘ ਚੰਦ ਦੀ ਹੱਥ ਲਿਖਤ ਡਾਇਰੀ ਭੇਟ ਕੀਤੀ। ਇਸ ਤੋਂ ਇਲਾਵਾ ਪਿਛਲੇ 50 ਸਾਲਾਂ ਦਾ ਸਾਂਭਿਆਂ ਹੋਇਆ ਗ਼ਦਰੀ ਬਾਬਿਆਂ ਦਾ ਸਾਰਾ ਇਤਿਹਾਸ ਦੇਸ ਭਗਤ ਯਾਦਗਾਰ ਹਾਲ ਨੂੰ ਭੇਟ ਕੀਤਾ। ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਨ੍ਹਾਂ ਨੇ ਇਹ ਸਾਰਾ ਇਤਿਹਾਸ ਭੇਟ ਕੀਤਾ। ਪਰੰਤੂ ਖ਼ੁਦ ਆਪ ਜਾ ਕੇ ਭੇਟ ਕਰਨਾ ਚਾਹੁੰਦੇ ਸਨ। ਉਨ੍ਹਾਂ ਦੇ ਇਸ ਵਡਮੁੱਲੇ ਇਤਿਹਾਸ ਨੂੰ ਸਾਂਭਣ ਦੀ (ਦਾਦ ) ਦੇਣੀ ਬਣਦੀ ਹੈ। ਉਨ੍ਹਾਂ ਨੇ ਅਟੈਚੀ ਭਰਿਆ ਹੋਇਆ ਸਾਰਾ ਖ਼ਜ਼ਾਨਾ ਭੇਟ ਕੀਤਾ। ਚਿਰੰਜੀ ਲਾਲ, ਜੁਗਿੰਦਰ ਸੁੰਨੜ, ਗਿਆਨੀ ਹਰਮਿੰਦਰਪਾਲ ਸਿੰਘ, ਇਕਬਾਲ ਪੁਰੇਵਾਲ, ਸੁਖਵੰਤ ਹੁੰਦਲ ਵੱਲੋਂ ਸੋਹਣ ਸਿੰਘ ਪੂੰਨੀ ਦਾ ਧੰਨਵਾਦ ਕੀਤਾ ਗਿਆ ਤੇ ਯਾਦਗਾਰੀ ਤਸਵੀਰਾਂ ਲਈਆਂ ਗਈਆਂ।
