ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪੁਰਬ ਮਨਾਉਣ ਤੇ ਹੋਰ ਸਾਂਝੇ ਕੰਮਾਂ ਲਈ ਵਿਚਾਰਾਂ-
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਬੀ.ਸੀ ਗੁਰੂਘਰ ਦੇ ਨੁਮਾਇੰਦੇ ਅਤੇ ਮੰਦਰਾਂ ਦੇ ਨੁੰਮਾਇਦਿਆਂ ਦੀ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਕਸ਼ਮੀਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਸ ਵਿਚ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਰਲ ਕੇ ਮਨਾਉਣ ਤੇ ਵਿਚਾਰਾਂ ਕੀਤੀਆਂ ਗਈਆਂ। ਬੀ.ਸੀ ਵਿਚ ਅੱਗ ਦੀ ਮਾਰ ਹੇਠ ਆਏ ਪੀੜਤਾਂ ਵਾਸਤੇ ਮਦਦ ਕਰਨ ਦਾ ਮਤਾ ਪਾਸ ਕੀਤਾ ਗਿਆ। ਕੈਨੇਡਾ ਵਿਚ ਭਾਰਤ ਜਾਂ ਹੋਰ ਦੇਸ਼ਾਂ ਵੱਲੋਂ ਆਏ ਵਿਦਿਆਰਥੀਆਂ ਨੂੰ ਪੱਕਾ ਕਰਵਾਉਣ ਵਿਚ ਮਦਦ ਦੀ ਤਜਵੀਜ਼ ਰੱਖੀ ਗਈ ਜੋ ਕਿਸੇ ਵੀ ਜੁਰਮ ਤੋਂ ਰਹਿਤ ਹੋਣ। ਗੁਰਦੁਆਰੇ ਅਤੇ ਮੰਦਰਾਂ ਦੇ ਬਾਹਰ ਜੋ ਮੁਜ਼ਾਹਰਾਕਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹੈ ਬੀ.ਸੀ ਸਰਕਾਰ ਨੇ ਉਸ ਤੇ ਕਾਨੂੰਨ ਬਣਾਇਆ ਹੈ ਇਸ ਦੀ ਬੀ.ਸੀ ਦੀ ਸਰਕਾਰ ਦੀ ਸਹਾਰਨਾ ਕੀਤੀ ਗਈ। ਫੈਡਰਲ ਸਰਕਾਰ ਵੀ ਨਸਲੀ ਨਫਰਤ ਵਿਰੁੱਧ ਕਾਨੂੰਨ ਲਿਆ ਰਹੀ ਹੈ ਤਾਂ ਕਿ ਜੋ ਘਟਨਾ ਐਡਮਿੰਟਨ ਗੁਰੂਘਰ ਹੋਈ ਹੈ ਹੋਰ ਕਿਤੇ ਨਾ ਵਾਪਰੇ। ਮੀਟਿੰਗ ਦੌਰਾਨ ਐਡਮਿੰਟਨ ਵਿਚ ਵਾਪਰੀ ਨਸਲੀ ਨਫਰਤ ਦੀ ਘਟਨਾ ਦੀ ਕਰੜੇ ਲਫ਼ਜ਼ਾਂ ਵਿਚ ਨਿੰਦਾ ਕੀਤੀ ਗਈ। ਹਿੰਦੂ ਸਿੱਖਾਂ ਦੇ ਆਪਸੀ ਪਿਆਰ ਮੁਹੱਬਤ ਨਾਲ ਮਿਲ ਕੇ ਰਹਿਣ ਅਤੇ ਸਾਂਝੇ ਪੁੁਰਬ ਮਨਾਉਣ ਦੀ ਪੇਸ਼ਕਸ਼ ਕੀਤੀ ਗਈ। ਇਸ ਵਿਚ ਵੱਖਰੇ-ਵੱਖਰੇ ਬੁਲਾਰਿਆਂ ਨੇ ਭਾਗ ਲਿਆ। ਇਹ ਮੀਟਿੰਗ ਬਹੁਤ ਵਧੀਆ ਤੇ ਸੁਖਾਵੇਂ ਮਾਹੌਲ ਵਿਚ ਸਮਾਪਤ ਹੋਈ।
**
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- 23 ਅਗਸਤ ਐਤਵਾਰ ਨੂੰ ਸ਼ਾਮ ਦੇ ਲੰਗਰਾਂ ਦੀ ਸੇਵਾ ਸੰਧੂ ਪਰਿਵਾਰ ਵੱਲੋਂ ਬੇਟੀ ਜੇਨਾ ਕੌਰ ਦੇ 16ਵੇਂ ਜਨਮ ਦਿਨ ਦੀ ਖ਼ੁਸ਼ੀ ਵਿਚ ਕਰਵਾਈ ਗਈ। ਜੇਨਾ ਜੋ ਸ ਮਨਦੀਪ ਸਿੰਘ ਤੇ ਕਿਰਨ ਕੌਰ ਸੰਧੂ ਦੀ ਬੇਟੀ, ਪੋਤਰੀ ਮਹਿੰਦਰ ਸਿੰਘ ਸੰਧੂ ਤੇ ਜੁਗਿੰਦਰ ਕੌਰ ਸੰਧੂ , ਦੋਹਤਰੀ ਸੰਤੋਖ ਸਿੰਘ ਬਾਸੀ ਤੇ ਕੁਲਵਿੰਦਰ ਕੌਰ ਬਾਸੀ ਹੈ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ। ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਕੀਰਤਨ ਤੇ ਅਰਦਾਸ ਬੇਨਤੀ ਕੀਤੀ ਗਈ। ਬੇਟੀ ਦੀ ਤੰਦਰੁਸਤੀ, ਲੰਬੀ ਉਮਰ, ਉਚੇਰੀ ਵਿੱਦਿਆ ਤੇ ਚੰਗੀ ਸੰਗਤ ਦੀ ਕਾਮਨਾ ਕੀਤੀ ਗਈ। ਸਮੂਹ ਰਿਸ਼ਤੇਦਾਰ ਸੰਬੰਧੀਆਂ ਵੱਲੋਂ ਬੱਚੀ ਨੂੰ ਅਸ਼ੀਰਵਾਦ ਦਿੱਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।
**ਕਾਂਗੋ ਵਿਚ ਫੈਲੀ ਭਿਆਨਕ ਬਿਮਾਰੀ ਵਾਸਤੇ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਸੰਗਤ ਵੱਲੋਂ ਮਦਦ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਖ਼ਾਲਸਾ ਦੀਵਾਨ ਸੁਸਾਇਟੀ ਜਿੱਥੇ ਧਾਰਮਿਕ, ਸਮਾਜਿਕ, ਵਿੱਦਿਅਕ ਅਦਾਰਿਆਂ ਨੂੰ ਮਦਦ ਭੇਟ ਕਰਦੀ ਹੈ ਉੱਥੇ ਬਿਮਾਰੀ ਤੇ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਵੀ ਕਰਦੀ ਹੈ। 23 ਅਗਸਤ ਐਤਵਾਰ ਨੂੰ ਕਾਂਗੋ ਵਿਚ ਫੈਲੀ ਬਿਮਾਰੀ ਦੀ ਮਦਦ ਵਾਸਤੇ ਚਰਚ ਦੇ ਪੁਜਾਰੀ ਗੁਰੂ ਘਰ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਇਸ ਨਾਮੁਰਾਦ ਬਿਮਾਰੀ ਨਾਲ 2500 ਤੋਂ ਵੱਧ ਲੋਕ ਮਰ ਚੁੱਕੇ ਹਨ ਅਤੇ ਹਜ਼ਾਰਾਂ ਹੀ ਹਸਪਤਾਲਾਂ ਵਿਚ ਜੇਰੇ ਇਲਾਜ ਹਨ। ਸਰਕਾਰ ਪਿੰਡਾਂ ਵਿਚ ਮਦਦ ਕਰਨ ਤੋਂ ਅਸਮਰਥ ਹੈ। ਸੰਗਤਾਂ ਵੱਲੋਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ 1200 ਡਾਲਰ ਦੇ ਕਰੀਬ ਰਾਸ਼ੀ ਦਿੱਤੀ ਗਈ। ਆਉਣ ਵਾਲੇ ਸਮੇਂ ਵਿਚ ਅੱਗ ਨਾਲ ਘਿਰੇ ਲੋਕਾਂ ਦੀ ਮਦਦ ਕਰਨ ਲਈ ਵੀ ਖ਼ਾਲਸਾ ਦੀਵਾਨ ਸੁਸਾਇਟੀ ਉਪਰਾਲੇ ਕਰੇਗੀ। ਉਨ੍ਹਾਂ ਨੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।
***

