Oct 8, 2026

ਸਰੀ- ਗੁਰੂ ਨਾਨਕ ਫੂਡ ਬੈਂਕ  ਨੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਬੀਸੀ ਦੇ ਉਕਨਾਗਨ ਖੇਤਰ ਵਿਚ ਪੈਂਟਿਕਟਨ, ਸਮਰਲੈਂਡ ਅਤੇ ਆਲੇ ਦੁਆਲੇ ਦੇ ਜੰਗਲ ਦੀ ਅੱਗ ਤੋਂ ਪ੍ਰਭਾਵਿਤ ਪਰਿਵਾਰਾਂ ਅਤੇ ਭਾਈਚਾਰਿਆਂ ਦੀ ਸਹਾਇਤਾ ਲਈ ਲਗਭਗ $50,000 ਮੁੱਲ ਦੀ ਜ਼ਰੂਰੀ ਸਮੱਗਰੀ ਇਕੱਠੀ ਕੀਤੀ ਤੇ ਭੇਜੀ।

ਗੁਰੂ ਨਾਨਕ ਫੂਡ ਬੈਂਕ ਵਲੋਂ ਜੰਗਲੀ ਅੱਗ ਦੇ ਪੀੜਤਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ 16 ਅਗਸਤ ਤੋਂ 18 ਅਗਸਤ ਤੱਕ ਤਿੰਨ ਦਿਨਾਂ ਵਿਚ ਇਕੱਤਰ ਕੀਤੀ ਗਈ। ਇਸ ਵਿੱਚ ਭਾਈਚਾਰੇ ਦੇ ਲੋਕਾਂ ਨੇ ਡਾਇਪਰ, ਬੇਬੀ ਫੂਡ, ਬੇਬੀ ਅਤੇ ਬਾਡੀ ਵਾਈਪਸ, ਟੂਥਬਰਸ਼ ਅਤੇ ਟੂਥਪੇਸਟ, ਡੀਓਡੋਰੈਂਟ, ਦਵਾਈਆਂ, ਔਰਤਾਂ ਦੇ ਸਫਾਈ ਉਤਪਾਦ, ਕਾਗਜ਼ ਦੇ ਤੌਲੀਏ, ਟਾਇਲਟ ਪੇਪਰ, ਡਿਸ਼ ਸਾਬਣ ਅਤੇ ਬਾਡੀ ਵਾਸ਼ ਸਮੇਤ ਜ਼ਰੂਰੀ ਵਸਤਾਂ ਦਾਨ ਕੀਤੀਆਂ।

ਇਸ ਸਾਰੀ ਰਾਹਤ ਸਮੱਗਰੀ ਨਾਲ ਭਰਿਆ ਇਕ ਟਰੇਲਰ 19 ਅਗਸਤ ਨੂੰ, ਗੁਰੂ ਨਾਨਕ ਫੂਡ ਬੈਂਕ ਅਤੇ ਸਰੀ ਦੇ 15255 68 ਐਵੇਨਿਊ ਵਿਖੇ ਸਥਿਤ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਰਵਾਨਾ ਕੀਤਾ ਗਿਆ।  ਇਸ ਮੌਕੇ ਗਿਆਨੀ ਨਰਿੰਦਰ ਸਿੰਘ ਨੇ ਦੱਸਿਆ ਕਿ “ਸਿਰਫ਼ ਤਿੰਨ ਦਿਨਾਂ ਵਿੱਚ ਇਕੱਠੀ ਕੀਤੀ ਗਈ ਲਗਭਗ $50,000 ਦੀ ਸਪਲਾਈ ਦਾਨੀਆਂ, ਵਲੰਟੀਅਰਾਂ, ਮੀਡੀਆ ਭਾਈਵਾਲਾਂ ਅਤੇ ਸਮਰਥਕਾਂ ਦੁਆਰਾ ਦਿਖਾਈ ਗਈ ਉਦਾਰਤਾ ਅਤੇ ਮਜ਼ਬੂਤ ​​ਭਾਈਚਾਰਕ ਭਾਵਨਾ ਨੂੰ ਦਰਸਾਉਂਦੀ ਹੈ। ਉਹਨਾਂ ਦਾਨੀ ਸੱਜਣਾ ਦਾ ਵਿਸ਼ੇਸ਼ ਧੰਨਵਾਦ ਕੀਤਾ।