Aug 31, 2026

ਕੈਨੇਡੀਅਨਾਂ  ਨੂੰ ਇੱਕਮੁੱਠ ਹੋਣ ਦੀ ਲੋੜ-

ਮਨਿੰਦਰ ਸਿੰਘ ਗਿੱਲ—

ਸਰੀ – ਕੈਨੇਡਾ ਅੱਜ-ਕੱਲ੍ਹ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਆਰਥਿਕ ਅਤੇ ਰਾਜਨੀਤੀ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕਾ ਨਾਲ ਵਪਾਰ ਦੀ ਗੱਲਬਾਤ ਟੁੱਟਣਾ ਸਿਰਫ਼ ਟੈਰਿਫ਼ ਜਾਂ ਬਾਜ਼ਾਰ ਤੱਕ ਪਹੁੰਚਣ ਦਾ ਝਗੜਾ ਨਹੀਂ ਹੈ। ਇਹ ਇਸ ਗੱਲ ਦਾ ਪਰਖ-ਕਾਲ ਹੈ ਕਿ ਕੀ ਕੈਨੇਡਾ ਵੱਡੇ ਆਰਥਿਕ ਦਬਾਅ ਦੇ ਬਾਵਜੂਦ ਆਪਣੀ ਆਜ਼ਾਦੀ, ਆਪਣੇ ਕਾਮਿਆਂ, ਕਾਰੋਬਾਰਾਂ ਅਤੇ ਆਪਣੀ ਵੱਖਰੀ ਪਛਾਣ ਦੀ ਰੱਖਿਆ ਕਰ ਸਕਦਾ ਹੈ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਵੱਲੋਂ ਉਸ ਸਮਝੌਤੇ ਨੂੰ ਮੰਨਣ ਤੋਂ ਨਾਂਹ ਕਰਨਾ ਬਿਲਕੁਲ ਸਹੀ ਸੀ, ਜਿਹੜਾ ਕੈਨੇਡਾ ਦੀ ਆਜ਼ਾਦੀ ਨਾਲ ਸਮਝੌਤਾ ਕਰਦਾ, ਦੇਸ਼ ਦੇ ਖ਼ਾਸ ਕਾਰੋਬਾਰਾਂ ਨੂੰ ਕਮਜ਼ੋਰ ਕਰਦਾ ਜਾਂ ਫਰਾਂਸੀਸੀ ਭਾਸ਼ਾ ਅਤੇ ਕੈਨੇਡੀਅਨ ਸੱਭਿਆਚਾਰ ਨੂੰ ਨੁਕਸਾਨ ਪਹੁੰਚਾਉਂਦਾ। ਇਹ ਚੀਜ਼ਾਂ ਸੌਦੇਬਾਜ਼ੀ ਕਰਨ ਲਈ ਨਹੀਂ ਹਨ। ਇਹ ਸਾਡੇ ਦੇਸ਼ ਦੀ ਪਛਾਣ ਦੀ ਨੀਂਹ ਹਨ। ਕੈਨੇਡਾ ਨੇ ਪੂਰੀ ਗੰਭੀਰਤਾ ਅਤੇ ਚੰਗੀ ਨੀਅਤ ਨਾਲ ਗੱਲਬਾਤ ਕੀਤੀ। ਪਰ ਚੰਗੀ ਨੀਅਤ ਨਾਲ ਗੱਲ ਕਰਨ ਦਾ ਮਤਲਬ ਇਹ ਨਹੀਂ ਕਿ ਧੱਕੇਸ਼ਾਹੀ ਅਤੇ ਅਨਿਆਂ ਵਾਲੀਆਂ ਸ਼ਰਤਾਂ ਮੰਨ ਲਈਆਂ ਜਾਣ। ਜਦੋਂ ਆਖ਼ਰੀ ਸਮੇਂ ਸ਼ਰਤਾਂ ਬਦਲ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੇ ਕੈਨੇਡਾ ਦੀਆਂ ਹੱਦਾਂ ਪਾਰ ਕੀਤੀਆਂ, ਤਾਂ ਸਰਕਾਰ ਨੇ ਗੱਲਬਾਤ ਉੱਥੇ ਹੀ ਰੋਕ ਦਿੱਤੀ। ਪ੍ਰਧਾਨ ਮੰਤਰੀ ਮਾਰਕ

ਕਾਰਨੀ ਨੇ ਕੈਨੇਡਾ ਦਾ ਪੱਖ ਬਿਲਕੁਲ ਸਾਫ਼ ਕਰ ਦਿੱਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੇ ਫ਼ਾਇਦੇ ਲਈ ਵਪਾਰਕ ਸਮਝੌਤਾ ਅਜੇ ਵੀ ਹੋ ਸਕਦਾ ਹੈ, ਪਰ ਉਸ ਲਈ ਕੈਨੇਡਾ ਦੀ ਆਜ਼ਾਦੀ ਦਾ ਸਤਿਕਾਰ ਕਰਨਾ, ਕਾਮਿਆਂ ਦਾ ਬਚਾਅ ਕਰਨਾ ਅਤੇ ਸਰਹੱਦ ਦੇ ਦੋਵਾਂ ਪਾਸਿਆਂ ਖੁਸ਼ਹਾਲੀ ਲਿਆਉਣੀ ਜ਼ਰੂਰੀ ਹੋਵੇਗੀ।  ਇਹ ਅਮਰੀਕਾ ਦੇ ਖ਼ਿਲਾਫ਼ ਜਾਣ ਵਾਲਾ ਰਵੱਈਆ ਨਹੀਂ ਹੈ। ਕੈਨੇਡਾ ਦੇ ਲੋਕ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਡੂੰਘੀ ਦੋਸਤੀ ਅਤੇ ਅਮਰੀਕਾ ਨਾਲ ਸਾਡੇ ਆਰਥਿਕ, ਸੁਰੱਖਿਆ ਅਤੇ ਭਾਈਚਾਰਕ ਰਿਸ਼ਤਿਆਂ ਦੀ ਕੀਮਤ ਸਮਝਦੇ ਹਨ। ਸਰਹੱਦ ਦੇ ਦੋਵੇਂ ਪਾਸੇ ਲੱਖਾਂ ਪਰਿਵਾਰ, ਕਾਰੋਬਾਰ ਅਤੇ ਭਾਈਚਾਰੇ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਕੈਨੇਡਾ ਨੂੰ ਆਪਣੇ ਸਭ ਤੋਂ ਨੇੜਲੇ ਗੁਆਂਢੀ ਨਾਲ ਇੱਕ ਸਹੀ ਅਤੇ ਪੱਕੇ ਸਮਝੌਤੇ ਲਈ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਪਰ ਦੇਸ਼ਾਂ ਵਿਚਾਲੇ ਦੋਸਤੀ ਆਪਸੀ ਇੱਜ਼ਤ ‘ਤੇ ਟਿਕੀ ਹੋਣੀ ਚਾਹੀਦੀ ਹੈ। ਮਿਲ ਕੇ ਚੱਲਣ ਦਾ ਮਤਲਬ ਕਿਸੇ ਦੇ ਅਧੀਨ ਹੋ ਕੇ ਰਹਿਣਾ ਨਹੀਂ ਹੁੰਦਾ।

ਪ੍ਰਧਾਨ ਮੰਤਰੀ ਕਾਰਨੀ ਦੇ ਇਸ ਜਵਾਬ ਨੂੰ ਸਿਰਫ਼ ਇੱਕ ਘਟਨਾ ‘ਤੇ ਦਿੱਤੀ ਪ੍ਰਤੀਕਿਰਿਆ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਇਹ ਉਸੇ ਸੋਚ ਦਾ ਅਸਲੀ ਰੂਪ ਹੈ, ਜੋ ਉਨ੍ਹਾਂ ਨੇ ਜਨਵਰੀ ਵਿੱਚ ਦਾਵੋਸ ਵਿਖੇ ‘ਵਰਲਡ ਇਕਨਾਮਿਕ ਫੋਰਮ’ ਵਿੱਚ ਰੱਖੀ ਸੀ। ਦਾਵੋਸ ਵਿੱਚ ਕਾਰਨੀ ਨੇ ਚਿਤਾਵਨੀ ਦਿੱਤੀ ਸੀ ਕਿ ਦੁਨੀਆ ਦਾ ਮਾਹੌਲ ਵੱਡੀਆਂ ਉਥਲ-ਪੁਥਲ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਵਪਾਰਕ ਸਾਂਝ ਨੂੰ ਕਦੇ ਸਭ ਦੀ ਖੁਸ਼ਹਾਲੀ ਦਾ ਜ਼ਰੀਆ ਮੰਨਿਆ ਜਾਂਦਾ ਸੀ, ਪਰ ਹੁਣ ਤਾਕਤਵਰ ਦੇਸ਼ ਇਸ ਨੂੰ ਦੂਜੇ ਦੇਸ਼ਾਂ ‘ਤੇ ਦਬਾਅ ਪਾਉਣ ਦੇ ਹਥਿਆਰ ਵਜੋਂ ਵਰਤ ਰਹੇ ਹਨ। ਕਾਰਨੀ ਦਾ ਜਵਾਬ ਨਾ ਤਾਂ ਸਭ ਤੋਂ ਕੱਟ ਕੇ ਵੱਖ ਹੋਣ ਦਾ ਸੀ ਅਤੇ ਨਾ ਹੀ ਸਿਰਫ਼ ਦਿਖਾਵੇ ਦੀਆਂ ਗੱਲਾਂ। ਉਨ੍ਹਾਂ ਨੇ ਕੈਨੇਡਾ ਵਰਗੇ ਮੱਧਮ ਤਾਕਤ ਵਾਲੇ ਦੇਸ਼ਾਂ ਲਈ ਇੱਕ ਸੂਝਵਾਨ ਅਤੇ ਲਾਗੂ ਹੋਣ ਯੋਗ ਯੋਜਨਾ ਪੇਸ਼ ਕੀਤੀ ਸੀ। ਕਾਰਨੀ ਦੇ ਸੰਬੋਧਨ ਵਿੱਚ ਇਸ ਗੱਲ ਦਾ ਮੁੱਖ ਸੁਨੇਹਾ ਸਾਫ਼ ਸੀ ਕਿ “ਮੱਧਮ ਤਾਕਤ ਵਾਲੇ ਦੇਸ਼ ਕਿਸੇ ਵੱਡੀ ਮਹਾਂਸ਼ਕਤੀ ਦੀ ਖੁਸ਼ਾਮਦ ਕਰਕੇ ਆਪਣੀ ਆਜ਼ਾਦੀ ਨਹੀਂ ਬਚਾ ਸਕਦੇ। ਉਨ੍ਹਾਂ ਨੂੰ ਆਪਣੇ ਦੇਸ਼ ਦੇ ਅੰਦਰ ਆਪਣੇ ਆਪ ਨੂੰ ਮਜ਼ਬੂਤ ਕਰਨਾ ਪਵੇਗਾ, ਵਪਾਰ ਅਤੇ ਨਿਵੇਸ਼ ਲਈ ਹੋਰਨਾਂ ਦੇਸ਼ਾਂ ਨਾਲ ਸਬੰਧ ਵਧਾਉਣੇ ਪੈਣਗੇ ਅਤੇ ਇੱਕੋ ਜਿਹੀ ਸੋਚ ਵਾਲੇ ਦੇਸ਼ਾਂ ਨਾਲ ਮਿਲ ਕੇ ਚੱਲਣਾ ਪਵੇਗਾ। ਕਾਰਨੀ ਨੇ ਬਹੁਤ ਯਾਦਗਾਰ ਗੱਲ ਕਹੀ ਸੀ ਕਿ ਮੱਧਮ ਤਾਕਤ ਵਾਲੇ ਦੇਸ਼ਾਂ ਨੂੰ ਇਕੱਠੇ ਕੰਮ ਕਰਨਾ ਪਵੇਗਾ, ਕਿਉਂਕਿ ਜੇ ਉਹ ਫ਼ੈਸਲੇ ਲੈਣ ਵਾਲੀ ਮੇਜ਼ ‘ਤੇ ਨਹੀਂ ਬੈਠਣਗੇ, ਤਾਂ ਵੱਡੀਆਂ ਸ਼ਕਤੀਆਂ ਉਨ੍ਹਾਂ ਨੂੰ ਆਪਣਾ ਫ਼ਾਇਦਾ ਚੁੱਕਣ ਦਾ ਜ਼ਰੀਆ ਬਣਾ ਲੈਣਗੀਆਂ।”

ਕੈਨੇਡਾ ਦਾ ਅੱਜ ਦਾ ਜਵਾਬ ਸਾਬਤ ਕਰਦਾ ਹੈ ਕਿ ਦਾਵੋਸ ਵਿੱਚ ਦਿੱਤਾ ਸੁਨੇਹਾ ਸਿਰਫ਼ ਵੱਡੇ ਮੰਚ ‘ਤੇ ਬੋਲੇ ਗਏ ਸੋਹਣੇ ਸ਼ਬਦ ਨਹੀਂ ਸਨ। ਕਾਰਨੀ ਨੇ ਉਹੀ ਕਰਕੇ ਦਿਖਾਇਆ ਹੈ, ਜੋ ਉਨ੍ਹਾਂ ਨੇ ਕਿਹਾ ਸੀ। ਉਨ੍ਹਾਂ ਨੇ ਆਰਥਿਕ ਤੌਰ ‘ਤੇ ਦਬਣ ਦੀ ਥਾਂ ਆਪਣੀ ਆਜ਼ਾਦੀ ਨਾਲ ਫ਼ੈਸਲੇ ਲੈਣ ਦਾ ਰਾਹ ਚੁਣਿਆ ਹੈ। ਉਨ੍ਹਾਂ ਨੇ ਦਿਖਾਇਆ ਹੈ ਕਿ ਕੈਨੇਡਾ ਮਿਲ ਕੇ ਚੱਲਣ ਲਈ ਤਿਆਰ ਹੈ, ਪਰ ਆਰਥਿਕ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਇਹ ਵੀ ਸਮਝਿਆ ਹੈ ਕਿ ਆਜ਼ਾਦੀ ਦੀ ਰੱਖਿਆ ਸਿਰਫ਼ ਭਾਸ਼ਣਾਂ ਨਾਲ ਨਹੀਂ ਹੁੰਦੀ। ਇਸ ਲਈ ਆਰਥਿਕ ਤਾਕਤ, ਰਾਜਨੀਤਿਕ ਹਿੰਮਤ ਅਤੇ ਅਜਿਹੇ ਗਲੋਬਲ ਸਬੰਧ ਚਾਹੀਦੇ ਹਨ, ਜਿਨ੍ਹਾਂ ਨਾਲ ਦੇਸ਼ ਆਪਣੇ ਫ਼ੈਸਲਿਆਂ ‘ਤੇ ਡਟ ਸਕੇ। ਇਹ ਸਿਧਾਂਤ ਕੈਨੇਡਾ ਨੂੰ ਅਮਰੀਕਾ ਤੋਂ ਮੂੰਹ ਮੋੜਨ ਲਈ ਨਹੀਂ ਕਹਿੰਦਾ। ਇਹ ਕੈਨੇਡਾ ਨੂੰ ਕਿਸੇ ਇੱਕ ਦੇਸ਼ ‘ਤੇ ਹੱਦੋਂ ਵੱਧ ਨਿਰਭਰ ਹੋਣ ਦੇ ਖ਼ਤਰਿਆਂ ਨੂੰ ਘਟਾਉਣ ਲਈ ਜਰੂਰ ਕਹਿੰਦਾ ਹੈ। ਇਸ ਦਾ ਮਤਲਬ ਹੈ ਯੂਰਪ, ਭਾਰਤ, ਏਸ਼ੀਆ-ਪ੍ਰਸ਼ਾਂਤ ਖੇਤਰ, ਬ੍ਰਿਟੇਨ ਅਤੇ ਹੋਰ ਭਰੋਸੇਮੰਦ ਦੇਸ਼ਾਂ ਨਾਲ ਵਪਾਰ ਵਧਾਉਣਾ। ਇਸ ਦਾ ਮਤਲਬ ਆਪਣੇ ਦੇਸ਼ ਦੇ ਅੰਦਰ ਸਮਾਨ ਦੀ ਪਹੁੰਚ ਨੂੰ ਮਜ਼ਬੂਤ ਕਰਨਾ, ਊਰਜਾ ਅਤੇ ਕੁਦਰਤੀ ਸਾਧਨਾਂ ਦਾ ਸਮਝਦਾਰੀ ਨਾਲ ਵਿਕਾਸ ਕਰਨਾ, ਸੂਬਿਆਂ ਵਿਚਕਾਰ ਵਪਾਰ ਦੀਆਂ ਰੁਕਾਵਟਾਂ ਦੂਰ ਕਰਨਾ ਅਤੇ ਕੈਨੇਡਾ ਦੀ ਟੈਕਨਾਲੋਜੀ, ਕਾਰਖਾਨਿਆਂ, ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਵਿੱਚ ਪੈਸਾ ਲਗਾਉਣਾ ਹੈ।

ਕੈਨੇਡਾ ਨੂੰ ਅਮਰੀਕਾ ਦਾ ਦੋਸਤ ਬਣਿਆ ਰਹਿਣਾ ਚਾਹੀਦਾ ਹੈ, ਪਰ ਉਸ ਨੂੰ ਕਦੇ ਵੀ ਪੈਸੇ ਜਾਂ ਰਾਜਨੀਤੀ ਦੇ ਮਾਮਲੇ ਵਿੱਚ ਅਮਰੀਕਾ ਦੇ ਅਧੀਨ ਨਹੀਂ ਹੋਣਾ ਚਾਹੀਦਾ। ਵਪਾਰ ਦੇ ਝਗੜੇ ਸਿਰਫ਼ ਸਰਕਾਰਾਂ ਵਿਚਕਾਰ ਚੱਲਣ ਵਾਲੀਆਂ ਸਿਧਾਂਤਕ ਲੜਾਈਆਂ ਨਹੀਂ ਹੁੰਦੇ। ਇਨ੍ਹਾਂ ਦਾ ਅਸਰ ਸਟੀਲ ਕਾਮਿਆਂ, ਗੱਡੀਆਂ ਬਣਾਉਣ ਵਾਲੇ ਮੁਲਾਜ਼ਮਾਂ, ਕਿਸਾਨਾਂ, ਜੰਗਲਾਤ ਕਾਮਿਆਂ, ਛੋਟੇ

ਕਾਰੋਬਾਰੀਆਂ ਅਤੇ ਪਹਿਲਾਂ ਹੀ ਮਹਿੰਗਾਈ ਤੋਂ ਦੁਖੀ ਪਰਿਵਾਰਾਂ ‘ਤੇ ਪੈਂਦਾ ਹੈ। ਇਸ ਲਈ ਕੈਨੇਡਾ ਦੇ ਜਵਾਬੀ ਕਦਮ ਬਹੁਤ ਸੋਚ-ਸਮਝ ਕੇ ਚੁੱਕੇ ਹੋਣੇ ਚਾਹੀਦੇ ਹਨ ਅਤੇ ਇਸ ਨਾਲ ਪ੍ਰਭਾਵਿਤ ਕਾਮਿਆਂ ਅਤੇ ਕਾਰੋਬਾਰਾਂ ਨੂੰ ਪੂਰੀ ਮਦਦ ਮਿਲਣੀ ਚਾਹੀਦੀ ਹੈ। ਸਰਕਾਰ ਨੇ 27.6 ਅਰਬ ਡਾਲਰ ਦੇ ਅਮਰੀਕੀ ਸਾਮਾਨ ‘ਤੇ ਉੱਨਾ ਹੀ ਜਵਾਬੀ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ, ਜੋ 8 ਸਤੰਬਰ ਤੋਂ ਲਾਗੂ ਹੋਵੇਗਾ। ਇਸ ਦੇ ਨਾਲ ਹੀ ਕੈਨੇਡੀਅਨ ਕਾਮਿਆਂ ਅਤੇ ਕਾਰੋਬਾਰਾਂ ਦੀ ਮਦਦ ਲਈ 7.5 ਅਰਬ ਡਾਲਰ ਦੇ ਨਵੇਂ ਮਦਦ ਪੈਕੇਜ ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਮਦਦ ਬਹੁਤ ਜ਼ਰੂਰੀ ਹੋਵੇਗੀ। ਦੇਸ਼ ਦੇ ਫ਼ਾਇਦੇ ਦੀ ਲੜਾਈ ਦੀ ਕੀਮਤ ਕੈਨੇਡਾ ਦੇ ਕਾਮਿਆਂ ਨੂੰ ਇਕੱਲਿਆਂ ਨਹੀਂ ਚੁਕਾਉਣੀ ਚਾਹੀਦੀ। ਸਰਕਾਰਾਂ ਨੂੰ ਆਰਥਿਕ ਮਦਦ, ਨੌਕਰੀਆਂ ਵਿੱਚ ਸਹਿਯੋਗ, ਨਵੇਂ ਕੰਮ ਸਿਖਾਉਣ ਅਤੇ ਨਵੇਂ ਬਾਜ਼ਾਰ ਲੱਭ ਰਹੇ ਕਾਰੋਬਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਨਾਗਰਿਕ ਵੀ ਜਿੱਥੇ ਹੋ ਸਕੇ, ਕੈਨੇਡਾ ਵਿੱਚ ਬਣੀਆਂ ਚੀਜ਼ਾਂ ਖ਼ਰੀਦ ਕੇ, ਸਥਾਨਕ ਕਾਰੋਬਾਰਾਂ ਦਾ ਸਾਥ ਦੇ ਕੇ ਅਤੇ ਆਪਣੇ ਦੇਸ਼ ਦੀ ਆਰਥਿਕ ਤਾਕਤ ਨੂੰ ਦੇਸ਼ ਦੀ ਆਜ਼ਾਦੀ ਦਾ ਹਿੱਸਾ ਮੰਨ ਕੇ ਆਪਣਾ ਯੋਗਦਾਨ ਪਾ ਸਕਦੇ ਹਨ। ਵਪਾਰ ਦੀਆਂ ਗੱਲਾਂ ਦੌਰਾਨ ਕੈਨੇਡੀਅਨ ਸੱਭਿਆਚਾਰ ਅਤੇ ਫਰਾਂਸੀਸੀ ਭਾਸ਼ਾ ਦੀ ਰੱਖਿਆ ਨੂੰ ਛੋਟਾ ਮੁੱਦਾ ਨਹੀਂ ਮੰਨਿਆ ਜਾ ਸਕਦਾ।

ਕੈਨੇਡਾ ਸਿਰਫ਼ ਅਮਰੀਕਾ ਦੇ ਉੱਤਰ ਵਿੱਚ ਵਸਿਆ ਇੱਕ ਬਾਜ਼ਾਰ ਨਹੀਂ ਹੈ। ਅਸੀਂ ਆਪਣੇ ਸੰਵਿਧਾਨ, ਦੋ ਸਰਕਾਰੀ ਭਾਸ਼ਾਵਾਂ, ਮੂਲਵਾਸੀ ਭਾਈਚਾਰਿਆਂ, ਅਦਾਰਿਆਂ, ਕਹਾਣੀਆਂ ਅਤੇ ਵੱਖਰੀ ਸੱਭਿਆਚਾਰਕ ਪਛਾਣ ਵਾਲਾ ਇੱਕ ਆਜ਼ਾਦ ਦੇਸ਼ ਹਾਂ। ਕੈਨੇਡਾ ਦੇ ਕਲਾਕਾਰਾਂ, ਟੀਵੀ-ਰੇਡੀਓ ਅਦਾਰਿਆਂ, ਕਿਤਾਬਾਂ ਛਾਪਣ ਵਾਲਿਆਂ ਅਤੇ ਸੱਭਿਆਚਾਰਕ ਕੰਮਾਂ ਨੂੰ ਮਦਦ ਦੇਣ ਦੀ ਸਾਡੀ ਸਮਰੱਥਾ ਕਰਕੇ ਹੀ ਕੈਨੇਡੀਅਨ ਆਵਾਜ਼ਾਂ ਦੁਨੀਆ ਦੇ ਸਭ ਤੋਂ ਵੱਡੇ ਮਨੋਰੰਜਨ ਬਾਜ਼ਾਰ ਦੇ ਸਾਹਮਣੇ ਆਪਣੀ ਵੱਖਰੀ ਪਛਾਣ ਬਣਾ ਕੇ ਰੱਖ ਸਕਦੀਆਂ ਹਨ। ਫਰਾਂਸੀਸੀ ਭਾਸ਼ਾ ਦੇ ਹੱਕਾਂ ਦੀ ਰੱਖਿਆ ਵੀ ਕੈਨੇਡਾ ਦੇ ਬੁਨਿਆਦੀ ਢਾਂਚੇ ਅਤੇ ਦੇਸ਼ ਦੀ ਏਕਤਾ ਲਈ ਉੱਨੀ ਹੀ ਜ਼ਰੂਰੀ ਹੈ। ਅਜਿਹਾ ਵਪਾਰਕ ਸਮਝੌਤਾ, ਜੋ ਕੈਨੇਡਾ ਦੀਆਂ ਭਾਸ਼ਾਵਾਂ ਅਤੇ ਸੱਭਿਆਚਾਰ ਨੂੰ ਬਚਾਉਣ ਦੀ ਤਾਕਤ ਨੂੰ ਘੱਟ ਕਰਦਾ ਹੋਵੇ, ਉਸ ਦਾ ਨੁਕਸਾਨ ਸਿਰਫ਼ ਆਰਥਿਕ ਨਹੀਂ ਹੋਵੇਗਾ। ਉਹ ਕੈਨੇਡਾ ਦੀ ਆਪਣੀ ਪਛਾਣ ਆਪ ਤੈਅ ਕਰਨ ਦੀ ਤਾਕਤ ਨੂੰ ਕਮਜ਼ੋਰ ਕਰੇਗਾ। ਇਸ ਲਈ ਸਰਕਾਰ ਵੱਲੋਂ ਇਹ ਸਾਫ਼ ਕਰਨਾ ਬਿਲਕੁਲ ਸਹੀ ਸੀ ਕਿ ਕੈਨੇਡਾ ਦੀ ਆਜ਼ਾਦੀ, ਮੁੱਖ ਕਾਰੋਬਾਰ, ਫਰਾਂਸੀਸੀ ਭਾਸ਼ਾ ਅਤੇ ਸੱਭਿਆਚਾਰ ‘ਤੇ ਕਦੇ ਵੀ ਸੌਦੇਬਾਜ਼ੀ ਨਹੀਂ ਹੋ ਸਕਦੀ। ਇਹ ਪੂਰੇ ਦੇਸ਼ ਦਾ ਮੁੱਦਾ ਹੈ—ਕਿਸੇ ਇੱਕ ਰਾਜਨੀਤਿਕ ਪਾਰਟੀ ਦਾ ਨਹੀਂ। ਟੈਕਸਾਂ, ਮਦਦ ਪ੍ਰੋਗਰਾਮਾਂ ਅਤੇ ਗੱਲਬਾਤ ਦੇ ਤਰੀਕਿਆਂ ‘ਤੇ ਬਹਿਸ ਹੋ ਸਕਦੀ ਹੈ ਅਤੇ ਸੰਸਦ ਦੀ ਨਜ਼ਰ ਵੀ ਰਹਿਣੀ ਚਾਹੀਦੀ ਹੈ। ਪਰ ਪਾਰਟੀਬਾਜ਼ੀ ਕਰਕੇ ਕੈਨੇਡਾ ਦਾ ਮੁੱਖ ਪੱਖ ਕਮਜ਼ੋਰ ਨਹੀਂ ਹੋਣਾ ਚਾਹੀਦਾ।

ਇਹ ਉਹ ਸਮਾਂ ਹੈ ਜਦੋਂ ਲਿਬਰਲ ਸਰਕਾਰ, ਕੰਜ਼ਰਵੇਟਿਵ ਪਾਰਟੀ, ਨਿਊ ਡੈਮੋਕ੍ਰੈਟਿਕ ਪਾਰਟੀ, ਬਲਾਕ ਕਿਊਬੈਕਵਾ, ਗ੍ਰੀਨ ਪਾਰਟੀ, ਸੂਬਿਆਂ ਦੇ ਮੁੱਖ ਮੰਤਰੀ, ਮੂਲਵਾਸੀ ਆਗੂ, ਮਜ਼ਦੂਰ ਜਥੇਬੰਦੀਆਂ ਅਤੇ ਵਪਾਰੀ ਵਰਗ ਇੱਕ ਮੁੱਖ ਗੱਲ ‘ਤੇ ਇਕੱਠੇ ਹੋਣ—ਕੈਨੇਡਾ ਆਪਣੇ ਕਾਨੂੰਨਾਂ ਦਾ ਫ਼ੈਸਲਾ ਆਪ ਕਰੇਗਾ, ਆਪਣੇ ਸੱਭਿਆਚਾਰ ਨੂੰ ਆਪ ਬਚਾਏਗਾ ਅਤੇ ਆਪਣਾ ਭਵਿੱਖ ਆਪ ਤੈਅ ਕਰੇਗਾ।

ਰਾਜਨੀਤਿਕ ਪਾਰਟੀਆਂ ਦੇ ਦੇਸ਼ ਦੇ ਅੰਦਰੂਨੀ ਮੁੱਦਿਆਂ ‘ਤੇ ਮਤਭੇਦ ਹੋ ਸਕਦੇ ਹਨ, ਪਰ ਬਾਹਰੋਂ ਆਉਂਦੇ ਆਰਥਿਕ ਦਬਾਅ ਖ਼ਿਲਾਫ਼ ਸਭ ਨੂੰ ਇਕੱਠੇ ਹੋ ਕੇ ਖੜ੍ਹਨਾ ਚਾਹੀਦਾ ਹੈ। ਸਾਡੇ ਅਮਰੀਕੀ ਸਾਥੀਆਂ ਨੂੰ ਇਹ ਸਮਝਣਾ ਪਵੇਗਾ ਕਿ ਕੈਨੇਡਾ ਦੀ ਆਜ਼ਾਦੀ ਕਿਸੇ ਇੱਕ ਪ੍ਰਧਾਨ ਮੰਤਰੀ ਜਾਂ ਇੱਕ ਪਾਰਟੀ ਦੀ ਜਾਇਦਾਦ ਨਹੀਂ ਹੈ। ਇਹ ਹਰ ਕੈਨੇਡੀਅਨ ਦੀ ਹੈ। ਇਤਿਹਾਸ ਇਹ ਯਾਦ ਰੱਖੇਗਾ ਕਿ ਅਸੀਂ ਇਸ ਮੁਸ਼ਕਲ ਦਾ ਸਾਹਮਣਾ ਡਰ ਅਤੇ ਫੁੱਟ ਨਾਲ ਕੀਤਾ ਸੀ ਜਾਂ ਵਿਸ਼ਵਾਸ ਅਤੇ ਏਕਤਾ ਨਾਲ। ਪ੍ਰਧਾਨ ਮੰਤਰੀ ਕਾਰਨੀ ਨੇ ਆਪਣੇ ਦਾਵੋਸ ਵਾਲੇ ਸਿਧਾਂਤ ਨੂੰ ਅਸਲ ਜ਼ਿੰਦਗੀ ‘ਚ ਲਾਗੂ ਕਰ ਦਿੱਤਾ ਹੈ। ਉਨ੍ਹਾਂ ਨੇ ਦਿਖਾ ਦਿੱਤਾ ਹੈ ਕਿ ਇੱਕ ਮੱਧਮ ਤਾਕਤ ਵਾਲਾ ਦੇਸ਼ ਬੇਵੱਸ ਨਹੀਂ ਹੁੰਦਾ ਅਤੇ ਕਿਸੇ ਵੱਡੀ ਸ਼ਕਤੀ ਨਾਲ ਰਿਸ਼ਤੇ ਬਣਾਈ ਰੱਖਣ ਲਈ ਆਪਣੀ ਇੱਜ਼ਤ ਵੇਚਣੀ ਜ਼ਰੂਰੀ ਨਹੀਂ ਹੁੰਦੀ। ਕੈਨੇਡਾ ਨੂੰ ਗੱਲਬਾਤ ਲਈ ਤਿਆਰ ਰਹਿਣਾ ਚਾਹੀਦਾ ਹੈ। ਉਸ ਨੂੰ ਸਮਝਦਾਰ, ਰਚਨਾਤਮਕ ਅਤੇ ਇੱਜ਼ਤ ਦੇਣ ਵਾਲਾ ਵੀ ਬਣਨਾ ਪਵੇਗਾ। ਪਰ ਉਸ ਨੂੰ ਆਪਣੇ ਅਸੂਲਾਂ ‘ਤੇ ਪੱਕੇ ਵੀ ਰਹਿਣਾ ਪਵੇਗਾ। ਇਹ ਉਹ ਲੜਾਈ ਨਹੀਂ ਹੈ, ਜੋ ਕੈਨੇਡਾ ਨੇ ਮੰਗੀ ਸੀ। ਪਰ ਇਹ ਉਹ ਲੜਾਈ ਜ਼ਰੂਰ ਹੈ, ਜਿਸ ਦਾ ਸਾਨੂੰ ਆਪਣੀ ਆਜ਼ਾਦੀ, ਨੌਕਰੀਆਂ, ਸੱਭਿਆਚਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਇਕੱਠੇ ਹੋ ਕੇ ਸਾਹਮਣਾ ਕਰਨਾ ਪਵੇਗਾ। ਇਸ ਇਤਿਹਾਸਕ ਮੌਕੇ ‘ਤੇ ਸਾਡਾ ਸੁਨੇਹਾ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਕਿ ਅਸੀਂ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸੂਬਿਆਂ, ਭਾਸ਼ਾਵਾਂ ਅਤੇ ਭਾਈਚਾਰਿਆਂ ਦੇ ਹੋ ਸਕਦੇ ਹਾਂ, ਪਰ ਜਦੋਂ ਕੈਨੇਡਾ ਦੀ ਆਜ਼ਾਦੀ ‘ਤੇ ਗੱਲ ਆਉਂਦੀ ਹੈ, ਤਾਂ ਅਸੀਂ ਸਾਰੇ ਕੈਨੇਡੀਅਨ ਬਣ ਕੇ ਇਕੱਠੇ ਖੜ੍ਹਦੇ ਹਾਂ।

 

ਮੈਨਜਿੰਗ ਡਾਇਰੈਕਟਰ,

ਰੇਡੀਓ ਇੰਡੀਆ, ਸਰੀ (ਬੀਸੀ)

Leave a Reply

Your email address will not be published. Required fields are marked *