Aug 31, 2026

ਸਰੀ (ਜਸਵੀਰ ਸਿੰਘ ਭਲੂਰੀਆ, ਮਾਂਗਟ, ਹਰਦਮ ਮਾਨ ) -ਕੈਨੇਡਾ ਦਾ ਖੂਬਸੂਰਤ ਸ਼ਹਿਰ ਸਰੀ ਹੁਣ ਕਲਮਕਾਰਾਂ ਅਤੇ ਕਲਾਕਾਰਾਂ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਣ ਲੱਗਾ ਹੈ। ਇੱਥੇ ਹਰ ਹਫਤੇ ਦੇ ਅੰਤ ਤੇ ਸਾਹਿਤਕ,ਸੱਭਿਆਚਾਰਕ ਅਤੇ ਸੰਗੀਤਕ ਸਮਾਗਮ ਹੁੰਦੇ ਰਹਿੰਦੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਬਹੁਤ ਹੀ ਸ਼ਾਨਦਾਰ ਪੁਸਤਕ ਰਲੀਜ਼ ਸਮਾਗਮ ਗ੍ਰੈਂਡ ਅਮਪਾਇਰ ਬੈਂਕੁਇਟ ਹਾਲ ਸਰੀ ਵਿੱਚ ਕਰਵਾਇਆ ਗਿਆ। ਜਿਸ ਵਿੱਚ ਸਰੀ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਤੋਂ ਸਾਹਿਤਕ, ਰਾਜਨੀਤਿਕ,ਬੁੱਧੀਜੀਵੀ ਅਤੇ ਹੋਰ ਨਾਮਵਰ ਸ਼ਖ਼ਸੀਅਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਸੁਪ੍ਰਸਿੱਧ ਨਾਵਲਕਾਰਾ ਹਰਕੀਰਤ ਕੌਰ ਚਹਿਲ ਦਾ ਅੱਠਵਾਂ ਨਾਵਲ ‘’ਨਦੀ ਨਾਵ ਸੰਜੋਗੀ ਮੇਲੇ’ ਲੋਕ ਅਰਪਣ ਕੀਤਾ ਗਿਆ। ਇਹ ਨਾਵਲ ਸ਼ਾਹਮੁਖੀ ਲਿਪੀ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ। ਜਿਕਰਯੋਗ ਹੈ ਕਿ ਲੇਖਿਕਾ ਦੇ ਕਈ ਨਾਵਲ ਪਹਿਲਾਂ ਵੀ ਸ਼ਾਹਮੁਖੀ ਲਿਪੀ (ਪਾਕਿਸਤਾਨ)ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਪਾਕਿਸਤਾਨੀ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਵੀ ਮਿਲਿਆ ਹੈ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਮੰਚ ਸੰਚਾਲਕ ਡਾ: ਰਮਿੰਦਰਪਾਲ ਕੰਗ ਨੇ ਲੇਖਿਕਾ ਨੂੰ ਉਨ੍ਹਾਂ ਦੇ ਨਵ-ਪ੍ਰਕਾਸ਼ਿਤ ਨਾਵਲ ਦੀ ਵਧਾਈ ਦਿੱਤੀ। ਸਮਾਗਮ ਵਿੱਚ ਸ਼ਾਮਲ ਮਹਿਮਾਨਾਂ ਅਤੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਇਸ ਦੇ ਨਾਲ ਹੀ ਡਾ: ਸਾਧੂ ਸਿੰਘ,ਜਰਨੈਲ ਸਿੰਘ ਸੇਖਾ,ਡਾ: ਰਘਬੀਰ ਸਿਰਜਨਾ,ਗੁਰਪ੍ਰੀਤ ਕੌਰ ਧਾਲੀਵਾਲ ਅਤੇ ਨਾਵਲਕਾਰਾ ਹਰਕੀਰਤ ਕੌਰ ਚਹਿਲ ਨੂੰ ਭਰਪੂਰ ਤਾੜੀਆਂ ਦੀ ਗੂੰਜ ਵਿੱਚ ਪ੍ਰਧਾਨਗੀ ਮੰਡਲ ਵਿੱਚ ਸਸ਼ੋਭਿਤ ਹੋਣ ਲਈ ਸੱਦਾ ਦਿੱਤਾ। ਉਪਰੰਤ ਨਾਵਲ ਉੱਪਰ ਪਰਚੇ ਪੜਨ ਦਾ ਦੌਰ ਸ਼ੁਰੂ ਹੋਇਆ ਜਿਸ ਵਿੱਚ ਡਾ. ਦਵਿੰਦਰਪਾਲ ਕੌਰ, ਡਾ: ਕਮਲਜੀਤ ਕੌਰ,ਡਾ. ਸਾਧੂ ਸਿੰਘ, ਡਾ. ਅਪਮਿੰਦਰਪਾਲ ਬਰਾੜ ਅਤੇ ਡਾ. ਸਰਬਜੀਤ ਕੌਰ ਰੰਧਾਵਾ ਵੱਲੋਂ ਨਾਵਲ ਦੇ ਵਿਸ਼ੇ-ਵਸਤੂ,ਕਲਾਤਮਿਕਤਾ ਅਤੇ ਭਾਸ਼ਾਈ ਪੱਖ ਨੂੰ ਬਿਆਨ ਕਰਦੇ, ਬਹੁਤ ਹੀ ਮਿਹਨਤ ਨਾਲ ਤਿਆਰ ਕੀਤੇ ਖੂਬਸੂਰਤ ਪਰਚੇ ਪੜ੍ਹੇ ਗਏ ਅਤੇ ਪੜ੍ਹੇ ਜਾ ਰਹੇ ਪਰਚਿਆਂ ਨੂੰ ਨਾਲੋ ਨਾਲ ਤਾੜੀਆਂ ਦੀ ਦਾਦ ਵੀ ਮਿਲਦੀ ਰਹੀ  ਭਾਰਤ ਤੋਂ ਖ਼ਾਸ ਤੌਰ ਤੇ ਪਹੁੰਚੀ ਮਹਿਮਾਨ ਮੈਡਮ ਗੁਰਪ੍ਰੀਤ ਕੌਰ ਧਾਲੀਵਾਲ ਨੇ ਗੱਲਬਾਤ ਰਾਹੀਂ ਦੱਸਿਆ ਕਿ ਇਸ ਨਾਵਲ ਰਾਹੀਂ ਓਹਨਾ ਨੂੰ ਗਵਾਂਢੀ ਮੁਲਕ ਦੀ ਸੈਰ ਦਾ ਅਹਿਸਾਸ ਹੋਇਆ। ਮਨੁੱਖੀ ਰਿਸ਼ਤਿਆਂ ਦੀਆਂ ਮਹੀਨ ਤੰਦਾਂ ਨੂੰ ਹਰਕੀਰਤ ਨੇ ਬਹੁਤ ਜਟਿਲਤਾ ਨਾਲ ਬਿਆਨ ਕੀਤਾ ਹੈ। ਡਾ. ਸਾਧੂ ਸਿੰਘ ਨੇ ਵਿਸ਼ੇ ਵਸਤੂ ਦੇ ਨਿਭਾਅ ਦੀ ਪ੍ਰਸ਼ੰਸਾ ਕਰਦਿਆਂ ਇਸ ਨਿਵੇਕਲੇ ਕਾਰਜ ਦੀ ਰੱਜ ਕੇ ਵਡਿਆਈ ਕੀਤੀ। ਉਹਨਾਂ ਅਨੁਸਾਰ ਇਹ ਪਹਿਲਾ ਕੰਮ ਹੈ ਜੋ ਪ੍ਰਦੇਸ ਦੀ ਧਰਾਤਲ ਤੇ ਬਾਹਰ ਬੈਠ ਕੇ ਕੀਤਾ ਗਿਆ।
ਸਰਹੱਦੋਂ ਪਾਰ ਵੱਸਦੇ ਹਮਸਾਇਆ ਦੀ ਲਾਹੌਰੀ ਰੰਗ ਵਾਲ਼ੀ ਬੋਲੀ ਅਤੇ ਸਭਿਆਚਾਰ ਨੂੰ ਬਿਆਨ ਕਰਦਾ ਨਾਵਲ ਪਾਣੀਆਂ ਪ੍ਰਤੀ ਮੁਹੱਬਤ ਅਤੇ ਸਾਂਭ ਸੰਭਾਲ ਦਾ ਹੋਕਾ ਦੇ ਗਿਆ। ਵਾਤਾਵਰਣ ਪ੍ਰਤੀ ਅੱਜ ਦੇ ਮਨੁੱਖ ਦਾ ਅਣਗੌਲਿਆ ਰਵਈਆ ਕਿੰਝ ਘਾਤਕ ਸਿੱਧ ਹੋਵੇਗਾ, ਬਾਰੇ ਤੱਥ ਨਾਵਲ ਨੇ ਭਾਵਨਾਤਮਿਕ ਤਰੀਕੇ ਨਾਲ ਲੋਕਾਂ ਅੱਗੇ ਧਰਿਆ ਹੈ। ਅਜਿਹੀਆਂ ਲਿਖਤਾਂ ਆਪਸੀ ਸਾਂਝ ਦੇ ਪੁਲ਼ ਸਿਰਜਦੀਆਂ ਹਨ। ਪਾਕਿਸਤਾਨ ਵਿਚ ਵੱਸਦੇ ਪੰਜਾਬ ਨੇ ਇਸ ਨਾਵਲ ਦਾ ਉਲੱਥਾ ਕਰਕੇ ਸ਼ਾਹਮੁਖੀ ਵਿਚ ਛਾਪਣ ਦਾ ਉੱਦਮ ਕੀਤਾ ਹੈ ਜੋ ਕਿ ਮਾਣ ਵਾਲੀ ਗੱਲ ਹੈ। ਹਰਕੀਰਤ ਕੌਰ ਚਹਿਲ ਦਾ ਪਰਦੇਸੀ ਧਰਤੀ ਉੱਤੇ ਉਹਨਾਂ ਦੇ ਹੀ ਅੰਦਾਜ਼-ਏ-ਬਿਆਨ ਵਿਚ ਲਿਖਿਆ ਇਹ ਨਾਵਲ ਇੱਕ ਵਿਲੱਖਣ ਕਿਰਤ ਵਜੋਂ ਜਾਣਿਆ ਜਾਵੇਗਾ। ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਇੰਦਰਜੀਤ ਸਿੰਘ ਧਾਮੀ ਅਤੇ ਹੋਰ ਲੇਖਕਾਂ ਅਤੇ ਕਵੀਆਂ ਨੇ ਹਰਕੀਰਤ ਕੌਰ ਚਹਿਲ ਦੇ ਸਾਹਿਤਕ ਸਫ਼ਰ ਦੀ ਬਾਤ ਪਾਉਂਦਿਆਂ ਲਿਖਤਾਂ ਦੇ ਵਿਸ਼ਿਆਂ ਅਤੇ ਸ਼ੈਲੀ ਦੀ ਭਰਵੀਂ ਸ਼ਲਾਘਾ ਕੀਤੀ।
ਪ੍ਰੋਗਰਾਮ ਵਿਚ ਅੰਕੇਸ਼ਵਰ ਸਿੰਘ ਨੇ ਲੇਖਕਾ ਦਾ ਲਿਖਿਆ ਖੂਬਸੂਰਤ ਗੀਤ ਗਾ ਕੇ ਹਾਜ਼ਰੀ ਲਵਾਈ ਅਤੇ ਡਾ. ਜੈਸਮੀਨ ਚਹਿਲ ਨੇ ਸਰਾਇਕੀ ਰੰਗ ਵਾਲ਼ਾ ਪਾਕਿਸਤਾਨੀ ਗੀਤ ਆਪਣੀ ਸੁਰੀਲੀ ਅਵਾਜ਼ ਵਿੱਚ ਗਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ। ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਜਸ਼ਨ ਰੰਧਾਵਾ ਨੇ ਕੀਤੀ। ਹਾਰਵਰਡ ਯੂਨੀਵਰਸਿਟੀ ਦੇ ਪੜ੍ਹੇ ਜਸ਼ਨ ਨੇ ਬੋਲੀ, ਧਰਮ ਅਤੇ ਸਭਿਆਚਾਰ ਪ੍ਰਤੀ ਸੁਚੇਤ ਹੋਣ ਦੀ ਗੱਲ ਕੀਤੀ ਅਤੇ ਇੱਕ ਬਹੁਤ ਪਿਆਰੇ ਗੀਤ ਨਾਲ ਸਰੋਤਿਆਂ ਦਾ ਮਨ ਮੋਹਿਆ।
ਇਸ ਸਮਾਗਮ ਵਿੱਚ ਮੀਡੀਆ ਦੀਆਂ ਉੱਘੀਆਂ ਸਖਸ਼ੀਅਤਾਂ ਤੋਂ ਇਲਾਵਾ ਜਗਰੂਪ ਬਰਾੜ, ਡਾ ਰਘਬੀਰ ਸਿੰਘ ਸਿਰਜਣਾ, ਅਜਮੇਰ ਰੋਡੇ, ਡਾ ਭੁਰਜੀ, ਡਾ ਜਸਬੀਰ ਰੋਮਾਣਾ,ਪ੍ਰਸਿੱਧ ਅਦਾਕਾਰ ਰਾਣਾ ਰਣਬੀਰ, ਡਾ ਸੁਖਬੀਰ ਕੌਰ, ਮੀਰਾ ਗਿੱਲ, ਇਕਬਾਲ ਸਹੋਤਾ, ਸੁੱਖੀ ਢਿੱਲੋਂ, ਨਿੰਮੀ ਡੌਲਾ, ਸੁਰਜੀਤ ਕਲਸੀ, ਡਾ ਹਾਕਮ ਭੁੱਲਰ, ਹਰਜੋਤ ਭੁੱਲਰ,ਅੰਗਰੇਜ਼ ਬਰਾੜ, ਸੁਖਵਿੰਦਰ ਸਿੰਘ ਚੋਹਲਾ ਸੰਪਾਦਕ ਦੇਸ ਪ੍ਰਦੇਸ ਟਾਈਮਜ਼ ,ਪ੍ਰੀਤਪਾਲ ਪੂਨੀ, ਨਿਰਮਲ ਗਿੱਲ , ਸੁਖਜੀਤ ਕੌਰ, ਨਗਿੰਦਰ ਕੌਰ, ਡਾ ਗੁਲਜ਼ਾਰ ਬਲਿੰਗ, ਗੁਰਬਾਜ਼ ਬਰਾੜ, ਗੁਰਪ੍ਰੀਤ ਕੌਰ ਧਾਲੀਵਾਲ, ਅਮਰੀਕ ਪਲਾਹੀ, ਕਵਿੰਦਰ ਚਾਂਦ, ਗੁਰਪ੍ਰੀਤ ਸਿੰਘ, ਸੁਰਿੰਦਰ ਚਹਿਲ, ਦਰਸ਼ਨ ਸਿੰਘ ਸੰਘਾ, ਜਸਵੀਰ ਸਿੰਘ ਭਲੂਰੀਆ, ਡਾ ਪਰਮਜੀਤ ਸਿੱਧੂ, ਦਲਜੀਤ ਸਿੱਧੂ, ਡਾ ਓਮ ਪ੍ਰਕਾਸ਼, ਦਵਿੰਦਰ ਗੌਤਮ, ਰਾਜਵੰਤ ਰਾਜ, ਡਾ ਕਮਲਜੀਤ ਕੌਰ, ਡਾ ਦਵਿੰਦਰਪਾਲ ਕੌਰ, ਹਰਬੰਸ ਬਰਾੜ, ਜਗੇਸ਼ ਕੱਲ੍ਹਾ, ਸ਼ਰਨਜੀਤ ਬਲ, ਸਰਬਜੀਤ ਚਾਂਦੀ, ਅਨੂਪਿੰਦਰ ਗਰੇਵਾਲ, ਪ੍ਰੀਤ ਮਨਪ੍ਰੀਤ, ਡਾ ਜੈਸਮੀਨ ਚਹਿਲ, ਅੰਕੇਸ਼ਵਰ ਸੰਘ, ਗੁਰਮੀਤ ਡਡਵਾਲ, ਕਮਲਜੀਤ ਡਡਵਾਲ, ਜੈਸਮੀਨ ਡਡਵਾਲ, ਗੋਬਿੰਦਰ ਪੰਧੇਰ, ਹਰਪ੍ਰੀਤ ਕੌਰ, ਸ਼ਾਇਨਾ, ਜਸ਼ਨਪ੍ਰੀਤ ਰੰਧਾਵਾ, ਜਸਬੀਰ ਮਾਨ, ਨਵਰਾਜ ਗਿੱਲ, ਜੀਤੀ ਗਿੱਲ, ਸੁਖਪ੍ਰੀਤ ਬੱਡੋਂ ਅਤੇ ਹੋਰ ਬਹੁਤ ਸਰੋਤਿਆਂ ਨੇ ਪੂਰੇ ਤਿੰਨ ਘੰਟੇ ਚੱਲੇ ਪ੍ਰੋਗਰਾਮ ਵਿੱਚ ਨਿੱਠ ਕੇ ਹਾਜ਼ਰੀ ਲਵਾਈ।ਸਮਾਗਮ ਦੇ ਅਖੀਰ ਵਿੱਚ ਹਰਕੀਰਤ ਕੌਰ ਚਹਿਲ ਨੇ ਇਸ ਕਿਰਤ ਦੇ ਸ਼ਾਹਮੁਖੀ ਉਲੱਥੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਹਿੰਦੇ ਪੰਜਾਬ ਨੇ ਇਸ ਕਿਰਤ ਨੂੰ ਬੇਹੱਦ ਸਲਾਹਿਆ ਹੈ ਅਤੇ ਇਸ ਕਾਰਜ ਰਾਹੀਂ ਸਾਂਝ ਦਾ ਪੁਲ਼ ਸਿਰਜਣ ਦੀ ਵਧਾਈ ਭੇਜੀ ਹੈ।ਲੇਖਿਕਾ ਨੇ ਇਸ ਨਾਵਲ ਦੀ ਸਿਰਜਣਾ ਵਿੱਚ ਸਹਿਯੋਗੀ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਨਾਲ ਹੀ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਮਾਗਮ ਵਿੱਚ ਪਹੁੰਚੀਆਂ ਹਸਤੀਆਂ/ਸਰੋਤਿਆ/ਮੀਡੀਆ ਕਰਮੀਆਂ ਦਾ ਵੀ ਧੰਨਵਾਦ ਕੀਤਾ। ਹਰਕੀਰਤ ਕੌਰ ਚਹਿਲ ਦੇ ਹਮਸਫ਼ਰ ਡਾ ਕੁਲਦੀਪ ਸਿੰਘ ਚਹਿਲ ਨੇ ਆਪਣੇ ਫਰਜ਼ ਬਾਖੂਬੀ ਨਿਭਾਏ।
ਪਾਠਕਾਂ ਨੇ ਹਰਕੀਰਤ ਕੌਰ ਚਹਿਲ ਦੀਆਂ ਪੁਸਤਕਾਂ ਦੇ ਲੱਗੇ ਸਟਾਲ ਤੋਂ ਪੁਸਤਕਾਂ ਖ਼ਰੀਦਣ ਵਿੱਚ ਵੀ ਪੂਰੀ ਦਿਲਚਸਪੀ ਦਿਖਾਈ। ਬੁਲਾਰਿਆਂ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਮੰਚ ਸੰਚਾਲਕ ਡਾ: ਰਮਿੰਦਰਪਾਲ ਕੰਗ ਨੇ ਆਪਣੇ ਤਜਰਬੇ ਅਤੇ ਸੂਝ ਨਾਲ ਸਮਾਗਮ ਨੂੰ ਸਮੇਂ ਸਿਰ ਸਮੇਟ ਲਿਆ। ਖ਼ੂਬਸੂਰਤ ਯਾਦਾਂ ਛੱਡਦਾ ਇਹ ਸਫ਼ਲ ਪ੍ਰੋਗਰਾਮ ਚਿਰਾਂ ਤੀਕਰ ਸਾਹਿਤਕ ਪ੍ਰੇਮੀਆਂ ਨੂੰ ਸਰਸ਼ਾਰ ਕਰਦਾ ਰਹੇਗਾ।

Leave a Reply

Your email address will not be published. Required fields are marked *