Oct 3, 2026

ਵੈਨਕੂਵਰ,2 ਸਤੰਬਰ (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਨੇ ਫਲੀਟਵੁੱਡ ਇਸਲਾਮਿਕ ਸੈਂਟਰ ਨੂੰ ਨਿਸ਼ਾਨਾ ਬਣਾਉਂਦਿਆਂ ਕਥਿਤ ਨਫ਼ਰਤੀ ਤੋੜ-ਫੋੜ ਅਤੇ ਧਮਕੀਆਂ ਦੀ ਸਖ਼ਤ ਨਿੰਦਾ ਕਰਦਿਆਂ ਮੁਸਲਿਮ ਭਾਈਚਾਰੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ  ਬਰਾੜ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਫ਼ਰਤ ਭਰੀ ਤੋੜ-ਫੋੜ ਅਤੇ ਧਮਕੀਆਂ ਦੀ ਘਟਨਾ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਧਾਰਮਿਕ ਅਸਥਾਨ ਜਾਂ ਇਬਾਦਤ ਦੀ ਥਾਂ ’ਤੇ ਅਸੁਰੱਖਿਅਤ ਮਹਿਸੂਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਜ਼ੋਰ ਦਿੱਤਾ ਕਿ ਅਜਿਹੀਆਂ ਘਟਨਾਵਾਂ ਭਾਈਚਾਰੇ ਵੱਲੋਂ ਸਾਂਝੇ ਕੀਤੇ ਜਾਂਦੇ ਸਤਿਕਾਰ, ਸਹਿਣਸ਼ੀਲਤਾ ਅਤੇ ਸੁਰੱਖਿਆ ਦੇ ਮੁੱਲਾਂ ਦੇ ਉਲਟ ਹਨ।
ਬਰਾੜ ਨੇ ਮੁਸਲਿਮ ਭਾਈਚਾਰੇ ਨੂੰ ਆਪਣਾ ਸਮਰਥਨ ਦਿੰਦਿਆਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਨਫ਼ਰਤੀ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰੇਕ ਭਾਈਚਾਰੇ ਦੀ ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਅਖੀਰ ‘ਚ ਬਰਾੜ ਨੇ ਕਿਹਾ ਕਿ ਉਹ ਆਪਣੇ  ਸਥਾਨਕ ਆਗੂਆਂ, ਪੁਲਿਸ ਅਤੇ ਕਮਿਊਨਿਟੀ ਸੰਸਥਾਵਾਂ ਨਾਲ ਮਿਲ ਕੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ, ਨਫ਼ਰਤ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਕੰਮ ਕਰਦੇ ਰਹਿਣਗੇ।

error: Content is protected !!