Sep 5, 2026

ਹਿਰਾਸਤ ਵਿਚ ਲੈਣ ਉਪਰੰਤ  ਸ਼ਰਤਾਂ ਤੇ ਰਿਹਾਅ ਕੀਤਾ-ਤਨਖਾਹ ਤੋਂ ਬਿਨਾਂ ਨੌਕਰੀ ਤੋਂ ਮੁਅੱਤਲੀ ਦੇ ਹੁਕਮ-

3 ਮਿਲੀਅਨ ਡਾਲਰ ਦੇ ਫਰਾਡ, ਚੋਰੀ ਤੇ ਵਿਸਵਾਸ਼ ਤੋੜਨ ਸਮੇਤ 9 ਦੋਸ਼ਾਂ ਦਾ ਸਾਹਮਣਾ-

ਵੈਨਕੂਵਰ ( ਏਜੰਸੀਆਂ, ਦੇ ਪ੍ਰ ਬਿ)- ਵੈਨਕੂਵਰ ਪੁਲਿਸ ਵਲੋਂ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਚੀਫ ਸਟੀਵ ਰਾਏ ਨੇ ਦੱਸਿਆ ਹੈ ਕਿ ਵੈਨਕੂਵਰ ਪੁਲਿਸ ਦੇ  ਅਧਿਕਾਰੀ ਕੁਲਵਿੰਦਰ ਸਿੰਘ ਕੈਲ ਦੋਸਾਂਝ ਖਿਲਾਫ ਤਿੰਨ ਹਾਊਸਿੰਗ ਡਿਵੈਲਪਮੈਂਟ ਕੰਪਨੀਆਂ ਦੇ 19 ਨਿਵੇਸ਼ਕਾਂ  ਅਤੇ ਬੱਚਿਆਂ ਦੀ ਚੈਰਿਟੀ ਸੰਸਥਾ ਕਿਡਜ਼ ਪਲੇਅ ਫਾਊਂਡੇਸ਼ਨ ਨਾਲ ਧੋਖਾਧੜੀ ਕਰਨ ਸਮੇਤ 3 ਮਿਲੀਅਨ ਡਾਲਰ ਦਾ ਨੁਕਸਾਨ ਪਹੁੰਚਾਏ ਜਾਣ ਦੇ ਦੋਸ਼ ਹਨ।

ਪੁਲਿਸ ਚੀਫ ਰਾਏ ਨੇ ਪ੍ਰੈਸ ਕਾਨਫਰੰਸ ਦੌਰਾਨ  ਬਿਆਨ ਪੜਕੇ ਸੁਣਾਇਆ ਜਿਸ ਵਿੱਚ ਉਹਨਾਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਗਈ ਕਿ ਕਲਵਿੰਦਰ (ਕੈਲ) ਦੋਸਾਂਝ, ਜੋ ਕਿ ਵਿਭਾਗ ਵਿਚ 26 ਸਾਲਾਂ ਤੋਂ ਸੇਵਾਵਾਂ ਨਿਭਾਅ ਰਿਹਾ ਸੀ, ਧੋਖਾਧੜੀ, ਚੋਰੀ ਅਤੇ ਵਿਸ਼ਵਾਸ ਤੋੜਨ  ਦੇ ਨੌਂ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਹਨਾਂ ਆਪਣੇ ਬਿਆਨ ਦੇ ਨਾਲ ਇਹ ਵੀ ਦੱਸਿਆ ਕਿ  ਦੋਸਾਂਝ, ਜਿਸਦਾ ਸਭ ਤੋਂ ਤਾਜ਼ਾ ਅਹੁਦਾ ਇੱਕ ਮੋਟਰਸਾਈਕਲ ਟ੍ਰੈਫਿਕ ਅਫਸਰ ਸੀ, ਨੂੰ ਉਸਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਰਾਏ ਨੇ ਕਿਹਾ ਕਿ ਫੋਰਸ ਵੈਨਕੂਵਰ ਪੁਲਿਸ ਬੋਰਡ ਨੂੰ ਸਿਫ਼ਾਰਸ਼ ਕਰ ਰਹੀ ਹੈ ਕਿ ਉਸਦੀ ਮੁਅੱਤਲੀ ਬਿਨਾਂ ਤਨਖਾਹ ਦੇ ਹੋਵੇ। ਰਾਏ ਨੇ ਹੋਰ ਕਿਹਾ ਕਿ ਫੋਰਸ ਦੋਸਾਂਝ ਵਿਰੁੱਧ ਨੁਕਸਾਨ ਦੀ ਪੂਰਤੀ ਲਈ ਜ਼ਬਤੀ ਦਾ ਮੁਕੱਦਮਾ ਦਾਇਰ ਕਰਨ ਲਈ ਵੀ ਕਦਮ ਚੁੱਕ ਰਹੀ ਹੈ।

ਰਾਏ ਨੇ ਕਿਹਾ ਕਿ ਕੈਲ ਦੋਸਾਂਝ ਵਿਰੁਧ ਇਹ ਜਾਂਚ ਢਾਈ ਸਾਲ ਪਹਿਲਾਂ ਸ਼ੁਰੂ ਹੋਈ ਸੀ। ਜਾਂਚ ਉਪਰੰਤ  50 ਸਾਲਾ ਦੋਸਾਂਝ ਵਿਰੁਧ ਕੁਲ ਨੌਂ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਚਾਰ, 5,000 ਡਾਲਰ ਤੋਂ ਵੱਧ ਦੀ ਚੋਰੀ ਦੇ ਚਾਰ ਅਤੇ ਇੱਕ ਸਰਕਾਰੀ ਅਧਿਕਾਰੀ ਦੁਆਰਾ ਵਿਸ਼ਵਾਸਘਾਤ ਦਾ ਇੱਕ ਦੋਸ਼ ਸ਼ਾਮਲ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਧੋਖਾਧੜੀ ਅਤੇ ਚੋਰੀ ਦੇ ਛੇ ਮਾਮਲਿਆਂ ਵਿੱਚ ਉਸਦਾ ਇੱਕ ਸਹਿ-ਦੋਸ਼ੀ 51 ਸਾਲਾ ਸਰਬਜੀਤ ਸਿੰਘ ਗਿੱਲ ਹੈ।

ਪੁਲਿਸ ਨੇ ਦੋਸਾਂਝ ਨੂੰ ਗ੍ਰਿਫਤਾਰ ਕਰਨ ਅਤੇ ਬਿਨਾਂ ਇਕ ਰਾਤੇ ਬਿਤਾਏ ਹਿਰਾਸਤ ਚੋਂ ਰਿਹਾਅ ਕੀਤੇ ਜਾਣ ਲਈ ਸ਼ਰਤਾਂ ਲਗਾਈਆਂ ਹਨ। ਇਹਨਾਂ ਸ਼ਰਤਾਂ ਵਿਚ ਸ਼ਾਮਿਲ ਹੈ ਕਿ ਉਹ ਕਿਸੇ ਵੀ ਨਿਵੇਸ਼ਕ, ਵੈਨਕੂਵਰ ਪੁਲਿਸ ਦੇ ਕਿਸੇ ਵੀ ਮੈਂਬਰ ਜਾਂ ਗਿੱਲ ਨਾਲ ਸੰਪਰਕ ਨਹੀ ਕਰੇਗਾ। ਉਹ ਉਪਰ ਕੰਪਨੀ ਸ਼ੁਰੂ ਕਰਨ, ਫੰਡ ਇਕੱਠਾ ਕਰਨ ਲਈ ਕੋਈ ਸਮਾਗਮ ਕਰਨ ਜਾਂ ਕਿਸੇ ਵੀ ਕਿਡਜ਼ ਪਲੇ ਫੰਕਸ਼ਨ ਵਿੱਚ ਸ਼ਾਮਲ ਹੋਣ ‘ਤੇ ਪਾਬੰਦੀ ਹੈ।
ਦੋਸਾਂਝ ਖਿਲਾਫ ਜੋ ਦੋਸ਼ ਲਗਾਏ ਗਏ ਹਨ ਉਹਨਾਂ ਬਾਰੇ ਕਿਹਾ  ਗਿਆ ਹੈ ਕਿ ਇਹ ਅਪਰਾਧ 8 ਦਸੰਬਰ, 2017 ਅਤੇ 25 ਜੁਲਾਈ, 2025 ਦੇ ਵਿਚਕਾਰ ਵੈਨਕੂਵਰ, ਸਰੀ ਅਤੇ ਬੀ.ਸੀ. ਦੇ ਹੋਰ ਸਥਾਨਾਂ ‘ਤੇ ਜਾਂ ਨੇੜੇ ਵਾਪਰੇ ਹਨ। ਪੁਲਿਸ ਮੁਖੀ ਰਾਏ ਨੇ ਕਿਹਾ ਕਿ ਇਹ ਦੋਸ਼ ਵੈਨਕੂਵਰ ਪੁਲਿਸ ਦੀ ਅਗਵਾਈ ਹੇਠ “ਲੰਬੀ ਅਤੇ ਪੂਰੀ ਜਾਂਚ” ਤੋਂ ਬਾਅਦ ਲਗਾਏ ਗਏ ਹਨ। ਇਹ ਜਾਂਚ ਦਸੰਬਰ 2023 ਵਿੱਚ ਸ਼ੁਰੂ ਹੋਈ ਸੀ, ਜਿਸ ਵਿੱਚ 19 ਦੇ ਕਰੀਬ ਲੋਕਾਂ ਨੇ ਪੀੜਤ ਹੋਣ ਦੀ ਸ਼ਿਕਾਇਤ ਕੀਤੀ ਹੈ।

ਉਹਨਾਂ ਆਪਣੀ ਹੀ ਫੋਰਸ ਦੇ ਇਕ ਅਧਿਕਾਰੀ ਖਿਲਾਫ ਉਕਤ ਦੋਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਪਰੇਸ਼ਾਨ ਕਰਨ ਵਾਲੀਆਂ ਹਨ ਜੋ ਪੁਲਿਸ ਫੋਰਸ ਦੇ ਮੁੱਲਾਂ ਨਾਲ ਮੇਲ ਨਹੀਂ ਖਾਂਦੀਆਂ। ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਤਿੰਨ ਧੋਖਾਧੜੀ ਦੇ ਦੋਸ਼ ਉਨ੍ਹਾਂ ਨਿਵੇਸ਼ਕਾਂ ਨਾਲ ਸਬੰਧਤ ਹਨ ਜਿਨ੍ਹਾਂ ਨਾਲ ਤਿੰਨ ਹਾਊਸਿੰਗ ਪ੍ਰੋਜੈਕਟਾਂ- ਅਜ਼ੂਰਾ, ਕਵੀਨਜ਼ ਪਾਰਕ ਅਤੇ ਸਹਾਰਾ ਵਿੱਚ ਧੋਖਾਧੜੀ ਕੀਤੀ ਗਈ ਸੀ। ਤਿੰਨ ਚੋਰੀ ਦੇ ਦੋਸ਼, ਨਿਵੇਸ਼ ਸੌਦਿਆਂ ਵਿੱਚ ਪੈਸੇ ਅਤੇ ਜਾਇਦਾਦ ਦੀ ਚੋਰੀ ਦਾ ਹਵਾਲਾ ਦਿੰਦੇ ਹਨ।
ਦੋਸਾਂਝ ਖਿਲਾਫ ਪੈਸੇ ਦੀ ਚੋਰੀ ਦਾ ਇੱਕ ਦੋਸ਼ ਅਤੇ ਕਿਡਜ਼ ਪਲੇ ਦੇ ਖਿਲਾਫ ਧੋਖਾਧੜੀ ਦਾ ਇੱਕ ਦੋਸ਼ ਵੀ ਸ਼ਾਮਿਲ ਹੈ। ਨੌਵਾਂ ਦੋਸ਼ “ਜਨਤਕ ਭਲੇ ਦੀ ਥਾਂ ਕਿਸੇ ਹੋਰ ਉਦੇਸ਼ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ  ਜਾਂ ਵਿਸ਼ਵਾਸ ਤੋੜਨ ਨਾਲ ਸਬੰਧਤ ਹੈ।

ਉਸਦੇ ਖਿਲਾਫ ਪਹਿਲੀ ਸ਼ਿਕਾਇਤ ਮਾਰਚ 2023 ਵਿੱਚ ਵੈਸਟ ਪੁਆਇੰਟ (ਕਵੀਨਜ਼ ਪਾਰਕ) ਲਿਮਟਿਡ ਪਾਰਨਰਸ਼ਿਪ ਨੂੰ ਧਿਰ ਬਣਾਕੇ ਕੀਤੀ ਗਈ ਸੀ।ਇਸ ਵਿੱਚ ਮਿਸ਼ਨ ਪ੍ਰਾਪਰਟੀ ਨੂੰ ਵਿਕਸਤ ਕਰਨ ਦੇ ਸੌਦੇ ਦੌਰਾਨ ਬੇਨਿਯਮੀਆਂ ਦੇ ਦੋਸ਼ ਲਗਾਏ ਗਏ ਸਨ। ਇਹ ਪ੍ਰਾਪਰਟੀ 2019 ਵਿੱਚ ਇੱਕ ਨੰਬਰੀ ਕੰਪਨੀ ਦੁਆਰਾ ਸੀਮਤ ਭਾਈਵਾਲੀ ਨਾਲ ਖਰੀਦੀ ਗਈ ਸੀ। ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਕਿ ਬਚਾਅ ਪੱਖ ਨੇ ਮੁਦਈ ਦੀ ਜਾਣਕਾਰੀ ਤੋਂ ਬਿਨਾਂ ਮਿਸ਼ਨ ਪ੍ਰਾਪਰਟੀ ਦੇ ਵਿਰੁੱਧ ਕਰਜ ਲੈਕੇ ਇਸਦੀ ਵਰਤੋਂ ਸਰੀ ਵਿੱਚ 64ਵੇਂ ਐਵੇਨਿਊ ‘ਤੇ ਇੱਕ ਹੋਰ ਜਾਇਦਾਦ ਖਰੀਦਣ ਅਤੇ ਵਿਕਸਤ ਕਰਨ ਲਈ ਕੀਤੀ।

ਇਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਦੋਸਾਂਝ ਨੇ ਸੀਮਤ ਭਾਈਵਾਲੀ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਅਤੇ ਮੁਦਈ ਨੂੰ ਵਿੱਤੀ ਨੁਕਸਾਨ ਪਹੁੰਚਾਇਆ। 2024 ਵਿੱਚ ਸ਼ੁਰੂ ਹੋਏ ਇਕ ਹੋਰ ਮੁਕੱਦਮੇ ਵਿਚ, ਦੋਸ਼ ਲਗਾਏ ਗਏ ਹਨ ਹੈ ਕਿ ਦੋਸਾਂਝ ਨੇ ਮਿਸ਼ਨ ਪ੍ਰੋਜੈਕਟ ਵਿੱਚ ਨਿਵੇਸ਼ ਕੀਤੇ ਪੈਸੇ ਦੀ ਵਰਤੋਂ ਸਰੀ ਅਤੇ ਐਬਟਸਫੋਰਡ ਵਿੱਚ ਕਈ ਹੋਰ ਜਾਇਦਾਦਾਂ ਵਿੱਚ ਨਿਵੇਸ਼ ਕਰਨ ਲਈ ਕੀਤੀ।
ਦੋਵਾਂ ਮੁਕੱਦਮਿਆਂ ਵਿੱਚ, ਦੋਸਾਂਝ ਦੇ ਜਵਾਬ ਵਿੱਚ ਦਲੀਲ ਦਿੱਤੀ ਗਈ ਹੈ ਕਿ ਉਸਨੇ ਮਿਸ਼ਨ ਦੀ ਜਾਇਦਾਦ ਲਈ 5.6 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ, ਨਾ ਕਿ ਮੁਦਈਆਂ ਦੁਆਰਾ ਆਪਣੇ ਮੁਕੱਦਮੇ ਵਿੱਚ ਲਗਾਏ ਗਏ 4 ਮਿਲੀਅਨ ਡਾਲਰ। ਮੁਦਈਆਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੀ “ਮਿਸ਼ਨ ਦੀ ਜਾਇਦਾਦ ਵਿੱਚ ਇਕੁਇਟੀ ਘੱਟ ਗਈ ਹੈ।

ਵੈਨਕੂਵਰ ਪੁਲਿਸ ਨੇ ਦੋਸਾਂਝ ਖਿਲਾਫ ਲੰਬੀ ਜਾਂਚ ਉਪਰੰਤ  ਵੀਰਵਾਰ ਨੂੰ ਉਸਦੇ ਘਰ ਅਤੇ ਕਿਡਜ ਪਲੇਅ ਦਫਤਰ ਦੀ ਤਲਾਸ਼ੀ ਲਈ। ਪੁਲਿਸ ਨੇ ਇਸ ਤਲਾਸ਼ੀ ਉਪਰੰਤ ਦੋਸਾਂਝ ਨੂੰ ਹਿਰਾਸਤ ਵਿਚ ਲੈ ਲਿਆ ਤੇ ਫਿਰ ਸ਼ਰਤਾਂ ਤਹਿਤ ਰਿਹਾਅ ਕਰ ਦਿੱਤਾ।

ਪੱਤਰਕਾਰਾਂ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਇਹ  ਪੁੱਛੇ ਜਾਣ ‘ਤੇ ਕਿ ਵੈਨਕੂਵਰ ਪੁਲਿਸ  ਨੇ ਆਪਣੇ ਹੀ ਅਧਿਕਾਰੀ ਵਿਰੁਧ ਜਾਂਚ ਕਿਉਂ ਕੀਤੀ ਤਾਂ ਇਸਦੇ ਜਵਾਬ ਵਿਚ ਪੁਲਿਸ ਚੀਫ ਰਾਏ ਨੇ ਕਿਹਾ ਕਿ ਇਸ ਕੇਸ ਦੀ ਪੜਤਾਲ ਲਈ  ਸਰੀ ਪੁਲਿਸ ਟਰਾਂਜੀਸ਼ਨ ਕਾਰਣ  ਆਰ.ਸੀ.ਐਮ.ਪੀ., ਕੋਲ ਸਰੋਤਾਂ ਦੀ ਘਾਟ ਸੀ। ਜਿਸ ਕਾਰਣ ਵੈਨਕੂਵਰ ਪੁਲਿਸ ਨੂੰ ਇਹ ਕੇਸ ਆਪਣੇ ਹੱਥਾਂ ਵਿਚ ਲੈਣਾ ਪਿਆ।

ਵੈਨਕੂਵਰ ਪੁਲਿਸ ਵਲੋਂ ਲਗਾਏ ਗਏ ਦੋਸ਼ਾਂ ਦੇ ਸਬੰਧ ਵਿਚ ਦੋਸਾਂਝ ਨੂੰ ਇਸ ਮਹੀਨੇ ਦੇ ਅੰਤ ਵਿੱਚ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।

Leave a Reply

Your email address will not be published. Required fields are marked *