ਸੈਂਕੜੇ ਲੋਕਾਂ ਨੂੰ ਕੌਂਸਲ ਸੇਵਾਵਾਂ ਪ੍ਰਦਾਨ ਕੀਤੀਆਂ-
ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਜਨਰਲ ਵਲੋਂ ਪਰਵਾਸੀ ਭਾਰਤੀਆਂ ਨੂੰ ਕੌਂਸਲ ਸੇਵਾਵਾਂ ਪ੍ਰਦਾਨ ਕਰਨ ਲਈ ਇਕ ਵਿਸ਼ੇਸ਼ ਕੈਂਪ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਹੈਰੀਟੇਜ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ ਕੌਂਸਲੇਟ ਦੇ ਅਧਿਕਾਰੀਆਂ ਨੇ ਸਾਬਕਾ ਪੈਨਸ਼ਰਾਂ ਅਤੇ ਹੋਰ ਐਨ ਆਰ ਆਈਜ ਨੂੰ ਲਾਈਫ ਸਰਟੀਫਿਕੇਟ, ਓ ਸੀ ਆਈ, ਪੁਲਿਸ ਕਲੀਅਰੈਂਸ ਸਰਟੀਫਿਕੇਟ, ਅਟੈਸਟੇਸ਼ਨ ਅਤੇ ਹੋਰ ਕੌਂਸਲ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੈਂਕੜੇ ਲੋਕਾਂ ਨੇ ਇਹਨਾਂ ਸੇਵਾਵਾਂ ਦਾ ਫਾਇਦਾ ਲਿਆ। ਇਸ ਮੌਕੇ ਗੁਰਦੁਆਰਾ ਕਮੇਟੀ ਵਲੋਂ ਆਏ ਲੋਕਾਂ ਲਈ ਚਾਹ ਪਾਣੀ ਅਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਅਤੇ ਹੋਰ ਕਮੇਟੀ ਮੈਂਬਰਾਂ ਨੇ ਕੌਂਸਲੇਟ ਜਨਰਲ ਵਲੋਂ ਆਏ ਅਧਿਕਾਰੀਆਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਵਲੋਂ ਲੋਕਾਂ ਨੂੰ ਨਿਰਵਿਘਨ ਕੌਂਸਲ ਸੇਵਾਵਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਿਖਸ ਫਾਰ ਜਸਟਿਸ ਅਤੇ ਖਾਲਿਸਤਾਨੀ ਕਾਰਕੁਨਾਂ ਵਲੋਂ ਕੈਨੇਡਾ ਦੇ ਗੁਰੂ ਘਰਾਂ ਵਿਚ ਭਾਰਤੀ ਕੌਂਸਲੇਟ ਜਨਰਲ ਵਲੋਂ ਕੈਂਪ ਲਗਾਕੇ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦਾ ਵਿਰੋਧ ਕਰਦਿਆਂ ਰੋਸ ਮੁਜਾਹਰੇ ਕੀਤੇ ਜਾਂਦੇ ਹਨ। ਹਰ ਸਾਲ ਦੀ ਤਰਾਂ ਇਸ ਵਾਰ ਵੀ ਕੁਝ ਖਾਲਿਸਤਾਨੀ ਕਾਰਕੁਨਾਂ ਵਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਯਤਨ ਕੀਤਾ ਗਿਆ ਪਰ ਬੀਸੀ ਸਰਕਾਰ ਵਲੋਂ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੀ ਹਦੂਦ ਨੇੜੇ ਅਜਿਹੇ ਰੋਸ ਪ੍ਰਦਰਸ਼ਨ ਕੀਤੇ ਜਾਣ ਦੀ ਪਾਬੰਦੀ ਲਾਗੂ ਹੋਣ ਕਾਰਣ ਕੌਂਸਲ ਸੇਵਾਵਾਂ ਨਿਰਵਿਘਨ ਜਾਰੀ ਰਹੀਆਂ।



