Sep 9, 2026

ਸ਼ਿਕਾਗੋ ( ਰਵਿੰਦਰ ਸਿੰਘ ਸਹਿਰਾਅ)- ਸ਼ਿਕਾਗੋ ਦੁਨੀਆਂ ਭਰ ਦੇ ਮਜ਼ਦੂਰਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਹੈ । ਪਹਿਲੀ ਮਈ ਅਠਾਰਾਂ ਸੌ ਛਿਆਸੀ ਵਾਲੇ ਦਿਨ ਕਰੀਬ ਚਾਲੀ ਹਜ਼ਾਰ ਕਾਮਿਆਂ ਨੇ ਅੱਠ ਘੰਟੇ ਦੀ ਦਿਹਾੜੀ ਨੂੰ ਲੈ ਕੇ ਰੜਤਾਲ ਕੀਤੀ ਸੀ । ਪੁਲਸ ਦੀਆਂ ਗੋਲੀਆਂ ਨਾਲ ਬਹੁਤ ਸਾਰੇ ਮਜ਼ਦੂਰ ਸ਼ਹੀਦ ਹੋਏ ਅਤੇ ਵੱਡੀ ਗਿਣਤੀ ਵਿੱਚ ਫੱਟੜ ਹੋਏ ਸਨ । ਪਰ ਉਨ੍ਹਾਂ ਦੀਆਂ ਕੁਰਬਾਨੀਆਂ ਰੰਗ ਲਿਆਈਆਂ ।
ਹਿੰਦੁਸਤਾਨ ਦੀ ਆਜ਼ਾਦੀ ਲਈ ਅਮਰੀਕਾ ਅਤੇ ਕੈਨੇਡਾ ਦੇ ਪੱਛਮੀ ਤੱਟ ਤੇ ਆਏ ਗਦਰੀ ਬਾਬਿਆਂ ਨੇ 1913 ਵਿੱਚ ਗਦਰ ਪਾਰਟੀ ਦੀ ਰੱਖੀ ਸੀ ਕਿਉਂਕਿ ਬ੍ਰਿਟਿਸ਼ ਸਰਕਾਰ ਵੱਲੋਂ ਉਨ੍ਹਾਂ ਨਾਲ ਗੁਲਾਮਾਂ ਵਾਲਾ ਸਲੂਕ ਕੀਤਾ ਜਾਂਦਾ ਸੀ ।ਬਾਬਿਆਂ ਨੇ ਵਾਪਸ ਭਾਰਤ ਜਾ ਕੇ ਸਾਮਰਾਜ ਦੀ ਜੜ੍ਹ ਉਖੇੜਨ ਦਾ ਫੈਸਲਾ ਕੀਤਾ । ਸਿੱਟੇ ਵਜੋਂ ਬਹੁਤ ਸਾਰੀਆਂ ਨੂੰ ਫਾਂਸੀ ਦਾ ਰੱਸਾ ਚੁੰਮਣਾ ਪਿਆ ਤੇ ਕਾਲ਼ੇ ਪਾਣੀਆਂ ਦੀ ਜੇਲ੍ਹ ਕੱਟਣ ਲਈ ਮਜਬੂਰ ਕੀਤਾ ਗਿਆ ਸੀ ।
ਗਲੋਬਲ ਪੰਜਾਬ ਮਿਲਾਪ ਅਤੇ ਅਮੈਰਿਕਨ ਸਿੱਖ ਕਮਿਊਨਿਟੀ ਵੱਲੋਂ ਸਾਂਝੇ ਤੌਰ ਤੇ ਟੱਚ ਆਫ਼ਿਸ ਸਪਾਈਸ ਇੰਡੀਅਨ ਰੈਸਟੋਰੈਂਟ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ । ਬੁਲਾਰਿਆਂ ਵਿੱਚ ਰਾਕਿੰਦ ਕੌਰ, ਗੁਰਲੀਨ ਕੌਰ,ਰਜਿੰਦਰ ਮਾਗੋ, ਸਰਵਣ ਸਿੰਘ ਰਾਜੂ , ਅਮਰਦੇਵ ਸਿੰਘ ਬੰਦੇਸ਼ਾ, ਡਾ ਸਵਰਨਜੀਤ ਸਿੰਘ, ਡਾ ਇੰਦਰਬੀਰ ਸਿੰਘ, ਜਨਾਬ ਸਾਜਿਦ ਚੌਧਰੀ, ਠਾਕੁਰ ਸਿੰਘ ਬਸਾਤੀ, ਸ. ਪ੍ਰੀਤਮ ਸਿੰਘ, ਸੁਰਿੰਦਰ ਕੌਰ,ਰਵਿੰਦਰ ਸਿੰਘ ਸਹਿਰਾਅ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ । ਪੰਜਾਬੀ ਸਕੂਲ  ਕਰਾਊਨ ਪੁਆਇੰਟ ( ਇੰਡਿਆਨਾ) ਦੇ ਬੱਚਿਆਂ ਸੰਜਮ ਕੌਰ, ਨਿਮਰਤ ਕੌਰ ਅਤੇ ਗੁਰਏਕ ਸਿੰਘ ਨੇ ਗਦਾਰੀ ਬਾਬਿਆਂ ਵਾਰੇ ਕਵਿਤਾਵਾਂ ਸੁਣਾ ਕੇ ਹਾਜ਼ਰੀਨ ਦਾ ਦਿਲ ਜਿੱਤ ਲਿਆ । ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਨਕਦ ਇਨਾਮ ਵੀ ਦਿੱਤੇ ਗਏ । ਪ੍ਰੋਗਰਾਮ ਦੀ ਸ਼ਾਨ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਡਾ ਆਤਮਜੀਤ  ਨੇ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਭਾਵੁਕ ਤਕਰੀਰ ਦਿੱਤੀ ।
ਠਾਕੁਰ ਸਿੰਘ ਬਸਾਤੀ ਅਤੇ ਸਾਜਿਦ ਚੌਧਰੀ ਨੇ ਜੀ ਆਇਆਂ ਅਤੇ ਰਵਿੰਦਰ ਸਹਿਰਾਅ ਨੇ ਧੰਨਵਾਦੀ ਸ਼ਬਦ ਕਹੇ…! ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾ ਵਰਿਆਮ ਸਿੰਘ ਸੰਧੂ ਦੇ ਗਦਰੀ ਬਾਬੇ ਕੋਣ ਸਨ ਵਾਰੇ ਵੀਡੀਉ ਦਿਖਾਈ ਗਈ ਅਤੇ ਲੁਧਿਆਣਾ ਤੋਂ ਪ੍ਰੋ ਗੁਰਭਜਨ ਸਿੰਘ ਗਿੱਲ ਦਾ ਵੀਡੀਉ ਸੁਨੇਹਾ ਸੁਣਾਇਆ/ ਦਿਖਾਇਆ ਗਿਆ ।

Leave a Reply

Your email address will not be published. Required fields are marked *