Sep 10, 2026

ਮੇਅਰ ਲਈ ਬਰੈਂਡਾ ਲੌਕ, ਡੱਗ ਮੈਕਲਮ, ਲਿੰਡਾ ਐਨਿਸ, ਮਾਈਕ ਸਟਾਰਚੱਕ, ਟਰੌਏ ਤੇ ਹੋਣਵੀਰ ਰੰਧਾਵਾ ਵਿਚਾਲੇ ਮੁਕਾਬਲਾ-

ਕੌਂਸਲਰ ਉਮੀਦਵਾਰਾਂ ਵਿਚ 15 ਤੋਂ ਉਪਰ ਪੰਜਾਬੀ ਉਮੀਦਵਾਰ ਸ਼ਾਮਿਲ-17 ਅਕਤੂਬਰ ਦੀਆਂ ਚੋਣਾਂ ਲਈ ਅਡਵਾਂਸ ਵੋਟਿੰਗ 7 ਅਕਤੂਬਰ ਤੋਂ

ਸਰੀ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆਂ ਵਿਚ ਮਿਊਂਸਪਲ ਚੋਣਾਂ ਲਈ ਪਹਿਲੀ ਸਤੰਬਰ ਤੋਂ 11 ਸਤੰਬਰ ਤੱਕ ਉਮੀਦਵਾਰਾਂ ਦੀਆਂ ਨੌਮੀਨੇਸ਼ਨਾਂ ਜਮਾਂ ਹੋਣ ਦੇ ਨਾਲ ਸਰੀ ਸਿਟੀ ਚੋਣ ਮੈਦਾਨ ਪੂਰੀ ਤਰਾਂ ਭਖ ਗਿਆ ਹੈ। ਸਰੀ ਸਿਟੀ ਵਲੋਂ ਜਾਰੀ ਕੀਤੀ ਗਈ ਇਕ ਸੂਚਨਾ ਵਿਚ  ਸਿਟੀ ਨੇ ਕੌਂਸਲ ਚੋਣਾਂ ਵਿਚ ਸ਼ਹਿਰ ਦੇ  ਯੋਗ ਵੋਟਰਾਂ ਨੂੰ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਦੱਸਿਆ ਹੈ ਕਿ  17 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਪੈਣ ਵਾਲੀਆਂ ਵੋਟਾਂ ਲਈ  52 ਵੋਟਿੰਗ ਸਥਾਨ ਨਿਰਧਾਰਿਤ ਕੀਤੇ ਗਏ ਹਨ।

ਇਹਨਾਂ ਚੋਣਾਂ ਦੌਰਾਨ ਵੋਟਰਾਂ ਵਲੋਂ   ਇੱਕ ਮੇਅਰ, ਅੱਠ ਸਿਟੀ ਕੌਂਸਲਰ ਅਤੇ ਛੇ ਸਕੂਲ ਟਰੱਸਟੀ ਦੀ ਚੋਣ ਕੀਤੀ ਜਾਵੇਗੀ । ਅਡਵਾਂਸ ਵੋਟਿੰਗ 7,10,14 ਅਤੇ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗੀ। ਸਿਟੀ ਵਲੋਂ ਅਡਵਾਂਸ ਵੋਟਿੰਗ ਲਈ 10 ਚੋਣ ਸਥਾਨ ਸਥਾਪਿਤ ਕੀਤੇ ਗਏ ਹਨ।

ਸਿਟੀ ਇਲੈਕਸ਼ਨ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਸਿਟੀ ਕੌਂਸਲ ਲਈ ਮੇਅਰ ਉਮੀਦਵਾਰ 6 ਭਾਵ ਛੇ ਸਲੇਟਾਂ ਸਮੇਤ ਕੌੰਸਲਰ ਉਮੀਦਵਾਰ 53 ਅਤੇ ਸਕੂਲ ਟਰੱਸਟੀ ਲਈ 17 ਉਮੀਦਵਾਰ ਮੈਦਾਨ ਵਿਚ ਹਨ।

ਚੋਣ ਮੈਦਾਨ ਵਿਚ ਉਤਰੀਆਂ ਸਲੇਟਾਂ ਦਾ ਵੇਰਵਾ ਇਸ ਪ੍ਰਕਾਰ ਹੈ-

1.ਸਰੀ ਕੁਨੈਕਟ-ਮੇਅਰ ਬਰੈਂਡਾ ਲੌਕ ਦੀ ਅਗਵਾਈ ਵਾਲੀ ਸਰੀ ਕੁਨੈਕਟ ਵਲੋਂ ਉਹ ਖੁਦ ਮੇਅਰ ਉਮੀਦਵਾਰ ਹਨ ਤੇ ਉਹਨਾਂ ਦੀ ਟੀਮ ਵਿਚ ਪੰਜਾਬੀ ਉਮੀਦਵਾਰ ਹੈਰੀ ਬੈਂਸ, ਪਰਦੀਪ ਕੂਨਰ ਤੋਂ ਇਲਾਵਾ ਮਾਈਕਲ ਡੰਨ, ਗੋਰਡਨ ਹੈਪਨਰ, ਵੀਰਾ ਲਾਫਰੈਂਕ, ਰੌਬ ਸਟੱਟ, ਰੋਨਾ ਟੈਪਰ ਤੇ ਨੌਮੀ ਵਿਕਟਰੀਨੋ ਸ਼ਾਮਿਲ ਹਨ।

2. ਸੇਫ ਸਰੀ ਕੁਲੀਸ਼ਨ- ਮੇਅਰ ਲਈ ਉਮੀਦਵਾਰ ਸਾਬਕਾ ਮੇਅਰ ਡੱਗ ਮੈਕਲਮ ਦੇ ਨਾਲ  ਕੌਂਸਲਰ ਵਜੋਂ  ਉਮੀਦਵਾਰ ਮਨਦੀਪ ਨਾਗਰਾ,ਮੀਰਾ ਗਿੱਲ, ਸੁਹਾਨਾ ਗਿੱਲ, ਡੱਗ ਐਲਫੋਰਡ, ਲੌਰੀ ਗੁਏਰਾ, ਐਲੀਸਨ ਪੈਟਨ, ਬੌ ਸਿੰਪਸਨ ਤੇ ਚੈਨੀ ਕਲੋਕ ਸ਼ਾਮਿਲ ਹਨ।

3. ਸਰੀ ਫਸਟ- ਮੇਅਰ ਲਈ ਉਮੀਦਵਾਰ ਕੌਂਸਲਰ ਲਿੰਡਾ ਐਨਿਸ ਤੋਂ ਇਲਾਵਾ ਕੌਂਸਲਰ ਉਮੀਦਵਾਰਾਂ ਵਿਚ ਬਿਲਾਲ ਚੀਮਾ, ਗਗਨ ਨਾਹਲ, ਜਸਰੂਪ ਗੋਸਲ, ਸ਼ੀਨਾ ਵਰਮਾਨੀ, ਜੈਨਟ ਬਰਾਊਨ, ਕਲਿੰਟ ਸਟੀਵਾਰਟ, ਡੈਬਰਾ ਐਂਟੀਫੇਵ ਤੇ ਮਾਈਕ ਬੋਸ।

4. ਇਮੇਜਨ ਸਰੀ– ਮੇਅਰ ਲਈ ਉਮੀਦਵਾਰ ਸਾਬਕਾ ਐਮ ਐਲ ਏ ਮਾਈਕ ਸਟਾਰਚੱਕ ਦੇ ਨਾਲ ਕੌਂਸਲਰ ਉਮੀਦਵਾਰ ਪਰਮਿੰਦਰ ਚੌਹਾਨ, ਆਸ਼ਿਆਨਾ ਹਨੀਫ, ਚੰਦਨ ਚਾਹਲ, ਵਿਲੀਅਮ ਲੀ, ਮਾਰਗਰੇਟ ਮੁਬਾਂਦਾ, ਕੇਵਨ ਵਿਲਕੀ, ਯੂਸਫ ਅਲਦਬੇਨਾਹ ਤੇ ਨਰੀਮਾ ਡੇਲਾ।

5. ਸਰੀ ਨਾਓ- ਮੇਅਰ ਲਈ ਉਮੀਦਵਾਰ ਉਘੇ ਬਿਜਨੈਸਮੈਨ ਟਰੌਏ ਵੈਨ ਵਲੀਅਟ ਦੇ ਨਾਲ ਕੌਂਸਲਰ ਉਮੀਦਵਾਰ ਰਾਹੁਲ ਗਿੱਲ, ਜੈਸੀ ਜੌਹਲ, ਬਰੈਡ ਕੀਲਮਨ, ਡਾ ਵਰਨਰ, ਗਲੇ ਬੈਸਜੀਡਜ, ਐਰਕੀ ਪੋਨਸੀ, ਜੇਮਜ਼ ਯੂ ਤੇ ਓਲੀਵਰ ਡਿਕਸਨ।

6. ਕੰਸਰਵੇਟਿਵ ਪਾਰਟੀ ਆਫ ਸਰੀ– ਮੇਅਰ ਲਈ ਉਮੀਦਵਾਰ ਪੰਜਾਬੀ ਨੌਜਵਾਨ ਐਡਵੋਕੇਟ ਹੋਣਵੀਰ ਸਿੰਘ ਰੰਧਾਵਾ ਦੇ ਨਾਲ ਕੌਂਸਲਰ ਉਮੀਦਵਾਰ ਰਿੱਕ ਬਾਜਵਾ, ਕੈਲਵਿਨ ਵਾਂਡਰਪਲੌਗ, ਡੋਨਾ ਵੂ ਤੇ ਡੈਨ ਬੀ ਕਾਰਲੋਸ। ਪਾਰਟੀ ਵਲੋਂ ਕੌਂਸਲਰ ਉਮੀਦਵਾਰ ਸੈਂਡੀ ਜੌਹਲ ਦੀ ਉਮੀਦਵਾਰੀ ਵਾਪਿਸ ਲੈ ਲਈ ਗਈ ਹੈ।

ਇਹਨਾਂ ਤੋਂ ਇਲਾਵਾ ਸਰੀ ਸਕੂਲ ਡਿਸਟ੍ਰਿਕਟ ਦੀਆਂ 6 ਸੀਟਾਂ ਲਈ 17 ਉਮੀਦਵਾਰ ਚੋਣ ਮੈਦਾਨ ਵਿਚ ਹਨ। ਜਿ਼ਕਰਯੋਗ ਹੈ ਸਰੀ ਸਕੂਲ ਡਿਸਟ੍ਰਿਕਟ ਵਿਚ 107 ਐਲੀਮੈਂਟਰੀ ਸਕੂਲ, 21 ਸੈਕੰਡਰੀ ਸਕੂਲ, 2 ਸਟੂਡੈਂਟ ਲਰਨਿੰਗ ਸੈਂਟਰ, 3 ਬਾਲਗ ਸਿੱਖਿਆ ਕੇਂਦਰ ਅਤੇ ਇਕ ਆਨਲਾਈਨ ਡਿਸਟੈਂਸ ਐਜੂਕੇਸ਼ਨ ਸੈਂਟਰ ਹੈ। ਸਕੂਲ ਟਰੱਸਟੀ ਲਈ ਉਮੀਦਵਾਰਾਂ ਵਿਚ ਪੰਜਾਬੀ ਉਮੀਦਵਾਰ ਗੈਰੀ ਥਿੰਦ, ਹਰਜੀਤ ਭੁੱਲਰ, ਅੰਮ੍ਰਿਤ ਬੜਿੰਗ, ਗੁਰਲੀਨ ਚਾਹਲ, ਨੂਰ ਚੀਮਾ ਤੇ ਮੀਨਾ ਕੋਛੜ ਦੇ ਨਾਮ ਵਰਣਨਯੋਗ ਹਨ।

ਸਰੀ ਸਿਟੀ ਕੌਂਸਲ ਲਈ ਚੋਣ ਮੈਦਾਨ ਵਿਚ ਨਿਤਰੀਆਂ 6 ਸਲੇਟਾਂ ਦੇ ਮੇਅਰ ਉਮੀਦਵਾਰਾਂ ਵਿਚ ਹੰਢੇ ਹੋਏ ਸਿਆਸਤਦਾਨਾਂ ਤੋਂ ਲੈਕੇ ਨਵੇਂ ਚਿਹਰੇ ਵੀ ਕਿਸਮਤ ਅਜ਼ਮਾਈ ਕਰ ਰਹੇ ਹਨ। ਮੌਜੂਦਾ ਮੇਅਰ ਬਰੈਂਡਾ ਲੌਕ ਅਤੇ ਸਾਬਕਾ ਮੇਅਰ ਡੱਗ ਮੈਕਲਮ ਦੇ ਨਾਲ ਲੰਬੇ ਸਮੇਂ ਤੋਂ ਕੌਸਲਰ ਚਲੀ ਆ ਰਹੀ ਲਿੰਡਾ ਐਨਿਸ ਤੋਂ ਇਲਾਵਾ ਸਾਬਕਾ ਐਮ ਐਲ ਏ ਮਾਈਕ ਸਟਾਰਚੱਕ, ਉਘੇ ਬਿਜਨਸਮੈਨ ਟਰੌਏ ਵੈਨ ਤੇ ਪੰਜਾਬੀ ਉਮੀਦਵਾਰ, ਉਘੇ ਵਕੀਲ ਹੋਣਵੀਰ ਰੰਧਾਵਾ ਵਿਚਾਲੇ ਦਿਲਚਸਪ ਮੁਕਾਬਲੇ ਹੋਣ ਦੇ ਆਸਾਰ ਹਨ। ਸਾਰੀਆਂ ਸਲੇਟਾਂ ਵਿਚ ਪੰਜਾਬੀ ਉਮੀਦਵਾਰਾਂ ਦੀ ਮੌਜੂਦਗੀ ਕਾਰਣ ਸਰੀ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਆਬਾਦ ਪੰਜਾਬੀ ਵਸੋਂ ਦੀਆਂ ਵੋਟ ਵੰਡ ਸੰਭਾਵੀ ਹੈ। 6 ਮੇਅਰ ਉਮੀਦਵਾਰਾਂ ਚੋਂ ਇਕ ਮੇਅਰ ਅਤੇ 8 ਕੌਂਸਲਰਾਂ ਦੀ ਚੋਣ ਲਈ ਲਗਪਗ 15 ਪੰਜਾਬੀਆਂ ਵਿਚੋਂ ਕਿਸ ਪੰਜਾਬੀ ਉਮੀਦਵਾਰ ਦੀ ਕਿਸਮਤ ਚਮਕਦੀ ਹੈ, ਇਹ ਕਾਫੀ ਦਿਲਚਸਪ ਰਹੇਗਾ।

ਸਿਟੀ ਕੌੰਸਲ ਲਈ ਸਾਰੀਆਂ ਸਲੇਟਾਂ ਵਲੋਂ ਆਪੋ ਆਪਣੇ ਚੋਣ ਪ੍ਰੋਗਰਾਮ ਅਤੇ ਚੋਣ ਵਾਅਦੇ ਜਾਰੀ ਕੀਤੇ ਜਾ ਰਹੇ ਹਨ। ਸਾਰੀਆਂ ਸਲੇਟਾਂ ਵਲੋਂ ਸਿਟੀ ਦੇ ਸਰਬਪੱਖੀ ਵਿਕਾਸ ਦੇ ਨਾਲ ਆਪਣੇ ਵਲੋਂ ਕੀਤੇ ਗਏ ਕੰਮਾਂ ਦੀ ਗਿਣਤੀ ਅਤੇ ਅੱਗੋਂ ਕੀਤੇ ਜਾਣ ਵਾਲੇ ਕੰਮਾਂ ਦੇ ਵਾਅਦਿਆਂ ਤੇ ਦਾਅਵਿਆਂ ਨਾਲ ਵੋਟਰਾਂ ਨੂੰ ਭਰਮਾਉਣ ਦੇ ਯਤਨ ਹੋ ਰਹੇ ਹਨ। ਅਗਲੇ ਦਿਨਾਂ ਵਿਚ ਚੋਣ ਮੁਹਿੰਮ ਦੌਰਾਨ ਮੇਅਰ ਉਮੀਦਵਾਰਾਂ ਵਲੋਂ ਸਰੀ ਨਿਵਾਸੀਆਂ ਲਈ ਕੀ ਕੁਝ ਹੋਰ ਵਾਅਦਿਆਂ ਦੀ ਸ਼ਕਲ ਵਿਚ ਪੇਸ਼ ਕੀਤਾ ਜਾਵੇਗਾ, ਉਸਦਾ ਫੈਸਲਾ ਸੂਝਵਾਨ ਵੋਟਰਾਂ ਨੇ ਕਰਨਾ ਹੈ।

ਮੇਅਰ ਬਰੈਂਡਾ ਲੌਕ

ਸਾਬਕਾ ਮੇਅਰ ਡੱਗ ਮੈਕੱਲਮ

ਲਿੰਡਾ ਐਨਿਸ

ਮਾਈਕ ਸਟਾਰਚੱਕ

ਟਰੌਏ ਵੈਨ ਵਲੀਅਟ

ਹੋਣਵੀਰ ਰੰਧਾਵਾ

ਪੰਜਾਬੀ ਕੌਂਸਲਰ ਉਮੀਦਵਾਰ- ਹੈਰੀ ਬੈਂਸ, ਪਰਦੀਪ ਕੂਨਰ, ਮਨਦੀਪ ਨਾਗਰਾ, ਮੀਰਾ ਗਿੱਲ,ਸੁਹਾਨਾ ਗਿੱਲ, ਬਿਲਾਲ ਚੀਮਾ, ਗਗਨ ਨਾਹਲ, ਜਸਰੂਪ ਗੋਸਲ, ਸ਼ੀਨਾ ਵਰਮਾਨੀ, ਆਸ਼ਿਆਨਾ ਹਨੀਫ, ਪਰਮਿੰਦਰ ਚੌਹਾਨ, ਜੈਸੀ ਜੌਹਲ, ਰਾਹੁਲ ਗਿੱਲ ਤੇ ਰਿੱਕੀ ਬਾਜਵਾ। 

ਸਿਟੀ ਵਲੋਂ ਅਡਵਾਂਸ ਵੋਟਿੰਗ ਲਈ ਹੇਠ ਲਿਖੀਆਂ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ-

      * ਕਲੋਵਰਡੇਲ ਰੀਕ੍ਰੀਏਸ਼ਨ ਸੈਂਟਰ (Cloverdale Recreation Centre): 6188 -176 ਸਟਰੀਟ

  • ਅਰਲ ਮੈਰੀਅਟ ਸੈਕੰਡਰੀ (Earl Marriott Secondary): 15751 – 16 ਐਵੇਨਿਊ
  • ਈਕੋਲ ਪੈਨੋਰਾਮਾਰਿਜ ਸੈਕੰਡਰੀ (École Panorama Ridge Secondary): 13220 – 64 ਐਵੇਨਿਊ
  • ਫਲੀਟਵੁੱਡ ਕਮਿਊਨਿਟੀ ਸੈਂਟਰ (Fleetwood Community Centre): 15996 – 84 ਐਵੇਨਿਊ
  • ਫਰੈਂਕ ਹਰਟ ਸੈਕੰਡਰੀ (Frank Hurt Secondary): 13940 – 77 ਐਵੇਨਿਊ
  • ਫਰੇਜ਼ਰ ਹਾਈਟਸ ਰੀਕ੍ਰੀਏਸ਼ਨ ਸੈਂਟਰ (Fraser Heights Recreation Centre): 10588 – 160 ਸਟਰੀਟ
  • ਗਿਲਡਫੋਰਡ ਰੀਕ੍ਰੀਏਸ਼ਨ ਸੈਂਟਰ (Guildford Recreation Centre): 15105 – 105 ਐਵੇਨਿਊ
  • ਕਵਾਂਟਲੇਨ ਪਾਰਕ ਸੈਕੰਡਰੀ (Kwantlen Park Secondary): 10441- 132 ਸਟਰੀਟ
  • ਪ੍ਰਿੰਸੇਸ ਮਾਰਗਰੇਟ ਸੈਕੰਡਰੀ ਸਕੂਲ (Princess Margaret Secondary School): 12870 – 72 ਐਵੇਨਿਊ
  • ਸੇਮੀਆਹਮੂ ਸੈਕੰਡਰੀ ਸਕੂਲ (Semiahmoo Secondary School) : 1785 – 148 ਸਟਰੀਟ

 ਵੋਟ ਪਾਉਣ ਲਈ ਕੀ ਲਿਆਉਣਾ ਜ਼ਰੂਰੀ ਹੈ?

ਰਜਿਸਟਰਡ ਵੋਟਰਾਂ ਨੂੰ ਆਪਣਾ ਵੋਟਰ ਕਾਰਡ ਅਤੇ ਮਨਜ਼ੂਰਸ਼ੁਦਾ ਪਹਿਚਾਣ ਪੱਤਰ (ID) ਦਾ ਇੱਕ ਦਸਤਾਵੇਜ਼ ਨਾਲ ਲਿਆਉਣਾ ਹੋਵੇਗਾ।

ਜੋ ਵਿਅਕਤੀ ਪਹਿਲਾਂ ਤੋਂ ਰਜਿਸਟਰ ਨਹੀਂ ਹਨ, ਉਹ ਵੋਟ ਪਾਉਣ ਸਮੇਂ ਦੋ ਮਨਜ਼ੂਰਸ਼ੁਦਾ ਪਹਿਚਾਣ ਪੱਤਰ ਦਿਖਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਸੁਵਿਧਾਜਨਕ ਵੋਟਿੰਗ ਤਰੀਕੇ :

 ਵੋਟਰਾਂ ਲਈ ਕਈ ਪਹੁੰਚਯੋਗ ਵੋਟਿੰਗ ਵਿਕਲਪ ਉਪਲਬਧ ਹਨ, ਜਿਨ੍ਹਾਂ ਵਿੱਚ:

  • ਡਾਕ ਰਾਹੀਂ ਵੋਟਿੰਗ (Vote by Mail)
  • ਕਰਬਸਾਈਡ ਵੋਟਿੰਗ (Curbside Voting)

ਸਾਰੇ ਵੋਟਿੰਗ ਕੇਂਦਰ ਵ੍ਹੀਲਚੇਅਰ ਲਈ ਪੂਰੀ ਤਰ੍ਹਾਂ ਪਹੁੰਚਯੋਗ ਹਨ।

ਵੋਟਰ ਸਿਟੀ ਆਫ਼ ਸਰੀ ਦੇ ਇੰਟਰਐਕਟਿਵ ਵੋਟਿੰਗ ਸਥਾਨ ਨਕਸ਼ੇ ਦੀ ਵਰਤੋਂ ਕਰਕੇ ਆਪਣਾ ਸਭ ਤੋਂ ਨਜ਼ਦੀਕੀ ਵੋਟਿੰਗ ਕੇਂਦਰ ਲੱਭ ਸਕਦੇ ਹਨ ਅਤੇ ਅਨੁਮਾਨਿਤ ਉਡੀਕ ਸਮਾਂ ਵੀ ਦੇਖ ਸਕਦੇ ਹਨ।

ਚੋਣ ਨਤੀਜੇ

ਚੋਣਾਂ ਦੇ ਮੁੱਢਲੇ ਨਤੀਜੇ ਸ਼ਨੀਵਾਰ, 17 ਅਕਤੂਬਰ ਨੂੰ ਰਾਤ 8 ਵਜੇ ਵੋਟਿੰਗ ਸਮਾਪਤ ਹੋਣ ਅਤੇ ਆਖਰੀ ਵੋਟਰ ਵੱਲੋਂ ਵੋਟ ਪਾਏ ਜਾਣ ਤੋਂ ਬਾਅਦ ਜਾਰੀ ਕੀਤੇ ਜਾਣਗੇ। ਅਧਿਕਾਰਤ ਨਤੀਜੇ ਤਿਆਰ ਹੋਣ ’ਤੇ ਜਾਰੀ ਕੀਤੇ ਜਾਣਗੇ।

2026 ਦੀਆਂ ਮਿਊਂਸੀਪਲ ਚੋਣਾਂ ਬਾਰੇ ਹੋਰ ਜਾਣਕਾਰੀ ਲਈ, surrey.ca/election ‘ਤੇ ਜਾਓ।

 

Leave a Reply

Your email address will not be published. Required fields are marked *