ਡਾ. ਹਰਕੰਵਲ ਕੋਰਪਾਲ—
ਭਾਰਤ-ਪਾਕਿ ਦਰਮਿਆਨ ਦੋਸਤੀ ਦੇ ਤਾਂਘਵਾਨਾਂ ਦੀ ਆਸ਼ਾਵਾਦੀ ਸੋਚ ਨੂੰ ਪ੍ਰਣਾਇਆ ਅਤੇ ਸੰਤਾਲੀ ਦੀ ਵੰਡ ਮੌਕੇ ਵਿਛੜੇ 600 ਪਰਿਵਾਰਾਂ ਨੂੰ ਇਕ ਦੂਜੇ ਨਾਲ ਮਿਲਾਉਣ ਜਾਂ ਉਨ੍ਹਾਂ ਦੀ ਆਪਣੇ ਪੁਰਖ਼ਿਆਂ ਦੀ ਧਰਤੀ ਨੂੰ ਸਿਜਦਾ ਕਰਨ ਦੀ ਚਿਰੋਕਣੀ ਰੀਝ ਪੂਰੀ ਕਰਨ ਲਈ ਵੀਜ਼ਿਆਂ ਦਾ ਪ੍ਰਬੰਧ ਕਰਕੇ ਸੋਹਣੇ ਸਬੱਬ ਬਣਾ ਕੇ ਦੇਣ ਵਾਲਾ ਸਾਡਾ ਪਿਆਰਾ ਰੰਗਲਾ ਸੱਜਣ ਸ. ਹਰਭਜਨ ਸਿੰਘ ਬਰਾੜ 80 ਵਰ੍ਹਿਆਂ ਦੀ ਉਮਰੇ ਬੀਤੀ 30 ਅਗਸਤ 2026 ਨੂੰ ਓੜਕ ਸਾਨੂੰ ਅਲਵਿਦਾ ਕਹਿ ਗਿਆ। ਉਸਦੇ ਸਦੀਵੀ ਵਿਛੋੜੇ ਦੀ ਮਨਹੂਸ ਖ਼ਬਰ ਮੈਨੂੰ ਤਾਂ ਟੋਰਾਂਟੋ ਵਿਚ ਖ਼ੈਰ ਸੋਸ਼ਲ ਮੀਡੀਆ ਜ਼ਰੀਏ ਹੀ ਮਿਲੀ। ਫੇਸ ਬੁੱਕ ‘ਤੇ ਦਿਸੀ ਸਦਮਾਨੁਮਾ ਉਦਾਸ ਖ਼ਬਰ ਪੜ੍ਹਦੇ ਹੀ ਦਿਲ ‘ਚ ਜਿਵੇਂ ਕੋਈ ਡੂੰਘਾ ਚੀਰ ਅਤੇ ਚਿੱਤ ਨੂੰ ਡੋਬੂ ਜਿਹਾ ਪਿਆ। ਇਨ੍ਹਾਂ ਪੀੜ-ਪਰੁੱਚੇ ਪਲਾਂ ਵਿਚ ਮਰਹੂਮ ਮਿੱਤਰ ਸ. ਬਰਾੜ ਨਾਲ ਜੁੜੀਆਂ ਸਿਮਰਤੀਆਂ ਦੀ ਧੁੰਦ ‘ਚੋ ਭਰੇ ਮਨ ਨਾਲ ਗੁਜ਼ਰਦੇ ਹੋਏ ਮੇਰੇ ਜ਼ਿਹਨ ਵਿਚ ਕਿਸੇ ਸ਼ਾਇਰ ਦਾ ਇਹ ਵੇਦਨਾ ਕੁੱਠਾ ਸ਼ਿਅਰ ਕਿਸੇ ਆਸਮਾਨੀ ਬਿਜਲੀ ਵਾਂਗ ਕੌਂਧਿਆ:
ਦਾਮਨ ਕਿਸੀ ਕਾ ਹਾਥ ਸੇ ਜਾਤਾ ਰਹਾ ਮਗਰ,
ਏਕ ਰਿਸ਼ਤਾ-ਏ-ਖ਼ਯਾਲ ਹੈ ਜੋ ਟੂਟਤਾ ਨਹੀਂ।
ਸੱਚੀਂ ਉਹ ਅਗਮ ਅਣਜਾਣੇ ਦੇਸ਼, ਉਸ ਥਾਉਂ ਤੁਰ ਗਿਆ ਹੈ ਜਿੱਥੇ ਇੱਕ ਦਿਨ ਸਭਨਾਂ ਨੇ ਹੀ ਆਪੋ ਆਪਣੀ ਵਾਰੀ ਚਲੇ ਜਾਣਾ ਹੈ। ਜਾਣ ਵਾਲੇ ਤਾਂ ਇਥੋਂ ਚਲੇ ਜਾਂਦੇ ਹਨ ,ਪਰ ਉਨ੍ਹਾਂ ਦਾ ਖ਼ਿਆਲ ਪਿਛਾਂਹ ਰਹਿ ਗਏ ਸਾਖ ਸੰਬੰਧੀਆਂ, ਯਾਰਾਂ, ਦਿਲਦਾਰਾਂ ਅਤੇ ਮੁਲਾਹਜੇਦਾਰਾਂ ਦੇ ਮਨਾਂ ਦਾ ਕਿਸੇ ਪਰਛਾਵੇਂ ਵਾਂਗ ਪਿੱਛਾ ਕਰਦਾ ਹੈ। ਇਹ ਪਰਛਾਵਾਂ ਖ਼ਾਮੋਸ਼ੀ ਭਰੇ ਸਨਾਟੇ ਵਿਚ ਸਾਡੇ ਅੰਗ ਸੰਗ ਟੁਰਦਾ ਕਦੇ ਕਦੇ ਸਰਗੋਸ਼ੀਆਂ ਵੀ ਕਰਦਾ ਹੈ। ਸੱਚ ਹੀ ਤਾਂ ਹੈ, ਹੱਥਾਂ ‘ਚੋਂ ਆਪਣਾ ਪੱਲਾ ਛੁਡਾ ਕੇ ਤੁਰ ਗਿਆਂ ਦੀਆਂ ਅਭੁੱਲ ਚਿੱਤਰ ਮਿੱਤਰੀਆਂ ਯਾਦਾਂ, ਸਦਾਵਾਂ, ਨਜ਼ਰਾਂ ਦੇ ਭਰਮ ਦੇ ਸਾਏ ਅਤੇ ਉਨ੍ਹਾਂ ਦੀ ਜੱਗ ‘ਚ ਕਮਾਏ ਕਰਮਾਂ ਦੀ ਖ਼ੁਸ਼ਬੂ ਜਿਊਂਦੇ ਮਨੁੱਖਾਂ ਨਾਲੋਂ ਕਦੇ ਆਪਣਾ ਤਸੱਵਰੀ ਰਿਸ਼ਤਾ ਨਹੀਂ ਟੁੱਟਣ ਦਿੰਦੇ। ਯਾਰ ਮੁਹੰਮਦ ਨੇ ਲਿਖਿਆ ਹੈ:
ਤੁਰ ਗਏ ਯਾਰ ਮੁਹੱਬਤਾਂ ਵਾਲੇ
ਤੇ ਨਾਲ ਹੀ ਲੈ ਗਏ ਹਾਸੇ,
ਦਿਲ ਨਹੀਉਂ ਲੱਗਦਾ ਯਾਰ ਮੁਹੰਮਦ
ਹੁਣ ਜਾਈਏ ਕਿਹੜੇ ਪਾਸੇ।
26 ਸਾਲ ਤਕ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫ਼ਾਉਂਡੇਸ਼ਨ ਦੇ ਪ੍ਰਧਾਨ ਰਹੇ ਸ. ਹਰਭਜਨ ਸਿੰਘ ਬਰਾੜ ਨੇ 2006 ਤੋਂ ਪਾਕਿਸਤਾਨ ਜਾਣ ਲਈ ਉਤਾਵਲੇ ਅਜਿਹੇ ਸੈਆਂ ਬਿਰਹਾ ਮਾਰੇ ਲੋਕਾਂ ਲਈ ਵੀਜ਼ਿਆਂ ਦੇ ਪ੍ਰਬੰਧ ਕਰਕੇ ਨਿਸ਼ਚੇ ਹੀ ਪੁੰਨ ਖੱਟਿਆ ਸੀ ਜਿਨ੍ਹਾਂ ‘ਚੋਂ ਬਹੁਤਿਆਂ ਦੀ ਜ਼ਿੰਦਗੀ ਅਉਧ ਦੀ ਢਲਦੀ ਸ਼ਾਮ ਦੇ ਐਨ ਨੇੜੇ ਸੀ। ਇਹ ਉਹ ਲੋਕ ਸਨ ਜਿਨ੍ਹਾਂ ਵਾਸਤੇ ਪੁਰਖ਼ਿਆਂ ਦੀ ਮਿੱਟੀ ਨੂੰ ਚੁੰਮ ਕੇ ਮੱਥੇ ਨਾਲ ਛੁਹਾਉਣ ਦੀ ਅੰਤਿਮ ਇੱਛਾ ਦੀ ਪੂਰਤੀ ਮੱਕੇ ਦੇ ਹੱਜ ਵਰਗੀ ਸੀ। ਉਮਰ ਦੇ ਠਰ ਰਹੇ ਸੂਰਜ ਦੇ ਬਾਵਜੂਦ ਵੀ ਸਾਡਾ ਬੇਲੀ ਬਰਾੜ ਫ਼ਾਉਂਡੇਸ਼ਨ ਦੇ ਕੰਮਾਂ ਵਾਸਤੇ ਲਿਸ਼ਕਦੀ ਧੁੱਪ ਦੇ ਚਾਨਣ ਵਰਗੀ ਊਰਜਾ ਲਈ ਫਿਰਦਾ ਰਿਹਾ। ਇਸ ਊਰਜਾ ਦੇ ਬਲਬੂਤੇ ਉਸਨੇ ਫ਼ਾਉਂਡੇਸ਼ਨ ਦੇ ਮੰਚ ਰਾਹੀਂ ਭਾਰਤ ਵੰਡ ਮੌਕੇ ਫ਼ਿਰਕੂ ਖ਼ੂਨੀ ਫਸਾਦਾਂ ‘ਚ ਮਾਰੇ ਗਏ 10 ਲੱਖ ਪੰਜਾਬੀਆਂ ਦੀ ਯਾਦ ਨਮਿਤ ਸ਼ੋਕ ਸਭਾਵਾਂ ਕੀਤੀਆਂ। ਜਗਰਾਵਾਂ ਦੀ ਰੌਸ਼ਨੀ ‘ਤੇ ਸਾਈਂ ਮੀਆਂ ਮੀਰ ਅਤੇ ਪ੍ਰਸਿੱਧ ਕਵੀਸ਼ਰ ਬਾਬੂ ਰਜਬ ਅਲੀ ਦੀ ਯਾਦ ‘ਚ ਸਭਿਆਚਾਰਕ ਮੇਲੇ ਲਾਏ। ਵਾਹਗਾ ਬਾਰਡਰ ‘ਤੇ ਰੋਜ਼ ਸ਼ਾਮੀਂ ਹੁੰਦੀ ਰੀਟਰੀਟ ਰਸਮ ਸਮੇਂ ਨਫ਼ਰਤੀ ਮੁਜ਼ਾਹਰੇ ਤੇ ਗਲ ਫਾੜ ਫਾੜ ਕੇ ਉਗਰ ਨਾਅਰੇਬਾਜ਼ੀ ਕਰਵਾਉਣ ਵਾਲੀ ਫ਼ੌਜੀ ਪਰੇਡ ਬੰਦ ਕਰਵਾਉਣ ਲਈ ਮੀਡੀਆ ਰਾਹੀਂ ਬੁਲੰਦ ਆਵਾਜ਼ ਉਠਾਈ ਪਰ ਨਾਲ ਹੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੀ ਰੱਜਵੀਂ ਤਾਰੀਫ਼ ਕੀਤੀ। ਉਹ ਪਾਕਿਸਤਾਨ ਵਿਚਲੇ ਇਤਿਹਾਸਕ ਸਿੱਖ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਬੋਲਿਆ ਤਾਂ ਉਥੇ ਉਸਨੇ ਸਦੀਆਂ ਪੁਰਾਣੇ ਹਿੰਦੂ ਮੰਦਰਾਂ ਨੂੰ ਵੀ ਕਿਸੇ ਕੀਮਤ ‘ਤੇ ਨਾ ਢਾਹੇ ਜਾਣ ਦੀਆਂ ਅਪੀਲਾਂ ਕੀਤੀਆਂ। ਸ. ਬਰਾੜ ਅੰਦਰ ਛੁਪੀ ਸਕਾਰਾਤਮਿਕ ਊਰਜਾ ਤੇ ਸਿਆਸੀ ਖ਼ਾਹਿਸ਼ ਦਾ ਸਰਪੱਟ ਦੌੜਦਾ ਘੋੜਾ 80ਵਿਆਂ ਦੇ ਦਹਾਕੇ ‘ਚ ਅਕਾਲੀ ਰਾਜਨੀਤੀ ਦੇ ਧੜੇਬਾਜ਼ ਟਿੱਲਿਆਂ ‘ਚੋਂ ਵੀ ਕਈ ਵਕਾਰੀ ਅਹੁਦਿਆਂ ਦੀਆਂ ਲਗਾਮਾਂ ਚੱਬਦਾ ਤੇ ਜ਼ੋਰਦਾਰ ਪੌੜ ਮਾਰਦਾ ਲੰਘਿਆ ਸੀ ਪਰ ਉਸ ਨੂੰ ਚਮਚਾਗਿਰੀ ਦੀ ਧੰਧਿਆਈ ਅਤੇ ਲੋੜੋਂ ਵੱਧ ਪੰਥਕ ਜ਼ਬਤ ਦੇ ਪੈਂਤੜੇ ਪਸੰਦ ਨਹੀਂ ਸਨ ਆਏ ਤੇ ਉਹ ਪਾਸੇ ਹੱਟ ਗਿਆ ਸੀ। ਉਹਨੂੰ ਜਾਣਨ ਵਾਲੇ ਜਾਣਦੇ ਹਨ ਕਿ ਕਿਵੇਂ ਲੋੜ ਪੈਣ ‘ਤੇ ਲਾਵਾਰਿਸ ਲਾਸ਼ਾਂ ਦੇ ਮਾਮਲੇ ਨੂੰ ਲੈ ਕੇ ਮਨੁੱਖੀ ਹੱਕਾਂ ਦੀ ਫ਼ੈਸਲਾਕੁੰਨ ਲੜਾਈ ਵਿਚ ਉਸ ਨੇ ਆਪਣੇ ਯਾਰ ਅਤੇ ਚਰਚਿਤ ਮਨੁੱਖੀ ਅਧਿਕਾਰ ਆਗੂ ਸ. ਜਸਵੰਤ ਸਿੰਘ ਖਾਲੜਾ ਦੀ ਸੱਜੀ ਬਾਂਹ ਬਣ ਕੇ ਸਾਥ ਦਿੱਤਾ ਸੀ।
ਦਰਅਸਲ ਸ. ਬਰਾੜ ਐਸਾ ਬਹੁਪੱਖੀ ਕਰਮਯੋਗੀ ਸੀ ਜਿਸਨੂੰ ਹਰ ਸੰਕਟ ਨੂੰ ਸਹਿਜਤਾ ਅਤੇ ਸ਼ਾਇਸਤਗੀ ਨਾਲ ਨਜਿੱਠਣ ਦਾ ਵੱਲ ਆਉਂਦਾ ਸੀ। ਉਹ ਹਰ ਹਾਲ, ਹਰ ਪ੍ਰਸਥਿਤੀ ਵਿਚ ਚੜ੍ਹਦੀ ਕਲਾ ‘ਚ ਵਿਚਰਨ ਦਾ ਹੁਨਰ ਜਾਣਦਾ ਸੀ। ਵਕਤ ਦੇ ਅਨੇਕ ਰੰਗਾਂ ਰਸਾਂ ਨੂੰ ਮਾਣਦਿਆਂ ਅਤੇ ਦਰਪੇਸ਼ ਉਲਟ ਹਾਲਾਤਾਂ ਨਾਲ ਦਸਤਪੰਜੇ ਲੈ ਲੈ ਕੇ ਉਹਦੀ ਖੱਲੜੀ ‘ਚ ਹੁਣ ਕਿਸੇ ਤੋਂ ਭੈਅ ਜਾਂ ਖੌਫ਼ ਖਾਣ ਦੀ ਸ਼ੈਅ ਨਹੀਂ ਸੀ। ਉਹ ਨਾ ਸੂਫ਼ੀ ਸੀ, ਨਾ ਸੌਫ਼ੀ ਸੀ, ਪਰ ਦਰਵੇਸ਼ਾਂ ਪ੍ਰਤੀ ਸਨੇਹ ਦੇ ਨਾਲ ਨਾਲ ਰਾਂਗਲੇ ਲਾਹੌਰ ਅਤੇ ਮੁਲਤਾਨ ਦੀ ਮਿੱਟੀ ਦਾ ਮੋਹ ਉਸਦੇ ਹਿਰਦੇ ‘ਚ ਗੁਪਤ ਆਲ੍ਹਣਾ ਪਾ ਕੇ ਬੈਠਾ ਸੀ। ਆਪੋ-ਧਾਪੀ, ਤਲਖ਼ੀਆਂ, ਕਸ਼ੀਦਗੀਆਂ ਅਤੇ ਬਾਜ਼ਾਰਵਾਦੀ ਪਹੁੰਚ ਨਾਲ ਭੰਨੇ ਇਸ ਤੇਜ਼-ਤਰਾਰੀ ਵਾਲੇ ਦੌਰ ਵਿੱਚ ਉਹ ਮੁਹੱਬਤੀ ਸਾਂਝਾਂ ਦੇ ਕਿਰਮਚੀ ਸਿਰਨਾਵੇਂ ਦਾ ਖਿੜਿਆ ਗ਼ੁਲਾਬ ਸੀ। ਉਹ ਭਾਰਤ-ਪਾਕਿ ਵਿੱਚ ਆਰ-ਪਾਰ ਦੀਆਂ ਅਵਾਮੀ ਸਾਂਝਾਂ ਦਾ ਆਲੰਬਰਦਾਰ ਸੀ। ਇਸੇ ਕਰਕੇ ਉਹ ਚੜ੍ਹਦੇ-ਲਹਿੰਦੇ ਦੋਵਾਂ ਪੰਜਾਬਾਂ ਦੇ ਲੋਕ-ਮਨ ‘ਚ ਰਿੱਝਦੀ, ਆਪਣੇ ਵਡੇਰਿਆਂ ਦੀ ਵਿਛੁੰਨੀ ਸਰ-ਜ਼ਮੀਂ ਨੂੰ ਸਿਜਦਾ ਅਤਾ ਕਰਨ ਦੀ ਤੜਪ ਮੂਹਰੇ ਤ੍ਰਿਪਤੀ ਦੇ ਹੀਲੇ ਜੁਟਾਉਂਦਾ ਉਮਰ ਭਰ ਉਮੀਦਾਂ ਦਾ ਇੱਕ ਚਿਰਾਗ਼-ਏ-ਰਾਹ ਬਣਿਆ ਰਿਹਾ। ਅਹਿਲੇ ਸਿਆਸਤ ਦੀਆਂ ਨਫ਼ਰਤੀ ਕੰਡੇਦਾਰ ਵਾੜਾਂ ਨੂੰ ਸਰਹੱਦਾਂ ਤੋਂ ਤੋੜ ਕੇ ਸੁੱਟਣ ਦਾ ਖ਼ਵਾਬ ਸੀਨੇ ‘ਚ ਸਾਂਭੀ ਉਹ ਸਾਂਝੀ ਬੋਲੀ ਤੇ ਸਾਂਝੀ ਰਹਿਤਲ ਪ੍ਰਤੀ ਉਮਾਹ ਦੇ ਵੇਗ ਨਾਲ ਸ਼ੂਕਦੀ ਇਕ ‘ਜੂ-ਏ-ਸ਼ੀਰ’ ਨੂੰ ‘ਰਾਵੀ’ ਅਤੇ ‘ਸਤਲੁੱਜ’ ਦੇ ਪਾਣੀਆਂ ਨਾਲ ਇਕ ਰੂਪ ਵੇਖਣਾ ਲੋਚਦਾ ਰਿਹਾ। ਮਾਨਵਵਾਦੀ ਸੋਚ, ਸਭਿਆਚਾਰਕ ਸਾਂਝਾਂ, ਸਦਭਾਵਨਾ ਤੇ ਸਥਾਈ ਸ਼ਾਂਤੀ ਦੇ ਸਰੋਕਾਰਾਂ ਦਾ ਮੁੱਦਈ ਉਹ ਅਜਿਹਾ ਚੇਤੰਨ ਪ੍ਰਾਣੀ ਸੀ ਜਿਸ ਨੂੰ ਭਲੀਭਾਂਤ ਇਹ ਅਹਿਸਾਸ ਸੀ ਕਿ ਭਾਰਤ-ਪਾਕਿ ਦੋਵਾਂ ਮੁਲਕਾਂ ਦੇ ਆਮ ਲੋਕ ਇਕ ਦੂਜੇ ਵਿਰੁੱਧ ਕੋਈ ਵੈਰ, ਕੈੜ ਜਾਂ ਹਿਕਾਰਤ ਦੀ ਭਾਵਨਾ ਨਹੀਂ ਰੱਖਦੇ। ਇਹ ਤਾਂ ਤਖ਼ਤਾਂ ਵਾਲੇ ਹੀ ਹਨ ਜੋ ਆਪਣੇ ਤਾਜਾਂ ਦੀ ਸਲਾਮਤੀ ਲਈ ਅੰਨ੍ਹੇ ਰਾਸ਼ਟਰਵਾਦ ਦੇ ਪਰਦੇ ਹੇਠ ਅਵਾਮ ਦੀਆਂ ਜਜ਼ਬਾਤੀ ਸਾਂਝਾਂ ਨੂੰ ਲੂਹ ਕੇ ਸੁੱਟਣ ਲਈ ਨਫ਼ਰਤ ਦੇ ਲਾਂਬੂ ਲਾਉਂਦੇ ਹਨ ਅਤੇ ਜੰਗਾਂ ਦੀ ਰਾਜਨੀਤੀ ਰਾਹੀਂ ਦੁਸ਼ਮਣੀ ਦੇ ਬਿਰਤਾਂਤ ਦਾ ਹਊਆ ਖੜ੍ਹਾ ਕਰਦੇ ਹਨ।
ਸ. ਬਰਾੜ ਅਜੇ ਢਾਈ-ਤਿੰਨ ਮਹੀਨੇ ਪਹਿਲਾਂ ਹੀ ਨੌਂ-ਬਰ-ਨੌਂ ਆਪਣੀ ਸਕੂਲ ਅਧਿਆਪਕਾ ਰਹੀ ਪਤਨੀ ਸੁਖਜੀਤ ਕੌਰ ਬਰਾੜ ਨਾਲ ਕੈਨੇਡਾ ਵੱਸਦੇ ਆਪਣੇ ਪੁੱਤਰ, ਨੂੰਹ ਅਤੇ ਧੀ ਨੂੰ ਖ਼ੁਸ਼ੀ ਖ਼ੁਸ਼ੀ ਮਿਲ ਕੇ ਗਿਆ ਸੀ। ਭਾਰਤ ਵਾਪਸੀ ਲਈ ਹਵਾਈ ਉਡਾਣ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਉਸ ਨੇ ਬਰੈਂਪਟਨ ਰਹਿੰਦੀ ਆਪਣੀ ਬੇਟੀ ਮੋਨਾ ਦੇ ਘਰੋਂ ਮੈਨੂੰ ਵੀ ਫ਼ੋਨ ਕੀਤਾ ਸੀ। ਸਮੇਂ ਦੀ ਥੋੜ੍ਹ ਕਾਰਨ ਐਤਕਾਂ ਮਿਲਣ ਲਈ ਮੇਰੇ ਘਰ ਨਾ ਆ ਸਕਣ ਦੀ ਮਜਬੂਰੀ ਦੱਸੀ ਸੀ। ਮੇਰੀ ਖ਼ੈਰ ਸੁੱਖ ਪੁੱਛਦਿਆਂ ਤੇ ਆਪਣਾ ਹਾਲ ਸੁਣਾਉਂਦਿਆਂ ਉਹ ਕੈਨੇਡਾ ‘ਚ ਹਰ ਸਾਲ ਹੁੰਦੀਆਂ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦੇ ਪ੍ਰਬੰਧਕਾਂ ਨਾਲ ਹੋਈ ਆਪਣੀ ਸੱਜਰੀ ਮੁਲਾਕਾਤ ਦੇ ਵੇਰਵੇ ਵੀ ਮੇਰੇ ਨਾਲ ਸਾਂਝੇ ਕਰਦਾ ਰਿਹਾ। ਇਥੇ ਮੈਡੀਕਲ ਸਹੂਲਤਾਂ ਦੇ ਭਾਰਤ ਨਾਲੋਂ ਕਾਫ਼ੀ ਧੀਮੀ ਗਤੀ ਵਾਲੇ ਅਮਲ ਨੂੰ ਲੈ ਕੇ ਉਹ ਕੁਝ ਪਰੇਸ਼ਾਨ ਜਿਹਾ ਵੀ ਲੱਗਿਆ। ਕੋਈ ਘੰਟਾ ਭਰ ਉਹ ਮੇਰੇ ਨਾਲ ਗੱਲੀਂ ਰੁੱਝਿਆ ਰਿਹਾ। ਗੱਲ-ਕੱਥ ਦੌਰਾਨ ਮੈਂ ਉਸ ਨੂੰ ਵਡੇਰੀ ਉਮਰ ਦੇ ਤਕਾਜ਼ੇ ਨੂੰ ਭਾਂਪਣ ਅਤੇ ਫ਼ਾਉਂਡੇਸ਼ਨ ਲਈ ਆਪਣਾ ਉੱਤਰਾਧਿਕਾਰੀ ਲੱਭ ਕੇ ਨਵਾਂ ਪ੍ਰਧਾਨ ਥਾਪਣ ਦਾ ਸੁਝਾਅ ਦਿੱਤਾ। ਉਸ ਨੇ ਮੇਰੇ ਨਾਲ ਪੂਰੀ ਸਹਿਮਤੀ ਜਤਾਈ। ਭਾਰਤ ਪੁੱਜਦਿਆਂ ਉਸਨੇ ਸਭ ਤੋਂ ਪਹਿਲਾਂ ਫਾਉਂਡੇਸ਼ਨ ਦਾ ਨਵਾਂ ਪ੍ਰਧਾਨ ਐਲਾਨਣ ਦਾ ਹੀ ਕੰਮ ਨਿਬੇੜਿਆ। ਇਸ ਸਬੰਧੀ ਕੁਝ ਖ਼ਬਰਾਂ ਦੀਆਂ ਅਖ਼ਬਾਰੀ ਕਤਰਨਾਂ ਵੀ ਉਹਨੇ ਵਟਸਐਪ ਤੇ ਮੈਨੂੰ ਘੱਲੀਆਂ। ਪੁਰਾਣੇ ਮਿੱਤਰਾਂ ਸੰਗ ਰਲਕੇ ਮਨਾਏ ਗਏ ਆਪਣੇ ਜਨਮ ਦਿਨ ਸਮਾਗਮ ਦੀਆਂ ਤਸਵੀਰਾਂ ਵੀ ਉਸਨੇ ਭੇਜੀਆਂ। ਉਹ ਸ਼ਾਂਤ ਤੇ ਸੰਤੁਸ਼ਟ ਸੀ ਪਰ ਉਸਦੀ ਤਬੀਅਤ ਕਦੋਂ ਵਿਗੜੀ ਅਤੇ ਕਦੋਂ ਉਹ ਹਸਪਤਾਲ ਤੋਂ ਇਲਾਜ ਉਪਰੰਤ ਘਰ ਆਇਆ, ਇਸਦੀ ਸੂਚਨਾ ਦਾ ਕੋਈ ਸ਼ਬਦ ਵਟਸਐਪ ਤੇ ਨਹੀਂ ਸੀ। ਅਸਲ ਵਿਚ ਤਾਂ ਉਹ ਮਾੜੀ ਮੋਟੀ ਬੀਮਾਰੀ ਨੂੰ ਗੌਲਣ ਵਾਲਾ ਬੰਦਾ ਹੀ ਨਹੀਂ ਸੀ। ਉਹ ਤਾਂ ਬੇਪਰਵਾਹ, ਬੇਨਿਆਜ਼ ਮਸਤ ਧਾਕੜ ਜੱਟ ਸੀ। ਡੀਲ ਡੌਲ ਪੱਖੋਂ ਨਿੱਗਰ ਜੁੱਸੇ ਤੇ ਖੜਕਵੀਂ ਗੜਕਵੀਂ ਆਵਾਜ਼ ਵਾਲਾ ਬੁਲੰਦ ਇਨਸਾਨ। ਉਪਰੋਂ ਪੂਰਾ ਕਰੜਾ, ਉੱਦਮੀ, ਮਸ਼ੱਕਤੀ ਤੇ ਕਿਸੇ ਦੀ ਟੈਂ ਨਾ ਮੰਨਣ ਵਾਲਾ ਮਨੁੱਖ ਸੀ, ਪਰ ਅੰਦਰੋਂ ਉਹ ਬਹੁਤ ਕੋਮਲ ਚਿੱਤ ਕਿਸੇ ਦਰਦਮੰਦ ਦੀ ਆਹ ਸੁਣ ਕੇ ਬਰਫ਼ ਵਾਂਗ ਪਿਘਲਣ ਵਾਲਾ ਸਰਲ ਸੁਭਾਅ ਤਰਲ ਚੇਤਨਾ ਵਾਲਾ ਲੱਠਾ ਆਦਮੀ ਸੀ, ਜੋ ਕਿਸੇ ਦੇ ਔਖੇ ਵੇਲੇ ਕੰਮ ਆ ਸਕਣ ਦਾ ਮੌਕਾ ਨਹੀਂ ਸੀ ਖੁੰਝਾਉਂਦਾ।
ਬਰਾੜ ਹੋਰਾਂ ਦਾ ਜ਼ਿੰਦਗੀਨਾਮਾ ਕਈ ਜੀਵਨ ਅਨੁਭਵਾਂ ਅਤੇ ਰੰਗ ਤਮਾਸ਼ਿਆਂ ਦਾ ਸੰਦਲੀ ਸੰਦੂਕ ਸੀ। ਜਵਾਨੀ ਪਹਿਰੇ ਉਸਨੇ ਭਾਰਤੀ ਫ਼ੌਜ ‘ਚ ਸਿਪਾਹੀ ਵਜੋਂ 1965 ਤੇ 1971 ਦੀਆਂ ਹਿੰਦ-ਪਾਕਿ ਦੋ ਜੰਗਾਂ ‘ਚ ਹਿੱਸਾ ਲਿਆ ਸੀ। ਫ਼ੌਜੀਆਂ ਦੀ ਮੋਹਰੀ ਟੋਲੀ ਵਿਚ ਤੋਪ, ਬੰਬਾਂ ਤੇ ਬੰਦੂਕਾਂ ਦੀ ਬਾਰੂਦੀ ਖੜਖੜਾਹਟ ‘ਚ ਮੌਤ ਦੇ ਘੜਿਆਲ ਨੂੰ ਵੀ ਨੇੜਿਓਂ ਸੁਣਿਆ ਸੀ। ਮੋਢੇ ‘ਚ ਵੱਜੀ ਗੋਲੀ ਅਤੇ ਛਰਿਆਂ ਦੇ ਜ਼ਖ਼ਮ ਝੱਲੇ ਸਨ। ਇਨ੍ਹਾਂ ਜੰਗਾਂ ਪਿੱਛੋਂ ਉਸਦੀ ਆਤਮਾ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਪਾਕਿਸਤਾਨ ਦੇ ਆਮ ਲੋਕਾਂ ਨਾਲ ਇੱਥੋਂ ਦੇ ਆਮ ਲੋਕਾਂ ਦੀ ਕੋਈ ਦੁਸ਼ਮਣੀ ਨਹੀਂ। ਜਿਨ੍ਹਾਂ ਲੋਕਾਂ ਦੇ ਖਿਲਾਫ਼ ਉਹ ਜੰਗਾਂ ਲੜਦੇ ਹਨ, ਉਹ ਵੀ ਉਸਦੇ ਆਪਣੇ ਹਨ। ਕਿਸੇ ਫ਼ੌਜੀ ਦਾ ਫ਼ੌਜੀ ਨਾਲ ਕਿਹੜਾ ਵੱਟ ਦਾ ਰੌਲਾ ਹੈ? ਸ. ਬਰਾੜ ਦੇ ਪੁਰਖ਼ੇ ਸੰਤਾਲੀ ਦੀ ਵੰਡ ਸਮੇਂ ਖਾਨੇਵਾਲ ਤਹਿਸੀਲ (ਉਦੋਂ ਜ਼ਿਲ੍ਹਾ ਮੁਲਤਾਨ) ਦੇ ਚੱਕ ਨੰ: 7 ਪਿੰਡ ਤੋਂ ਹਿਜ਼ਰਤ ਕਰਕੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਲੇਵਾਲ ‘ਚ ਵੱਸੇ ਸਨ। ਜਿਉਂ-ਜਿਉਂ ਇਹ ਅਹਿਸਾਸ ਉਹਦੇ ਅੰਦਰ ਹੋਰ ਡੂੰਘਾ ਹੁੰਦਾ ਗਿਆ ਕਿ ਉਹ ਆਪਣੇ ਪੁਰਖ਼ਿਆਂ ਦੀ ਸਰ-ਜ਼ਮੀਂ ਨਾਲੋਂ ਆਪਣਾ ਨਾਤਾ ਨਹੀਂ ਤੋੜ ਸਕਦਾ, ਤਾਂ ਉਸਨੇ 1972 ਵਿੱਚ ਸਵੈ-ਇੱਛਾ ਨਾਲ ਫ਼ੌਜ ਦੀ ਨੌਕਰੀ ਛੱਡ ਦਿੱਤੀ। ਸੇਵਾ ਮੁਕਤੀ ਉਪਰੰਤ ਬਠਿੰਡਾ ਦੇ ਰੇਤਲੇ ਟਿੱਬਿਆਂ ‘ਚ ਮੁੜ੍ਹਕਾ ਵਹਾਉਣ ਤੋਂ ਲੈ ਕੇ ਟਰੈਵਲ ਏਜੰਟ ਦੇ ਕੰਮ, ਦਰੀਆਂ ਬੁਣਨ ਦਾ ਖੱਡਾ ਲਾਉਣ ਤੇ ਇਕ ਬਹੁ-ਮੰਜ਼ਲੀ ਇਮਾਰਤ ਉਸਾਰ ਕੇ ਬਰਾੜ ਹੋਸਟਲ ਦੇ ਰੂਪ ਵਿਚ ਕਾਲਜ ਵਿਦਿਆਰਥਣਾਂ ਅਤੇ ਕੰਮਕਾਜੀ ਮਹਿਲਾਵਾਂ ਲਈ ਪੀ.ਜੀ. ਖੋਲ੍ਹਣ ਦੇ ਕਸਬ ਤੀਕ ਘਰ ਗੁਜ਼ਾਰਨ ਲਈ ਉਸਨੇ ਅਨੇਕਾਂ ਜਫ਼ਰ ਜਾਲੇ। ਅਕਾਲੀ ਰਾਜਨੀਤੀ ਵਿਚ ਨੇਤਾਗਿਰੀ ਲਈ ਵੀ ਹੱਥ ਅਜਮਾਇਆ। 1996-97 ਵਿਚ ਕੇਂਦਰ ਵਿਚ 11 ਮਹੀਨੇ ਰਹੀ ਦੇਵਗੌੜਾ ਸਰਕਾਰ ਸਮੇਂ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਦੇ ਮੰਤਰਾਲੇ ਅਧੀਨ ਆਉਂਦੀ ਡਾ. ਅੰਬੇਦਕਰ ਫਾਉਂਡੇਸ਼ਨ ਦਾ ਵੀ ਉਹ 6 ਮਹੀਨੇ ਚੇਅਰਮੈਨ ਰਿਹਾ। ਉਸਨੇ ਉੱਘੇ ਮਨੁੱਖੀ ਅਧਿਕਾਰ ਆਗੂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਕਰੀਬੀ ਸਾਥੀ ਵਜੋਂ ਲਾਵਾਰਿਸ ਕਹਿ ਕੇ ਸਾੜੀਆਂ ਗਈਆਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦੇ ਮੁੱਦੇ ਤੇ ਲੜੇ ਗਏ ਮਨੁੱਖੀ ਹੱਕਾਂ ਦੇ ਇਤਿਹਾਸਕ ਸੰਘਰਸ਼ ਵਿੱਚ ਆਪਣਾ ਅਹਿਮ ਹਿੱਸਾ ਪਾਇਆ। ਪਰੰਤੂ ਅਸਲ ਤੇ ਵਿਸ਼ੇਸ਼ ਪਛਾਣ ਲਈ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਪ੍ਰਧਾਨ ਦੇ ਤੌਰ ‘ਤੇ ਹੀ ਬਣੀ। ਇਹ ਫਾਉਂਡੇਸ਼ਨ ਹੀ ਸੀ ਜਿਸਨੇ ਉਸਦੇ ਜੀਵਨ ‘ਚ ਕਿਸੇ ਉਦਾਤ ਉਦੇਸ਼ ਲਈ ਮਿਸ਼ਨ ਦਾ ਰੰਗ ਭਰਿਆ ਤੇ ਉਸਦੀ ਹਸਤੀ ਨੂੰ ਭਾਰਤ-ਪਾਕਿ ਦੋਸਤੀ ਦੇ ਤਲਬਗਾਰਾਂ ਦਾ ਪੁਲ ਬਣਾਕੇ ਵਗਦੀ ਰਾਵੀ ਦੇ ਉਸ ਪਾਰ ਲਾਹੌਰ ਦੇ ਉਚੇ ਬੁਰਜ ਤੱਕ ਜੋੜਿਆ।
ਸਾਈਂ ਮੀਆਂ ਮੀਰ ਫਾਉਂਡੇਸ਼ਨ ਦੀ ਸਥਾਪਨਾ 2001 ਵਿਚ ਹੋਈ। ਇਸ ਦੇ ਹੋਂਦ ਧਾਰਨ ਅਤੇ ਪੱਲਰਨ ਦੀ ਕਹਾਣੀ ਬੜੀ ਦਿਲਚਸਪ ਹੈ। ਉਹਨੀਂ ਦਿਨੀਂ ਮੈਂ ਅੰਮ੍ਰਿਤਸਰ ਵਿਚ ਰੋਜ਼ਾਨਾ ‘ਅਜੀਤ’ ਦਾ ਸਟਾਫ਼ ਰਿਪੋਰਟਰ ਸੀ। ਮੈਂ ਹੀ ਫਾਉਂਡੇਸ਼ਨ ਬਣਾਉਣ ਦਾ ਫ਼ੁਰਨਾ ਬਰਾੜ ਹੋਰਾਂ ਨਾਲ ਪਹਿਲੀ ਦਫ਼ਾ ਸਾਂਝਾ ਕੀਤਾ ਸੀ। ਉਹ ਜਥੇਦਾਰ ਅਵਤਾਰ ਸਿੰਘ ਪੁਤਲੀਘਰ ਦੇ ਨਾਲ ਉਸ ਦੀ ਕੋਈ ਖ਼ਬਰ ਅਖ਼ਬਾਰ ‘ਚ ਲਵਾਉਣ ਲਈ ਟੇਲਰ ਰੋਡ ਸਥਿਤ ਮੇਰੀ ਰਿਹਾਇਸ਼ 80 ਨੰ. ਕੋਠੀ ਤੇ ਮੈਨੂੰ ਮਿਲਣ ਲਈ ਆਏ ਸਨ। ਮੇਰੇ ਫ਼ੁਰਨੇ (ਵਿਚਾਰ) ਪਿਛੇ ਕਾਰਣ ਇਹ ਸੀ ਕਿ ਮੈਂ ਕਾਦਰੀ ਸੂਫ਼ੀ ਸਿਲਸਿਲੇ ਦੇ ਇਕ ਸੂਫੀ ਸੰਤ ਹਜ਼ਰਤ ਗੁਲਾਮ ਕਾਦਿਰ ਬਖਸ਼ ਜੋ ਕੁੱਪ ਖ਼ੁਰਦ (ਮਲੇਰਕੋਟਲਾ) ਤੋਂ ਸਨ, ਨੂੰ ਅਜੇ ਨਵਾਂ ਨਵਾਂ ਗੁਰੂ ਧਾਰਿਆ ਸੀ। ਉਨ੍ਹਾਂ ਨੇ ਮੈਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੇ ਅਜ਼ੀਮ ਕਾਦਿਰੀ ਸੂਫ਼ੀ ਸੰਤ ਸਾਈਂ ਮੀਆਂ ਮੀਰ ਦੀ ਯਾਦ ‘ਚ ਕੋਈ ਸਮਾਗਮ ਕਰਾਉਣ ਦਾ ਆਦੇਸ਼ ਦਿੱਤਾ ਸੀ। ਬਰਾੜ ਹੁਰਾਂ ਨੇ ਪੈਂਦੀ ਸੱਟੇ ਹੀ ਮੇਰੇ ਫ਼ੁਰਨੇ ਨੂੰ ਅਮਲੀ ਰੂਪ ਦੇਣ ਦੀ ਹਾਮੀ ਭਰੀ। ਫਾਉਂਡੇਸ਼ਨ ਜਥੇਬੰਦਕ ਢਾਂਚੇ ਦੇ ਗਠਨ ਲਈ ਪਹਿਲੀ ਮੀਟਿੰਗ ਸ. ਬਰਾੜ ਦੇ ਸਾਂਢੂ ਐਡਵੋਕੇਟ ਲਖਵਿੰਦਰ ਸਿੰਘ ਛੀਨਾ ਦੇ ਨਿਊ ਦਸ਼ਮੇਸ਼ ਐਵੀਨਿਊ ਸਥਿਤ ਘਰ ਵਿਚ ਹੋਈ ਜਿਸ ਵਿਚ ਚੰਡੀਗੜ੍ਹੋਂ ਪੁੱਜੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ (ਯੂ.ਐਨ.ਆਈ.) ਅਤੇ ਮੈਂ-ਦੋਵਾਂ ਨੇ ਹੀ ਪ੍ਰਧਾਨਗੀ ਦਾ ਤਾਜ ਬਰਾੜ ਹੁਰਾਂ ਦੇ ਸਿਰ ਧਰ ਦਿੱਤਾ। ਸਭ ਦੇ ਜ਼ੋਰ ਪਾਉਣ ‘ਤੇ ਮੈਂ ਫਾਉਂਡੇਸ਼ਨ ਦੇ ਮੋਢੀ ਸਕੱਤਰ ਅਹੁਦਾ ਪ੍ਰਵਾਨ ਕਰ ਲਿਆ ਪਰੰਤੂ ਪੱਤਰਕਾਰੀ ਦੇ ਸੰਘਣੇ ਰੁਝੇਵਿਆਂ ਕਾਰਣ ਮੈਂ ਮਜਬੂਰੀ ਵੱਸ 6 ਮਹੀਨੇ ਪਿੱਛੋਂ ਹੀ ਅਹੁਦਾ ਤਿਆਗ ਦਿੱਤਾ। ਪਰੰਤੂ ਇਸ ਤੋਂ ਪਹਿਲਾਂ ਅਸੀਂ ਸਾਈਂ ਮੀਆਂ ਮੀਰ ਦੀ ਲਾਹੌਰ ਸਥਿਤ ਦਰਗਾਹ ਦੇ ਮੁਖ ਖ਼ਾਦਿਮ ਮਖ਼ਦੂਮ ਸੱਯਦ ਚੰਨ ਪੀਰ ਕਾਦਿਰੀ ਨੂੰ ਜੋ ਦਰਗਾਹ ਦੇ ਗੱਦੀਨਸ਼ੀਨ ਦੇ 19ਵੇਂ ਸਿੱਧੇ ਵੰਸ਼ਜ ਹੋਣ ਦੇ ਦਾਅਵੇਦਾਰ ਸਨ, ਨੂੰ ਅਸੀਂ ਫਾਉਂਡੇਸ਼ਨ ਦਾ ਸਰਪ੍ਰਸਤ ਬਣਾ ਦਿੱਤਾ। ਉਸਨੂੰ ਸਰਪ੍ਰਸਤ ਬਣਾਉਣ ਅਤੇ ਭਾਰਤ ਆਉਣ ਦਾ ਸੱਦਾ ਵੀ ਫਾਉਂਡੇਸ਼ਨ ਵੱਲੋਂ ਬਤੌਰ ਸਕੱਤਰ ਮੇਰੇ ਦਸਤਖ਼ਤਾਂ ਵਾਲੀ ਚਿੱਠੀ ਨਾਲ ਗਿਆ। ਅਕਤੂਬਰ 2002 ਵਿਚ ਉਹ ਪਹਿਲੀ ਵੇਰ ਆਪਣੀ ਦੂਸਰੀ ਬੇਗ਼ਮ, ਜਵਾਨ ਪੁੱਤਰ ਰਜ਼ਾ ਕਾਦਰੀ ਤੇ ਦੋ ਤਿੰਨ ਹੋਰ ਮੁਰੀਦਾਂ ਨਾਲ ਅੰਮ੍ਰਿਤਸਰ ਪੁੱਜਾ। ਉਹ ਸੂਰਤਾ ਸਿੰਘ ਰੋਡ ‘ਤੇ ਪੈਂਦੇ ਬਰਾੜ ਹੋਰਾਂ ਦੇ ਰਿਹਾਇਸ਼ੀ ਟਿਕਾਣੇ ‘ਬਰਾੜ ਹੋਸਟਲ’ ਵਿਚ ਹੀ ਟਿਕਿਆ। ਸ਼੍ਰੋਮਣੀ ਗੁ. ਪ੍ਰ. ਕਮੇਟੀ, ਪੰਥਕ ਜਥੇਬੰਦੀਆਂ, ਕਾਰ ਸੇਵਾ ਵਾਲੇ ਬਾਬਿਆਂ ਤੇ ਆਮ ਸ਼ਰਧਾਲੂ ਸੰਗਤਾਂ ਨੇ ਪੀਰ ਜੀ ਦਾ ਅੱਡੀਆਂ ਚੁੱਕ ਕੇ ਸਵਾਗਤ ਕੀਤਾ। ਉਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸਾਈਂ ਮੀਆਂ ਮੀਰ ਨੂੰ ਭੇਟ ਕੀਤੀ ਵਿਸ਼ੇਸ਼ ਮਾਲਾ ਵੀ ਆਪਣੇ ਨਾਲ ਲਿਆਇਆ ਸੀ ਜਿਸਨੂੰ ਵੇਖ ਕੇ ਲੋਕ ਨੋਟਾਂ ਦੇ ਤਕੜੇ ਚੜ੍ਹਾਵੇ ਅਤੇ ਸੁਗ਼ਾਤਾਂ ਦੇ ਢੇਰ ਲਾਉਂਦੇ ਰਹੇ। ਸ. ਬਰਾੜ ਹਰ ਥਾਂ ਉਸਦੇ ਨਾਲ ਹੁੰਦਾ ਅਤੇ ਬਾਗ਼ੋਬਾਗ਼ ਸੀ। ਕੋਈ ਚਾਰ ਲੱਖ ਤੋਂ ਉਪਰ ਇਕੱਠੀ ਚੜ੍ਹਾਵੇ ਦੀ ਰਕਮ ਵਿੱਚੋਂ ਸ. ਬਰਾੜ ਨੇ ਪੀਰ ਜੀ ਨੂੰ ਅੱਧੀ ਮਾਇਆ ਫਾਉਂਡੇਸ਼ਨ ਨੂੰ ਖ਼ਰਚ ਪੱਠੇ ਲਈ ਦੇਣ ਲਈ ਆਖਿਆ ਪਰੰਤੂ ਜਦੋਂ ਉਸਨੇ ਇਕ ਟੱਕਾ ਵੀ ਦੇਣ ਤੋਂ ਸਾਫ਼ ਇਨਕਾਰ ਕੀਤਾ ਤਾਂ ਬਰਾੜ ਹੋਰਾਂ ਨੇ ਉਸਦੀ ਲਾਹੌਰ ਵਾਪਸੀ ਤੋਂ ਐਨ ਪਹਿਲਾਂ ਉਸਨੂੰ ਫਾਉਂਡੇਸ਼ਨ ਦੀ ਸਰਪ੍ਰਸਤੀ ਤੋਂ ਲਾਂਭੇ ਕਰ ਦਿੱਤਾ। ਫਾਉਂਡੇਸ਼ਨ ‘ਚ ਵਿਵਾਦ ਛਿੜ ਗਿਆ। ਵਿਵਾਦ ਦੇ ਚੱਲਦਿਆਂ ਪਾਕਿਸਤਾਨ ਦੇ ਔਕਾਫ਼ ਅਤੇ ਧਾਰਮਿਕ ਅਦਾਰਿਆਂ ਦੀ ਸਟੈਂਡਿੰਗ ਕਮੇਟੀ ਦੇ ਤਤਕਾਲੀ ਮੈਂਬਰ ਚੌਧਰੀ ਮੁਹੰਮਦ ਅਕਰਮ ਬਿੱਟੂ ਨੇ ਪ੍ਰੈਸ ਵਿੱਚ ਬਿਆਨ ਜਾਰੀ ਕਰਦਿਆਂ ਚੰਨ ਪੀਰ ਕਾਦਰੀ ਨੂੰ ਸਾਈਂ ਮੀਆਂ ਮੀਰ ਦੀ ਦਰਗਾਹ ਦੀ ਗੱਦੀ ਤੋਂ ਫ਼ਾਰਗ ਕਰ ਦਿੱਤਾ। ਚੰਨ ਪੀਰ ਕਾਦਰੀ ਦਰਗਾਹ ਦੀ ਗੱਦੀ ਤੇ ਮੁੜ ਬਹਾਲ ਹੋਣ ਤੋਂ ਪਿੱਛੋਂ ਨਵੰਬਰ 2006 ਵਿੱਚ ਦੁਬਾਰਾ ਭਾਰਤ ਆਇਆ ਤਾਂ ਨਾ ਸ. ਬਰਾੜ ਇਸ ਵੇਰ ਉਸਦੇ ਨਾਲ ਸੀ, ਨਾ ਸ਼ਰਧਾਲੂਆਂ ਦਾ ਵੱਡਾ ਮਜਮਾ ਸੀ। ਉਹ ਇਕੱਲਾ ਤੇ ਉਦਾਸ ਸੀ। ਉਸ ਨੇ ਮੇਰੇ ਨਾਲ ਸੰਪਰਕ ਸਾਧ ਕੇ ਮਦਦ ਮੰਗੀ ਤਾਂ ਮੈਂ ਉਸਨੂੰ ਅੰਮ੍ਰਿਤਸਰ ਦੀਆਂ ਕਈ ਦਰਗਾਹਾਂ ਤੇ ਲੈ ਕੇ ਗਿਆ। ਮਾਡਲ ਟਾਊਨ ਦੇ ਮਸ਼ਹੂਰ ਮਾਤਾ ਲਾਲ ਦੇਵੀ ਮੰਦਰ ਦੇ ਸੰਤ ਸੂਰਜ ਪ੍ਰਕਾਸ਼ ਨਾਲ ਵੀ ਉਹਦੀ ਮੁਲਾਕਾਤ ਕਰਵਾਈ। ਗੁਰੂਦੇਵ ਡਾ. ਐਸ.ਪੀ. ਸਿੰਘ ਨੂੰ ਕਹਿ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਉਸ ਦਾ ਭਾਸ਼ਣ ਵੀ ਕਰਵਾਇਆ। 30 ਨਵੰਬਰ 2006 ਨੂੰ ਪੰਜਾਬ ਨਾਟਸ਼ਾਲਾ ਵਿਚ ਆਪਣੀ ਸੰਸਥਾ ‘ਸੂਫ਼ੀ ਸੰਵਾਦ ਸੰਸਥਾ’ (ਰਜਿ.) ਵਲੋਂ ‘ਇਕ ਸ਼ਾਮ ਸੂਫ਼ੀਆਂ ਦੇ ਨਾਮ’ ਉਨਵਾਨ ਹੇਠ ਕਰਵਾਏ ਵੱਡੇ ਸੂਫੀ ਸੰਮੇਲਨ ਵਿਚ ਉਸਨੂੰ ਮੁੱਖ ਮਹਿਮਾਨ ਵਜੋਂ ਸੱਦਿਆ। ਇਹ ਸਮਾਗਮ ਉਹ ਸੀ ਜਿਸ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਪੰਜਾਬ ਦੇ ਕਈ ਪ੍ਰਮੁੱਖ ਸੂਫ਼ੀ ਸੰਤਾਂ, ਨਿਰਮਲ ਪੰਚਾਇਤੀ ਅਖਾੜੇ ਦੇ ਮਹੰਤ ਸੰਤ ਗਿਆਨ ਦੇਵ, ਹਰਿਦੁਆਰ ਤੋਂ ਆਏ ਕਈ ਵੇਦਾਂਤੀ ਸੰਤ, ਸ਼ਹਿਰ ਦੇ ਮੇਅਰ ਸਮੇਤ ਚੋਟੀ ਦੇ ਅਕਾਲੀ, ਕਾਂਗਰਸੀ, ਭਾਜਪਾ ਆਗੂ ਅਤੇ ਪੰਜਾਬੀ ਵਿਦਵਾਨ ਡਾਕਟਰ ਗੁਰਦੇਵ ਸਿੰਘ, ਡਾਕਟਰ ਹਰਭਜਨ ਸਿੰਘ ਭਾਟੀਆ, ਡਾਕਟਰ ਬਿਕਰਮ ਸਿੰਘ ਘੁੰਮਣ, ਡਾਕਟਰ ਜਸਬੀਰ ਸਿੰਘ ਸਾਬਰ ਤੇ ਵਰਿੰਦਰ ਵਾਲੀਆ ਤੇ ਸਿੱਧੂ ਦਮਦਮੀ ਵਰਗੇ ਨਾਮੀ ਪੱਤਰਕਾਰ ਵੀ ਸ਼ਾਮਲ ਸਨ। ਪਰੰਤੂ ਲਾਹੌਰ ਜਾਣ ਤੋਂ ਐਨ ਪਹਿਲਾਂ ਸੱਯਦ ਚੰਨ ਪੀਰ ਕਾਦਰੀ ਨੇ ਸਾਈਂ ਮੀਆਂ ਮੀਰ ਫਾਉਂਡੇਸ਼ਨ ਦਾ ਨਵਾਂ ਢਾਂਚਾ ਐਲਾਨਣ ਦੀਆਂ ਖ਼ਬਰਾਂ ਅਖ਼ਬਾਰਾਂ ‘ਚ ਛਪਵਾਈਆਂ। ਇਨ੍ਹਾਂ ਖ਼ਬਰਾਂ ਅਨੁਸਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਸੀਨੀਅਰ ਆਗੂ ਡਾਕਟਰ ਮਨਜੀਤ ਸਿੰਘ ਭੋਮਾ ਨੂੰ ਪ੍ਰਧਾਨ ਅਤੇ ਮੈਨੂੰ ਜਨਰਲ ਸਕੱਤਰ ਬਣਾਇਆ ਗਿਆ ਸੀ। ਖ਼ਬਰਾਂ ਪੜ੍ਹ ਕੇ ਸ. ਬਰਾੜ ਹੋਰਾਂ ਨੇ ਰਾਤੀਂ ਹਵਾ ਪਿਆਜ਼ੀ ਹੋ ਕੇ ਮੇਰੇ ਨਾਲ ਤਕੜਾ ਗਿਲਾ ਸ਼ਿਕਵਾ ਕੀਤਾ ਤੇ ਇਥੋਂ ਤੀਕ ਕਿਹਾ ਕਿ ”ਪਤੰਦਰਾ, ਮੈਂ ਤਾਂ ਤੇਰੇ ਤੇਰੇ ਜੰਮੇ ਦਿਮਾਗੀ ਬੱਚੇ ਨੂੰ ਹੁਣ ਤੱਕ ਪਾਲਦਾ ਫਿਰਦਾਂ ਤੇ ਤੂੰ ਇਹਨੂੰ ਖ਼ੁਦ ਜ਼ਿਬ੍ਹਾ ਕਰਨ ਨੂੰ ਫਿਰ ਰਿਹੈਂ।” ਉਹ ਤਪਿਆ ਹੋਇਆ ਚੰਨ ਪੀਰ ਕਾਦਰੀ ਨੂੰ ਵਹਿਮਾਂ ਭਰਮਾਂ ‘ਚ ਫਸਾਉਣ ਵਾਲਾ ਨਿਰਾ ਫ਼ਰਾਡ ਅਤੇ ਪੈਸੇ ਦਾ ਪੁੱਤ ਲੱਟੂ ਪੀਰ ਦੱਸ ਰਿਹਾ ਸੀ। ਮੈਂ ਬਰਾੜ ਦਾ ਰੋਸਾ ਤੇ ਦੁੱਖ ਸਮਝਦਾ ਸਾਂ। ਬੇਸ਼ੱਕ ਮੈਂ ਵਿਵਾਦ ਦੇ ਹੋਰ ਤੂਲ ਫੜਨ ਦੇ ਡਰੋਂ ਅਖਬਾਰਾਂ ‘ਚ ਕੋਈ ਪ੍ਰੈਸ ਬਿਆਨ ਤਾਂ ਨਾ ਦਿੱਤਾ, ਪ੍ਰੰਤੂ ਜਰਨਲ ਸਕੱਤਰੀ ਨਾ ਸੰਭਾਲਣ ਦੀ ਆਪਣੀ ਮਨਸ਼ਾ ਸਾਫ ਆਪਣੇ ਮਿੱਤਰ ਡਾ. ਭੋਮਾ ਅੱਗੇ ਸਪੱਸ਼ਟ ਕਰ ਦਿੱਤੀ। ਇਉਂ ਪੀਰ ਜੀ ਦੀ ਫਾਉਂਡੇਸ਼ਨ ਵਿਚ ਸੰਨ੍ਹ ਲਾਉਣ ਦੀ ਤਮੰਨਾ ਠੁੱਸ ਹੋ ਗਈ। ਫਾਉਂਡੇਸ਼ਨ ਦੋਫਾੜ ਹੋਣੋਂ ਬਚ ਗਈ। ਹੁਣ ਫਾਉਂਡੇਸ਼ਨ ਦੇ ਨਾਮ ਨਾਲ ‘ਇੰਟਰਨੈਸ਼ਨਲ’ ਸ਼ਬਦ ਵੀ ਬਰਾੜ ਸਾਹਿਬ ਨੇ ਜੋੜ ਲਿਆ। 2006 ਵਿੱਚ ਉਹ ਪਹਿਲੀ ਵੇਰ ਲਾਹੌਰ ਗਿਆ। ਉਥੇ ਉਹ ਪਾਕਿਸਤਾਨ ਦੀਆਂ ਕਈ ਪ੍ਰਮੁੱਖ ਸਿਆਸੀ ਤੇ ਕਲਾਕਾਰ ਸ਼ਖਸੀਅਤਾਂ ਨੂੰ ਮਿਲਿਆ। ਸੇਵਾ ਮੁਕਤ ਜੱਜ ਮੁਹੰਮਦ ਅਕਰਮ ਬਿੱਟੂ ਨੂੰ ਵੀ ਮਿਲਿਆ। ਉਥੇ ਉਸ ਨੇ ਸੰਤਾਲੀ ਵੇਲੇ ਵਿਛੜੇ ਉਹਨਾਂ ਲੋਕਾਂ ਦੀ ਚਰਚਾ ਵੀ ਕੀਤੀ ਜੋ ਪੁਰਖਿਆਂ ਦੇ ਪਿੰਡ ਵੇਖੇ ਬਿਨ ਹੀ ਚੱਲ ਵਸੇ।
ਸ. ਬਰਾੜ ਮਹਿਮਾਨ ਨਿਵਾਜ਼ ਸ਼ਖ਼ਸ ਸੀ। ਮਿੱਤਰਾਂ ਦੀ ਮੇਜ਼ਬਾਨੀ ਤੇ ਆਓ ਭਗਤ ‘ਚ ਕੋਈ ਕਸਰ ਨਹੀਂ ਸੀ ਛੱਡਦਾ। ਲਾਹੌਰੋਂ ਆਏ ਕਈ ਛੋਟੇ-ਵੱਡੇ ਕਲਾਕਾਰ, ਲੇਖਕ, ਕਾਰੋਬਾਰੀ ਉਸ ਦੇ ਹੋਸਟਲ ‘ਚ ਠਹਿਰਦੇ ਸਨ। ਉਹ ਇਸ ਗੱਲ ਦਾ ਮਾਣ ਕਰਦਾ ਕਿ ਰੇਸ਼ਮਾ ਅਤੇ ਨਸੀਬੋ ਲਾਲ ਵਰਗੀਆਂ ਚੋਟੀ ਦੀਆਂ ਗਾਇਕਾਵਾਂ ਅਤੇ ਸ਼ੇਰਾਂ ਵਾਲੇ ਪਹਿਲਵਾਨਾਂ ਨੇ ਉਸ ਦੇ ਘਰ ਪੈਰ ਪਾਏ ਸਨ। ਉਹ ਆਪਣੀ ਪਹਿਲਕਦਮੀਆਂ ਦਾ ਸਿਹਰਾ ਆਪਣੀ ਫ਼ਰਾਖਦਿਲ ਪਤਨੀ ਸੁਖਜੀਤ ਕੌਰ ਬਰਾੜ, ਜੋ ਪੁਤਲੀਘਰ ਦੇ ਸਕੂਲ ਵਿਚ ਪੜ੍ਹਾਉਂਦੀ ਸੀ, ਦੇ ਸਿਰ ਬੰਨ੍ਹਦਾ ਅਤੇ ਕਹਿੰਦਾ ਕਿ ਘਰੇਲੂ ਸਹਿਯੋਗ ਬਿਨਾਂ ਉਹਦੀਆਂ ਇਹ ਪ੍ਰਾਹੁਣਾਚਾਰੀਆਂ ਨਹੀਂ ਚੱਲ ਸਕਦੀਆਂ। ਉਸ ਦੀਆਂ ਲਿਖੀਆਂ ਤਿੰਨ ਕਿਤਾਬਾਂ ਕਰਮਵਾਰ ‘ਸਾਂਝਾਂ ਆਰ-ਪਾਰ ਦੀਆਂ’ (2011), ‘ਸਾਂਝਾਂ ਦਾ ਪਵਿੱਤਰ ਪੁਲ: ਸਾਈਂ ਮੀਆਂ ਮੀਰ’ (2013) ਅਤੇ ‘ਸਾਂਝਾਂ ਦਾ ਦਰਿਆ’ (2018) ਵੀ ਛਪੀਆਂ। ਉਸ ਦੀ ਪਹਿਲੀ ਕਿਤਾਬ ਵਿਚ ਵੰਡ ਮੌਕੇ ਜਿਹੜੇ 600 ਪਰਿਵਾਰਾਂ ਦੇ ਮਿਲਾਪ ਦੀਆਂ ਹਕੀਕੀ ਕਹਾਣੀਆਂ ਹਨ। ਉਸਨੇ ਇਹ ਕਿਤਾਬ ਡੇਰਾ ਬਾਬਾ ਨਾਨਕ ਨੇੜੇ ਪਿੰਡ ਰੱਤੜ ਛਤਰ ਵਿੱਚ ਸੂਫ਼ੀ ਫ਼ਕੀਰ ਇਮਾਮ ਅਲੀ ਸ਼ਾਹ ਦੇ ਮਕਬਰੇ ‘ਤੇ ਮਿਲੀਆਂ ਦੋ ਭੈਣਾਂ ਦੀ ਕਹਾਣੀ ਤੋਂ ਪ੍ਰੇਰਿਤ ਹੋ ਕੇ ਲਿਖੀ ਸੀ, ਜਿਨ੍ਹਾਂ ਦੇ ਨਾਰੋਵਾਲ (ਪਾਕਿਸਤਾਨ) ਵਿਚ ਰਹਿ ਰਹੇ ਮਾਪਿਆਂ ਤੇ ਭਰਾਵਾਂ ਨੂੰ ਮੁਸਲਮਾਨ ਬਣਾਇਆ ਗਿਆ ਸੀ। ਇਸ ਕਿਤਾਬ ਦੀ ਇਬਾਰਤ ਦੀ ਸੁਧਾਈ ਸ਼੍ਰੋਮਣੀ ਕਮੇਟੀ ਦੇ ਸਕੱਤਰ ਰਹੇ ਮਰਹੂਮ ਲੇਖਕ ਦਲਜੀਤ ਸਿੰਘ ਬੇਦੀ ਨੇ ਕੀਤੀ ਸੀ। ਦੂਸਰੀ ਕਿਤਾਬ ਵਿੱਚ ਪੰਜਾਬੀ ਗ਼ਜ਼ਲਗੋ ਸੁਲੱਖਣ ਸਰਹੱਦੀ ਸਹਿ-ਲੇਖਕ ਹਨ।
ਪੰਜਾਬ ਦੇ ਸ਼੍ਰੋਮਣੀ ਮਨੁੱਖੀ ਅਧਿਕਾਰ ਕਰਕੁੰਨ ਸ. ਜਸਵੰਤ ਸਿੰਘ ਖਾਲੜਾ ਨਾਲ ਉਸਦਾ ਉਦੋਂ ਦਾ ਗੂੜ੍ਹਾ ਯਰਾਨਾ ਸੀ ਜਦੋਂ 1980 ਤੋਂ ਪਹਿਲਾਂ ਸ. ਖਾਲੜਾ ਨਕਸਲੀਆਂ ਦੇ ਨਾਗਾਰੈਡੀ ਗਰੁੱਪ ਦੇ ਵਿਚ ਸਰਗਰਮ ਸੀ। ਨਕਸਲੀ ਆਗੂ ਬੰਤ ਮਾਣੂਕੇ ਉਸਦੀ ਭੂਆ ਦਾ ਪੁੱਤ ਸੀ। ਨਕਸਲਬਾੜੀ ਲਹਿਰ ਸਮੇਂ ਸ. ਖਾਲੜਾ ਸਮੇਤ ਕਈ ਰੂਪੋਸ਼ ਕਾਮਰੇਡ ਅਤੇ ‘ਹਰਾਵਲ ਦਸਤੇ’ ਰਿਸਾਲੇ ਦਾ ਸੰਪਾਦਕ ਤੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਮਾਨ ਆਦਿ ਸਭ ਉਹਦੇ ਮੋਹਨੀ ਪਾਰਕ ਵਾਲੇ ਘਰ ‘ਚ ਰਾਤਾਂ ਕੱਟਦੇ ਰਹੇ। ਬਠਿੰਡਾ ਜ਼ਿਲ੍ਹੇ ਵਿਚ ਰਾਮਪੁਰਾਫੂਲ ਨੇੜੇ ਪੈਂਦੇ ਬਰਾੜ ਦੇ ਪਿੰਡ ਫੂਲੇਵਾਲਾ ਅਤੇ ਸਰਦਾਰ ਖਾਲੜਾ ਦੇ ਸਹੁਰਿਆਂ ਦੇ ਪਿੰਡ ਚੜਿੱਕ ਵਿਚਕਾਰ ਦੂਰੀ ਤਾਂ ਭਾਵੇਂ 45 ਕਿਲੋਮੀਟਰ ਦੀ ਸੀ ਪਰ ਉਹ ਇਸਨੂੰ ਪੀਡੀ ਸਾਂਝ ਦੀ ਕਸਤੂਰੀ ਮੰਨਦਾ ਸੀ। ਉਹਦੇ ਸ. ਖਾਲੜਾ ਨਾਲ ਸੰਬੰਧ ਉਦੋਂ ਹੋਰ ਡੂੰਘੇ ਅਤੇ ਭਰੋਸੇ ਵਾਲੇ ਬਣੇ ਜਦੋਂ ਖੱਬੇ ਪੱਖੀ ਜੁਝਾਰੂ ਸਰਗਰਮੀਆਂ ਖਾਲੜਾ ਦੇ ਭਰਾ ਅਮਰਜੀਤ ਸਿੰਘ ਸੰਧੂ ਨੂੰ ਤਿੰਨ ਮਹੀਨੇ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿਚ ਕੱਟਣੇ ਪਏ। ਸ. ਬਰਾੜ ਉਦੋਂ ਟ੍ਰੈਵਲ ਏਜੰਟ ਸੀ। ਉਸਨੇ ਖਾਲੜਾ ਦੇ ਕਹਿਣ ‘ਤੇ ਸਿਰਫ਼ ਦਸ ਹਜ਼ਾਰ ਦੀ ਘੱਟ ਰਕਮ ਲੈ ਕੇ ਉਸਦੇ ਭਰਾ ਨੂੰ ਕਾਬਲ, ਲਿਬਨਾਨ ਤੇ ਫ਼ਰਾਂਸ ਆਦਿ ਦੇ ਰਸਤਿਉਂ ਇੰਗਲੈਂਡ ਪਹੁੰਚਾਇਆ। ਇਹ ਗੱਲਾਂ ਬਰਾੜ ਖ਼ੁਦ ਹੀ ਦੱਸਦਾ ਹੁੰਦਾ ਸੀ। ਪੁਰਾਣੇ ਅਕਾਲੀ ਲੀਡਰਾਂ ਨਾਲ ਬਰਾੜ ਦੇ ਡੂੰਘੇ ਸਬੰਧਾਂ ਕਾਰਣ ਹੀ ਸ. ਖਾਲੜਾ ਨੇ ਉਸਨੂੰ ਆਪਣੇ ਮਨੁੱਖੀ ਅਧਿਕਾਰ ਵਿੰਗ ਨਾਲ ਜੋੜ ਲਿਆ ਸੀ ਅਤੇ ਫਿਰ ਵਿੰਗ ਨੂੰ ਅਕਾਲੀ ਦਲ (ਬਾਦਲ) ਨਾਲ ਜੋੜਨ ਸਮੇਂ ਟੌਹੜੇ ਦਾ ਸਮਰਥਨ ਬਰਾੜ ਰਾਹੀਂ ਹੀ ਖਾਲੜਾ ਨੇ ਜੁਟਾਇਆ ਸੀ। ਖਾਲੜਾ ਦੀ ਟਾਟਾ ਮੋਬਾਈਲ ਗੱਡੀ ਦਾ ਡਰਾਈਵਰ ਬਣ ਕੇ ਵੀ ਵੇਲੇ ਕੁਵੇਲੇ ਸ. ਬਰਾੜ ਉਸਦਾ ਸਾਥ ਦੇ ਦਿੰਦਾ ਸੀ। ਪੰਜਾਬ ਵਿੱਚ ਲਾਵਾਰਿਸ ਕਹਿਕੇ ਸਾੜੇ 25 ਹਜ਼ਾਰ ਸਿੱਖ ਨੌਜਵਾਨਾਂ ਦੀਆਂ ਅਣਪਛਾਤੀਆਂ ਲਾਸ਼ਾਂ ਦੇ ਦਸਤਾਵੇਜ਼ੀਕਰਨ ਦੀ ਪਹਿਲੀ ਰਿਪੋਰਟ ਪ੍ਰੈਸ ਨੂੰ ਸ. ਖਾਲੜਾ ਵਲੋਂ ਜਾਰੀ ਕਰਨ ਸਮੇਂ ਉਹ ਉਸਦੇ ਮੁੱਢਲੇ ਸਾਥੀਆਂ ਰਾਜੀਵ ਸਿੰਘ ਰੰਧਾਵਾ, ਬਲਵਿੰਦਰ ਝਬਾਲ ਅਤੇ ਐਡਵੋਕੇਟ ਸੁਰਿੰਦਰਪਾਲ ਸਿੰਘ ਘਰਿਆਲਾ, ਕ੍ਰਿਪਾਲ ਸਿੰਘ ਰੰਧਾਵਾ ਆਦਿ ਨਾਲ ਸ. ਬਰਾੜ ਵੀ ਮੌਜੂਦ ਸੀ। ਫਿਰ 6 ਸਤੰਬਰ 1995 ਨੂੰ, ਜਦੋਂ ਸ. ਖਾਲੜਾ ਨੂੰ ਉਸਦੀ ਕਬੀਰ ਪਾਰਕ ਸਥਿਤ ਕੋਠੀ ਦੇ ਬਾਹਰੋਂ ਪੁਲਿਸ ਨੇ ਜ਼ਬਰੀ ਚੁੱਕਿਆ ਤਾਂ ਉਹ ਅਗਵਾ ਕਾਂਡ ਦੇ ਚਸ਼ਮਦੀਦ ਗਵਾਹ ਰਾਜੀਵ ਸਿੰਘ ਰੰਧਾਵਾ ਨਾਲ ਐਫ.ਆਈ.ਆਰ. ਕਰਵਾਉਣ ਲਈ ਇਸਲਾਮਾਬਾਦ ਥਾਣੇ ਅਤੇ ਕੋਤਵਾਲੀ ਥਾਣੇ ਵੀ ਗਿਆ ਸੀ ਪਰ ਪੁਲਿਸ ਵਲੋਂ ਕਾਰਵਾਈ ਨਾ ਕਰਨ ‘ਤੇ ਰਾਜੀਵ ਸਿੰਘ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੂੰ ਮਿਲਿਆ ਸੀ। ਸ. ਖੱਟੜਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਲੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਟੈਲੀਗ੍ਰਾਮ ਭੇਜੀ ਸੀ ਅਤੇ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਕਾਨੂੰਨੀ ਚਾਰਾਗੋਈ ਦੀ ਪਹਿਲਕਦਮੀ ਸਦਕਾ ਹੀ 9 ਸਤੰਬਰ ਨੂੰ ਰਿਟ ਪਟੀਸ਼ਨ ਦਾਇਰ ਹੋਈ ਸੀ। ਬਰਾੜ ਨੇ ਖਾਲੜਾ ਮਿਸ਼ਨ ਕਮੇਟੀ ਦੇ ਮੁੱਦੇ ਵਿਚ ਨਾ ਕੇਵਲ ਇਸਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਕੰਮ ਕੀਤਾ ਸਗੋਂ ਉਸਨੇ ਖਾਲੜਾ ਦੀ ਪੁਲਿਸ ਹਿਰਾਸਤ ‘ਚ ਹੋਈ ਹੱਤਿਆ ਦੇ ਚਸ਼ਮਦੀਦ ਗਵਾਹ ਸ. ਕੁਲਦੀਪ ਸਿੰਘ ਬੱਚੜਾ ਨੂੰ ਪੁਲਿਸ ਦੀ ਕੁੜਿੱਕੀ ਤੋਂ ਬਚਾਉਣ ਲਈ ਤਿੰਨ ਮਹੀਨੇ ਆਪਣੇ ਘਰ ਰੱਖਿਆ।
ਸਾਈਂ ਮੀਆਂ ਮੀਰ ਫ਼ਾਉਂਡੇਸ਼ਨ ਦੀ ਪੱਕੀ ਕੁਰਸੀ ਸਾਂਭਣ ਤੋਂ ਪਹਿਲਾਂ ਬਰਾੜ ਪੰਜਾਬ ਸੰਕਟ ਦੇ ਕਾਲ ਸਮੇਂ ਅਕਾਲੀ ਰਾਜਨੀਤੀ ਦੇ ਮੰਚ ‘ਤੇ ਵੀ ਸਰਗਰਮ ਰਿਹਾ। ਉਹ ਉਨ੍ਹਾਂ ਸਮਿਆਂ ‘ਚ ਅਕਾਲੀ ਦਲ (ਬਾਬਾ ਜੋਗਿੰਦਰ ਸਿੰਘ) ਅਤੇ ਅਕਾਲ ਦਲ (ਲੌਂਗੋਵਾਲ) ਦੇ ਜ਼ਿਲ੍ਹਾ ਸ਼ਹਿਰੀ ਜਥਿਆਂ ਦਾ ਵੀ ਪ੍ਰਧਾਨ ਰਿਹਾ। ਉਹ ਮੋਹ ਖੋਰਾ ਨਿਧੜਕ ਜੱਟ ਸੀ। ਉਹਦੇ ਬਾਬਤ ਇਹ ਗੱਲ ਵੀ ਅਕਾਲੀ ਸਫ਼ਾਂ ਵਿਚ ਮਸ਼ਹੂਰ ਸੀ ਕਿ ਜਦੋਂ 14 ਅਪ੍ਰੈਲ 1984 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਇਕ ਕਰੀਬੀ ਪੈਰੋਕਾਰ ਤੇ ਅੰਗ ਰੱਖਿਅਕ ਸੁਰਿੰਦਰ ਸਿੰਘ ਸੋਢੀ ਦਾ ਸ੍ਰੀ ਦਰਬਾਰ ਸਾਹਿਬ ਨੇੜਲੀ ਚਾਹ ਦੀ ਇਕ ਦੁਕਾਨ ਵਿਚ ਕਤਲ ਹੋਇਆ ਅਤੇ ਸੰਤਾਂ ਨੇ 48 ਘੰਟਿਆਂ ਵਿਚ ਉਸਦੇ ਕਾਤਲਾਂ ਨੂੰ ਸੋਧਣ ਦਾ ਹੁਕਮ ਦਿੱਤਾ ਤਾਂ ਉਹ ਉਸ ਦੁਕਾਨ ਦੇ ਮਾਲਕ ਅਕਾਲੀ ਆਗੂ ਮਲਿਕ ਸਿੰਘ ਭਾਟੀਆ ਦਾ ਪੱਖ ਦੱਸਣ ਲਈ ਉਹਨੂੰ ਲੈ ਕੇ ਸੰਤਾਂ ਨੂੰ ਮਿਲਣ ਗਿਆ ਸੀ। ਸੰਤਾਂ ਨੇ ਉਸਦੀ ਦਲੀਲ ਮੰਨਦਿਆਂ ਜਥੇਦਾਰ ਭਾਟੀਆ ਨੂੰ ਬੇਕਸੂਰ ਮੰਨ ਲਿਆ ਸੀ ਪਰ ਜਦੋਂ ਦੋਵਾਂ ਦੇ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਨਿਕਲਣ ਸਾਰ ਭਾਟੀਆ ਨੂੰ ਤਲਵਾਰਾਂ ਨਾਲ ਵੱਢ ਦਿੱਤਾ ਗਿਆ ਤਾਂ ਸ. ਬਰਾੜ ਨੇ ਉਹਨੀਂ ਪੈਰੀਂ ਪਰਤ ਕੇ ਸੰਤ ਭਿੰਡਰਾਂਵਾਲਿਆਂ ਅੱਗੇ ਰੋਸ ਪ੍ਰਤੀਕਰਮ ਵੀ ਜਤਾਇਆ ਸੀ। ਅਕਾਲੀ ਨੇਤਾ ਸ. ਸਿਮਰਨਜੀਤ ਸਿੰਘ ਮਾਨ ਨਾਲ ਵੀ ਉਸਦੇ ਚੰਗੇ ਸੰਬੰਧ ਸਨ। ਉਸਨੇ ਜਦੋਂ ਦਰੀਆਂ ਬੁਣਨ ਦਾ ਅੱਡਾ ਲਾਇਆ ਸੀ ਤਾਂ ਉਸਨੇ ਉਦਘਾਟਨ ਵੀ ਉਸ ਤੋਂ ਕਰਵਾਇਆ ਜਦਕਿ ਕਈ ਵਪਾਰੀ ਉਸਨੂੰ ਟਿੱਚਰਾਂ ਵੀ ਕਰਦੇ ਸਨ ਕਿ ਜੇਕਰ ਬਰਾੜ ਸਾਹਿਬ ਤੁਸੀਂ ਉਦਘਾਟਨ ਕਰਾਉਣਾ ਹੀ ਸੀ ਤਾਂ ਘੱਟੋਘੱਟ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਕਰਾਉਂਦੇ ਕਿਉਂਕਿ ਉਹ ਜਦੋਂ ਮੁਖ ਮੰਤਰੀ ਬਣਦੇ ਤਾਂ ਤੇਰਾ ਕਾਰੋਬਾਰ ਵੀ ਵਧੇ ਫੁਲੇਗਾ ਤੇ ਸਾਨੂੰ ਵੀ ਲਾਭ ਹੋਵੇਗਾ ਪਰ ਮਾਨ ਸਾਹਿਬ ਤਾਂ ਸੰਸਦ ਦੇ ਬਾਹਰੋਂ ਹੀ ਤਲਵਾਰ ਘੁੰਮਾਉਂਦੇ ਮੁੜਨਗੇ।
ਮੈਨੂੰ ਯਾਦ ਹੈ ਕਿ ਇਕੇਰਾਂ ਕਾਮਰੇਡ ਹਰਿਕ੍ਰਿਸ਼ਨ ਸਿੰਘ ਸੁਰਜੀਤ ਨੇ ਮੈਨੂੰ ਦਿੱਲੀ ਆਪਣੀ ਕੋਠੀ ‘ਚ ਸੱਦ ਕੇ ‘ਦੇਸ਼ ਸੇਵਕ’ ਅਖ਼ਬਾਰ ਦੀ ਸੰਪਾਦਕੀ ਜ਼ਿੰਮੇਵਾਰੀ ਸੰਭਾਲਣ ਦੀ ਪੇਸ਼ਕਸ਼ ਕੀਤੀ। ਮੈਂ ਘਰੇਲੂ ਮਜ਼ਬੂਰੀਆਂ ਕਾਰਣ ਉਨ੍ਹਾਂ ਦਾ ਇਹ ਪ੍ਰਸਤਾਵ ਬਹੁਤ ਨਿਮਰਤਾ ਨਾਲ ਮੰਨਣੋਂ ਅਸਮਰਥਾ ਜਤਾਈ। ਸ. ਬਰਾੜ ਇਸ ਮੌਕੇ ਮੇਰੇ ਨਾਲ ਸੀ। ਉਸਨੂੰ ਇਹ ਗੱਲ ਠੀਕ ਨਾ ਲੱਗੀ ਤੇ ਮੇਰੇ ਨਾਲ ਦੋ ਦਿਨ ਗੁੱਸੇ ਰਿਹਾ ਅਤੇ ਬੋਲਿਆ ਨਾ। ਉਹ ਨਿਡਰ ਸਾਫ਼ਗੋਅ ਬੰਦਾ ਸੀ। ਇਹ ਰੋਸੇ, ਨਿਹੋਰੇ ਉਹਦੀ ਮੁਹੱਬਤੀ ਰੂਹ ਦਾ ਪ੍ਰਤਾਪ ਮੰਡਲ ਸਨ। ਅਨੇਕਾਂ ਯਾਦਾਂ ਹਨ। ਇਹ ਯਾਦਾਂ ‘ਨਾ ਹੋਣ’ ਵਾਲਿਆਂ ਦੇ ‘ਹੋਣ’ ਦੀ ਨਿਸ਼ਾਨੀ ਹਨ ਤੇ ਯਾਦਾਂ ਦੀ ਇਹ ਲੜੀ ਮੁੱਕ ਜਾਣ ਵਾਲਿਆਂ ਪਿੱਛੋਂ ਵੀ ਕਦ ਮੁੱਕਦੀ ਹੈ…
