ਵੈਨਕੂਵਰ, 9 ਸਤੰਬਰ (ਮਲਕੀਤ ਸਿੰਘ) – ਸਰੀ ਸਿਟੀ ਕੌਂਸਲ ਦੀਆਂ 17 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਊਂਸਪਲ ਚੋਣਾਂ ਸਬੰਧੀ ਚੋਣ ਬੁਖਾਰ ਲਗਾਤਾਰ ਭਖ ਰਿਹਾ ਹੈ। ਚੋਣ ਮੈਦਾਨ ‘ਚ ਨਿਤਰੀਆਂ ਵੱਖ ਵੱਖ ਸਲੇਟਾਂ (ਸਿਆਸੀ ਧਿਰਾਂ) ਵਾਂਗ ਸੇਫ਼ ਸਰੀ ਕੋਲੀਸ਼ਨ ਸਲੇਟ ਦੇ ਉਮੀਦਵਾਰਾਂ ਵੱਲੋਂ ਆਪਣੀ ਚੋਣ ਮੁਹਿੰਮ ‘ਚ ਤੇਜੀ ਲਿਆਉਂਦਿਆਂ ਸਥਾਨਕ ਧਾਲੀਵਾਲ ਬੈਂਕੁਇਟ ਹਾਲ ‘ਚ ‘ਮੀਟ ਐਂਡ ਗ੍ਰੀਟ’ ਸਮਾਗਮ ਕਰਵਾਇਆ ਗਿਆ। ਖਚਾਖਚ ਭਰੇ ਹਾਲ ਵਿੱਚ ਹੋਏ ਇਸ ਸਮਾਗਮ ਦੌਰਾਨ ਮੇਅਰ ਉਮੀਦਵਾਰ ਡੱਗ ਮੈਕਲਮ ਸਮੇਤ ਸੇਫ਼ ਸਰੀ ਦੀ ਟੀਮ ਦੇ ਉਮੀਦਵਾਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਉਮੀਦਵਾਰਾਂ ਵੱਲੋਂ 17 ਅਕਤੂਬਰ 2026 ਨੂੰ ਹੋਣ ਵਾਲੀਆਂ ਮਿਊਂਸਪਲ ਚੋਣਾਂ ਵਿੱਚ ਵੋਟਰਾਂ ਨੂੰ ਆਪਣੇ ਹੱਕ ਦੀ ਵਰਤੋਂ ਕਰਨ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ। ਉਮੀਦਵਾਰਾਂ ਨੇ ਆਪਣੀਆਂ ਚੋਣ ਤਰਜੀਹਾਂ ਅਤੇ ਮੈਨੀਫੈਸਟੋ ਨਾਲ ਸਬੰਧਤ ਮੁੱਦਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਸਾਬਕਾ ਮੇਅਰ ਅਤੇ ਮੁੜ ਮੇਅਰ ਚੁਣੇ ਜਾਣ ਦੀ ਦੌੜ ਵਿੱਚ ਸ਼ਾਮਿਲ ਪ੍ਰਮੁੱਖ ਸਿਆਸੀ ਆਗੂ ਡੱਗ ਮੈਕਲਮ ਨੇ ਆਪਣੇ ਸੰਬੋਧਨ ਦੌਰਾਨ ਸਰੀ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਆਪਣੀ ਟੀਮ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵੱਲੋਂ ਪ੍ਰਾਪਰਟੀ ਟੈਕਸ, ਜਨਤਕ ਸੁਰੱਖਿਆ, ਆਵਾਜਾਈ, ਬੁਨਿਆਦੀ ਢਾਂਚੇ ਅਤੇ ਕਮਿਊਨਿਟੀ ਸਹੂਲਤਾਂ ਨੂੰ ਚੋਣ ਮੁਹਿੰਮ ਦੇ ਮੁੱਖ ਮੁੱਦਿਆਂ ਵਜੋਂ ਉਭਾਰਿਆ ਗਿਆ।
ਇਸ ਮੌਕੇ ਕੌਂਸਲਰ ਮਨਦੀਪ ਨਾਗਰਾ ਨੇ ਖੇਤੀਬਾੜੀ, ਫਾਰਮ-ਟੂ-ਟੇਬਲ ਮਾਡਲ ਅਤੇ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਯੋਜਨਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕੌਂਸਲਰ ਉਮੀਦਵਾਰ ਮੀਰਾ ਗਿੱਲ ਅਤੇ ਸੁਹਾਨਾ ਗਿੱਲ ਨੇ ਵੀ ਸਰੀ ਦੇ ਵਿਕਾਸ ਅਤੇ ਨੌਜਵਾਨਾਂ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰਾਂ ਦੀ ਸਾਂਝ ਪਾਈ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਗੈਰੀ ਬੈਗ,ਗਿਆਨ ਸਿੰਘ ਢੇਸੀ, ਸੁਖਵਿੰਦਰ ਸਿੰਘ ਗਰੇਵਾਲ, ਨਿਰਮਲ ਸਿੰਘ ਗਰੇਵਾਲ, ਗੁਰਤੇਜ ਸਿੰਘ ਬਰਾੜ, ਬੀ ਐਂਡ ਬੀ ਟਰੱਸਟ ਦੇ ਬਿੱਲ ਸੰਧੂ, ਤਰਸੇਮ ਸਿੰਘ ਰੰਧਾਵਾ, ਅਵਤਾਰ ਸਿੰਘ ਢਿੱਲੋਂ, ਬਲਬੀਰ ਸਿੰਘ ਢਿੱਲੋਂ, ਬਲਦੇਵ ਸਿੰਘ ਅਤੇ ਸੁਰਿੰਦਰ ਸਿੰਘ ਅਟਵਾਲ ਸਮੇਤ ਹੋਰ ਕਮਿਊਨਿਟੀ ਮੈਂਬਰ ਅਤੇ ਸਹਿਯੋਗੀ ਹਾਜ਼ਰ ਸਨ।
ਸਮਾਗਮ ਦੌਰਾਨ ਆਏ ਹੋਏ ਮਹਿਮਾਨਾਂ ਨੇ ਆਪਸੀ ਮਿਲਵਰਤਣ ਨਾਲ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਿਆ ਅੰਤ ਵਿੱਚ ਸਮਾਗਮ ਦੇ ਆਯੋਜਕ ਜੱਸਾ ਸਿੰਘ ਗਰੇਵਾਲ ਨੇ ਸਮੂਹ ਮਹਿਮਾਨਾਂ, ਸਮਰਥਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
