-ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਪਾਠਕਾਂ ਹੱਥ ਹੋਵੇਗੀ 38ਵੀਂ ਲਿਖਤ–
ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਬਹੁ ਪੱਖੀ ਸ਼ਖਸੀਅਤ ਦੇ ਮਾਲਕ ਸਾਹਿਤਕਾਰ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ 38ਵੀਂ ਕਿਤਾਬ ‘ਕੁੰਡਲੀਏ ਨਿਰਦੋਸ਼ ਦੇ’ ਪੰਜਾਬੀ ਸਾਹਿਤ ਕਾਵਿ ਰੂਪ ਵਿਚ ਬੇਮਿਸਾਲ ਮਿਹਨਤ ਅਤੇ ਗਿਆਨ ਦੀ ਪ੍ਰਤੀਕ ਹੈ। ਇਹ ਕਿਤਾਬ ਪੰਜਾਬੀਆਂ ਲਈ ਇੱਕ ਵੱਡੀ ਸੌਗਾਤ ਸਾਬਤ ਹੋਏਗੀ। 13 ਸਤੰਬਰ, ਦਿਨ ਐਤਵਾਰ ਨੂੰ, ਇਸ ਕਿਤਾਬ ਦਾ ਰਿਲੀਜ਼ ਸਮਾਰੋਹ ਐਬਟਸਫੋਰਡ ਦੀਆਂ ਸਮੂਹ ਪੰਜਾਬੀ ਸਾਹਿਤ ਸਭਾਵਾਂ ਵੱਲੋਂ ਗੁਰਦੁਆਰਾ ਹੈਰੀਟੇਜ, ਖਾਲਸਾ ਦੀਵਾਨ ਸੁਸਾਇਟੀ ਸਾਊਥ ਫਰੇਜ਼ਰ ਵੇਅ, ਐਬਸਫੋਰਡ ਵਿਖੇ ਦੁਪਹਿਰ 1 ਵਜੇ ਹੋਵੇਗਾ। ਕਿਤਾਬ ਦੇ ‘ਮੁੱਖ ਬੰਦ’ ਵਿੱਚ ਸਾਹਿਤਕਾਰ ਡਾ ਗੁਰਵਿੰਦਰ ਸਿੰਘ ਲਿਖਦੇ ਹਨ ਕਿ ਪੰਜਾਬੀ ਕਾਵਿ ਜਗਤ ‘ਚੋਂ ‘ਕੁੰਡਲੀਆ ਛੰਦ’ ਅਲੋਪ ਹੁੰਦਾ ਜਾ ਰਿਹਾ ਹੈ। ਅਜਿਹੇ ਦੌਰ ਵਿਚ ਉਸਤਾਦ ਕਵੀ ਗਿਆਨੀ ਕੇਵਲ ਸਿੰਘ ਨਿਰਦੋਸ਼ ਨੇ ‘ਕੁੰਡਲੀਆ’ ਛੰਦ ਵਿੱਚ ਪ੍ਰਭਾਵਸ਼ਾਲੀ ਕਿਤਾਬ ਲਿਖ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਗਿਆਨੀ ਜੀ ਪੰਜਾਬੀ ਸਾਹਿਤ ਜਗਤ ਦੀ ਝੋਲੀ ‘ਚ ਅੱਠਤੀ ਕਿਤਾਬਾਂ ਪਾ ਚੁੱਕੇ ਹਨ। ਉਹਨਾਂ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਜੂਝਦੇ ਹੋਏ ਵੀ ‘ਕਲਮ’ ਨਹੀਂ ਛੱਡੀ ਅਤੇ ਨਿਰੰਤਰ ਲਿਖਣਾ ਜਾਰੀ ਰੱਖਿਆ। ਕਵੀ ਨੇ ਜਿੱਥੇ ਬਹੁ-ਪੱਖੀ ਵਿਸ਼ਿਆਂ ਨੂੰ ਲੈ ਕੇ ਸ਼ਾਨਦਾਰ ਕੁੰਡਲੀਏ ਲਿਖੇ ਹਨ, ਉੱਥੇ ‘ਕੁੰਡਲੀਏ ਪੰਜਾਬੀ ਵਰਣਮਾਲਾ ਦੇ’ ਪਾਠਕਾਂ ਨੂੰ ਮੰਤਰ-ਮੁਘਦ ਕਰਦੇ ਹਨ। ਪੰਜਾਬ ਦੇ ਦੇਸੀ ਮਹੀਨਿਆਂ ‘ਤੇ ਵੀ ਨਿਰਦੋਸ਼ ਜੀ ਨੇ ਦਮਦਾਰ ਕੁੰਡਲੀਏ ਲਿਖੇ ਹਨ, ਜੋ ਪ੍ਰਾਕਿਰਤੀ ਦੇ ਖ਼ੂਬਸੂਰਤ ਚਿਤਰਣ, ਕੁਦਰਤ ਦੀ ਰਹਿਮਤ ਅਤੇ ਮੌਸਮਾਂ ਦੀ ਵੰਨ-ਸੁਵੰਨਤਾ ਨੂੰ ਸੁਚੱਜੇ ਢੰਗ ਨਾਲ ਵਖਿਆਨਦੇ ਹਨ। ਨਿਸੰਦੇਹ, ਨਿਰਦੋਸ਼ ਜੀ ਦੇ ਕੁੰਡਲੀਏ ਪੰਜਾਬੀ ਕਾਵਿ ਦਾ ਸ਼ਿੰਗਾਰ ਬਣਨਗੇ ਅਤੇ ਪੰਜਾਬੀ ਕਾਵਿ-ਅਧਿਐਨ ਲਈ ਮੀਲ ਪੱਥਰ ਸਾਬਿਤ ਹੋਣਗੇ। ਇਸ ਮੌਕੇ ‘ਤੇ ਸਭ ਨੂੰ ਪਹੁੰਚਣ ਲਈ ਖੁੱਲਾ ਸੱਦਾ ਹੈ। ਸਮਾਗਮ ਦੀ ਹੋਰ ਜਾਣਕਾਰੀ ਲਈ ਗਿਆਨੀ ਕੇਵਲ ਸਿੰਘ ਨਿਰਦੋਸ਼ (778) 878-5100, ਗੁਰਪ੍ਰੀਤ ਸਿੰਘ ਚਾਹਲ (604) 864-7107 ਜਾਂ ਸੁਰਜੀਤ ਸਿੰਘ ਸਹੋਤਾ (604) 897-2843 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
