Sep 11, 2026

ਪ੍ਰੋਫੈਸਰ ਹਰਦੇਵ ਸਿੰਘ ਵਿਰਕ—

ਵੈਨਕੂਵਰ-ਇਸ ਸਾਲ ਆਜ਼ਾਦੀ ਦਿਵਸ ਉੱਪਰ ਜਦੋਂ ਰਾਸ਼ਟਰਪਤੀ ਭਵਨ ਵਿੱਚ ਪ੍ਰੈਜੀਡੈਂਟ ਦਰੋਪਤੀ ਮੁਰਮੂ ਨੇ ਕੌਮੀ ਇਨਾਮ ਦੇ ਕੇ ਭਾਰਤ ਦੇ ਪਤਵੰਤੇ ਕਲਾਕਾਰਾਂ ਨੂੰ ਸਨਮਾਨਿਆ। ਉਸ ਮੌਕੇ ਪ੍ਰੋਫੈਸਰ ਲੁਡਮੀਲਾ ਨੂੰ ਪਦਮ ਸ਼੍ਰੀ ਦੇ ਸਨਮਾਨ ਨਾਲ ਨਿਵਾਜਿਆ ਗਿਆ। ਮੈਂ ਅੱਜ ਤੋਂ 10 ਸਾਲ ਪਹਿਲਾਂ ਲੁਡਮੀਲਾ ਦੇ ਸੰਪਰਕ ਵਿੱਚ ਆਇਆ ਸੀ, ਜਦੋਂ ਉਸ ਨੇ ਮੇਰੀ ਪੰਜਾਬੀ ਸਾਹਿਤ ਦੇ ਸ਼ੌਂਕ ਬਾਰੇ ਗੁਫਤਗੂ ਕੀਤੀ ਸੀ। ਪ੍ਰੋਫੈਸਰ ਲੁਡਮੀਲਾ ਨੇ ਮਾਸਕੋ (Moscow) ਸਟੇਟ ਯੂਨੀਵਰਸਿਟੀ ਤੋਂ ਐਮ.ਏ. ਹਿੰਦੀ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਸ ਦਾ ਪਤੀ ਯੂਨੀਵਰਸਿਟੀ ਵਿੱਚ ਸੰਸਕ੍ਰਿਤ ਅਤੇ ਪਾਲੀ ਭਾਸ਼ਾ ਦਾ ਪ੍ਰੋਫੈਸਰ ਹੈ| ਉਹ ਲੁਡਮੀਲਾ ਦਾ ਰਾਹ-ਦਸੇਰਾ ਬਣਿਆ ਅਤੇ ਦੋਵੇਂ ਪਤੀ-ਪਤਨੀ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰਸਿੱਧ ਸਾਹਿਤਕਾਰ ਹਨ।

ਪ੍ਰੋਫੈਸਰ ਲੁਡਮੀਲਾ ਖੋਖਲੋਵਾ ਨੂੰ ਰਾਸ਼ਟਰਪਤੀ ਵਲੋਂ ਸਨਮਾਨਿਤ ਕੀਤੇ ਜਾਣ ਤੇ  ਮੈਂ ਪ੍ਰੋਫੈਸਰ ਲੁਡਮੀਲਾ ਨੂੰ ਢੇਰ ਸਾਰੀਆਂ ਵਧਾਈਆਂ ਭੇਜੀਆਂ ਅਤੇ ਉਸ ਦੀ ਸਿੱਖ ਸਾਹਿਤ ਬਾਰੇ ਦੇਣ ਬਾਰੇ ਪੁੱਛਿਆ। ਉਸਨੇ ਵਾਪਸੀ ਈਮੇਲ ਰਾਹੀਂ ਆਪਣੇ ਸਨਮਾਨ ਸਮੇਂ ਦੀਆਂ ਫੋਟੋਆਂ ਭੇਜੀਆਂ ਅਤੇ ਖੋਜ ਪਰਚਿਆਂ ਦੀ ਸੂਚੀ ਭੇਜ ਦਿੱਤੀ। ਲੁਡਮੀਲਾ ਨੇ ਜੈਪੁਰ ਯੂਨੀਵਰਸਿਟੀ ਤੋਂ ਹਿੰਦੀ ਸਾਹਿਤ ਅਤੇ ਮਾਰਵਾੜੀ ਸਹਿਤ ਦੇ ਅੰਤਰ – ਸਬੰਧਾਂ ਦੇ ਵਿਸ਼ੇ ਉੱਪਰ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਉਸ ਨੂੰ ਭਾਸ਼ਾ ਵਿਿਗਆਨੀ ਦੇ ਪ੍ਰੋਫੈਸਰ ਦੀ ਉਪਾਧੀ ਉੱਪਰ ਰੱਖਿਆ ਗਿਆ। ਉਸ ਦੀ ਖੋਜ ਦਾ ਘੇਰਾ ਬਹੁਤ ਵਿਸ਼ਾਲ ਹੈ ਕਿਉਂਕਿ ਉਹ ਦੱਖਣੀ ਏਸ਼ੀਆ ਦੇ ਖੇਤਰ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਆਪਣੇ ਕਲਾਵੇ ਵਿੱਚ ਲਈ ਬੈਠੀ ਹੈ। ਮਾਸਕੋ ਸਟੇਟ ਯੂਨੀਵਰਸਿਟੀ ਦੇ ਦੱਖਣੀ ਏਸ਼ੀਆ ਕੇਂਦਰ ਵਿਭਾਗਾਂ ਵਿੱਚ ਉਹ ਹਿੰਦੀ ਤੋਂ ਇਲਾਵਾ ਪੰਜਾਬੀ ਅਤੇ ਉਰਦੂ ਦੇ ਵਿਸ਼ੇ ਵੀ ਪੜ੍ਹਾ ਰਹੀ ਹੈ।

ਲੁਡਮੀਲਾ ਖੋਖਲੋਵਾ ਦੇ ਖੋਜ ਪੱਤਰਾਂ ਦੀ ਗਿਣਤੀ 50 ਦੇ ਕਰੀਬ ਹੈ। ਇਥੇ ਅਸੀਂ ਉਸਦੇ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਬਾਰੇ ਛਪੇ ਹੋਏ ਖੋਜ ਪਰਚਿਆਂ ਦੀ ਚਰਚਾ ਕਰਾਂਗੇ। ਭਾਰਤ ਦੀ ਭਾਸ਼ਾ ਪੋਲਸੀ (Policy) ਉਪਰ ਲੁਡਮੀਲਾ ਨੇ ਆਲੋਚਨਾਤਮਕ ਲੇਖ ਲਿਿਖਆ ਹੈ। ਉਹ ਹੈਰਾਨ ਹੈ ਕਿ ਭਾਰਤ ਹਰ ਸੂਬੇ ਵਿੱਚ ਦੋ ਭਾਸ਼ਾਈ ਨੀਤੀ ਲਾਗੂ ਕਰ ਰਹੀ ਹੈ: ਮਾਤ ਭਾਸ਼ਾ ਅਤੇ ਅੰਗਰੇਜ਼ੀ। ਉਸ ਨੇ ਉਦਾਹਰਣਾਂ ਦੇ ਕੇ ਦੱਸਿਆ ਹੈ ਕਿ ਦਿੱਲੀ ਵਿੱਚ ਬਹੁਤੇ ਪਰਿਵਾਰ ਹੋਰ ਸੂਬਿਆਂ ਤੋਂ ਆ ਕੇ ਵਸ ਗਏ ਹਨ। ਬਾਪ ਕੰਨੜ ਭਾਸ਼ਾ ਬੋਲਦਾ ਹੈ ਤੇ ਮਾਂ ਤਮਿਲ ਬੋਲਦੀ ਹੈ ਅਤੇ ਬੱਚੇ ਹਿੰਦੀ ਅਤੇ ਅੰਗਰੇਜ਼ੀ ਬੋਲਦੇ ਹਨ। 1961 ਦੀ ਮਰਦਮ ਸ਼ੁਮਾਰੀ ਦਾ ਹਵਾਲਾ ਦੇ ਕੇ ਦੱਸਦੀ ਹੈ ਕਿ ਪੰਜਾਬ ਦੇ ਹਿੰਦੂਆਂ ਨੇ ਫਿਰਕੂ ਭਾਵਨਾ ਤਹਿਤ ਪੰਜਾਬੀ ਦੀ ਜਗ੍ਹਾ ਹਿੰਦੀ ਨੂੰ ਮਾਤ ਭਾਸ਼ਾ ਦਰਜ ਕਰਵਾਇਆ, ਜਦਕਿ ਸਿੱਖਾਂ ਨੇ ਪੰਜਾਬੀ ਨੂੰ ਮਾਤ ਭਾਸ਼ਾ ਦਰਜ ਕੀਤਾ। ਲੁਡਮੀਲਾ ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ ਬਾਰੇ ਚੰਗੀ ਤਰ੍ਹਾਂ ਜਾਣੂ ਅਤੇ ਫਿਕਰਮੰਦ ਹੈ। ਉਸ ਨੇ ਪਾਕਿਸਤਾਨ ਦੇ ਪੰਜਾਬ ਵਿੱਚ ਪੰਜਾਬੀ ਦੀ ਜਗ੍ਹਾ ਉਰਦੂ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਦੀ ਨਿਖੇਧੀ ਕੀਤੀ ਹੈ। ਉਸ ਦੇ ਖੋਜ ਪੱਤਰ ਦਾ ਵਿਸ਼ਾ “ਪੰਜਾਬੀ ਭਾਸ਼ਾ ਦੀ ਮੌਤ” ਬਹੁਤ ਹੀ ਰੌਚਕ ਹੈ। ਪਾਕਿਸਤਾਨ ਵਿੱਚ 15 ਪ੍ਰਤੀਸ਼ਤ ਪਖਤੂਨ, ਪਸ਼ਤੋ ਮਾਤ ਭਾਸ਼ਾ ਦੇ ਹਾਮੀ ਹਨ, 13 ਪ੍ਰਤੀਸ਼ਤ ਸਿੰਧੀ ਆਪਣੇ ਸੂਬੇ ਵਿੱਚ ਸਿੰਧੀ ਮਾਤ ਭਾਸ਼ਾ ਨੂੰ ਲਾਗੂ ਕਰੀ ਬੈਠੇ ਹਨ, ਪ੍ਰੰਤੂ ਪਾਕਿਸਤਾਨ ਦੇ 45 ਪ੍ਰਤੀਸ਼ਤ ਪੰਜਾਬੀ ਆਪਣੀ ਮਾਤ ਭਾਸ਼ਾ ਨੂੰ ਤਿਲਾਂਜਲੀ ਦੇ ਕੇ ਉਰਦੂ ਨੂੰ ਜੱਫਾ ਮਾਰੀ ਬੈਠੇ ਹਨ। ਉਹ ਪੰਜਾਬੀਆਂ ਦੀ ਮੂਰਖਤਾ ਉੱਪਰ ਕੀਰਨੇ ਪਾ ਰਹੀ ਹੈ।

ਪ੍ਰੋਫੈਸਰ ਲੁਡਮੀਲਾ ਦੀ ਸਿੱਖ ਧਰਮ ਅਤੇ ਸਿੱਖ ਸਾਹਿਤ ਨੂੰ ਕੀ ਦੇਣ ਹੈ? ਇਸ ਬਾਰੇ ਉਸ ਦੇ ਖੋਜ ਪੱਤਰਾਂ ਅਤੇ ਅਨੁਵਾਦ ਕੀਤੀਆਂ ਪੁਸਤਕਾਂ ਤੋਂ ਜਾਣਕਾਰੀ ਉਪਲਬਧ ਹੋ ਜਾਂਦੀ ਹੈ। ਲੁਡਮੀਲਾ ਨੇ ਲੰਗਰ ਦੀ ਪਰੰਪਰਾ ਉੱਪਰ ਖੋਜ ਭਰਪੂਰ ਲੇਖ ਲਿਿਖਆ ਹੈ। ਉਸ ਦੀ ਧਾਰਨਾ ਹੈ ਕਿ ਲੰਗਰ ਸਮਾਜਕ ਬਰਾਬਰੀ ਦਾ ਪ੍ਰਤੀਕ ਹੈ। ਇਹ ਹਿੰਦੂ ਧਰਮ ਦੀ ਨਾ ਬਰਾਬਰੀ ਉੱਪਰ ਉਸਾਰੇ ਸਮਾਜ ਦੇ ਢਾਂਚੇ ਨੂੰ ਰੱਦ ਕਰਦਾ ਹੈ। ਗੁਰੂ ਨਾਨਕ ਅਤੇ ਬਾਬਰ ਬਾਦਸ਼ਾਹ ਦਰਮਿਆਨ ਹੋਈਆਂ ਮੀਟਿੰਗਾਂ ਨੂੰ ਲੁਡਮੀਲਾ ਨੇ ਇਤਿਹਾਸਕ ਨੁਕਤਾ-ਨਿਗਾਹ ਤੋਂ ਵਿਚਾਰਿਆ ਹੈ। ਇਸ ਵਿਸ਼ੇ ਉਪਰ ਉਸ ਨੇ ਦੋ ਲੇਖ ਲਿਖੇ ਹਨ। ਸਿੱਖ ਧਰਮ ਦੀਆਂ ਰਸਮਾਂ ਰੀਤਾਂ ਉੱਪਰ ਲੁਡਮੀਲਾ ਨੇ ਖੋਜ ਭਰਪੂਰ ਲੇਖ ਲਿਖੇ ਹਨ। ਉਸ ਦਾ ਵਿਚਾਰ ਹੈ ਕਿ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿੱਚ ਬਾਉਲੀ ਕਾਇਮ ਕਰਕੇ ਸਿੱਖਾਂ ਲਈ ਨਵਾਂ ਤੀਰਥ ਅਸਥਾਨ ਬਣਾਇਆ ਹੈ ਤਾਂ ਕਿ ਉਹ ਹਿੰਦੂ ਤੀਰਥ ਅਸਥਾਨਾਂ ਦਾ ਭ੍ਰਮਣ ਨਾ ਕਰਨ। ਸਿੱਖ ਵਿਆਹ ਪਰੰਪਰਾ ਨੂੰ ਨਿਵੇਕਲਾ ਰੂਪ ਦੇਣ ਖਾਤਰ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ‘ਘੋੜੀਆਂ’ ਅਤੇ ‘ਲਾਵਾਂ’ ਦੀ ਰਚਨਾ ਕੀਤੀ। ਭਾਵੇਂ ਸਿੱਖ ਸਮਾਜ ਵਿੱਚ ਹਿੰਦੂ ਰਸਮਾਂ ਦੀ ਭਰਮਾਰ ਰਹੀ ਹੈ। ਪ੍ਰੰਤੂ ਲਾਵਾਂ ਦੀ ਪਰੰਪਰਾ ਸਿੰਘ ਸਭਾ ਲਹਿਰ ਤੋਂ ਉਪਰੰਤ ਹਰ ਗੁਰਦੁਆਰੇ ਵਿੱਚ ਪ੍ਰਵਾਨ ਚੜੀ ਹੈ।

ਪੰਜਾਬੀ ਯੂਨੀਵਰਸਿਟੀ ਦੀ ਸੇਵਾ ਦੌਰਾਨ ਮੈਂ ਰੂਸੀ ਅਤੇ ਫਰਾਂਸੀਸੀ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕੀਤੀ। 60 ਸਾਲ ਬਾਅਦ ਰੂਸੀ ਭਾਸ਼ਾ ਲਗਭਗ ਭੁੱਲ ਚੁੱਕੀ ਹੈ। ਜਦੋਂ ਲੁਡਮੀਲਾ ਨੇ ਜਨਮ ਸਾਖੀ, ਜੁਪਜੀ ਸਾਹਿਬ ਅਤੇ ਜਾਪ ਸਾਹਿਬ ਦੀਆਂ ਰੂਸੀ ਭਾਸ਼ਾਵਾਂ ਵਿੱਚ ਅਨੁਵਾਦਿਤ ਪੁਸਤਕਾਂ ਦੇ ਕੁਝ ਪੰਨੇ ਪੜਨ ਲਈ ਭੇਜੇ, ਤਾਂ ਮੈਂ ਇਹਨਾਂ ਦੇ ਸਿਰਲੇਖ ਹੀ ਪੜ੍ਹ ਸਕਿਆ। ਉਦਾਹਰਣ ਲਈ ਜਾਪ ਸਾਹਿਬ ਦੇ ਟਾਈਟਲ ਪੰਨੇ ਦੀ ਫੋਟੋ, ਇਸ ਲੇਖ ਵਿੱਚ ਸ਼ਾਮਿਲ ਕਰ ਰਿਹਾ ਹਾਂ। ਜਨਮ ਸਾਖੀਆਂ ਦੀ ਗਿਣਤੀ ਅੱਧੀ ਦਰਜਨ ਦੇ ਕਰੀਬ ਹੈ। ਮੇਰਾ ਅੰਦਾਜ਼ਾ ਹੈ ਕਿ ਲੁਡਮੀਲਾ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਰੂਸੀ ਅਨੁਵਾਦ ਕੀਤਾ ਹੈ। ਜਪਜੀ ਸਾਹਿਬ ਦੀਆਂ 38 ਪੌੜੀਆਂ ਅਤੇ ਸਲੋਕ ਦਾ ਰੂਸੀ ਅਨੁਵਾਦ ਵਾਰਤਕ ਦੀ ਬਜਾਏ ਕਾਵ ਸਾਹਿਤ ਵਿੱਚ ਕੀਤਾ ਹੈ। ਜਿਸ ਦਾ ਸਿਹਰਾ ਉਸ ਦੇ ਪਤੀ ਦੇ ਸਿਰ ਬਜਦਾ ਹੈ।

ਜਾਪ ਸਾਹਿਬ ਦਾ ਰੂਸੀ ਅਨੁਵਾਦ

ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ, ਜੋ ਸਿੱਖਾਂ ਦੀ ਨਿਤਨੇਮ ਦੀਆਂ ਬਾਣੀਆਂ ਵਿੱਚ ਸ਼ਾਮਿਲ ਹੈ। ਇਸ ਰਚਨਾ ਦਾ ਰੂਸੀ ਅਨੁਵਾਦ ਕਾਫੀ ਦਿਲਚਸਪ ਪ੍ਰਤੀਤ ਹੁੰਦਾ ਹੈ। ਸਟੈਨਫੋਰਡ ਯੂਨੀਵਰਸਿਟੀ ਦੀ ‘ਅਲੀਨਾ’ ਬੀਬੀ ਦੀ ਮਦਦ ਨਾਲ ਮੈਂ ਲੁਡਮੀਲਾ ਦੇ ਰੂਸੀ ਅਨੁਵਾਦ ਦੀ ਥਾਹ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸਦੀ ਸਿੱਖੀ ਸੇਵਾ ਦੀ ਪ੍ਰਸ਼ੰਸਾ ਕਰਨੋ ਨਹੀਂ ਰਹਿ ਸਕਦਾ।

ਪ੍ਰੋਫੈਸਰ ਲੁਡਮੀਲਾ ਰੂਸ ਵਿੱਚ ਪੰਜਾਬੀ ਪੜ੍ਹਾ ਰਹੀ ਹੈ। ਅੱਜ ਕੱਲ ਸਿੱਖ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚ ਚੁੱਕੇ ਹਨ। ਮਾਸਕੋ ਵਿੱਚ ਗੁਰਦੁਆਰਾ ਕਾਇਮ ਹੋ ਚੁੱਕਾ ਹੈ। ਮੇਰੀ ਉਮੀਦ ਹੈ ਕਿ ਪ੍ਰੋਫੈਸਰ ਲੁਡਮੀਲਾ ਖੋਖਲੋਵਾ ਗੁਰੂ ਗ੍ਰੰਥ ਸਾਹਿਬ ਦਾ ਰੂਸੀ ਅਨੁਵਾਦ ਕਰਕੇ ਸਿੱਖ ਧਰਮ ਦੀ ਮਹਾਨ ਸੇਵਾ ਕਰ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਪ੍ਰੋਫੈਸਰ ਲੁਡਮੀਲਾ ਦਾ ਸਨਮਾਨ ਕਰਨਾ ਬਣਦਾ ਹੈ।

Leave a Reply

Your email address will not be published. Required fields are marked *