Sep 15, 2026

ਹੁਣ ਤੱਕ 111  ਅਪਰਾਧੀਆਂ ਸਮੇਤ 23 ਹਜ਼ਾਰ ਤੋਂ ਉਪਰ ਡਿਪੋਰਟ ਕੀਤੇ-

ਕੈਲਗਰੀ ( ਦਲਬੀਰ ਜੱਲੋਵਾਲੀਆ) ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਪੰਜਾਬ ਨਾਲ ਸਬੰਧਤ ਚਾਰ ਭਾਰਤੀ ਨੌਜਵਾਨਾਂ ਨੂੰ ਜ਼ਬਰੀ ਵਸੂਲੀ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਹੈ। ਏਜੰਸੀ ਅਨੁਸਾਰ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ਼ ਬਾਜਵਾ ਅਤੇ ਸਾਹਿਬਜੋਤ ਸਿੰਘ ਨੂੰ ‘ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ’ (IRPA) ਤਹਿਤ ਅਪਰਾਧਿਕ ਸੰਗਠਨਾਂ ਨਾਲ ਸਬੰਧ ਅਤੇ ਗੰਭੀਰ ਅਪਰਾਧਾਂ ਲਈ ਅਯੋਗ ਪਾਇਆ ਗਿਆ ਸੀ। ਇਨ੍ਹਾਂ ਚਾਰਾਂ ਵਿਰੁੱਧ ਜ਼ਬਰਦਸਤੀ ਉਗਰਾਹੀ, ਗੋਲੀਬਾਰੀ ਅਤੇ ਹਿੰਸਕ ਵਾਰਦਾਤਾਂ ਦੇ ਮਾਮਲੇ ਦਰਜ ਸਨ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ (IRB) ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

CBSA ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸੇ ਸਾਲ ਦੇ ਪਿਛਲੇ ਮਹੀਨਿਆਂ ਵਿੱਚ ਫਿਰੌਤੀ ਅਤੇ ਗੋਲੀਬਾਰੀ ਦੇ ਮਾਮਲਿਆਂ ਵਿੱਚ ਸ਼ਾਮਲ 111 ਸ਼ੱਕੀਆਂ ਨੂੰ ਦੇਸ਼ ਨਿਕਾਲਾ (ਡਿਪੋਰਟ) ਕੀਤਾ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਹੋਰਾਂ ਵਿਰੁੱਧ ਵੀ ਕਾਰਵਾਈ ਜਾਰੀ ਹੈ। ਏਜੰਸੀ ਦੀ ਪ੍ਰਧਾਨ ਐਰਿਨ ਓ’ਗੋਰਮਨ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਉਹ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਕਾਨੂੰਨ ਤਹਿਤ ਅਯੋਗ ਠਹਿਰਾਏ ਗਏ ਸਾਰੇ ਵਿਅਕਤੀਆਂ ਨੂੰ ਵਾਪਸ ਭੇਜਣ ਲਈ ਯਤਨਸ਼ੀਲ ਹਨ। ਬੇਸ਼ੱਕ ਏਜੰਸੀ ਨੇ ਵਾਪਸ ਭੇਜੇ ਗਏ ਵਿਅਕਤੀਆਂ ਦੀ ਕੌਮੀਅਤ (ਨਾਗਰਿਕਤਾ) ਦੱਸਣ ਤੋਂ ਟਾਲਾ ਵੱਟਿਆ ਹੈ, ਪਰ ਸੂਤਰਾਂ ਅਨੁਸਾਰ ਦੇਸ਼ ਨਿਕਾਲਾ ਦਿੱਤੇ ਗਏ ਵਿਅਕਤੀਆਂ ਵਿੱਚੋਂ 7 ਲੋਕਾਂ ਦੀ ਕੌਮੀਅਤ ਭਾਰਤ ਤੋਂ ਵੱਖਰੀ ਸੀ। ਏਜੰਸੀ ਨੇ ਇਹ ਵੀ ਦੱਸਿਆ ਕਿ ਇਹ 111 ਵਿਅਕਤੀਆਂ ਵਿੱਚੋਂ ਬਹੁਤੇ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਸੂਬਿਆਂ ਦੇ ਵਾਸੀ ਸਨ।

ਏਜੰਸੀ ਨੇ ਦੱਸਿਆ ਕਿ ਲੰਘੇ ਸਾਲ (ਯਾਨੀ 2025) ਵਿੱਚ 23,160 ਲੋਕਾਂ ਨੂੰ ਉਨ੍ਹਾਂ ਦੇ ਪਿੱਤਰੀ ਦੇਸ਼ ਵਾਪਸ ਭੇਜਿਆ ਗਿਆ ਸੀ, ਜਿਨ੍ਹਾਂ ਵਿੱਚੋਂ 1,010 ਗੰਭੀਰ ਅਪਰਾਧਿਕ ਕਾਰਵਾਈਆਂ ਨਾਲ ਸਬੰਧਤ ਸਨ।

ਉਨ੍ਹਾਂ ਦੱਸਿਆ ਕਿ ਏਜੰਸੀ ਕੋਲ ਪਹਿਲਾਂ 530 ਅਧਿਕਾਰੀ ਸਨ, ਪਰ ਕੇਂਦਰ ਵੱਲੋਂ ਬਜਟ ਵਧਾਏ ਜਾਣ ਨਾਲ 1,000 ਹੋਰ ਅਧਿਕਾਰੀ ਭਰਤੀ ਕੀਤੇ ਜਾ ਰਹੇ ਹਨ। ਏਜੰਸੀ ਨੇ ਮੰਨਿਆ ਕਿ ਅਧਿਕਾਰੀਆਂ ਦੀ ਘਾਟ ਕਾਰਨ ਹੀ ਦੇਸ਼ ਵਿੱਚ ਵਿਦੇਸ਼ੀਆਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਮਿਲਿਆ, ਪਰ ਹੁਣ ਅਜਿਹਾ ਨਹੀਂ ਹੋ ਸਕੇਗਾ।

featured-img

Leave a Reply

Your email address will not be published. Required fields are marked *