Sep 16, 2026

ਸਰੀ ( ਦੇ ਪ੍ਰ ਬਿ ) — ਬੀਤੇ ਦਿਨ ਗਲੋਬਲ ਨਿਊਜ਼ ਦੁਆਰਾ ‘ਸੂਚਨਾ ਦੀ ਆਜ਼ਾਦੀ’ ਕਾਨੂੰਨ ਤਹਿਤ ਕੀਤੇ ਗਏ ਧਮਾਕੇਦਾਰ ਖੁਲਾਸੇ ਨੇ ‘ਸਰੀ ਫਰਸਟ’ ਦੀ ਮੇਅਰ ਉਮੀਦਵਾਰ ਅਤੇ ਮੌਜੂਦਾ ਕੌਂਸਲਰ ਲਿੰਡਾ ਐਨਿਸ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਮਹੀਨਿਆਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਸਾਹਮਣੇ ਆਏ ਸਰਕਾਰੀ ਰਿਕਾਰਡਾਂ ਨੇ ਸਿੱਧ ਕਰ ਦਿੱਤਾ ਹੈ ਕਿ ਦੂਜਿਆਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੀ ਨੇਤਾ ਦੇ ਆਪਣੇ ਹੀ ਪਾਲਤੂ ਕੁੱਤੇ ਨੇ ਮਈ ਮਹੀਨੇ ਵਿੱਚ ਇੱਕ ਰਾਹਗੀਰ ਤੇ ਭਿਆਨਕ ਹਮਲਾ ਕੀਤਾ ਸੀ, ਜਿਸ ਨੂੰ ਛੁਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ।
ਇਸ ਸਨਸਨੀਖੇਜ ਖੁਲਾਸੇ ਤੋਂ ਬਾਅਦ ‘ਇਮੈਜਿਨ ਸਰੀ’ ਦੇ ਮੇਅਰ ਉਮੀਦਵਾਰ ਮਾਈਕ ਸਟਾਰਚੁਕ ਨੇ ਲਿੰਡਾ ਐਨਿਸ ਵਿਰੁੱਧ ਮੋਰਚਾ ਖੋਲ੍ਹਦਿਆਂ ਤਿੱਖੇ  ਹਮਲੇ ਕੀਤੇ ਹਨ। ਸਟਾਰਚੁਕ ਨੇ ਕਿਹਾ ਕਿ ਜੋ ਐਨਿਸ ਜਨਵਰੀ ਵਿੱਚ ਦੂਜੇ ਕੁੱਤਿਆਂ ਦੇ ਮਾਲਕਾਂ ਨੂੰ ਜ਼ਿੰਮੇਵਾਰੀ ਲੈਣ ਅਤੇ ਸਖ਼ਤ ਕਾਰਵਾਈ ਦੀਆਂ ਦੁਹਾਈਆਂ ਦੇ ਰਹੀ ਸੀ, ਚਾਰ ਮਹੀਨਿਆਂ ਬਾਅਦ ਆਪਣੇ ਹੀ ਕੁੱਤੇ ਦੇ ਹਮਲੇ ‘ਤੇ ਚੁੱਪੀ ਧਾਰ ਕੇ ਬੈਠ ਗਈ। ਉਨ੍ਹਾਂ ਸਵਾਲ ਉਠਾਇਆ ਕਿ ਸਰੀ ਦੇ ਆਮ ਸ਼ਹਿਰੀਆਂ ਨੂੰ ਆਪਣੇ ਹੀ ਕੌਂਸਲਰ ਦੇ ਕਾਰਨਾਮਿਆਂ ਦਾ ਪਤਾ ਲਗਾਉਣ ਲਈ ਆਰ.ਟੀ.ਆਈ. ਦਾ ਸਹਾਰਾ ਕਿਉਂ ਲੈਣਾ ਪੈ ਰਿਹਾ ਹੈ?
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਲਿੰਡਾ ਐਨਿਸ ਵਿਵਾਦਾਂ ‘ਚ ਘਿਰੀ ਹੋਵੇ। ਇਸੇ ਸਾਲ ਉਨ੍ਹਾਂ ‘ਤੇ ਆਪਣੇ ਇਲਾਕੇ ਦੇ ਗੋਲਫ ਕੋਰਸ ਬਾਹਰ ਸ਼ਰਾਬ ਪੀ ਕੇ ਗੱਡੀ ਚਲਾਉਣ ਦੀਆਂ ਪੁਲਿਸ ਚੈਕਿੰਗਾਂ ਨੂੰ ਲੈ ਕੇ ਪੁਲਿਸ ਚੀਫ ਨੂੰ ਗੁਪਤ ਮੈਸੇਜ ਭੇਜਣ ਦੇ ਦੋਸ਼ ਵੀ ਲੱਗੇ ਸਨ। ਇਸ ਤੋਂ ਇਲਾਵਾ, ਉਹ ਆਪਣੀ ਪਾਰਟੀ ‘ਤੇ ‘ਇਲੈਕਸ਼ਨਜ਼ ਬੀ.ਸੀ.’ ਦੁਆਰਾ ਲਗਾਏ ਗਏ ਭਾਰੀ ਜੁਰਮਾਨੇ ‘ਤੇ ਵੀ ਲਗਾਤਾਰ ਸਵਾਲਾਂ ਤੋਂ ਭੱਜ ਰਹੀ ਹਨ।
ਮਾਈਕ ਸਟਾਰਚੁਕ ਨੇ ਮੰਗ ਕੀਤੀ ਹੈ ਕਿ ਸਿਟੀ ਕੌਂਸਲ ਨਾਲ ਜੁੜੇ ਇਸ ਪੂਰੇ ਮਾਮਲੇ ਦੇ ਸਾਰੇ ਰਿਕਾਰਡ ਤੁਰੰਤ ਜਨਤਕ ਕੀਤੇ ਜਾਣ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਦੇ ਨਿਯਮ ਸਾਰਿਆਂ ਲਈ ਬਰਾਬਰ ਹਨ ਅਤੇ ਕੋਈ ਵੀ ਆਗੂ ਕਾਨੂੰਨ ਤੋਂ ਉੱਪਰ ਨਹੀਂ ਹੋ ਸਕਦਾ। ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਇਸ ਤਾਜ਼ਾ ਸਕੈਂਡਲ ਨੇ ਸਰੀ ਦੀ ਰਾਜਨੀਤੀ ਵਿੱਚ ਵੱਡਾ ਤੂਫਾਨ ਖੜ੍ਹਾ ਕਰ ਦਿੱਤਾ ਹੈ ਅਤੇ ਜਨਤਾ ਹੁਣ ਐਨਿਸ ਤੋਂ ਜਵਾਬ ਮੰਗ ਰਹੀ ਹੈ।

Leave a Reply

Your email address will not be published. Required fields are marked *