ਮਨਿੰਦਰ ਸਿੰਘ ਗਿੱਲ-
ਸਰੀ — ਕੈਨੇਡਾ ਦੁਨੀਆ ਦੇ ਉਨ੍ਹਾਂ ਚੋਣਵੇਂ ਮੁਲਕਾਂ ਵਿੱਚ ਸ਼ੁਮਾਰ ਹੈ ਜਿੱਥੇ ਹਰ ਨਾਗਰਿਕ ਅਤੇ ਯੋਗ ਕਾਨੂੰਨੀ ਪ੍ਰਵਾਸੀ ਨੂੰ ਸਰਕਾਰੀ ਸਿਹਤ-ਸੰਭਾਲ ਪ੍ਰਣਾਲੀ ਰਾਹੀਂ ਮਿਆਰੀ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਬੇਸ਼ੱਕ ਕਰਦਾਤਾ ਟੈਕਸਾਂ ਦੇ ਰੂਪ ਵਿੱਚ ਇਸ ਪ੍ਰਣਾਲੀ ਦੀ ਕੀਮਤ ਅਦਾ ਕਰਦੇ ਹਨ, ਪਰ ਹਸਪਤਾਲ ਜਾਂ ਡਾਕਟਰ ਕੋਲ ਜਾਣ ਸਮੇਂ ਉਨ੍ਹਾਂ ਨੂੰ ਆਮ ਤੌਰ ’ਤੇ ਇਲਾਜ ਦੀ ਸਿੱਧੀ ਕੀਮਤ ਆਪਣੀ ਜੇਬ ਵਿੱਚੋਂ ਨਹੀਂ ਤਾਰਨੀ ਪੈਂਦੀ। ਇੱਕ ਮੈਡੀਕਲ ਕਾਰਡ ਹੀ ਲੋੜੀਂਦੀਆਂ ਸਿਹਤ ਸੇਵਾਵਾਂ ਤੱਕ ਪਹੁੰਚ ਦਾ ਆਧਾਰ ਬਣ ਜਾਂਦਾ ਹੈ।
ਇਸ ਦੇ ਉਲਟ ਅਮਰੀਕਾ ਵਿੱਚ ਇਸ ਤਰ੍ਹਾਂ ਦੀ ਸਰਬ-ਵਿਆਪੀ ਸਰਕਾਰੀ ਸਿਹਤ ਪ੍ਰਣਾਲੀ ਨਾ ਹੋਣ ਕਾਰਨ ਲੋਕਾਂ ਨੂੰ ਮਹਿੰਗਾ ਸਿਹਤ ਬੀਮਾ ਖਰੀਦਣਾ ਪੈਂਦਾ ਹੈ। ਜੇ ਕਿਸੇ ਗ਼ਰੀਬ ਜਾਂ ਘੱਟ ਆਮਦਨ ਵਾਲੇ ਵਿਅਕਤੀ ਕੋਲ ਸਿਹਤ ਬੀਮਾ ਨਾ ਹੋਵੇ ਤਾਂ ਉਹ ਕਈ ਵਾਰ ਲੋੜੀਂਦਾ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਰਹਿ ਜਾਂਦਾ ਹੈ। ਗੰਭੀਰ ਬਿਮਾਰੀ ਦਾ ਇਲਾਜ ਇੱਕ ਪਰਿਵਾਰ ਨੂੰ ਆਰਥਿਕ ਤੌਰ ’ਤੇ ਤਬਾਹ ਕਰ ਸਕਦਾ ਹੈ। ਇਸ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਕੈਨੇਡਾ ਦੀ ਜਨਤਕ ਸਿਹਤ-ਸੰਭਾਲ ਪ੍ਰਣਾਲੀ ਸਾਡੇ ਸਮਾਜ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਹੈ।
ਪਰ ਕਿਸੇ ਪ੍ਰਣਾਲੀ ਦਾ ਕੇਵਲ ਕਾਗਜ਼ਾਂ ਉੱਪਰ ਮੌਜੂਦ ਹੋਣਾ ਹੀ ਕਾਫ਼ੀ ਨਹੀਂ ਹੁੰਦਾ। ਉਸ ਦੀ ਅਸਲੀ ਸਫਲਤਾ ਇਸ ਗੱਲ ਨਾਲ ਮਾਪੀ ਜਾਂਦੀ ਹੈ ਕਿ ਲੋੜ ਪੈਣ ’ਤੇ ਆਮ ਵਿਅਕਤੀ ਨੂੰ ਇਲਾਜ ਕਿੰਨੀ ਜਲਦੀ ਅਤੇ ਕਿੰਨੀ ਆਸਾਨੀ ਨਾਲ ਮਿਲਦਾ ਹੈ। ਇਸ ਮਾਪਦੰਡ ਉੱਪਰ ਕੈਨੇਡਾ ਦੀ ਸਿਹਤ ਪ੍ਰਣਾਲੀ ਅੱਜ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।
ਪਿਛਲੇ ਇੱਕ ਦਹਾਕੇ ਦੌਰਾਨ ਸਾਡੀਆਂ ਸਿਹਤ ਸੇਵਾਵਾਂ ਤੇਜ਼ੀ ਨਾਲ ਵਧਦੀ ਆਬਾਦੀ ਦੀਆਂ ਲੋੜਾਂ ਨਾਲ ਤਾਲਮੇਲ ਨਹੀਂ ਬਿਠਾ ਸਕੀਆਂ। ਇਕੱਲੇ ਬ੍ਰਿਟਿਸ਼ ਕੋਲੰਬੀਆ ਵਿੱਚ ਹੀ ਲੱਖਾਂ ਲੋਕਾਂ ਕੋਲ ਆਪਣਾ ਫੈਮਿਲੀ ਡਾਕਟਰ ਨਹੀਂ ਹੈ। ਛੋਟੀਆਂ-ਛੋਟੀਆਂ ਸਿਹਤ ਸਮੱਸਿਆਵਾਂ ਲਈ ਵੀ ਲੋਕਾਂ ਨੂੰ ਵਾਕ-ਇਨ ਕਲੀਨਿਕਾਂ ਦੇ ਚੱਕਰ ਕੱਟਣੇ ਪੈਂਦੇ ਹਨ। ਕਈ ਵਾਰ ਉਸੇ ਦਿਨ ਡਾਕਟਰ ਨੂੰ ਮਿਲਣਾ ਸੰਭਵ ਨਹੀਂ ਹੁੰਦਾ ਅਤੇ ਮਜਬੂਰੀ ਵਿੱਚ ਲੋਕ ਹਸਪਤਾਲਾਂ ਦੀਆਂ ਐਮਰਜੈਂਸੀ ਸੇਵਾਵਾਂ ਵੱਲ ਰੁਖ਼ ਕਰਦੇ ਹਨ। ਨਤੀਜੇ ਵਜੋਂ ਐਮਰਜੈਂਸੀ ਵਿਭਾਗਾਂ ਵਿੱਚ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਬਜ਼ੁਰਗਾਂ, ਬੱਚਿਆਂ, ਗਰਭਵਤੀ ਔਰਤਾਂ ਅਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਕਈ-ਕਈ ਘੰਟੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਉੱਪਰ ਕੰਮ ਦਾ ਬੇਹੱਦ ਦਬਾਅ ਹੈ। ਇਹ ਸਮੱਸਿਆ ਕੇਵਲ ਕਿਸੇ ਇੱਕ ਹਸਪਤਾਲ ਜਾਂ ਇੱਕ ਸ਼ਹਿਰ ਤੱਕ ਸੀਮਤ ਨਹੀਂ ਰਹੀ, ਸਗੋਂ ਸਮੁੱਚੀ ਜਨਤਕ ਸਿਹਤ ਪ੍ਰਣਾਲੀ ਲਈ ਇੱਕ ਵੱਡੀ ਚੁਣੌਤੀ ਬਣ ਚੁੱਕੀ ਹੈ।
ਇਸ ਸਥਿਤੀ ਨੇ ਕੈਨੇਡਾ ਵਾਸੀਆਂ ਦੇ ਮਨਾਂ ਵਿੱਚ ਸਿਹਤ ਸੇਵਾਵਾਂ ਦੀ ਸਮਰੱਥਾ ਅਤੇ ਭਵਿੱਖ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਕੁਝ ਸਰਦੇ-ਪੁੱਜਦੇ ਲੋਕ ਲੰਬੀਆਂ ਉਡੀਕਾਂ ਤੋਂ ਤੰਗ ਆ ਕੇ ਨਿੱਜੀ ਸਿਹਤ ਸੇਵਾਵਾਂ ਦੀ ਮੰਗ ਕਰਨ ਲੱਗ ਪਏ ਹਨ। ਪਰ ਨਿੱਜੀਕਰਨ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਦਾ। ਜੇ ਪੈਸੇ ਵਾਲਿਆਂ ਲਈ ਵੱਖਰੀ ਅਤੇ ਗ਼ਰੀਬਾਂ ਲਈ ਵੱਖਰੀ ਸਿਹਤ ਪ੍ਰਣਾਲੀ ਬਣ ਗਈ ਤਾਂ ਕੈਨੇਡਾ ਦੀ ਬਰਾਬਰੀ ਅਤੇ ਸਮਾਜਿਕ ਨਿਆਂ ਉੱਪਰ ਆਧਾਰਿਤ ਸੋਚ ਨੂੰ ਗੰਭੀਰ ਨੁਕਸਾਨ ਪਹੁੰਚੇਗਾ।
ਅਸਲੀ ਹੱਲ ਸਰਕਾਰੀ ਸਿਹਤ ਪ੍ਰਣਾਲੀ ਨੂੰ ਕਮਜ਼ੋਰ ਕਰਨਾ ਨਹੀਂ, ਸਗੋਂ ਇਸ ਨੂੰ ਹੋਰ ਮਜ਼ਬੂਤ, ਤੇਜ਼ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਬਣਾਉਣਾ ਹੈ। ਇਸ ਲਈ ਵਧੇਰੇ ਡਾਕਟਰਾਂ, ਨਰਸਾਂ, ਹਸਪਤਾਲਾਂ, ਪ੍ਰਾਇਮਰੀ ਕੇਅਰ ਸੈਂਟਰਾਂ ਅਤੇ ਕਮਿਊਨਿਟੀ ਕਲੀਨਿਕਾਂ ਦੀ ਲੋੜ ਹੈ। ਖ਼ਾਸ ਤੌਰ ’ਤੇ ਫੈਮਿਲੀ ਡਾਕਟਰਾਂ ਤੱਕ ਲੋਕਾਂ ਦੀ ਪਹੁੰਚ ਵਧਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਫੈਮਿਲੀ ਡਾਕਟਰ ਹੀ ਸਿਹਤ ਪ੍ਰਣਾਲੀ ਦਾ ਪਹਿਲਾ ਦਰਵਾਜ਼ਾ ਹੁੰਦਾ ਹੈ।
ਫੈਮਿਲੀ ਡਾਕਟਰ ਸਿਰਫ਼ ਬਿਮਾਰੀ ਹੋਣ ’ਤੇ ਦਵਾਈ ਲਿਖਣ ਵਾਲਾ ਵਿਅਕਤੀ ਨਹੀਂ ਹੁੰਦਾ। ਉਹ ਮਰੀਜ਼ ਅਤੇ ਉਸਦੇ ਪਰਿਵਾਰ ਦੀ ਸਿਹਤ ਦਾ ਲੰਮੇ ਸਮੇਂ ਤੱਕ ਰਿਕਾਰਡ ਰੱਖਦਾ ਹੈ, ਸਮੇਂ ਸਿਰ ਜਾਂਚਾਂ ਕਰਵਾਉਂਦਾ ਹੈ, ਬਿਮਾਰੀਆਂ ਦੀ ਸ਼ੁਰੂਆਤੀ ਅਵਸਥਾ ਵਿੱਚ ਪਛਾਣ ਕਰਦਾ ਹੈ ਅਤੇ ਲੋੜ ਪੈਣ ’ਤੇ ਮਾਹਿਰ ਡਾਕਟਰ ਕੋਲ ਭੇਜਦਾ ਹੈ। ਸ਼ੂਗਰ, ਦਿਲ ਦੇ ਰੋਗ, ਬਲੱਡ ਪ੍ਰੈਸ਼ਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਸਮੇਂ ਸਿਰ ਪਤਾ ਲੱਗ ਜਾਣਾ ਕਈ ਵਾਰ ਇੱਕ ਵਿਅਕਤੀ ਦੀ ਜਾਨ ਬਚਾ ਸਕਦਾ ਹੈ।
ਇਸੇ ਲਈ ਜਦੋਂ ਕਿਸੇ ਸ਼ਹਿਰ ਦੇ ਹਜ਼ਾਰਾਂ ਲੋਕ ਫੈਮਿਲੀ ਡਾਕਟਰ ਤੋਂ ਵਾਂਝੇ ਹੋਣ ਤਾਂ ਇਸ ਨੂੰ ਕੇਵਲ ਸਿਹਤ ਵਿਭਾਗ ਦਾ ਪ੍ਰਸ਼ਾਸਨਿਕ ਮਾਮਲਾ ਨਹੀਂ ਸਮਝਿਆ ਜਾ ਸਕਦਾ। ਇਹ ਪਰਿਵਾਰਾਂ ਦੀ ਸੁਰੱਖਿਆ, ਬਜ਼ੁਰਗਾਂ ਦੀ ਦੇਖਭਾਲ, ਬੱਚਿਆਂ ਦੇ ਭਵਿੱਖ ਅਤੇ ਸਮੁੱਚੇ ਸਮਾਜ ਦੀ ਭਲਾਈ ਨਾਲ ਜੁੜਿਆ ਮੁੱਦਾ ਬਣ ਜਾਂਦਾ ਹੈ।
ਭਾਵੇਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਮੁੱਖ ਤੌਰ ’ਤੇ ਸੂਬਾਈ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਅਤੇ ਫੈਡਰਲ ਸਰਕਾਰ ਵੀ ਸਮੇਂ-ਸਮੇਂ ’ਤੇ ਇਸ ਖੇਤਰ ਵਿੱਚ ਵੱਡਾ ਨਿਵੇਸ਼ ਕਰਦੀ ਰਹਿੰਦੀ ਹੈ, ਪਰ ਸਵਾਲ ਇਹ ਹੈ ਕਿ ਇਸ ਗੰਭੀਰ ਮਸਲੇ ਵਿੱਚ ਸਾਡੀਆਂ ਸਥਾਨਕ ਸਰਕਾਰਾਂ ਕਿੱਥੇ ਖੜ੍ਹੀਆਂ ਹਨ?
ਕਾਨੂੰਨੀ ਅਤੇ ਸੰਵਿਧਾਨਕ ਤੌਰ ’ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਕਿਸੇ ਮਿਊਂਸਪਲ ਸਰਕਾਰ ਦੀ ਸਿੱਧੀ ਜਾਂ ਨਿਰਧਾਰਤ ਜ਼ਿੰਮੇਵਾਰੀ ਨਹੀਂ ਹੈ। ਮਿਊਂਸਪਲ ਸਰਕਾਰਾਂ ਦਾ ਮੁੱਖ ਕੰਮ ਸੜਕਾਂ, ਪਾਰਕਾਂ, ਪੁਲਿਸ, ਅੱਗ ਬੁਝਾਊ ਸੇਵਾਵਾਂ, ਲਾਇਬ੍ਰੇਰੀਆਂ, ਸ਼ਹਿਰੀ ਯੋਜਨਾਬੰਦੀ ਅਤੇ ਹੋਰ ਸਥਾਨਕ ਸੇਵਾਵਾਂ ਦਾ ਪ੍ਰਬੰਧ ਕਰਨਾ ਹੁੰਦਾ ਹੈ। ਪਰ ਇੱਕ ਜ਼ਿੰਮੇਵਾਰ ਅਤੇ ਦੂਰਅੰਦੇਸ਼ ਸਥਾਨਕ ਸਰਕਾਰ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਿਰਫ਼ ਇਹ ਕਹਿ ਕੇ ਨਜ਼ਰਅੰਦਾਜ਼ ਨਹੀਂ ਕਰ ਸਕਦੀ ਕਿ ਇਹ ਉਸਦੇ ਅਧਿਕਾਰ-ਖੇਤਰ ਦਾ ਮਾਮਲਾ ਨਹੀਂ ਹੈ।
ਕਈ ਵਾਰ ਲੀਡਰਸ਼ਿਪ ਦਾ ਅਸਲੀ ਇਮਤਿਹਾਨ ਉਸ ਵੇਲੇ ਹੁੰਦਾ ਹੈ ਜਦੋਂ ਕੋਈ ਸਮੱਸਿਆ ਕਾਨੂੰਨੀ ਤੌਰ ’ਤੇ ਤੁਹਾਡੀ ਜ਼ਿੰਮੇਵਾਰੀ ਨਾ ਹੋਵੇ, ਪਰ ਉਸ ਦਾ ਦੁੱਖ ਤੁਹਾਡੇ ਲੋਕ ਭੋਗ ਰਹੇ ਹੋਣ। ਅਜਿਹੇ ਸਮੇਂ ਇੱਕ ਆਗੂ ਕੋਲ ਦੋ ਰਸਤੇ ਹੁੰਦੇ ਹਨ—ਜਾਂ ਤਾਂ ਉਹ ਨਿਯਮਾਂ ਅਤੇ ਅਧਿਕਾਰ-ਖੇਤਰਾਂ ਦੀ ਆੜ ਲੈ ਕੇ ਪੱਲਾ ਝਾੜ ਲਵੇ, ਜਾਂ ਫਿਰ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਨਾਲ ਲੈ ਕੇ ਹੱਲ ਲੱਭਣ ਦੀ ਕੋਸ਼ਿਸ਼ ਕਰੇ। ਸਰੀ ਦੀ ਮੇਅਰ ਬਰੈਂਡਾ ਲੌਕ ਵੱਲੋਂ ਕੀਤੀ ਗਈ ਪਹਿਲ ਇਸੇ ਦੂਜੇ ਰਸਤੇ ਦੀ ਇੱਕ ਜ਼ਿਕਰਯੋਗ ਉਦਾਹਰਨ ਹੈ।
ਸਿਟੀ ਆਫ਼ ਸਰੀ ਨੇ ਸ਼ਹਿਰ ਵਿੱਚ ਦੋ ਕਮਿਊਨਿਟੀ ਹੈਲਥ ਕਲੀਨਿਕ ਖੋਲ੍ਹਣ ਦੀ ਪਹਿਲ ਕੀਤੀ ਹੈ। ਇਨ੍ਹਾਂ ਕਲੀਨਿਕਾਂ ਵਿੱਚ ਫੈਮਿਲੀ ਡਾਕਟਰਾਂ ਦੀਆਂ ਸੇਵਾਵਾਂ ਸਰੀ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਕਲੀਨਿਕ ਨਿਊਟਨ ਇਲਾਕੇ ਵਿੱਚ 76 ਐਵੇਨਿਊ ਅਤੇ 128 ਸਟਰੀਟ ਨੇੜੇ ਸਥਾਪਿਤ ਕੀਤਾ ਗਿਆ ਹੈ। ਇਸ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਨੂੰ ਲੋਕਾਂ ਦੇ ਘਰਾਂ ਦੇ ਨੇੜੇ ਲਿਆਉਣਾ ਸਰੀ ਵਰਗੇ ਵਿਸ਼ਾਲ ਅਤੇ ਤੇਜ਼ੀ ਨਾਲ ਵਧ ਰਹੇ ਸ਼ਹਿਰ ਲਈ ਬਹੁਤ ਮਹੱਤਵਪੂਰਨ ਹੈ।
ਸਰੀ ਹੁਣ ਕੇਵਲ ਵੈਨਕੂਵਰ ਦੇ ਨਾਲ ਲੱਗਦਾ ਇੱਕ ਛੋਟਾ ਸ਼ਹਿਰ ਨਹੀਂ ਰਿਹਾ। ਇਹ ਕੈਨੇਡਾ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ। ਹਰ ਸਾਲ ਹਜ਼ਾਰਾਂ ਨਵੇਂ ਪਰਿਵਾਰ ਸਰੀ ਨੂੰ ਆਪਣਾ ਘਰ ਬਣਾ ਰਹੇ ਹਨ। ਨਵੇਂ ਘਰ ਅਤੇ ਉੱਚੀਆਂ ਇਮਾਰਤਾਂ ਤਾਂ ਬਣ ਰਹੀਆਂ ਹਨ, ਪਰ ਆਬਾਦੀ ਦੇ ਨਾਲ-ਨਾਲ ਹਸਪਤਾਲਾਂ, ਸਕੂਲਾਂ, ਆਵਾਜਾਈ ਅਤੇ ਸਿਹਤ ਸੇਵਾਵਾਂ ਦਾ ਵਿਸਥਾਰ ਵੀ ਲਾਜ਼ਮੀ ਹੈ।
ਨਿਊਟਨ ਵਰਗੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਨਵੇਂ ਪ੍ਰਵਾਸੀ, ਮਿਹਨਤਕਸ਼ ਪਰਿਵਾਰ, ਬਜ਼ੁਰਗ ਅਤੇ ਛੋਟੇ ਬੱਚਿਆਂ ਵਾਲੇ ਪਰਿਵਾਰ ਰਹਿੰਦੇ ਹਨ। ਕਈ ਨਵੇਂ ਪ੍ਰਵਾਸੀਆਂ ਨੂੰ ਕੈਨੇਡਾ ਦੀ ਸਿਹਤ ਪ੍ਰਣਾਲੀ ਨੂੰ ਸਮਝਣ ਵਿੱਚ ਸਮਾਂ ਲੱਗਦਾ ਹੈ। ਭਾਸ਼ਾਈ ਰੁਕਾਵਟਾਂ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਵੀ ਉਨ੍ਹਾਂ ਲਈ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਮੁਸ਼ਕਲ ਬਣਾ ਦਿੰਦੀਆਂ ਹਨ। ਅਜਿਹੇ ਇਲਾਕੇ ਵਿੱਚ ਕਮਿਊਨਿਟੀ ਕਲੀਨਿਕ ਦਾ ਹੋਣਾ ਸਿਰਫ਼ ਇੱਕ ਨਵੀਂ ਇਮਾਰਤ ਖੋਲ੍ਹਣ ਦੇ ਬਰਾਬਰ ਨਹੀਂ, ਸਗੋਂ ਲੋਕਾਂ ਦੇ ਦਰਵਾਜ਼ੇ ਤੱਕ ਸਿਹਤ ਸੁਰੱਖਿਆ ਪਹੁੰਚਾਉਣ ਵੱਲ ਇੱਕ ਕਦਮ ਹੈ।
ਇਨ੍ਹਾਂ ਕਲੀਨਿਕਾਂ ਦੇ ਖੁੱਲ੍ਹਣ ਨਾਲ ਸਰੀ ਦੇ ਅਨੇਕਾਂ ਵਸਨੀਕਾਂ ਨੂੰ ਫੈਮਿਲੀ ਡਾਕਟਰ ਤੱਕ ਪਹੁੰਚ ਮਿਲਣ ਦੀ ਉਮੀਦ ਹੈ। ਇਸ ਨਾਲ ਲੋਕਾਂ ਦੀਆਂ ਆਮ ਬਿਮਾਰੀਆਂ ਦਾ ਸਮੇਂ ਸਿਰ ਇਲਾਜ ਹੋਵੇਗਾ, ਬਿਮਾਰੀਆਂ ਨੂੰ ਗੰਭੀਰ ਹੋਣ ਤੋਂ ਪਹਿਲਾਂ ਪਛਾਣਿਆ ਜਾ ਸਕੇਗਾ ਅਤੇ ਹਸਪਤਾਲਾਂ ਦੀਆਂ ਐਮਰਜੈਂਸੀ ਸੇਵਾਵਾਂ ਉੱਪਰ ਪੈ ਰਹੇ ਬੇਲੋੜੇ ਦਬਾਅ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ।
ਜੇ ਕਿਸੇ ਮਰੀਜ਼ ਨੂੰ ਸਮੇਂ ਸਿਰ ਫੈਮਿਲੀ ਡਾਕਟਰ ਦੀ ਸਲਾਹ ਮਿਲ ਜਾਵੇ ਤਾਂ ਉਸ ਨੂੰ ਛੋਟੀ ਸਮੱਸਿਆ ਲਈ ਐਮਰਜੈਂਸੀ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ। ਇਸ ਨਾਲ ਉਸ ਮਰੀਜ਼ ਦਾ ਸਮਾਂ ਵੀ ਬਚਦਾ ਹੈ ਅਤੇ ਐਮਰਜੈਂਸੀ ਵਿਭਾਗ ਆਪਣੇ ਸਰੋਤ ਅਸਲ ਗੰਭੀਰ ਮਾਮਲਿਆਂ ਲਈ ਵਰਤ ਸਕਦਾ ਹੈ। ਇਸ ਲਈ ਕਮਿਊਨਿਟੀ ਕਲੀਨਿਕਾਂ ਵਿੱਚ ਕੀਤਾ ਗਿਆ ਨਿਵੇਸ਼ ਕੇਵਲ ਇੱਕ ਇਲਾਕੇ ਦੇ ਲੋਕਾਂ ਦੀ ਸਹੂਲਤ ਨਹੀਂ, ਸਗੋਂ ਪੂਰੀ ਸਿਹਤ ਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਬਣਾਉਣ ਵਿੱਚ ਯੋਗਦਾਨ ਹੈ।
ਇਨ੍ਹਾਂ ਕਲੀਨਿਕਾਂ ਨੂੰ ਸਿਰਫ਼ ਡਾਕਟਰਾਂ ਤੱਕ ਸੀਮਤ ਨਾ ਰੱਖ ਕੇ ਭਵਿੱਖ ਵਿੱਚ ਨਰਸ ਪ੍ਰੈਕਟੀਸ਼ਨਰਾਂ, ਮਾਨਸਿਕ ਸਿਹਤ ਮਾਹਿਰਾਂ, ਫਿਜ਼ੀਓਥੈਰੇਪਿਸਟਾਂ, ਸਮਾਜਿਕ ਸੇਵਾ ਕਰਮਚਾਰੀਆਂ ਅਤੇ ਹੋਰ ਸਿਹਤ ਪੇਸ਼ੇਵਰਾਂ ਨਾਲ ਜੋੜਿਆ ਜਾ ਸਕਦਾ ਹੈ। ਅਜਿਹਾ ਸਮੂਹਿਕ ਮਾਡਲ ਮਰੀਜ਼ਾਂ ਨੂੰ ਇੱਕੋ ਥਾਂ ਉੱਪਰ ਕਈ ਤਰ੍ਹਾਂ ਦੀਆਂ ਸੇਵਾਵਾਂ ਦੇ ਸਕਦਾ ਹੈ। ਖ਼ਾਸ ਕਰਕੇ ਬਜ਼ੁਰਗਾਂ, ਲੰਮੇ ਸਮੇਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਲਈ ਇਹ ਬਹੁਤ ਲਾਭਦਾਇਕ ਹੋਵੇਗਾ।
ਕਮਿਊਨਿਟੀ ਕਲੀਨਿਕਾਂ ਰਾਹੀਂ ਸਿਹਤ ਸਬੰਧੀ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਸਕਦੀਆਂ ਹਨ। ਸ਼ੂਗਰ, ਦਿਲ ਦੇ ਰੋਗ, ਨਸ਼ਿਆਂ, ਮਾਨਸਿਕ ਸਿਹਤ, ਔਰਤਾਂ ਦੀ ਸਿਹਤ ਅਤੇ ਬੱਚਿਆਂ ਦੇ ਟੀਕਾਕਰਨ ਬਾਰੇ ਜਾਣਕਾਰੀ ਲੋਕਾਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਦਿੱਤੀ ਜਾ ਸਕਦੀ ਹੈ। ਬਹੁ-ਸੱਭਿਆਚਾਰਕ ਸ਼ਹਿਰ ਸਰੀ ਵਿੱਚ ਅਜਿਹੀਆਂ ਭਾਸ਼ਾਈ ਅਤੇ ਸੱਭਿਆਚਾਰਕ ਤੌਰ ’ਤੇ ਸੰਵੇਦਨਸ਼ੀਲ ਸੇਵਾਵਾਂ ਦੀ ਖ਼ਾਸ ਲੋੜ ਹੈ।
ਮੇਅਰ ਬਰੈਂਡਾ ਲੌਕ ਦਾ ਇਹ ਕਦਮ ਨਿਸ਼ਚਿਤ ਤੌਰ ’ਤੇ ਸ਼ਲਾਘਾਯੋਗ ਹੈ। ਜੇ ਉਹ ਚਾਹੁੰਦੇ ਤਾਂ ਹੋਰ ਕਈ ਸਿਆਸੀ ਆਗੂਆਂ ਵਾਂਗ ਹੱਥ ਖੜ੍ਹੇ ਕਰਕੇ ਕਹਿ ਸਕਦੇ ਸਨ ਕਿ ਸਿਹਤ ਸੇਵਾਵਾਂ ਸੂਬਾਈ ਸਰਕਾਰ ਦੀ ਜ਼ਿੰਮੇਵਾਰੀ ਹਨ। ਪਰ ਉਨ੍ਹਾਂ ਨੇ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦੀ ਬਜਾਏ ਆਪਣੇ ਸ਼ਹਿਰ ਦੇ ਲੋਕਾਂ ਪ੍ਰਤੀ ਫ਼ਰਜ਼ ਨੂੰ ਪਛਾਣਦਿਆਂ ਹੱਲ ਦਾ ਹਿੱਸਾ ਬਣਨ ਦਾ ਰਸਤਾ ਚੁਣਿਆ।
ਇਹ ਪਹਿਲ ਉਨ੍ਹਾਂ ਦੀ ਲੀਡਰਸ਼ਿਪ ਦੇ ਦੋ ਮਹੱਤਵਪੂਰਨ ਪੱਖਾਂ ਨੂੰ ਉਜਾਗਰ ਕਰਦੀ ਹੈ—ਲੋਕਾਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਆਮ ਲੋਕਾਂ ਦੇ ਮੁੱਦਿਆਂ ਦੀ ਪਹਿਰੇਦਾਰੀ। ਸਿਆਸਤ ਦਾ ਮਕਸਦ ਕੇਵਲ ਵੱਡੇ-ਵੱਡੇ ਐਲਾਨ ਕਰਨਾ ਜਾਂ ਚੋਣਾਂ ਵੇਲੇ ਖੋਖਲੇ ਵਾਅਦੇ ਕਰਨਾ ਨਹੀਂ ਹੋਣਾ ਚਾਹੀਦਾ। ਚੰਗੀ ਸਿਆਸਤ ਉਹ ਹੈ ਜੋ ਆਮ ਵਿਅਕਤੀ ਦੀ ਜ਼ਿੰਦਗੀ ਵਿੱਚ ਦਿਖਾਈ ਦੇਣ ਵਾਲਾ ਸੁਧਾਰ ਲਿਆਵੇ।
ਕਈ ਸਿਆਸੀ ਆਗੂ ਮੇਅਰ ਦੀ ਕੁਰਸੀ ਨੂੰ ਕੇਵਲ ਸੱਤਾ, ਪ੍ਰਭਾਵ ਜਾਂ ਆਪਣੇ ਧਨਾਢ ਡਿਵੈਲਪਰ ਮਿੱਤਰਾਂ ਦੇ ਹਿੱਤਾਂ ਦੀ ਪੂਰਤੀ ਦਾ ਸਾਧਨ ਸਮਝਦੇ ਹਨ। ਸ਼ਹਿਰਾਂ ਦੇ ਵਿਕਾਸ ਦਾ ਅਰਥ ਸਿਰਫ਼ ਉੱਚੀਆਂ ਇਮਾਰਤਾਂ, ਮਹਿੰਗੇ ਪ੍ਰਾਜੈਕਟ ਅਤੇ ਵੱਡੇ ਵਪਾਰਕ ਕੇਂਦਰ ਨਹੀਂ ਹੁੰਦਾ। ਅਸਲੀ ਵਿਕਾਸ ਉਹ ਹੈ ਜਿਸ ਵਿੱਚ ਬੱਚਿਆਂ ਲਈ ਸਕੂਲ, ਬਜ਼ੁਰਗਾਂ ਲਈ ਸਿਹਤ ਸੇਵਾਵਾਂ, ਪਰਿਵਾਰਾਂ ਲਈ ਸੁਰੱਖਿਅਤ ਮੁਹੱਲੇ ਅਤੇ ਹਰ ਨਾਗਰਿਕ ਲਈ ਮਾਣ-ਸਨਮਾਨ ਨਾਲ ਜੀਣ ਦੇ ਮੌਕੇ ਹੋਣ।
ਮੇਅਰ ਬਰੈਂਡਾ ਲੌਕ ਨੇ ਆਪਣੇ ਏਜੰਡੇ ਵਿੱਚ ਆਮ ਲੋਕਾਂ ਅਤੇ ਉਨ੍ਹਾਂ ਦੀਆਂ ਰੋਜ਼ਮਰ੍ਹਾ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇਣ ਦਾ ਸੰਦੇਸ਼ ਦਿੱਤਾ ਹੈ। ਜਨਤਾ ਕਿਸੇ ਆਗੂ ਨੂੰ ਸੱਤਾ ਆਪਣੇ ਧਨਾਢ ਮਿੱਤਰਾਂ ਦੀ ਖ਼ਿਦਮਤ ਕਰਨ ਲਈ ਨਹੀਂ, ਸਗੋਂ ਲੋਕਾਂ ਦੀਆਂ ਮੁਸ਼ਕਲਾਂ ਘਟਾਉਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸੌਂਪਦੀ ਹੈ।
ਕਮਿਊਨਿਟੀ ਕਲੀਨਿਕਾਂ ਦੀ ਇਹ ਪਹਿਲ ਹੋਰ ਮਿਊਂਸਪਲ ਸਰਕਾਰਾਂ ਲਈ ਵੀ ਇੱਕ ਉਦਾਹਰਨ ਬਣ ਸਕਦੀ ਹੈ। ਜੇ ਸ਼ਹਿਰੀ ਸਰਕਾਰਾਂ ਥਾਂ, ਇਮਾਰਤਾਂ, ਯੋਜਨਾਬੰਦੀ ਅਤੇ ਪ੍ਰਸ਼ਾਸਨਿਕ ਸਹਾਇਤਾ ਮੁਹੱਈਆ ਕਰਵਾਉਣ ਅਤੇ ਸੂਬਾਈ ਸਰਕਾਰਾਂ ਡਾਕਟਰਾਂ, ਨਰਸਾਂ ਅਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨ ਤਾਂ ਕਈ ਸਮੱਸਿਆਵਾਂ ਦਾ ਹੱਲ ਸਾਂਝੇ ਯਤਨਾਂ ਨਾਲ ਕੀਤਾ ਜਾ ਸਕਦਾ ਹੈ।
ਸਿਹਤ ਸੇਵਾਵਾਂ ਵਰਗੇ ਵੱਡੇ ਮਸਲੇ ਕਿਸੇ ਇੱਕ ਸਰਕਾਰ ਜਾਂ ਇੱਕ ਵਿਭਾਗ ਵੱਲੋਂ ਹੱਲ ਨਹੀਂ ਕੀਤੇ ਜਾ ਸਕਦੇ। ਫੈਡਰਲ, ਸੂਬਾਈ ਅਤੇ ਮਿਊਂਸਪਲ ਸਰਕਾਰਾਂ ਨੂੰ ਆਪਣੀਆਂ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਮਿਲ ਕੇ ਕੰਮ ਕਰਨਾ ਪਵੇਗਾ। ਲੋਕਾਂ ਨੂੰ ਇਹ ਜਾਣਨ ਵਿੱਚ ਦਿਲਚਸਪੀ ਨਹੀਂ ਕਿ ਕਿਸ ਸੇਵਾ ਦੀ ਜ਼ਿੰਮੇਵਾਰੀ ਕਿਹੜੀ ਸਰਕਾਰ ਦੀ ਹੈ; ਉਨ੍ਹਾਂ ਨੂੰ ਤਾਂ ਸਮੇਂ ਸਿਰ ਡਾਕਟਰ, ਇਲਾਜ ਅਤੇ ਸੁਰੱਖਿਆ ਚਾਹੀਦੀ ਹੈ।
ਬੇਸ਼ੱਕ ਦੋ ਕਮਿਊਨਿਟੀ ਕਲੀਨਿਕ ਸਰੀ ਦੀਆਂ ਸਾਰੀਆਂ ਸਿਹਤ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦੇ। ਇਨ੍ਹਾਂ ਕਲੀਨਿਕਾਂ ਦੀ ਸਫਲਤਾ ਇਸ ਗੱਲ ਉੱਪਰ ਵੀ ਨਿਰਭਰ ਕਰੇਗੀ ਕਿ ਉਨ੍ਹਾਂ ਵਿੱਚ ਕਿੰਨੇ ਡਾਕਟਰ ਅਤੇ ਹੋਰ ਸਿਹਤ ਕਰਮਚਾਰੀ ਉਪਲਬਧ ਰਹਿੰਦੇ ਹਨ, ਕਿੰਨੇ ਮਰੀਜ਼ਾਂ ਨੂੰ ਸੇਵਾਵਾਂ ਮਿਲਦੀਆਂ ਹਨ ਅਤੇ ਲੋਕਾਂ ਨੂੰ ਮੁਲਾਕਾਤ ਲਈ ਕਿੰਨਾ ਸਮਾਂ ਉਡੀਕ ਕਰਨੀ ਪੈਂਦੀ ਹੈ। ਇਸ ਲਈ ਇਨ੍ਹਾਂ ਦੀ ਕਾਰਗੁਜ਼ਾਰੀ ਦਾ ਸਮੇਂ-ਸਮੇਂ ’ਤੇ ਮੁਲਾਂਕਣ ਕਰਨਾ ਅਤੇ ਲੋੜ ਅਨੁਸਾਰ ਸੇਵਾਵਾਂ ਦਾ ਵਿਸਥਾਰ ਕਰਨਾ ਵੀ ਜ਼ਰੂਰੀ ਹੋਵੇਗਾ।
ਫਿਰ ਵੀ ਹਰ ਵੱਡੀ ਤਬਦੀਲੀ ਦੀ ਸ਼ੁਰੂਆਤ ਇੱਕ ਛੋਟੇ ਪਰ ਸਹੀ ਕਦਮ ਨਾਲ ਹੁੰਦੀ ਹੈ। ਜੇ ਇਹ ਮਾਡਲ ਸਫਲ ਰਹਿੰਦਾ ਹੈ ਤਾਂ ਸਰੀ ਦੇ ਹੋਰ ਇਲਾਕਿਆਂ—ਖ਼ਾਸ ਕਰਕੇ ਉਨ੍ਹਾਂ ਮੁਹੱਲਿਆਂ ਵਿੱਚ ਜਿੱਥੇ ਫੈਮਿਲੀ ਡਾਕਟਰਾਂ ਦੀ ਘਾਟ ਸਭ ਤੋਂ ਵੱਧ ਹੈ—ਵਿੱਚ ਵੀ ਅਜਿਹੇ ਕਲੀਨਿਕ ਖੋਲ੍ਹੇ ਜਾਣੇ ਚਾਹੀਦੇ ਹਨ।
ਸਰੀ ਦੀ ਵਧਦੀ ਆਬਾਦੀ ਨੂੰ ਵੇਖਦਿਆਂ ਕੇਵਲ ਮੌਜੂਦਾ ਲੋੜਾਂ ਦਾ ਹੱਲ ਕਰਨਾ ਕਾਫ਼ੀ ਨਹੀਂ ਹੋਵੇਗਾ। ਸ਼ਹਿਰ ਨੂੰ ਅਗਲੇ ਦਸ ਜਾਂ ਵੀਹ ਸਾਲਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਸਿਹਤ ਢਾਂਚੇ ਦੀ ਯੋਜਨਾਬੰਦੀ ਕਰਨੀ ਪਵੇਗੀ। ਅੱਜ ਲਏ ਗਏ ਦੂਰਅੰਦੇਸ਼ ਫ਼ੈਸਲੇ ਹੀ ਭਵਿੱਖ ਵਿੱਚ ਹਸਪਤਾਲਾਂ ਦੀਆਂ ਭੀੜਾਂ, ਲੰਬੀਆਂ ਉਡੀਕਾਂ ਅਤੇ ਡਾਕਟਰਾਂ ਦੀ ਘਾਟ ਨੂੰ ਘਟਾ ਸਕਦੇ ਹਨ।
ਪਿਛਲੇ ਚਾਰ ਸਾਲਾਂ ਦੌਰਾਨ ਮੇਅਰ ਬਰੈਂਡਾ ਲੌਕ ਨੇ ਕੇਵਲ ਵਾਅਦਿਆਂ ਅਤੇ ਵਿਖਾਵੇ ਦੀ ਸਿਆਸਤ ਦੀ ਬਜਾਏ ਕਈ ਮਾਮਲਿਆਂ ਵਿੱਚ ਕੰਮ ਕਰਕੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਕਮਿਊਨਿਟੀ ਹੈਲਥ ਕਲੀਨਿਕਾਂ ਦੀ ਸਥਾਪਨਾ ਵੀ ਉਸੇ ਲੋਕ-ਕੇਂਦਰਿਤ ਸੋਚ ਦਾ ਇੱਕ ਮਹੱਤਵਪੂਰਨ ਪ੍ਰਗਟਾਵਾ ਹੈ।
ਕਿਸੇ ਵੀ ਆਗੂ ਦੀ ਸਭ ਤੋਂ ਵੱਡੀ ਪਛਾਣ ਇਹ ਨਹੀਂ ਹੁੰਦੀ ਕਿ ਉਸ ਨੇ ਕਿੰਨੇ ਭਾਸ਼ਣ ਦਿੱਤੇ ਜਾਂ ਕਿੰਨੇ ਵਾਅਦੇ ਕੀਤੇ। ਅਸਲੀ ਪਛਾਣ ਇਹ ਹੁੰਦੀ ਹੈ ਕਿ ਉਸ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਕਿੰਨੀ ਗੰਭੀਰਤਾ ਨਾਲ ਸਮਝਿਆ ਅਤੇ ਉਨ੍ਹਾਂ ਦੇ ਹੱਲ ਲਈ ਕੀ ਕਦਮ ਚੁੱਕੇ। ਮੇਅਰ ਬਰੈਂਡਾ ਲੌਕ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਕੀਤਾ ਗਿਆ ਇਹ ਉਪਰਾਲਾ ਇਸੇ ਸਰਗਰਮ ਅਤੇ ਜ਼ਿੰਮੇਵਾਰ ਲੀਡਰਸ਼ਿਪ ਵੱਲ ਇਸ਼ਾਰਾ ਕਰਦਾ ਹੈ।
ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਕਲੀਨਿਕ ਆਪਣੇ ਮਕਸਦ ਵਿੱਚ ਸਫਲ ਹੋਣਗੇ, ਵੱਧ ਤੋਂ ਵੱਧ ਲੋਕਾਂ ਨੂੰ ਫੈਮਿਲੀ ਡਾਕਟਰ ਨਾਲ ਜੋੜਨਗੇ ਅਤੇ ਸਰੀ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਲਈ ਸਿਹਤ ਸੇਵਾਵਾਂ ਦਾ ਇੱਕ ਮਜ਼ਬੂਤ ਅਤੇ ਟਿਕਾਊ ਮਾਡਲ ਬਣਨਗੇ। ਲੋਕਾਂ ਦੀ ਸਿਹਤ ਵਿੱਚ ਕੀਤਾ ਗਿਆ ਨਿਵੇਸ਼ ਕਿਸੇ ਇੱਕ ਪਾਰਟੀ ਜਾਂ ਆਗੂ ਦੀ ਪ੍ਰਾਪਤੀ ਨਹੀਂ ਹੁੰਦਾ ਸਗੋਂ ਇਹ ਸਮੁੱਚੇ ਸ਼ਹਿਰ ਦੇ ਵਰਤਮਾਨ ਅਤੇ ਭਵਿੱਖ ਵਿੱਚ ਕੀਤਾ ਗਿਆ ਨਿਵੇਸ਼ ਹੁੰਦਾ ਹੈ।
ਮਨਿੰਦਰ ਸਿੰਘ ਗਿੱਲ,
ਮੈਨਜਿੰਗ ਡਾਇਰੈਕਟਰ,
ਰੇਡੀਓ ਇੰਡੀਆ, ਸਰੀ (ਬੀਸੀ)

