ਐਡਮਿੰਟਨ ( ਬਲਵਿੰਦਰ ਬਾਲਮ )- ਬੀਤੇ ਦਿਨੀਂ ਐਡਮਿੰਟਨ ਪਬਲਿਕ ਲਾਇਬਰੇਰੀ 17 ਸਟਰੀਟ ਮੈਡੋਜ਼ ਵਿਖੇ ਇੱਕ ਸ਼ਾਨਦਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੋਸਟੀ ਵਿੱਚ ਕਵੀ ਦਰਸ਼ਨ ਅਣਜਾਣ ਦਾ ਕਾਵਿ ਸੰਗ੍ਰਹਿ ‘ਰੂਹ ਦੇ ਅਥਰੂ’ ਦਾ ਵਿਮੋਚਨ ਕੀਤਾ ਗਿਆ ਅਤੇ ਉਹਨਾਂ ਨੂੰ ਗੁਰਮੁਖੀ ਅੱਖਰਾਂ ਨਾਲ ਸੱਜੀ ਹੋਈ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਸਿੱਧ ਬੋਲੀਆਂ ਲੇਖਕਾ ਸੁਰਜੀਤ ਕੌਰ ਧਾਲੀਵਾਲ ਅਤੇ ਬਲਵਿੰਦਰ ਕੌਰ ਗਿੱਲ ਨੇ ਪ੍ਰਧਾਨਗੀ ਕੀਤੀ। ਰੂਹ ਦੇ ਅੱਥਰੂ ਕਾਵਿ ਸਮੂਹ ਉੱਪਰ ਦਲਬੀਰ ਸਿੰਘ ਰਿਆੜ ਅਤੇ ਬਲਵਿੰਦਰ ਬਾਲਮ ਨੇ ਬੋਲਦੇ ਹੋਏ ਕਿਹਾ ਕਿ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਵਰਤਮਾਨ ਹਾਲਾਤਾਂ ਦੀ ਨਬਜ਼ ਨੂੰ ਟਟੋਲਦੀਆਂ ਹੋਈਆਂ ਯਥਾਰਥ ਦੀ ਤਸਵੀਰ ਪੇਸ਼ ਕਰਦੀਆਂ ਹਨ। ਅੰਧ ਵਿਸ਼ਵਾਸ ਅਤੇ ਸਮੇਂ ਦੇ ਸੱਚ ਨੂੰ ਉਜਾਗਰ ਕਰਦੀਆਂ ਕਵਿਤਾਵਾਂ ਇਸ ਪੁਸਤਕ ਵਿੱਚ ਲਗਭਗ 123 ਕਵਿਤਾਵਾਂ ਹਨ।ਵਿਸ਼ੇਸ਼ ਤੌਰ ਤੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਉਂਦੀਆਂ ਕਵਿਤਾਵਾਂ ਨਫਾ ਨੁਕਸਾਨ ਦੀ ਵੀ ਪੈਰਵਾਈ ਕਰਦੀਆਂ ਹਨ। ਦਰਸ਼ਨ ਅਣਜਾਣ ਮਾਲਵੇ ਦੇ ਪਿੰਡ ਪਿੱਦੋ ਜ਼ਿਲਾ ਬਠਿੰਡਾ ਚੋਂ ਜਨਮ ਲੈ ਕੇ ਕਨੇਡਾ ਪਹੁੰਚਿਆ। ਉਹ ਚੇਤਨ ਪ੍ਰਵਾਸੀ ਕਵੀ ਹੈ। ਆਮ ਲੋਕਾਂ ਨਾਲੋਂ ਵਧੇਰੇ ਕੋਮਲ ਭਾਵੀ ਹੋਏ ਬਗੈਰ ਕੋਈ ਵਿਅਕਤੀ ਕਵੀ ਨਹੀਂ ਬਣ ਸਕਦਾ। ਉਹ ਸੱਚ ਮੁੱਚ ਹੱਦ ਦਰਜੇ ਦਾ ਕੋਮਲ ਭਾਵੀ ਕਵੀ ਹੈ। ਵਿਦੇਸ਼ੀ ਧਰਤੀ ਤੇ ਰਹਿੰਦਿਆਂ ਉਸਨੇ ਨਾ ਆਪਣੀ ਧਰਤੀ ਨੂੰ ਭੁਲਾਇਆ ਤੇ ਨਾ ਹੀ ਮਾਤ ਭਾਸ਼ਾ ਤੋਂ ਪਾਸਾ ਵੱਟਿਆ।ਕਵੀ ਆਪਣੇ ਵਿਚਾਰ,ਅਹਿਸਾਸ ਤੇ ਅਨੁਭਵ ਅਸਲ ਚੋਂ ਸਹਿਜਤਾ, ਸਰਲਤਾ ਤੇ ਸੌਖ ਨਾਲ ਆਪਣੀ ਮਾਤ ਭਾਸ਼ਾ ਵਿੱਚ ਹੀ ਪਰਗਟ ਕਰ ਸਕਦਾ ਹੈ। ਇਸ ਸਬੰਧੀ ਉਹ ਡੱਟ ਕੇ ਮਾਂ ਬੋਲੀ ਤੇ ਪਹਿਰਾ ਦੇ ਰਿਹਾ ਹੈ। ਇਸ ਮੌਕੇ ਹਾਜ਼ਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਖੂਬ ਰੰਗ ਬੰਨਿਆ। ਕਵੀ ਦਰਬਾਰ ਵਿੱਚ ਬਲਵਿੰਦਰ ਬਾਲਮ, ਦਲਬੀਰ ਸਿੰਘ ਰਿਆੜ, ਸਤਨਾਮ ਗਾਹਲੇ, ਅੰਮ੍ਰਿਤਪਾਲ ਸਿੰਘ ਅੰਮ੍ਰਿਤ, ਨਰਿੰਦਰ ਲੁਬਾਣਾ ਤੇ ਤਜਿੰਦਰਪਾਲ ਸਿੰਘ ਰਿਆੜ, ਸੁਰਜੀਤ ਕੌਰ ਧਾਲੀਵਾਲ, ਬਲਵਿੰਦਰ ਕੌਰ ਗਿੱਲ, ਪਾਰਸ ਮਹੀਨੀਆਂ, ਦਰਸ਼ਨ ਅਣਜਾਣ, ਸੁਖਦੇਵ ਸਿੰਘ, ਕੇਵਲ ਸਿੰਘ ਬੱਲ, ਪ੍ਰਗਟ ਸਿੰਘ, ਕਸ਼ਮੀਰਾ ਸਿੰਘ, ਮਾਸਟਰ ਅਜੀਤ ਸਿੰਘ, ਕਾਰਜ ਸਿੰਘ ਔਲਖ, ਕਰਨੈਲ ਸਿੰਘ ਪਰਮਾਰ, ਮਨਜੀਤ ਬੱਲ, ਗੁਰਦਿਆਲ ਸਿੰਘ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨਿਆਂ। ਮੰਚ ਸੰਚਾਲਨ ਦੇ ਫਰਜ਼ ਕੇਵਲ ਬੱਲ ਨੇ ਬਾਖੂਬੀ ਨਿਭਾਏ।


