ਵੈਨਕੂਵਰ, 17 ਸਤੰਬਰ (ਮਲਕੀਤ ਸਿੰਘ)- ਵੈਨਕੂਵਰ ਆਈਲੈਂਡ ਤੇ ਵੱਸਿਆ ਸ਼ਹਿਰ ਨਨਾਇਮੋ ਇੱਕ ਵਾਰ ਫਿਰ ਡਰੈਗਨਾਂ ਦੇ ਰਵਾਇਤੀ ਨਾਚ, ਰੰਗ-ਬਿਰੰਗੀਆਂ ਲਾਲਟੇਨਾਂ ਅਤੇ ਅਸਮਾਨ ਨੂੰ ਰੌਸ਼ਨ ਕਰਦੀ ਆਤਿਸ਼ਬਾਜ਼ੀ ਨਾਲ ਜਗਮਗਾਉਣ ਲਈ ਤਿਆਰ ਹੈ। ਸ਼ਹਿਰ ਦੇ ਮੈਫਿਓ ਸਟਨ ਪਾਰਕ ਵਿਖੇ ਮਿਡ-ਆਟਮ ਮੇਲਾ 18 ਅਤੇ 19 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।
ਦੋ ਰੋਜ਼ਾ ਮੇਲੇ ਦੌਰਾਨ ਸੱਭਿਆਚਾਰਕ ਪੇਸ਼ਕਾਰੀਆਂ, ਡਰੈਗਨ ਨਾਚ, ਲਾਲਟੇਨਾਂ, ਖਾਣ-ਪੀਣ ਅਤੇ ਬੱਚਿਆਂ ਤੇ ਪਰਿਵਾਰਾਂ ਲਈ ਵੱਖ-ਵੱਖ ਮਨੋਰੰਜਕ ਸਰਗਰਮੀਆਂ ਕਰਵਾਈਆਂ ਜਾਣਗੀਆਂ। ਮੇਲੇ ਦੌਰਾਨ ਏਸ਼ੀਆਈ ਸੱਭਿਆਚਾਰ ਅਤੇ ਰਵਾਇਤਾਂ ਦੀ ਵੀ ਝਲਕ ਵੇਖਣ ਨੂੰ ਮਿਲੇਗੀ।
ਮਿਡ-ਆਟਮ ਮੇਲਾ ਪਰਿਵਾਰਾਂ ਅਤੇ ਭਾਈਚਾਰਿਆਂ ਦੇ ਆਪਸੀ ਮਿਲਾਪ ਨਾਲ ਜੁੜਿਆ ਪੁਰਾਤਨ ਸੱਭਿਆਚਾਰਕ ਤਿਉਹਾਰ ਹੈ। ਨਨਾਇਮੋ ਵਿੱਚ ਇਸ ਮੇਲੇ ਨੂੰ ਲਗਾਤਾਰ ਤੀਜੀ ਵਾਰ ਕਰਵਾਇਆ ਜਾ ਰਿਹਾ ਹੈ। ਪਿਛਲੇ ਮੇਲਿਆਂ ਦੌਰਾਨ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਡਰੈਗਨ ਨਾਚ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਮਾਣਿਆ ਸੀ।
