ਸਰੀ ( ਦੇ ਪ੍ਰ ਬਿ)- ਉਘੇ ਵਕੀਲ, ਸਮਾਜ ਸੇਵੀ ਅਤੇ ਕਿਸੇ ਸਮੇਂ ਭੰਗੜੇ ਦੀਆਂ ਸਟੇਜਾਂ ਤੇ ਧਮਾਲਾਂ ਪਾਉਣ ਵਾਲੇ ਪਵਨ ਜੋਸ਼ੀ ਇਸ ਸਮੇਂ ਡੈਲਟਾ ਸਿਟੀ ਦੀਆਂ ਚੋਣਾਂ ਵਿਚ ‘ਵੰਨ ਡੈਲਟਾ’ ਟੀਮ ਦੀ ਤਰਫੋਂ ਕੌਂਸਲਰ ਉਮੀਦਵਾਰ ਵਜੋਂ ਮੈਦਾਨ ਵਿਚ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਸਿਟੀ ਹਾਲ ਵਿਚ ਯੋਗ ਅਗਵਾਈ ਲਈ ਇਹ ਇੱਕ ਨਵੀਂ ਪਹੁੰਚ ਅਪਣਾਉਣ ਦਾ ਸਮਾਂ ਹੈ। ਅਜਿਹੀ ਪਹੁੰਚ ਜਿਸ ਵਿਚ ਲੋਕਾਂ ਦੀ ਗੱਲ ਸੁਣੀ ਜਾਂਦੀ ਹੈ, ਮਿਲ-ਜੁਲ ਕੇ ਕੰਮ ਕੀਤਾ ਜਾਂਦਾ ਹੈ ਅਤੇ ਭਵਿੱਖ ਲਈ ਯੋਜਨਾਬੰਦੀ ਕੀਤੀ ਜਾਂਦੀ ਹੈ।
ਉਹ ਇੱਕ ਪੇਸ਼ੇਵਰ ਵਕੀਲ ਹੋਣ ਦੇ ਨਾਲ ਲੰਬੇ ਸਮੇਂ ਤੋਂ ਭਾਈਚਾਰੇ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਐਡਵੋਕੇਟ ਹਨ, ਜਿਨ੍ਹਾਂ ਕੋਲ ਜਨਤਕ ਸੇਵਾ ਦਾ ਵਿਆਪਕ ਤਜਰਬਾ ਹੈ। ਪਵਨ ਜੋਸ਼ੀ 2008 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਬਾਰ ਐਸੋਸੀਏਸ਼ਨ ਦੇ ਮੈਂਬਰ ਬਣੇ ਸਨ । ਉਨ੍ਹਾਂ ਦਾ ਕੰਮ ਪਰਿਵਾਰਕ ਕਾਨੂੰਨ, ਪ੍ਰਸ਼ਾਸਕੀ ਕਾਨੂੰਨ ਅਤੇ ਸਿਵਲ ਮੁਕੱਦਮੇਬਾਜ਼ੀ ‘ਤੇ ਕੇਂਦਰਿਤ ਹੈ, ਜਿਸ ਨਾਲ ਉਨ੍ਹਾਂ ਨੂੰ ਵਿਵਾਦਾਂ ਦੇ ਹੱਲ ਅਤੇ ਨਿਰਪੱਖ ਫੈਸਲੇ ਲੈਣ ਵਿੱਚ ਮਜ਼ਬੂਤ ਮੁਹਾਰਤ ਹਾਸਲ ਹੈ। ਪਵਨ ਨੇ ਮਾਰਚ 2019 ਤੋਂ ਜੁਲਾਈ 2026 ਤੱਕ ‘ਬੀ.ਸੀ. ਫਾਰਮ ਇੰਡਸਟਰੀ ਰਿਵਿਊ ਬੋਰਡ’ ਦੇ ਟ੍ਰਿਬਿਊਨਲ ਮੈਂਬਰ ਵਜੋਂ ਵੀ ਸੇਵਾ ਨਿਭਾਈ ਹੈ, ਜਿੱਥੇ ਉਨ੍ਹਾਂ ਨੇ ਖੇਤੀਬਾੜੀ, ਖੇਤੀ ਅਭਿਆਸਾਂ ਅਤੇ ਰੈਗੂਲੇਟਰੀ ਜਵਾਬਦੇਹੀ ਨਾਲ ਸਬੰਧਤ ਅਪੀਲਾਂ ਅਤੇ ਸ਼ਿਕਾਇਤਾਂ ਦੀ ਨਿਪੁੰਨਤਾ ਨਾਲ ਸੁਣਵਾਈ ਕੀਤੀ ਹੈ।
ਪਵਨ ਦਾ ਕੰਮ ਨਿਆਂ ਤੱਕ ਪਹੁੰਚ, ਨਿਰਪੱਖਤਾ ਅਤੇ ਕਮਜ਼ੋਰ ਵਰਗਾਂ ਦੀ ਸੇਵਾ ਪ੍ਰਤੀ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਬੀ.ਸੀ. ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ, ਪਵਨ ਨੇ ਖੇਤ ਮਜ਼ਦੂਰਾਂ ਨਾਲ ਵੀ ਕੰਮ ਕੀਤਾ ਹੈ ਅਤੇ ਉਨ੍ਹਾਂ ਨਾਲ ਨਿਰਪੱਖ ਵਿਹਾਰ ਅਤੇ ਨਿਆਂ ਤੱਕ ਪਹੁੰਚ ਲਈ ਆਵਾਜ਼ ਉਠਾਈ। ਉਨ੍ਹਾਂ ਨੇ ਘੱਟ ਆਮਦਨ ਵਾਲੇ ਅਤੇ ਕਮਜ਼ੋਰ ਵਰਗਾਂ ਲਈ ਨਿਆਂ ਤੱਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣ ਵਾਸਤੇ ‘ਲੀਗਲ ਏਡ’ ਨਾਲ ਵੀ ਵੱਡੇ ਪੱਧਰ ‘ਤੇ ਕੰਮ ਕੀਤਾ ਹੈ। ਇਸ ਤਜਰਬੇ ਦੇ ਆਧਾਰ ‘ਤੇ, ਪਵਨ ਸਮਝਦੇ ਹਨ ਕਿ ਬਹਿਸ ਕਰਨ ਦਾ ਸਮਾਂ ਹੁਣ ਲੰਘ ਚੁੱਕਾ ਹੈ ਅਤੇ ਉਹ ਮੰਨਦੇ ਹਨ ਕਿ ਸਿਟੀ ਹਾਲ ਵਿਖੇ ਅਜਿਹੀ ਅਗਵਾਈ ਨਾਲ ਦਿਸ਼ਾ ਬਦਲਣ ਦਾ ਸਮਾਂ ਆ ਗਿਆ ਹੈ ਜੋ ਲੋਕਾਂ ਦੀ ਗੱਲ ਸੁਣਦੀ ਹੈ, ਸਹਿਯੋਗ ਕਰਦੀ ਹੈ ਅਤੇ ਭਵਿੱਖ ਲਈ ਯੋਜਨਾ ਬਣਾਉਂਦੀ ਹੈ।
ਪਵਨ ਆਪਣੇ ਭਾਈਚਾਰੇ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਹ ਵਰਤਮਾਨ ਵਿੱਚ ‘ਫੈਮਿਲੀ ਲਾਅ ਐਡਵੋਕੇਸੀ ਪ੍ਰੋਗਰਾਮ’ ਲਈ ਸੁਪਰਵਾਈਜ਼ਿੰਗ ਵਕੀਲ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਕਈ ਸਾਲਾਂ ਤੋਂ ‘ਐਕਸੈਸ ਪ੍ਰੋ ਬੋਨੋ ਬੀ.ਸੀ.’ ਅਤੇ ‘ਸੀ.ਬੀ.ਏ.-ਬੀ.ਸੀ. ਲਾਇਰ ਰੈਫਰਲ ਸਰਵਿਸ’ ਨਾਲ ਸਵੈ-ਇੱਛਤ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਡੈਲਟਾ ਵਿੱਚ ਮੇਅਰ ਦੀ ‘ਹਾਊਸਿੰਗ ਟਾਸਕ ਫੋਰਸ’ ਵਿੱਚ ਸੇਵਾ ਕਰਨ ਦੇ ਨਾਲ-ਨਾਲ ਹੋਰ ਬੋਰਡ ਅਤੇ ਸਲਾਹਕਾਰ ਅਹੁਦਿਆਂ ਰਾਹੀਂ ਸੇਵਾਵਾਂ ਨਿਭਾਈਆਂ ਹਨ। ਉਹ ਸੂਬਾਈ ਅਤੇ ਰਾਸ਼ਟਰੀ ਖੇਡ ਸੰਸਥਾਵਾਂ ਨਾਲ ਸਵੈ-ਇੱਛਾ ਨਾਲ ਕੰਮ ਕਰਦੇ ਹਨ ਅਤੇ ਡੈਲਟਾ ਵਿੱਚ ਇੱਕ ਸਥਾਨਕ ਕਲੱਬ ਦਾ ਪ੍ਰਬੰਧਨ ਕਰਦੇ ਹਨ, ਜਿਸ ਰਾਹੀਂ ਉਹ ਵੱਖ-ਵੱਖ ਭਾਈਚਾਰਿਆਂ ਵਿਚਕਾਰ ਸਬੰਧ ਕਾਇਮ ਕਰਦੇ ਹਨ। ਇਸ ਸ਼ਮੂਲੀਅਤ ਰਾਹੀਂ, ਉਹ ਸਮਝਦੇ ਹਨ ਕਿ ਡੈਲਟਾ ਦੇ ਭਵਿੱਖ ਲਈ ਮਨੋਰੰਜਨ, ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਸਭ ਨੂੰ ਸ਼ਾਮਲ ਕਰਨ ਵਾਲੇ ਪ੍ਰੋਗਰਾਮ ਕਿੰਨੇ ਮਹੱਤਵਪੂਰਨ ਹਨ।
ਪਵਨ ਦਾ ਮੰਨਣਾ ਹੈ ਕਿ ‘ਵਨ ਡੈਲਟਾ’ (One Delta) ਟੀਮ ਉਹ ਅਗਵਾਈ ਪ੍ਰਦਾਨ ਕਰਦੀ ਹੈ ਜਿਸਦੀ ਡੈਲਟਾ ਨੂੰ ਇੱਕ ਸਪੱਸ਼ਟ ਅਤੇ ਸਹਿਯੋਗੀ ਦ੍ਰਿਸ਼ਟੀਕੋਣ ਨਾਲ ਅੱਗੇ ਵਧਣ ਲਈ ਲੋੜ ਹੈ। ਉਹ ਇੱਕ ਅਜਿਹਾ ਡੈਲਟਾ ਬਣਾਉਣਾ ਚਾਹੁੰਦੇ ਹਨ ਜਿੱਥੇ ਨੌਰਥ ਡੈਲਟਾ ਨੂੰ ਉਹ ਤਵੱਜੋਂ ਮਿਲੇ ਜਿਸਦਾ ਉਹ ਹੱਕਦਾਰ ਹੈ, ਪਰਿਵਾਰ ਅਤੇ ਸਥਾਨਕ ਕਾਰੋਬਾਰ ਤਰੱਕੀ ਕਰਨ, ਆਂਢ-ਗੁਆਂਢ ਸੁਰੱਖਿਅਤ ਅਤੇ ਸੁਆਗਤੀ ਬਣੇ ਰਹਿਣ, ਅਤੇ ਸਿਟੀ ਹਾਲ ਖੁੱਲ੍ਹੇਪਣ ਅਤੇ ਪਾਰਦਰਸ਼ਤਾ ਨਾਲ ਕੰਮ ਕਰੇ। ਸਿਟੀ ਨੂੰ ਅਜਿਹੇ ਹੋਣਹਾਰ, ਤਜੁਰਬੇਕਾਰ ਅਤੇ ਸਮਰਪਿਤ ਆਗੂ ਦੀ ਲੋੜ ਹੈ ਜੋ ਲੋਕਾਂ ਲਈ ਸਹੀ ਮਾਅਨਿਆਂ ਵਿਚ ਕੰਮ ਕਰ ਸਕੇ ਅਤੇ ਉਹਨਾਂ ਦੀ ਆਵਾਜ਼ ਬਣ ਸਕੇ। ਪਵਨ ਜੋਸ਼ੀ ਆਪਣੀ ਚੋਣ ਮੁਹਿੰਮ ਦੌਰਾਨ ਲੋਕਾਂ ਤੱਕ ਪਹੁੰਚ ਕਰਦਿਆਂ ਭਰਵੇ ਸਮਰਥਨ ਦੀ ਅਪੀਲ ਕਰ ਰਹੇ ਹਨ।
