Sep 19, 2026

ਸਰੀ ( ਦੇ ਪ੍ਰ ਬਿ)-ਬੀਤੇ ਐਤਵਾਰ ਨੂੰ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਵਲੋਂ ਹਰ ਸਾਲ ਦੀ ਤਰਾਂ ਅੰਡਰ 25 ਕਬੱਡੀ ਟੂਰਨਾਮੈਂਟ ਬੈਲ ਸੈਂਟਰ ਸਰੀ ਦੀ ਗਰਾਉਂਡ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ ਵੱਖ ਵੱਖ ਵਰਗ ਦੀਆਂ ਲਗਪਗ 18 ਟੀਮਾਂ ਨੇ ਭਾਗ ਲਿਆ। ਕਬੱਡੀ ਦੇ ਫਾਈਨਲ ਮੈਚ ਵਿਚ ਦਸਮੇਸ਼ ਕਬੱਡੀ ਕਲੱਬ ਅਤੇ ਖਾਲਸਾ ਰਾਜ ਕਬੱਡੀ ਕਲੱਬ ਦੀਆਂ ਟੀਮਾਂ ਵਿਚਾਲੇ ਗਹਿਗੱਚ ਮੁਕਾਬਲਾ ਹੋਇਆ। ਫਾਈਨਲ ਵਿਚ ਖਾਲਸਾ ਰਾਜ ਕਬੱਡੀ ਕਲੱਬ ਦੀ ਟੀਮ ਜੇਤੂ ਰਹੀ ਜਿਸਨੂੰ ਨਗਦ ਇਨਾਮ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਫਾਈਨਲ ਮੈਚ ਦੌਰਾਨ ਗਾਇਕ ਕੇ ਐਸ ਮੱਖਣ ਦੇ ਬੇਟੇ ਏਕਮ ਦੇ ਰੇਡਾਂ ਦੀ ਚਰਚਾ ਰਹੀ।  ਟੂਰਨਾਮੈਂਟ ਦੌਰਾਨ ਕਈ ਉਘੀਆਂ ਹਸਤੀਆਂ ਨੇ ਸ਼ਮੂਲੀਅਤ ਕੀਤੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਟੂਰਨਾਮੈਂਟ ਦੌਰਾਨ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ ਕੁਲਵਿੰਦਰ ਸਿੰਘ ਸੰਧੂ, ਜੀਵਨ ਸ਼ੇਰਗਿੱਲ ਤੇ ਸਾਥੀਆਂ ਵਲੋਂ ਹਰ ਸਾਲ ਕੈਨੇਡਾ ਦੇ ਜੰਮਪਲ  ਅਤੇ 25 ਸਾਲ ਤੋ ਘੱਟ ਉਮਰ ਦੇ ਬੱਚਿਆਂ ਵਿਚਾਲੇ ਕਬੱਡੀ ਮੁਕਾਬਲੇ ਕਰਵਾਈ ਜਾਂਦੇ ਹਨ ਤਾਂਕਿ ਕੈਨੇਡਾ ਦੀ ਨਵੀ ਪੀੜੀ ਨੂੰ ਖੇਡਾਂ ਖਾਸ ਕਰਕੇ ਕਬੱਡੀ ਅਤੇ ਰਵਾਇਤੀ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਟੂਰਨਾਮੈਂਟ ਦੌਰਾਨ ਉਘੇ ਗਾਇਕ ਕੇ ਐਸ ਮੱਖਣ, ਕਬੱਡੀ ਪ੍ਰੋਮੋਟਰ ਨੀਟੂ ਕੰਗ, ਲੱਕੀ ਕੁਰਾਲੀ, ਸੋਨੂੰ ਜੰਪ ਅਤੇ ਹੋਰ ਖੇਡ ਪ੍ਰੋਮੋਟਰਾਂ ਤੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਟੂਰਨਾਮੈਂਟ ਦੀ ਸਫਲਤਾ ਤੇ ਕੁਲਵਿੰਦਰ ਸਿੰਘ ਸੰਧੂ ਨੇ ਖਿਡਾਰੀਆਂ,ਖੇਡ ਪ੍ਰੇਮੀਆਂ ਤੇ ਪ੍ਰੋਮੋਟਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਕਬੱਡੀ ਟੂਰਨਾਮੈਂਟ ਦੌਰਾਨ ਉਘੇ ਕੁਮੈਂਟਟੇਟਰ ਮੋਮੀ ਢਿੱਲੋਂ ਨੇ ਖੂਬਸੂਰਤ ਅੰਦਾਜ਼ ਵਿਚ ਕੁਮੈਂਟਰੀ ਕਰਦਿਆਂ ਖੇਡ ਪ੍ਰੇਮੀਆਂ ਨੂੰ ਖੇਡ ਮੈਦਾਨ ਨਾਲ ਜੋੜੀ ਰੱਖਿਆ। ਪ੍ਰਬੰਧਕਾਂ ਵਲੋਂ ਮੋਮੀ ਢਿੱਲੋਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *