Sep 20, 2026

ਸ਼ਹਿਰੀਆਂ ਤੇ ਸਮਰਥਕਾਂ ਵਲੋਂ ਭਾਰੀ ਸਮਰਥਨ-

ਸਰੀ,19 ਸਤੰਬਰ (ਨਿਰੰਜਣ ਸਿੰਘ ਲੇਹਲ ) -ਸਰੀ ਸਿਟੀ ਕੌਂਸਲ ਦੀਆਂ 17 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਵੱਖ ਵੱਖ ਸਲੇਟਾਂ ਦੇ ਉਮੀਦਵਾਰਾਂ ਵਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਬਾਕਾਇਦਾ ਚੋਣ ਦਫਤਰ ਖੋਹਲੇ ਜਾ ਰਹੇ ਹਨ ਤੇ ਵੋਟਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਬੀਤੇ ਦਿਨ ਸਾਬਕਾ ਮੇਅਰ ਡੱਗ ਮੈਕਲਮ ਦੀ ਅਗਵਾਈ ਵਾਲੀ ਸੇਫ ਸਰੀ ਕੋਲੀਸ਼ਨ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ ਧੂਮ ਧੜੱਕੇ ਨਾਲ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਹਿਰੀਆਂ ਤੇ ਉਹਨਾਂ ਦੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ।

ਇਸ ਮੌਕੇ ਸੇਫ਼ ਸਰੀ ਕੋਲੀਸ਼ਨ ਦੇ ਉਮੀਦਵਾਰਾਂ ਅਤੇ ਸਮਰਥਕਾਂ ਵੱਲੋਂ ਆਉਣ ਵਾਲੀਆਂ ਮਿਊਂਸਪਲ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਸਮਰਥਕਾਂ ਨੇ ਡੱਗ ਮੈਕੱਲਮ ਅਤੇ ਉਨ੍ਹਾਂ ਦੀ ਟੀਮ ਲਈ ਚੋਣ ਮੁਹਿੰਮ ਦੌਰਾਨ ਸਰਗਰਮੀ ਨਾਲ ਕੰਮ ਕਰਨ ਦੀ ਗੱਲ ਕਹੀ। ਇਸ ਮੌਕੇ ਮੇਅਰ ਉਮੀਦਵਾਰ ਡੱਗ ਮੈਕਲਮ ਨੇ ਆਪਣੀ ਟੀਮ ਦੇ ਪ੍ਰੋਗਰਾਮ ਦਾ ਵਿਸਥਾਰ ਵਿਚ ਜ਼ਿਕਰ ਕਰਦਿਆਂ ਕਿਹਾ ਕਿ ਜਿਵੇਂ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਨਿਭਾਏ ਹਨ, ਉਵੇਂ ਹੀ ਇਸ ਚੋਣ ਦੌਰਾਨ ਕੀਤੇ ਵਾਅਦੇ ਨਿਭਾਉਣਗੇ। ਉਹਨਾਂ ਸਰੀ ਸੈਂਟਰ ਤੋਂ ਨਿਊਟਨ ਤੱਕ ਸਕਾਈਟਰੇਨ ਬਣਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਉਹ ਸਰੀ ਸ਼ਹਿਰ ਨੂੰ ਕੈਨੇਡਾ ਦਾ ਨੋਬਲ ਸ਼ਹਿਰ ਬਣਾਉਣਗੇ। ਇਸ ਮੌਕੇ ਕੌਂਸਲਰ ਉਮੀਦਵਾਰ ਮਨਦੀਪ ਨਾਗਰਾ,ਮੀਰਾ ਗਿੱਲ, ਸੁਹਾਨਾ ਗਿੱਲ ਤੇ ਹੋਰਾਂ ਨੇ ਵੀ ਸੰਬੋਧਨ ਕੀਤਾ ਤੇ ਪੂਰੀ ਸਲੇਟ ਨੂੰ ਭਾਰੀ ਸਮਰਥਨ ਨਾਲ ਜਿਤਾਉਣ ਦੀ ਅਪੀਲ ਕੀਤੀ।

ਰੋਜਮੈਰੀ ਹਾਈਟਸ ਕਮਿਊਨਿਟੀ ਐਸੋਸੀਏਸ਼ਨ ਵਲੋਂ ਸਮਰਥਨ ਦਾ ਐਲਾਨ-

ਸਰੀ -ਕੌਂਸਲਰ ਉਮੀਦਵਾਰ ਮਨਦੀਪ ਨਾਗਰਾ ਨੇ ਦੱਸਿਆ ਹੈ ਕਿ ਰੋਜਮੈਰੀ ਹਾਈਟਸ ਕਮਿਊਨਿਟੀ ਐਸੋਸੀਏਸ਼ਨ ਵਲੋਂ ਡੱਗ ਮੈਕਲਮ ਦੀ ਅਗਵਾਈ ਵਾਲੀ ਸਲੇਟ ਨੂੰ ਸਮਰਥਨ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਐਸੋਸੀਏਸ਼ਨ ਨੂੰ ਸਲੇਟ ਵਲੋਂ ਇਹ ਵਾਅਦਾ ਕਰਨ ਤੋਂ ਬਾਦ ਲਿਆ ਗਿਆ ਹੈ ਕਿ ਕਮਿਊਨਿਟੀ ਵਿਚ ਕੋਈ ਵੀ ਡਿਵੈਲਪਮੈਂਟ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਨਹੀ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਇਲਾਕਾ ਨਿਵਾਸੀਆਂ ਵਲੋਂ ਇਥੇ ਪੋਲੀਗਾਨ ਹੋਮਜ਼ ਕੰਪਨੀ ਵਲੋਂ ਰੈਜੀਡੈਂਸ਼ੀਅਲ ਡਿਵੈਲਪਮੈਂਟ ਦੀ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਸਤਾਵਿਤ ਥਾਂ ਉਪਰ ਪਾਰਕ ਜਾਂ ਗਰੀਨ ਬੈਲਟ ਬਣਾਈ ਜਾਵੇ ਤਾਂਕਿ ਕਮਿਊਨਿਟੀ ਵਿਚ ਵਾਤਾਵਰਣ ਦੀ ਬੇਹਤਰ ਸਾਂਭ ਸੰਭਾਲ ਕੀਤੀ ਜਾ ਸਕੇ। ਸੇਫ ਸਰੀ ਕੋਲੀਸ਼ਨ ਵਲੋਂ ਇਥੇ ਡਿਵੈਲਮੈਂਟ ਕਾਰਜ ਨੂੰ ਰੋਕੇ ਜਾਣ ਦਾ ਬੋਰਡ ਲਗਾ ਦਿੱਤਾ ਗਿਆ ਹੈ, ਜਿਸਦਾ ਸਥਾਨਕ ਵਸਨੀਕਾਂ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *