Sep 20, 2026
ਵੈਨਕੂਵਰ, 20 ਸਤੰਬਰ (ਮਲਕੀਤ ਸਿੰਘ) — ਚੀਨੀ ਮੂਲ ਦੇ ਲੋਕਾਂ ਦੀ ਬਹੁਗਿਣਤੀ ਵਸੋਂ ਵਾਲੇ ਸ਼ਹਿਰ ਰਿਚਮੰਡ ਦੀ ਖੇਤੀਬਾੜੀ ਵਿਰਾਸਤ ਅਤੇ ਕੁਦਰਤ ਨਾਲ ਲੋਕਾਂ ਦੀ ਸਾਂਝ ਨੂੰ ਉਜਾਗਰ ਕਰਨ ਵਾਲਾ ਮੇਲਾ ਗਾਰਡਨ ਸਿਟੀ ਲੈਂਡਜ਼ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਸੈਂਕੜੇ ਪਰਿਵਾਰਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਖੇਤੀ ਨਾਲ ਜੁੜੀਆਂ ਸਰਗਰਮੀਆਂ ਦਾ ਆਨੰਦ ਮਾਣਿਆ।
ਮੇਲੇ ਦਾ ਮੁੱਖ ਮਕਸਦ ਲੋਕਾਂ, ਖਾਸ ਕਰਕੇ ਨਵੀਂ ਪੀੜ੍ਹੀ ਨੂੰ ਇਹ ਦੱਸਣਾ ਸੀ ਕਿ ਰਿਚਮੰਡ ਦਾ ਖੇਤੀਬਾੜੀ ਨਾਲ ਕਿੰਨਾ ਡੂੰਘਾ ਰਿਸ਼ਤਾ ਰਿਹਾ ਹੈ ਅਤੇ ਅੱਜ ਦੇ ਸਮੇਂ ਵਿੱਚ ਖੇਤੀ ਕਿਵੇਂ ਬਦਲ ਰਹੀ ਹੈ। ਇੱਥੇ ਖੇਤੀ ਅਤੇ ਬਾਗਬਾਨੀ ਸਬੰਧੀ ਪ੍ਰਦਰਸ਼ਨੀਆਂ ਰਾਹੀਂ ਅਨਾਜ ਉਗਾਉਣ, ਟਿਕਾਊ ਬਾਗਬਾਨੀ ਅਤੇ ਭਵਿੱਖ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੇਲੇ ਦੌਰਾਨ
ਬੱਚਿਆਂ ਲਈ ਵਿਸ਼ੇਸ਼ ਅਤੇ ਦਿਲਚਸਪ ਸਰਗਰਮੀਆਂ ਰੱਖੀਆਂ ਗਈਆਂ ਸਨ । ਆਲੂਆਂ ਦੀ ਬੋਰੀ ਦੌੜ, ਬੀਜਾਂ ਨਾਲ ਜੁੜੀਆਂ ਸਰਗਰਮੀਆਂ, ਖੇਤ ਵਿੱਚੋਂ ਸਬਜ਼ੀਆਂ ਪੁੱਟਣ, ਫੁੱਲ ਤੋੜਨ ਅਤੇ ਸੇਬਾਂ ਤੋਂ ਤਾਜ਼ਾ ਰਸ ਤਿਆਰ ਕਰਨ ਵਰਗੇ ਤਜਰਬਿਆਂ ਨੇ ਬੱਚਿਆਂ ਨੂੰ ਖੇਤੀ ਨੂੰ ਨੇੜਿਓਂ ਸਮਝਣ ਦਾ ਮੌਕਾ ਦਿੱਤਾ। ਖਾਣ-ਪੀਣ ਲਈ ਸਥਾਨਕ ਵਿਕਰੇਤਾਵਾਂ ਦੇ ਟਿਕਾਣੇ ਅਤੇ ਸੰਗੀਤਕ ਮਨੋਰੰਜਨ ਵੀ ਇਸ ਮੇਲੇ ਦਾ ਹਿੱਸਾ ਸਨ।
ਮੇਲੇ ਦੌਰਾਨ ਗਾਰਡਨ ਸਿਟੀ ਲੈਂਡਜ਼ ਦੇ ਵਿਸ਼ਾਲ ਖੇਤਰ ਦੀ ਗੱਡੀ ਰਾਹੀਂ ਸੈਰ ਵੀ ਕਰਵਾਈ ਗਈ, ਜਿਸ ਦੌਰਾਨ ਲੋਕਾਂ ਨੂੰ ਇਸ ਜ਼ਮੀਨ ਦੇ ਇਤਿਹਾਸ, ਸਥਾਨਕ ਪੌਦਿਆਂ ਅਤੇ ਖੇਤੀਬਾੜੀ ਬਾਰੇ ਜਾਣਕਾਰੀ ਦਿੱਤੀ ਗਈ।

Leave a Reply

Your email address will not be published. Required fields are marked *