Sep 23, 2026

ਪ੍ਰੋ ਹਰਦੇਵ ਸਿੰਘ ਵਿਰਕ—

ਸਿੱਖਾਂ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਇਤਿਹਾਸ ਬਣਾਉਣਾ ਜਾਣਦੇ ਹਨ, ਪਰ ਲਿਖਣਾ ਨਹੀਂ ਜਾਣਦੇ। ਸਿੱਖਾਂ ਦੇ ਬਹੁਤੇ ਇਤਿਹਾਸਕਾਰ ਮੁਸਲਿਮ ਅਤੇ ਹਿੰਦੂ ਹੀ ਹੋਏ ਹਨ। ਪ੍ਰੋਫੈਸਰ ਗੰਡਾ ਸਿੰਘ ਪਹਿਲੇ ਮਹਾਨ ਸਿੱਖ ਇਤਿਹਾਸਕਾਰ ਮੰਨੇ ਜਾਂਦੇ ਹਨ। ਅੰਗਰੇਜ਼ਾਂ ਨੇ ਵੀ ਸਿੱਖਾਂ ਬਾਰੇ ਬਹੁਤ ਕੁਝ ਲਿਖਿਆ ਹੈ, ਮੈਲਕਮ ਪਹਿਲਾ ਅੰਗਰੇਜ਼ ਇਤਿਹਾਸਕਾਰ ਹੋਇਆ ਹੈ।

ਭਾਰਤ ਵਿੱਚ ਅੰਗਰੇਜ਼ਾਂ ਅਤੇ ਫਰਾਂਸੀਸੀ ਹੁਕਮਰਾਨਾਂ ਦਾ ਅੱਗੜ-ਪਿੱਛੜ ਹੀ ਆਉਣਾ ਸ਼ੁਰੂ ਹੋਇਆ ਸੀ। ਜਦੋਂ ਨਪੋਲੀਅਨ ਯੂਰਪ ਵਿੱਚ ਅੰਗਰੇਜ਼ਾਂ ਹੱਥੋਂ ਹਾਰ ਗਿਆ, ਤਾਂ ਉਸ ਦੇ ਫਰਾਂਸੀਸੀ ਜਰਨੈਲ ਆਪਣਾ ਦੇਸ਼ ਛੱਡ ਕੇ ਪਹਿਲਾਂ ਈਰਾਨ (ਪਰਸ਼ੀਆ) ਦੇ ਬਾਦਸ਼ਾਹ ਦੇ ਦਰਬਾਰ ਵਿੱਚ ਨੌਕਰੀ ਲਈ ਪਹੁੰਚੇ। ਪਰਸ਼ੀਆ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦੇ ਕਿੱਸੇ ਸੁਣ ਕੇ ਉਹ ਲਾਹੌਰ ਖਾਲਸਾ ਦਰਬਾਰ ਵਿੱਚ ਹਾਜ਼ਰ ਹੋਏ। ਮਹਾਰਾਜਾ ਰਣਜੀਤ ਸਿੰਘ ਆਪਣੀਆਂ ਫੌਜਾਂ ਦੀ ਟ੍ਰੇਨਿੰਗ ਲਈ ਯੂਰਪੀਅਨ ਜਰਨੈਲ ਲੱਭ ਰਿਹਾ ਸੀ, ਜਿਸ ਕਰਕੇ ਇਹਨਾਂ ਨੂੰ ਵੱਡੀਆਂ ਤਨਖਾਹਾਂ ਦੇ ਕੇ ਖਾਲਸਾ ਫੌਜ ਦੇ ਜਰਨੈਲ ਨਿਯੁਕਤ ਕੀਤਾ ਗਿਆ।

ਪ੍ਰੋਫੈਸਰ ਲਾਫੋਂ ਪਹਿਲਾ ਫਰਾਂਸੀਸੀ ਇਤਿਹਾਸਕਾਰ ਹੋਇਆ ਹੈ, ਜਿਸ ਨੇ ਮਹਾਰਾਜਾ ਦੇ ਫਰਾਂਸੀਸੀ ਜਰਨੈਲਾਂ ਦੇ ਪਿਛੋਕੜ ਬਾਰੇ ਖੋਜ ਕਰਕੇ ਉਹਨਾਂ ਦੀ ਖਾਲਸਾ ਰਾਜ ਨੂੰ ਦੇਣ ਉੱਪਰ ਆਪਣਾ ਡੀ.ਲਿਟ. (D.Litt.) ਦਾ ਥੀਸਿਸ ਲਿਖਿਆ ਅਤੇ ਪੈਰਿਸ ਦੀ ਸੌਰਬਾਨ (Sorbonne) ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ। ਪ੍ਰੋਫੈਸਰ ਲਾਫੋਂ 1964 ਤੋਂ ਫਰਾਂਸੀਸੀ ਸਰਕਾਰ ਦੇ ਵਿਦਿਅਕ ਮਹਿਕਮੇ ਵਿੱਚ ਭਰਤੀ ਹੋ ਗਿਆ ਸੀ। ਪਹਿਲਾਂ 12 ਸਾਲ, 1972 ਤੋਂ 1984 ਤੱਕ, ਉਸ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਫਰਾਂਸੀਸੀ ਭਾਸ਼ਾ ਦੀ ਸਿੱਖਿਆ ਪ੍ਰਦਾਨ ਕੀਤੀ। ਇੱਥੇ ਹੀ ਉਸ ਦਾ ਵਿਆਹ ਪੰਜਾਬੀ ਕੁੜੀ ਰਿਹਾਨਾ ਨਾਲ ਹੋ ਗਿਆ।

ਲਾਫੋਂ ਜੋੜੀ (ਰਿਹਾਨਾ ਅਤੇ ਲਾਫੋਂ) ਨੇ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀਆਂ ਦੁਰਲਭ ਵਸਤਾਂ ਦੀ ਖੋਜ ਸ਼ੁਰੂ ਕੀਤੀ। ਲਾਫੋਂ ਜੋੜੀ ਨੇ ਦੱਸਿਆ ਕਿ ਉਹਨਾਂ ਦੀ ਖੋਜ ਉੱਪਰ ਅਧਾਰਿਤ ਇੱਕ ਵੱਡ-ਅਕਾਰੀ ਗ੍ਰੰਥ ਪਾਕਿਸਤਾਨ ਦੀ ਸਰਕਾਰ ਅਤੇ ਫ੍ਰੈਂਚ ਅੰਬੈਸੀ ਰਲ ਕੇ ਛਾਪ ਰਹੀਆਂ ਹਨ।

ਜਦੋਂ ਮੈਂ 1969 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਿੱਚ ਬਤੌਰ ਵਿਭਾਗ ਮੁਖੀ ਸ਼ਾਮਿਲ ਹੋਇਆ, ਤਾਂ ਪ੍ਰੋਫੈਸਰ ਲਾਫੋਂ ਲਾਹੌਰ ਤੋਂ ਇੱਕ ਫਰਾਂਸੀਸੀ ਡੈਲੀਗੇਸ਼ਨ ਨਾਲ ਯੂਨੀਵਰਸਿਟੀ ਦੇ ਗੈਸਟ ਹਾਊਸ ਵਿੱਚ ਮਿਲਿਆ। ਉਹ ਬਹੁਤ ਹੈਰਾਨ ਹੋਇਆ ਕਿ ਮੈਂ ਪੈਰਿਸ ਯੂਨੀਵਰਸਿਟੀ ਤੋਂ ਪੀ.ਐਚ.ਡੀ. ਵੀ ਕੀਤੀ ਹੈ ਅਤੇ ਫਰਾਂਸੀਸੀ ਭਾਸ਼ਾ ਬੋਲ ਸਕਦਾ ਹਾਂ। ਇਸ ਮੁਲਾਕਾਤ ਤੋਂ ਬਾਅਦ ਜਦੋਂ ਵੀ ਉਹ ਇੰਡੀਆ ਆਉਂਦੇ, ਤਾਂ ਯੂਨੀਵਰਸਿਟੀ ਵਿੱਚ ਮਿਲ ਕੇ ਜਾਂਦੇ।

1981 ਵਿੱਚ ਮੈਂ ਪਾਕਿਸਤਾਨ ਦੇ ਪਹਾੜੀ ਸ਼ਹਿਰ ਨੱਥੀਆਗਲੀ ਵਿੱਚ ਇੱਕ ਮਹੀਨੇ ਦਾ ਸਮਰ ਸਕੂਲ ਅਟੈਂਡ ਕੀਤਾ ਅਤੇ ਪ੍ਰੋਫੈਸਰ ਲਾਫੋਂ ਦੇ ਘਰ ਜਾਂਦਿਆਂ ਅਤੇ ਆਉਂਦਿਆਂ ਠਹਿਰਿਆ। ਉਹ ਲਾਹੌਰ ਦੇ ਬਾਹਰ ਇਕਬਾਲ ਟਾਊਨ ਵਿੱਚ ਰਹਿੰਦੇ ਸਨ। 1983 ਵਿੱਚ ਮੈਂ ਆਪਣੇ ਪਰਿਵਾਰ ਨਾਲ ਇੱਕ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਲਾਹੌਰ ਪਹੁੰਚਿਆ। ਪ੍ਰੋਫੈਸਰ ਲਾਫੋਂ ਅਤੇ ਉਸ ਦੀ ਪਤਨੀ ਰਿਹਾਨਾ ਨਾਲ ਅਸੀਂ ਨਨਕਾਣਾ ਸਾਹਿਬ ਅਤੇ ਸ਼ੇਖੂਪੁਰਾ ਦੇ ਕਿਲੇ ਦਾ ਦੌਰਾ ਕੀਤਾ।

ਪ੍ਰੋਫੈਸਰ ਲਾਫੋਂ ਦਾ ਸਿੱਖ ਇਤਿਹਾਸ ਬਾਰੇ ਅਧਿਐਨ-

ਪ੍ਰੋਫੈਸਰ ਲਾਫੋਂ ਨੇ ਪੀ.ਐਚ.ਡੀ. ਦਾ ਥੀਸਿਸ ਯੂਨਾਨੀ ਪੁਰਾਤੱਤਵ ਵਿਗਿਆਨ ਦੇ ਵਿਸ਼ੇ ਉੱਪਰ ਲਿਖਿਆ ਹੈ। ਉਸ ਨੇ ਯੂਨਾਨੀ ਅਤੇ ਰੋਮਨ ਸਭਿਅਤਾ ਦੇ ਸਿਰਲੇਖਾਂ ਦੀਆਂ ਲਿਖਤਾਂ ਦਾ ਅਧਿਐਨ ਕੀਤਾ ਹੈ। ਪੁਰਾਤਨ ਲਿਖਤਾਂ ਅਤੇ ਵਸਤਾਂ ਦੀ ਪਹਿਚਾਣ ਕਰਨਾ ਉਸ ਦਾ ਮਨ-ਭਾਉਂਦਾ ਵਿਸ਼ਾ ਰਿਹਾ ਹੈ। ਡਾਕਟਰ ਲਾਫੋਂ ਨੇ ਸੰਸਕ੍ਰਿਤ ਭਾਸ਼ਾ ਅਤੇ ਭਾਰਤ ਦੀ ਸਭਿਅਤਾ ਦਾ ਅਧਿਐਨ ਵੀ ਕੀਤਾ ਹੈ। ਉਸ ਦੀ ਨੌਕਰੀ ਦਾ ਵਧੇਰੇ ਸਮਾਂ ਪਾਕਿਸਤਾਨ ਅਤੇ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਫਰਾਂਸੀਸੀ ਭਾਸ਼ਾ ਦੇ ਅਧਿਆਪਨ ਕਾਰਜ ਵਿੱਚ ਗੁਜ਼ਰਿਆ ਹੈ। ਉਸ ਦੀ ਸਿੱਖ ਇਤਿਹਾਸ ਨੂੰ ਵਿਲੱਖਣ ਦੇਣ ਬਾਰੇ ਪੰਜਾਬ ਵਿੱਚ ਵਿਰਲੇ-ਟਾਵੇਂ ਲੋਕਾਂ ਨੂੰ ਹੀ ਪਤਾ ਹੈ।

ਰਣਜੀਤ ਸਿੰਘ 19 ਸਾਲ ਦੀ ਉਮਰ ਵਿੱਚ ਪੰਜਾਬ ਦਾ ਬਾਦਸ਼ਾਹ ਬਣ ਜਾਂਦਾ ਹੈ, ਜਦੋਂ ਉਸ ਨੇ ਅਹਿਮਦ ਸ਼ਾਹ ਅਬਦਾਲੀ (ਦੁਰਾਨੀ) ਦੇ ਪੋਤਰੇ ਸ਼ਾਹ ਜ਼ਮਾਨ ਨੂੰ ਹਰਾ ਕੇ ਲਾਹੌਰ ਦੇ ਸ਼ਾਹੀ ਕਿਲੇ ਉੱਪਰ ਕਬਜ਼ਾ ਕਰ ਲਿਆ। ਉਸ ਦੀ ਤਾਜਪੋਸ਼ੀ ਦੀ ਰਸਮ 1801 ਵਿੱਚ ਹੋਈ। ਪੰਜਾਬ ਵਿੱਚ ਸਾਰੀਆਂ ਕੌਮਾਂ ਉਸ ਦੇ ਰਾਜ-ਭਾਗ ਵਿੱਚ ਖੁਸ਼ਹਾਲ ਸਨ। ਲਾਹੌਰ ਦੇ ਮੁਸਲਮਾਨਾਂ ਨੇ ਸੱਦਾ-ਪੱਤਰ ਭੇਜਿਆ ਸੀ ਕਿ ਉਹ ਦੁਰਾਨੀ ਦੇ ਜ਼ੁਲਮਾਂ ਤੋਂ ਦੁਖੀ ਸਨ ਅਤੇ ਭੰਗੀ ਸਰਦਾਰਾਂ ਦੀਆਂ ਵਧੀਕੀਆਂ ਤੋਂ ਵੀ ਤੰਗ ਆ ਚੁੱਕੇ ਸਨ।

ਮਹਾਰਾਜਾ ਦੇ ਦਰਬਾਰ ਵਿੱਚ ਫਕੀਰ ਭਰਾਵਾਂ ਨੂੰ ਵਜ਼ੀਰ ਬਣਾਇਆ ਗਿਆ, ਡੋਗਰਾ ਭਰਾ ਉੱਚੇ ਅਹੁਦਿਆਂ ਉੱਪਰ ਸੁਸ਼ੋਭਿਤ ਸਨ। ਫੌਜ ਦੇ ਜਰਨੈਲ ਵੀ ਸਾਰੀਆਂ ਕੌਮਾਂ ਵਿੱਚੋਂ ਕਾਬਲੀਅਤ ਦੇ ਆਧਾਰ ਉੱਪਰ ਚੁਣੇ ਜਾਂਦੇ ਸਨ। ਸਾਰੇ ਧਰਮਾਂ ਦਾ ਇੱਕੋ ਜਿਹਾ ਮਾਣ-ਸਤਿਕਾਰ ਕਾਇਮ ਰੱਖਿਆ ਗਿਆ।

ਪ੍ਰੋਫੈਸਰ ਲਾਫੋਂ ਨੇ ਫਰਾਂਸੀਸੀ ਜਰਨੈਲਾਂ ਦੀ ਕਹਾਣੀ ਬੜੇ ਰੋਚਕ ਤਰੀਕੇ ਨਾਲ ਬਿਆਨ ਕੀਤੀ ਹੈ। ਜੌਨ-ਫਰਾਂਸਵਾ ਐਲਾਰਡ (Jean-Francois Allard) ਫਰਾਂਸ ਦੇ ਸੇਂਟ ਟਰੋਪੇ (Saint-Tropez) ਸ਼ਹਿਰ ਦਾ ਜੰਪਲ ਸੀ। ਉਸ ਨੇ ਨੈਪੋਲੀਅਨ ਦੀ ਫੌਜ ਵਿੱਚ ਭਰਤੀ ਹੋ ਕੇ ਕੈਪਟਨ ਦੀ ਉਪਾਧੀ ਪ੍ਰਾਪਤ ਕਰ ਲਈ। ਜਦੋਂ ਨੈਪੋਲੀਅਨ ਵਾਟਰਲੂ ਦੀ ਲੜਾਈ ਵਿੱਚ ਹਾਰ ਗਿਆ, ਤਾਂ ਉਸ ਦੇ ਬਹੁਤ ਜਰਨੈਲ ਰੂਪੋਸ਼ ਹੋ ਕੇ ਤੁਰਕੀ ਦੇ ਰਸਤੇ ਪਰਸ਼ੀਆ (ਈਰਾਨ) ਦੇ ਬਾਦਸ਼ਾਹ ਕੋਲ ਨੌਕਰੀ ਕਰਨ ਪਹੁੰਚ ਗਏ। ਐਲਾਰਡ 1817 ਵਿੱਚ ਤਬਰੀਜ਼ ਪਹੁੰਚ ਗਿਆ। 1821 ਤੱਕ ਉਸ ਨੇ ਪਰਸ਼ੀਆ ਵਿੱਚ ਨੌਕਰੀ ਕੀਤੀ ਅਤੇ ਫਾਰਸੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰ ਲਈ।

ਜਦੋਂ ਅੰਗਰੇਜ਼ ਸਰਕਾਰ ਨੂੰ ਸੂਹ ਮਿਲੀ, ਤਾਂ ਉਸ ਨੇ ਪਰਸ਼ੀਆ ਦੇ ਬਾਦਸ਼ਾਹ ਉੱਪਰ ਫਰਾਂਸੀਸੀ ਜਰਨੈਲਾਂ ਨੂੰ ਨੌਕਰੀ ਤੋਂ ਕੱਢਣ ਲਈ ਦਬਾਅ ਪਾਇਆ। 1822 ਵਿੱਚ ਅਲਾਰਡ ਅਤੇ ਉਸ ਦਾ ਸਾਥੀ ਵੈਂਤੂਰਾ (Ventura), ਜੋ ਇਟਲੀ ਤੋਂ ਨੈਪੋਲੀਅਨ ਦੀ ਫੌਜ ਵਿੱਚ ਸ਼ਾਮਿਲ ਸੀ, ਭੇਸ ਬਦਲ ਕੇ ਪਰਸ਼ੀਆ ਤੋਂ ਚਲਦੇ-ਚਲਦੇ ਲਾਹੌਰ ਦੇ ਕਸਬੇ ਸ਼ਾਹਦਰਾ ਵਿੱਚ ਪਹੁੰਚੇ। ਦੋਹਾਂ ਨੇ ਲਾਹੌਰ ਸ਼ਹਿਰ ਵੇਖਣ ਲਈ ਇਜਾਜ਼ਤ ਮੰਗੀ।

ਮਹਾਰਾਜਾ ਰਣਜੀਤ ਸਿੰਘ ਨੇ ਦੋਹਾਂ ਨੂੰ ਦਰਬਾਰ ਵਿੱਚ ਬੁਲਾ ਕੇ ਪੁੱਛਗਿੱਛ ਕੀਤੀ ਅਤੇ ਪਤਾ ਲਗਾਇਆ ਕਿ ਇਹ ਅੰਗਰੇਜ਼ੀ ਸਰਕਾਰ ਦੇ ਜਾਸੂਸ ਤਾਂ ਨਹੀਂ। ਜਦੋਂ ਉਸ ਦੀ ਤਸੱਲੀ ਹੋ ਗਈ, ਤਾਂ ਐਲਾਰਡ ਅਤੇ ਵੈਂਤੂਰਾ ਲਈ ਅਨਾਰਕਲੀ ਇਲਾਕੇ ਵਿੱਚ ਕੰਵਰ ਖੜਕ ਸਿੰਘ ਦੀ ਹਵੇਲੀ ਰਿਹਾਇਸ਼ ਲਈ ਖਾਲੀ ਕਰਵਾ ਦਿੱਤੀ। 1826 ਤੱਕ ਇਹਨਾਂ ਨੇ ਮਹਾਰਾਜਾ ਦੀ ਫੌਜ ਨੂੰ ਯੂਰਪੀਅਨ ਢੰਗ ਦੀ ਟ੍ਰੇਨਿੰਗ ਦਿੱਤੀ ਤਾਂ ਕਿ ਉਹ ਅੰਗਰੇਜ਼ੀ ਫੌਜ ਦਾ ਮੁਕਾਬਲਾ ਕਰਨ ਦੇ ਯੋਗ ਬਣ ਜਾਵੇ।

ਇਸ ਫੌਜ ਨੂੰ ‘ਫੌਜ-ਏ-ਖਾਸ’ ਜਾਂ ‘ਸ਼ਾਹੀ ਫੌਜ’ ਅਤੇ ‘ਫਰਾਂਸੀਸੀ ਫੌਜ’ ਵੀ ਕਿਹਾ ਜਾਂਦਾ ਸੀ। ਇਸ ਦੀਆਂ ਪਲਟਨਾਂ ਦੇ ਨਾਮ ਸਨ: ਸ਼ੇਖ ਬਸਾਵਨ ਦੀ ਪਲਟਨ, ਦੇਵਾ ਸਿੰਘ ਦੀ ਪਲਟਨ, ਗੋਰਖਾ ਪਲਟਨ, ਅਤੇ ਘੋੜਸਵਾਰਾਂ ਦੀ ਪਲਟਨ (ਜਿਸ ਦੀ ਅਗਵਾਈ ਜਨਰਲ ਐਲਾਰਡ ਦੇ ਹੇਠ ਸੀ)। ਤੋਪਖਾਨੇ ਦੀਆਂ ਪਲਟਨਾਂ ਵਿੱਚ ਸਭ ਤੋਂ ਮੋਹਰੀ ਇਲਾਹੀ ਬਖਸ਼ ਤੋਪਚੀ ਦੀ ਕਮਾਂਡ ਵਿੱਚ 40 ਤੋਪਾਂ ਸਨ। ਤੋਪਖਾਨੇ ਦੇ ਬਹੁਤੇ ਤੋਪਚੀ ਮੁਸਲਿਮ ਸਨ ਅਤੇ ਤੋਪਾਂ ਦੀ ਢਲਾਈ ਦਾ ਕੰਮ ਈਦਗਾਹ ਵਾਲੀ ਫਾਊਂਡਰੀ ਵਿੱਚ ਕੀਤਾ ਜਾਂਦਾ ਸੀ।

1826 ਵਿੱਚ ਦੋ ਹੋਰ ਫਰਾਂਸੀਸੀ ਜਰਨੈਲ ਕੂਰਤ (Court) ਅਤੇ ਅਵਿਤਾਬਾਈਲ (Paolo Avitabile) ਲਾਹੌਰ ਮਹਾਰਾਜਾ ਦੀ ਨੌਕਰੀ ਕਰਨ ਪਹੁੰਚ ਗਏ। ਇਹਨਾਂ ਨੇ ਆਪਣੀਆਂ ਫੌਜੀ ਟੁਕੜੀਆਂ ਤਿਆਰ ਕਰ ਲਈਆਂ ਅਤੇ ਮਹਾਰਾਜੇ ਤੋਂ ਉੱਚੇ ਅਹੁਦੇ ਅਤੇ ਜਾਗੀਰਾਂ ਪ੍ਰਾਪਤ ਕੀਤੀਆਂ। ਮਹਾਰਾਜੇ ਦੇ ਸਾਰੇ ਫਰਾਂਸੀਸੀ ਜਰਨੈਲ ਸਾਬਤ-ਸੂਰਤ ਸਿੱਖੀ ਸਰੂਪ ਦੇ ਧਾਰਨੀ ਸਨ। ਉਹਨਾਂ ਨੇ ਫਾਰਸੀ ਅਤੇ ਉਰਦੂ ਵੀ ਬੋਲਣੀ ਸਿੱਖ ਲਈ ਸੀ ਅਤੇ ਸਿੱਖ ਫੌਜੀਆਂ ਵਿੱਚ ਆਪਣੀ ਚੰਗੀ ਪੈਠ ਜਮਾ ਰੱਖੀ ਸੀ। ਲਗਭਗ ਅੱਠ ਫਰਾਂਸੀਸੀ ਅਫਸਰ ਖਾਲਸਾ ਫੌਜ ਦੀ ਟ੍ਰੇਨਿੰਗ ਅਤੇ ਕਮਾਂਡ ਕਰ ਰਹੇ ਸਨ।

ਖਾਲਸਾ ਰਾਜ ਦੀਆਂ ਹੱਦਾਂ ਤਿੱਬਤ, ਚੀਨ, ਅਫਗਾਨਿਸਤਾਨ, ਸਿੰਧ ਅਤੇ ਸਤਲੁਜ ਦਰਿਆ ਤੱਕ ਫੈਲੀਆਂ ਹੋਈਆਂ ਸਨ। 1809 ਦੀ ਸੰਧੀ ਕਰਕੇ ਮਹਾਰਾਜੇ ਨੇ ਅੰਗਰੇਜ਼ਾਂ ਨਾਲ ਸਮਝੌਤਾ ਕਰ ਲਿਆ ਸੀ ਕਿ ਪੂਰਬ ਵੱਲ ਸਤਲੁਜ ਇੱਕ ਹੱਦ ਹੋਵੇਗੀ, ਜਿਸ ਦੀ ਦੋਵੇਂ ਧਿਰਾਂ ਉਲੰਘਣਾ ਨਹੀਂ ਕਰਨਗੀਆਂ। ਹਰੀ ਸਿੰਘ ਨਲਵਾ ਪੇਸ਼ਾਵਰ ਦਾ ਗਵਰਨਰ ਸੀ। ਮਹਾਰਾਜੇ ਨੇ ‘ਫੌਜ-ਏ-ਖਾਸ’ ਨੂੰ ਪਿਸ਼ਾਵਰ ਤੋਂ ਲਾਹੌਰ ਬੁਲਵਾ ਕੇ ਬੇਵਕੂਫੀ ਕੀਤੀ। ਪਠਾਣਾਂ ਨੂੰ ਸੂਹ ਮਿਲ ਗਈ ਅਤੇ ਉਹਨਾਂ ਜਮਰੌਦ ਦੇ ਕਿਲੇ ਨੂੰ ਘੇਰਾ ਪਾ ਲਿਆ। ਦੱਰਾ-ਏ-ਖੈਬਰ ਦੀ ਲੜਾਈ ਵਿੱਚ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ। ਮਹਾਰਾਜੇ ਨੇ ਜਰਨੈਲ ਐਲਾਰਡ ਨੂੰ ਪਿਸ਼ਾਵਰ ਦਾ ਮਿਲਟਰੀ ਗਵਰਨਰ ਥਾਪਿਆ, ਵੈਂਤੂਰਾ ਨੂੰ ਫੌਜੀ ਕਮਾਂਡਰ ਅਤੇ ਦੋ ਹੋਰ ਫਰਾਂਸੀਸੀ ਅਫਸਰ ਸਹਾਇਤਾ ਲਈ ਨਿਯੁਕਤ ਕੀਤੇ। 1837 ਵਿੱਚ ਇਹਨਾਂ ਦੀ ਨਿਯੁਕਤੀ ਹੋਈ ਸੀ। 1839 ਵਿੱਚ ਐਲਾਰਡ ਦੀ ਮੌਤ ਹੋ ਗਈ ਅਤੇ ਉਸ ਨੂੰ ਅਨਾਰਕਲੀ ਦੇ ਬਾਗ ਵਿੱਚ ਦਫਨਾਇਆ ਗਿਆ, ਜਿੱਥੇ ਉਸ ਦੀ ਕਬਰ ਅਜੇ ਵੀ ਕਾਇਮ ਹੈ।

1835 ਵਿੱਚ ਐਲਾਰਡ ਆਪਣੀ ਪਤਨੀ ਬਾਨੂ ਪਾਨ ਦੇਈ (ਜੋ ਚੰਬੇ ਦੇ ਰਾਜੇ ਦੀ ਧੀ ਸੀ) ਅਤੇ ਪੰਜ ਬੱਚਿਆਂ ਨਾਲ ਸੇਂਟ ਟਰੋਪੇ ਆਇਆ ਸੀ। 2012 ਵਿੱਚ ਫਰਾਂਸੀਸੀ ਸਰਕਾਰ ਨੇ ਪ੍ਰੋਫੈਸਰ ਲਾਫੋਂ ਦੀ ਦੇਖਰੇਖ ਵਿੱਚ ਅਲਾਰਡ ਦਾ ਬੁੱਤ ਲਗਵਾਇਆ ਅਤੇ ਇੱਕ ਮਿਊਜ਼ੀਅਮ ਕਾਇਮ ਕੀਤਾ। ਕੁਝ ਚਿਰ ਬਾਅਦ ਪ੍ਰੋਫੈਸਰ ਲਾਫੋਂ ਅਤੇ ਫਰਾਂਸੀਸੀ ਸਿੱਖਾਂ ਦੀ ਮੰਗ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਸੇਂਟ ਟਰੋਪੇ ਵਿੱਚ ਲੱਗ ਚੁੱਕਾ ਹੈ।

ਅੰਮ੍ਰਿਤਸਰ ਦੇ ਰਾਮ ਬਾਗ ਵਿੱਚ ਪ੍ਰੋਫੈਸਰ ਲਾਫੋਂ ਨੇ 2001 ਵਿੱਚ ਪੰਜਾਬ ਸਰਕਾਰ ਦੀ ਮੰਗ ‘ਤੇ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਵੀ ਕਾਇਮ ਕੀਤਾ। 1839 ਵਿੱਚ ਮਹਾਰਾਜਾ ਦੀ ਮੌਤ ਤੋਂ ਬਾਅਦ ਫਰਾਂਸੀਸੀ ਜਰਨੈਲ ਆਪਣੇ ਦੇਸ਼ ਪਰਤਣੇ ਸ਼ੁਰੂ ਹੋ ਗਏ। ਜੋ ਬਾਕੀ ਬਚੇ, ਉਹਨਾਂ ਨੂੰ 1844 ਵਿੱਚ ਬੇਕਾਬੂ ਸਿੱਖ ਫੌਜੀਆਂ ਨੇ ਬਰਖਾਸਤ ਕਰ ਦਿੱਤਾ। ਕੇਵਲ ਇੱਕ ਜਰਨੈਲ ਮੂਤੋਂ (Mouton) ਹੀ ਸਭਰਾਉਂ ਦੀ ਲੜਾਈ ਵਿੱਚ ਮੋਹਰੀ ਹੋ ਕੇ ਲੜਿਆ ਸੀ।

ਪ੍ਰੋਫੈਸਰ ਲਾਫੋਂ ਨੂੰ ਆਪਣੀ ਖੋਜ ਕਰਕੇ ਕਈ ਇਨਾਮ ਮਿਲ ਚੁੱਕੇ ਹਨ। ਉਸ ਨੇ ਗੋਲਡਨ ਟੈਂਪਲ (ਸ੍ਰੀ ਹਰਿਮੰਦਰ ਸਾਹਿਬ) ਵਿੱਚ ਆਪਣੇ ਥੀਸਿਸ ਦੀ ਕਾਪੀ ਭੇਂਟ ਕੀਤੀ ਅਤੇ ਸਿਰੋਪਾਓ ਹਾਸਿਲ ਕੀਤਾ। ਰਕਾਬਗੰਜ ਵਿੱਚ ਉਹ ਪਗੜੀ ਪਹਿਨ ਕੇ ਸਿਰੋਪਾਓ ਲੈਣ ਗਿਆ। ਇਸ ਲੇਖ ਦੀਆਂ ਫੋਟੋਆਂ ਉਸ ਦੇ ਜੀਵਨ ਦੀਆਂ ਝਲਕਾਂ ਦਰਸਾ ਰਹੀਆਂ ਹਨ।

Leave a Reply

Your email address will not be published. Required fields are marked *