Sep 23, 2026

ਸਰੀ (ਸੰਤੋਖ ਸਿੰਘ ਮੰਡੇਰ)- ਕੈਨੇਡਾ ਦੇ ਸਾਬਕਾ ਅੰਤ੍ਰਰਾਸ਼ਟਰੀ ਹਾਕੀ ਖਿਡਾਰੀ ਵਰਿੰਦਰ ਸਿੰਘ ਸੰਧੂ ਮਾਲੜੀ ( ਸਪੁੱਤਰ ਸਵਰਗੀ ਅਜੀਤ ਸਿੰਘ ਮਾਲੜੀ  ਏਸ਼ੀਆ ਦੇ ਪਹਿਲੇ ਸਪੋਰਟਸ ਸਕੂਲ ਜਲੰਧਰ ਦੇ ਸਾਬਕਾ ਕਬੱਡੀ ਕੋਚ ਤੇ ਹੋਸਟਲ ਸੁਪਰਡੈਂਟ ) ਨੇ ਸਰੀ ਵਿਖੇ ਸਾਬਕਾ ਕਬੱਡੀ ਖਿਡਾਰੀਆਂ ਦੀ ਇਕ ਵਿਸ਼ੇਸ਼ ਮਿਲਣੀ ਦਾ ਪ੍ਰਬੰਧ, ਜਗਤ ਪੰਜਾਬੀ ਸਭਾ ਟੋਰਾਂਟੋ ਦੇ ਸਹਿਯੋਗ ਨਾਲ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ ਵਿਖੇ ਕੀਤਾ। ਇਸ ਮੌਕੇ  ਸਰੀ ਵਿਚ ਰਹਿੰਦੇ 30 ਸਾਬਕਾ ਕਬੱਡੀ ਖਿਡਾਰੀਆਂ ਨੇ ਭਾਗ ਲਿਆ| ਇਸ ਸਮਾਗਮ ਵਿਚ ਸਪੋਰਟਸ ਕਾਲਜ ਜਲੰਧਰ ਦੇ ਪਹਿਲਵਾਨ ਰੁਸਤਮੇ ਹਿੰਦ, ਸਾਬਕਾ ਡੀ ਆਈ ਜੀ ਸੁਖਵੰਤ ਸਿੰਘ ਸਿੱਧੂ, ਪੁਰੇਵਾਲ ਖੇਡ ਮੇਲਾ ਹਕੀਮਪੁਰ ਦੇ ਪ੍ਰਬੰਧਕ ਤੇ ਦੁਆਬੇ ਦੀ ਕਬੱਡੀ ਦਾ ਹੀਰਾ ਗੁਰਜੀਤ ਸਿੰਘ ਪੁਰੇਵਾਲ, ਲੁਧਿਆਣਾ ਜਿਲੇ ਦੇ ਨਾਮਵਾਰ ਵੈਟਰਨ ਕਬੱਡੀ ਖਿਡਾਰੀ ਬਲਦੇਵ ਸਿੰਘ ਨੱਤ-ਸਿਮਰੂ, ਜਗਤ ਪੰਜਾਬੀ ਸਭਾ ਟੋਰਾਂਟੋ ਦੇ ਚੇਅਰਮੈਨ ਤੇ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਦੇ ਚਾਰ ਸਾਲ ਬੈਸਟ ਐਥਲੀਟ ਰਹੇ ਅਜੈਬ ਸਿੰਘ ਚੱਠਾ, ਸਾਬਕਾ ਜਿਲਾ ਕਬੱਡੀ ਕੋਚ/ਪ੍ਰਬੰਧਕ ਤੇ ਸੰਪਾਦਕ ਖੇਡ ਸੰਸਾਰ ਮੈਗਜੀਨ, ਉਲੰਪੀਅਨ ਪੱਤਰਕਾਰ ਸੰਤੋਖ ਸਿੰਘ ਮੰਡੇਰ ਦਾ ‘ਲਾਈਫ ਟਾਈਮ ਸਪੋਰਟਸ ਸਰਵਿਸ ਅਵਾਰਡ’ ਦੇ ਯਾਦਗਾਰੀ ਚਿੰਨ ਨਾਲ ਸਨਮਾਨ ਕੀਤਾ ਗਿਆ| ਇਸ ਖੇਡ ਸਮਾਰੋਹ ਵਿਚ ਗੁਰਬਖਸ਼ ਸਿੰਘ ਬਾਗੀ ਸੰਘੇੜਾ, ਸਾਧੂ ਸਿੰਘ ਉਪਲ, ਚੰਦੂ ਲੱਲੀਆਂ, ਬਲਬੀਰ ਸਿੰਘ ਬੋਲੀਨਾ, ਮਹਿੰਦਰ ਸਿੰਘ ਸੰਧੂ, ਜਤਿੰਦਰ ਸਿੰਘ ਉਪਲ-ਲੱਖਾ ਗਾਜੀਪੁਰ, ਦਵਿੰਦਰ ਸਿੰਘ ਸੰਘਾ-ਜਵਾਹਰਾ, ਜਮਨਾਸਟਿਕ ਦਾ ਮਾਸਟਰ ਜੋਗਿੰਦਰ ਸਿੰਘ-ਟੂਟੀ, ਰਿਐਲਟਰ ਰਮਿੰਦਰ ਸਿੰਘ ਭੁੱਲਰ ਆਦਿ ਹਾਜਰ ਸਨ| ਇਸ ਮਿਲਣੀ ਦੌਰਾਨ ਫਰਵਰੀ 2027 ਵਿਚ ਕਰਵਾਏ ਜਾ ਰਹੇ  ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ 1950 ਤੋ 2000 ਤੱਕ ਸਰਗਰਮ ਰਹੇ ਸਾਬਕਾ ਕਬੱਡੀ ਖਿਡਾਰੀਆਂ ਦੇ ਸਨਮਾਨ ਸਮਾਰੋਹ ਬਾਰੇ ਚਰਚਾ ਕੀਤੀ ਗਈ|

ਅਜੈਬ ਸਿੰਘ ਚੱਠਾ ਤੇ ਹੋਰਾਂ ਦਾ ਖਾਲਸਾ ਦੀਵਾਨ ਸੁਸਾਇਟੀ ਵਲੋਂ ਸਨਮਾਨ-

ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ)-ਬੀਤੀ 22 ਸਤੰਬਰ ਨੂੰ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ ਅਜੈਬ ਸਿੰਘ ਚੱਠਾ  ਉਚੇਚੇ ਤੌਰ ਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਪੁੱਜੇ ਤੇ ਗੁਰੂ ਘਰ ਨਤਮਸਤਕ ਹੋਏ। ਉਹਨਾਂ ਨਾਲ ਇਸ ਸਮੇਂ  ਕਬੱਡੀ ਦੇ ਕਈ ਨਾਮਵਰ ਖਿਡਾਰੀ ਵੀ ਹਾਜ਼ਰ ਸਨ । ਇਸ ਮੌਕੇ ਉਹਨਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਫਰਵਰੀ 2027 ਵਿਚ ਜਲੰਧਰ ਵਿਖੇ ਸਾਬਕਾ ਨਾਮਵਰ ਖਿਡਾਰੀਆਂ ਦਾ ਇਕ ਸਨਮਾਨ ਸਮਾਰੋਹ ਉਲੀਕਿਆ ਗਿਆ ਹੈ। 1950 ਤੋਂ 2000 ਤੱਕ ਕਬੱਡੀ ਵਿਚ ਮੱਲਾਂ ਮਾਰਨੇ ਵਾਲੇ  ਖਿਡਾਰੀਆਂ ਬਾਰੇ ਇਕ  ਕਿਤਾਬ ਵੀ  ਲਿਖੀ ਜਾ ਰਹੀ ਹੈ। ਇਸ ਮੌਕੇ ਸ ਚੱਠਾ ਅਤੇ ਹੋਰ ਨਾਮਵਰ ਖਿਡਾਰੀਆਂ ਦਾ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਸ ਰਣਜੀਤ ਸਿੰਘ ਹੇਅਰ ਅਤੇ ਪ੍ਰਬੰਧਕੀ ਕਮੇਟੀ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਉਘੇ ਅਕਾਲੀ ਆਗੂ ਗੁਰਬਖਸ਼ ਸਿੰਘ ਬਾਗੀ ਸੰਘੇੜਾ,  ਸਾਧੂ ਸਿੰਘ ਉਪਲ, ਕਸ਼ਮੀਰ ਸਿੰਘ ਧਾਲੀਵਾਲ, ਸੰਤੋਖ ਸਿੰਘ ਮੰਡੇਰ , ਸਰਵਣ ਸਿੰਘ ਰੰਧਾਵਾ, ਗੁਰਦੀਪ ਸਿੰਘ ਮੋਰਾਂਵਾਲੀ, ਵਰਿੰਦਰ ਸਿੰਘ ਸੰਧੂ, ਗੋਪਾਲ ਲੋਹੀਆ ਵੀ ਹਾਜ਼ਰ ਸਨ।

Leave a Reply

Your email address will not be published. Required fields are marked *