Sep 23, 2026

ਸਰੀ- ਸਰੀ ਨੇ ਸਾਊਥ ਏਸ਼ੀਅਨ ਮੂਲ ਦੇ ਕੈਨੇਡੀਅਨਾਂ ਦੇ ਸਨਮਾਨ ਵਿੱਚ ਬਣਾਏ ਜਾਣ ਵਾਲੇ ਅਜਾਇਬ ਘਰ ਦੀ ਉਸਾਰੀ ਲਈ ਵੈਨਕੂਵਰ ਨਾਲ ਚੱਲ ਰਿਹਾ ਮੁਕਾਬਲਾ  ਜਿੱਤ ਲਿਆ ਹੈ।
ਬੀ.ਸੀ. ਸਰਕਾਰ ਵਲੋਂ ਬੀਤੀ 18 ਸਤੰਬਰ ਨੂੰ ਦੱਸਿਆ ਗਿਆ  ਕਿ ਅਜਿਹੇ ਅਜਾਇਬ ਘਰ ਲਈ ਕੰਮ ਅਤੇ ਯੋਜਨਾਬੰਦੀ ਨੂੰ ਅੱਗੇ ਵਧਾਉਣ ਵਾਸਤੇ ਸਰੀ ਸਿਟੀ ਨਾਲ ਇੱਕ ਸਮਝੌਤਾ ਪੱਤਰ (MOU) ‘ਤੇ ਦਸਤਖਤ ਕੀਤੇ ਗਏ ਹਨ। ਇਸ ਅਜਾਇਬ ਘਰ ਨੂੰ ਬਣਾਏ ਜਾਣ ਦੀ ਯੋਜਨਾ ਅਕਤੂਬਰ 2020 ਦੀਆਂ ਬੀ.ਸੀ. ਚੋਣ ਮੁਹਿੰਮ ਦੌਰਾਨ ਸਾਹਮਣੇ ਆਈ ਸੀ, ਜਦੋਂ ਬੀ.ਸੀ. ਐਨ.ਡੀ.ਪੀ.  ਨੇ ਸਰੀ ਵਿੱਚ ਬੀ.ਸੀ. ਦੇ ਸਾਊਥ ਏਸ਼ੀਆ ਦੇ ਇਤਿਹਾਸ ਨੂੰ ਸਮਰਪਿਤ ਇੱਕ ਅਜਾਇਬ ਘਰ ਬਣਾਉਣ ਦਾ ਵਾਅਦਾ ਕੀਤਾ ਸੀ।
ਹਾਲ ਹੀ ਦੇ ਸਮੇਂ ਤੱਕ, ਸਰੀ ਅਤੇ ਵੈਨਕੂਵਰ ਦੋਵਾਂ ਨੇ ਇਸ ਅਜਾਇਬ ਘਰ ਦੀ ਉਸਾਰੀ  ਲਈ ਕੋਸ਼ਿਸ਼ਾਂ ਕੀਤੀਆਂ ਸਨ।
ਬੀ.ਸੀ. ਸਰਕਾਰ ਦੀ ਇੱਕ ਪ੍ਰੈਸ ਰਿਲੀਜ਼ ਅਨੁਸਾਰ, ਇਹ ਸਮਝੌਤਾ ਪੱਤਰ ਇਹ ਤੈਅ ਕਰਦਾ ਹੈ ਕਿ ਸੂਬਾ ਅਤੇ ਸਿਟੀ ਯੋਜਨਾਬੰਦੀ ਦੇ ਅਗਲੇ ਪੜਾਅ ‘ਤੇ ਮਿਲ ਕੇ ਕਿਵੇਂ ਕੰਮ ਕਰਨਗੇ। ਇਸ ਵਿੱਚ “ਅਜਾਇਬ ਘਰ ਲਈ ਵਿਕਲਪਾਂ ਦੀ ਪੜਚੋਲ ਕਰਨਾ, ਸੰਭਾਵੀ ਥਾਵਾਂ ਅਤੇ ਸਹਾਇਤਾ ਪ੍ਰਣਾਲੀਆਂ ਦੀ ਪਛਾਣ ਕਰਨਾ, ਭਾਈਚਾਰਿਆਂ ਨਾਲ ਹੋਰ ਤਾਲਮੇਲ ਬਣਾਉਣਾ ਅਤੇ ਲਾਗੂ ਕਰਨ ਦੀਆਂ ਯੋਜਨਾਵਾਂ ਤਿਆਰ ਕਰਨਾ” ਸ਼ਾਮਲ ਹੈ।
ਇਸ ਸਬੰਧੀ ਸਮਝੌਤਾ ਪੱਤਰ ਤੇ ਦਸਤਖਤ ਕੀਤੇ ਜਾਣ ਸਮੇਂ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਕਿਹਾ ਕਿ ਸਾਊਥ ਏਸ਼ੀਆਈ ਮੂਲ ਦੇ ਕੈਨੇਡੀਅਨਾਂ ਨੂੰ ਸਮਰਪਿਤ ਅਜਾਇਬ ਘਰ ਲਈ ਸਰੀ ਤੋਂ ਵਧੀਆ ਕੋਈ ਹੋਰ ਥਾਂ ਨਹੀਂ ਹੈ। ਉਨ੍ਹਾਂ ਨੇ ਸਰੀ ਦੀ ਚੋਣ ਕਰਨ ਅਤੇ ਇਸ “ਮਹੱਤਵਪੂਰਨ ਪ੍ਰੋਜੈਕਟ” ਨੂੰ ਅੱਗੇ ਵਧਾਉਣ ਲਈ ਸੂਬਾਈ ਸਰਕਾਰ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਸਾਊਥ ਏਸ਼ੀਆਈ ਮੂਲ ਦੇ ਕੈਨੇਡੀਅਨਾਂ ਦਾ ਸਬੰਧ ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਨਾਲ ਹੈ। ਦੱਖਣੀ ਸਾਊਥ ਏਸ਼ੀਆਈ ਮੂਲ ਦੇ ਲੋਕਾਂ ਦਾ ਕੈਨੇਡਾ ਦੀ  ਕੁੱਲ ਆਬਾਦੀ ਵਿਚ  ਲਗਭਗ 9.6 ਫੀਸਦੀ ਹਿੱਸਾ ਹੈ ਅਤੇ ਇਹ ਬੀ.ਸੀ. ਵਿੱਚ ਦੂਜਾ ਸਭ ਤੋਂ ਵੱਡਾ ਨਸਲੀ ਸਮੂਹ ਹੈ।

Leave a Reply

Your email address will not be published. Required fields are marked *