Sep 23, 2026

ਯੂਸੀਪੀ ਦੇ ਮੁਢਲੇ ਸਿਧਾਂਤਾਂ ਵਿਚ ਫੈਡਰਲ ਢਾਂਚੇ ਪ੍ਰਤੀ ਵਚਨਬੱਧਤਾ ਦਾ ਜ਼ਿਕਰ-

ਕੈਲਗਰੀ ( ਦਲਬੀਰ ਜੱਲੋਵਾਲੀਆ, ਗੁਰਪ੍ਰੀਤ ਸਿੰਘ)- ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਆਪਣੇ ਇਕ ਤਾਜ਼ਾ ਬਿਆਨ ਰਾਹੀਂ  ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੂਬੇ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੀਦਾ ਹੈ ਭਾਵੇਂ ਕਿ ਉਨ੍ਹਾਂ ਦੀ ਪਾਰਟੀ ‘ਯੂਨਾਈਟਿਡ ਕੰਸਰਵੇਟਿਵ ਪਾਰਟੀ’  ਵੱਖਵਾਦ ਨੂੰ ਲੈ ਕੇ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਹੈ ਅਤੇ ਪਾਰਟੀ ਦੀ ਇੱਕ ਹਲਕਾ ਇਕਾਈ ਨੇ ਖੁੱਲ੍ਹੇਆਮ ਪਾਰਟੀ ਲੀਡਰਸ਼ਿਪ ਸਮੀਖਿਆ ਦੀ ਮੰਗ ਕੀਤੀ ਹੈ।
ਇਸ ਮੌਕੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਯੂਸੀਪੀ ਦੇ ਪ੍ਰਧਾਨ ਰੌਬ ਸਮਿਥ ਦੀ ਇੱਕ ਸੋਸ਼ਲ ਮੀਡੀਆ ਪੋਸਟ ਦਾ ਖੰਡਨ ਕੀਤਾ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਪ੍ਰੀਮੀਅਰ ਨੇ  ਨਿਰਪੱਖ ਦਿਖਾਈ ਦੇਣ ਦੀ ਕੋਸ਼ਿਸ਼ ਵਿੱਚ ਆਜ਼ਾਦੀ ਦੇ ਆਗਾਮੀ ਮੁੱਦੇ ‘ਤੇ ਸਰਕਾਰ ਦੇ ਰੁਖ ਨੂੰ ਨਰਮ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਰਾਇਸ਼ੁਮਾਰੀ ਲਈ 19 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਅਲਬਰਟਾ ਦੇ ਵੋਟਰ ਦੋ ਵਿਕਲਪਾਂ ਵਿੱਚੋਂ ਚੋਣ ਕਰਨਗੇ ਕਿ ਕੀ ਉਹਨਾਂ ਨੇ ਕੈਨੇਡਾ ਵਿੱਚ ਬਣੇ ਰਹਿਣਾ ਜਾਂ ਵੱਖ ਹੋਣ ਲਈ ਦੂਜੀ ਅਤੇ ਲਾਜ਼ਮੀ ਵੋਟਿੰਗ ਕਰਵਾਉਣ ਵੱਲ ਅੱਗੇ ਕਦਮ ਵਧਾਉਣਾ ਹੈ।
ਪ੍ਰੀਮੀਅਰ ਸਮਿਥ ਨੇ ਇਹ ਟਿੱਪਣੀਆਂ ਯੂ ਸੀ ਪੀ ਦੀ ‘ਹਾਈਵੁੱਡ’ ਹਲਕਾ ਇਕਾਈ—ਜੋ ਪਹਿਲਾਂ ਉਨ੍ਹਾਂ ਦਾ ਆਪਣਾ ਚੋਣ ਹਲਕਾ ਸੀ—ਵੱਲੋਂ ਉਨ੍ਹਾਂ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਦੇ ਫੈਸਲੇ ਤੋਂ ਕੁਝ ਦਿਨ ਬਾਅਦ ਕੀਤੀਆਂ ਹਨ। ਇਸ ਫੈਸਲੇ ਪਿੱਛੇ ਇੱਕ ਪ੍ਰਮੁੱਖ ਵੱਖਵਾਦੀ ਨੇ ਪ੍ਰੀਮੀਅਰ ਦੇ ਕੈਨੇਡਾ-ਪੱਖੀ ਰੁਖ ਨੂੰ ਮੁੱਖ ਕਾਰਨ ਦੱਸਿਆ ਸੀ।
ਪ੍ਰੀਮੀਅਰ ਸਮਿਥ ਨੇ ਹੋਰ ਸਪੱਸ਼ਟ ਹੁੰਦੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਹਰ ਸਿਆਸੀ ਪਾਰਟੀ ਵਿੱਚ ਵੱਖਰੀ ਰਾਏ ਰੱਖਣ ਵਾਲੇ ਲੋਕ ਹੁੰਦੇ ਹਨ। ਤੁਹਾਨੂੰ ਉਨ੍ਹਾਂ ਦੀ ਗੱਲ ਸੁਣਨੀ ਪੈਂਦੀ ਹੈ, ਉਨ੍ਹਾਂ ਦਾ ਸਤਿਕਾਰ ਕਰਨਾ ਪੈਂਦਾ ਹੈ—ਪਰ ਅੰਤ ਵਿੱਚ, ਅਸੀਂ ਉਨ੍ਹਾਂ ਗੱਲਾਂ ਦੇ ਆਧਾਰ ‘ਤੇ ਫੈਸਲੇ ਲੈਂਦੇ ਹਾਂ ਜਿਨ੍ਹਾਂ ‘ਤੇ ਸਹਿਮਤੀ ਬਣ ਸਕਦੀ ਹੈ।
ਅਲਬਰਟਾ ਦੀ ਪ੍ਰੀਮੀਅਰ ਨੇ ਕੈਨੇਡਾ ਵਿੱਚ ਸੂਬੇ ਦੇ ਭਵਿੱਖ ਬਾਰੇ ਚਰਚਾ ਕਰਨ ਵਾਲੀ ਇੱਕ ਵਰਚੁਅਲ ਮੀਟਿੰਗ ਵਿੱਚ ਕਿਹਾ ਕਿ ਬਹੁਤ ਸਾਰੇ ਅਲਬਰਟਾ ਵਾਸੀ ਨਾਰਾਜ਼ ਹਨ, ਪਰ ਹੁਣ ਵੱਖ ਹੋਣਾ ਇੱਕ ਗਲਤੀ ਹੋਵੇਗੀ ਕਿਉਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ 19 ਸਤੰਬਰ ਨੂੰ ਹੋਈ ਗੱਲਬਾਤ ਤੋਂ ਬਾਅਦ ਅਲਬਰਟਾ -ਓਟਵਾ ਸਬੰਧਾਂ ਵਿਚ ਸੁਧਾਰ ਹੋਇਆ ਹੈ ਤੇ ਸੂਬੇ ਦੀ ਤਰੱਕੀ ਹੋ ਰਹੀ ਹੈ।
ਪ੍ਰੀਮੀਅਰ ਨੇ ਫੈਡਰਲ ਸਰਕਾਰ ਨਾਲ ਅਲਬਰਟਾ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸ਼ਿਕਾਇਤਾਂ ਦਾ ਜ਼ਿਕਰ ਕੀਤਾ ਤੇ  ਉਹ “ਸੰਯੁਕਤ ਕੈਨੇਡਾ ਦੇ ਅੰਦਰ ਇੱਕ ਖੁਦਮੁਖਤਿਆਰ ਅਲਬਰਟਾ” ਦੇ ਸਮਰਥਨ ‘ਤੇ ਕਾਇਮ ਹਨ। ਉਨ੍ਹਾਂ ਨੇ ਯੂ ਸੀ ਪੀ ਦੇ ਮੂਲ ਸਿਧਾਂਤਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਵਿੱਚ ਫੈਡਰਲ ਢਾਂਚੇ ਪ੍ਰਤੀ ਵਚਨਬੱਧਤਾ ਪ੍ਰਗਟਾਈ ਗਈ ਸੀ।

ਪਰ ਹੁਣ ਵੱਖਵਾਦ ਦੇ ਮੁੱਦੇ ਤੇ ਪ੍ਰੀਮੀਅਰ ਸਮਿਥ ਦੀ ਆਪਣੀ ਪਾਰਟੀ ਦੇ ਅੰਦਰ ਹੀ ਆਲੋਚਨਾ ਹੋਣ ਲੱਗੀ ਹੈ। ਉਸਦੇ 2022 ਵਿੱਚ ਯੂ.ਸੀ.ਪੀ. ਦੀ ਆਗੂ ਬਣਨ ਤੋਂ ਬਾਅਦ  ਪਾਰਟੀ ਦੇ ਅੰਦਰੋਂ ਹੀ ਜਾਹਰਾ ਤੌਰ ਤੇ  ਅਸੰਤੁਸ਼ਟੀ ਦਾ ਸਾਹਮਣਾ ਕਰਨਾ ਪਿਆ ਹੈ। ਨਵੰਬਰ 2024 ਵਿੱਚ ਹੋਈ ਲੀਡਰਸ਼ਿਪ ਸਮੀਖਿਆ ਚੋਣ ਦੌਰਾਨ ਸਮਿਥ ਨੂੰ ਪਾਰਟੀ ਮੈਂਬਰਾਂ ਵੱਲੋਂ 91 ਫੀਸਦੀ ਸਮਰਥਨ ਮਿਲਿਆ ਸੀ। ਪਰ ਹੁਣ ਲੀਡਰਸ਼ਿਪ ਲਈ ਮੁੜ ਸਮੀਖਿਆ ਦੀ ਮੰਗ ਉਠਣ ਲੱਗੀ ਹੈ।

Leave a Reply

Your email address will not be published. Required fields are marked *