Sep 23, 2026

ਐਬਸਫੋਰਡ ( ਦੇ ਪ੍ਰ ਬਿ)-  ‘ਐਬਟਸਫੋਰਡ ਵਾਇਸ’ (Abbotsford Voice) ਨਾਮ ਦੀ ਨਵੀਂ ਮਿਉਂਸਪਲ ਸਲੇਟ ਵਿਚ ਸ਼ਾਮਿਲ ਮੌਜੂਦਾ ਕੌੰਸਲਰ ਪੈਟਰੀਸ਼ੀਆ ਡਰੀਸਨ ਦੇ ਨਾਲ ਕੈਰਮਿਨ ਫਾਸਟ ਹੌਲੈਟ ਅਤੇ ਕ੍ਰਿਸਟੀ ਮਿਲਜ਼ ਕੌਂਸਲਰ ਉਮੀਦਵਾਰ ਵਜੋਂ ਮੈਦਾਨ ਵਿਚ ਹਨ।
‘ਐਬਟਸਫੋਰਡ ਵਾਇਸ’ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਟੀਮ ਸਥਾਨਕ ਸਰਕਾਰ, ਕਾਰੋਬਾਰ, ਖੇਤੀਬਾੜੀ, ਸਿੱਖਿਆ, ਕਲਾ ਅਤੇ ਸਿਹਤ ਸੰਭਾਲ ਦੇ ਖੇਤਰਾਂ ਵਿੱਚ ਕੰਮ ਕਰਨ ਵਾਲੀ ਇਕ ਤਜੁਰਬੇਕਾਰ ਟੀਮ ਹੈ। ਡ੍ਰੀਸਨ ਜੋ ਕਿ ਪਿਛਲ਼ੀ ਵਾਰ 2022 ਵਿਚ ਕੌਂਸਲਰ ਚੁਣੀ ਗਈ ਸੀ ਦਾ ਕਹਿਣਾ ਹੈ ਕਿ “ਪਿਛਲੇ ਚਾਰ ਸਾਲਾਂ ਦੌਰਾਨ, ਮੈਂ ਖੁਦ ਦੇਖਿਆ ਹੈ ਕਿ ਜਦੋਂ ਲੋਕ ਮਿਲ ਕੇ ਕੰਮ ਕਰਦੇ ਹਨ ਤਾਂ ਚੰਗੇ ਵਿਚਾਰ ਅੱਗੇ ਵਧਦੇ ਹਨ, ਇਸੇ ਲਈ ਮੈਂ ‘ਐਬਟਸਫੋਰਡ ਵਾਇਸ’ ਲਈ ਇਕ ਮੰਚ ਬਣਾਉਣ ਦਾ ਵਿਚਾਰ ਪੇਸ਼ ਕੀਤਾ ਹੈ। ਇਹ ਇੱਕ ਅਜਿਹੀ ਟੀਮ ਹੈ ਜੋ ਮਜ਼ਬੂਤ ​​ਕਮਿਊਨਿਟੀ ਵਲੰਟੀਅਰਾਂ ‘ਤੇ ਅਧਾਰਤ ਹੈ, ਜਿਨ੍ਹਾਂ ਕੋਲ ਵੱਖੋ-ਵੱਖਰੇ ਤਜਰਬੇ ਅਤੇ ਸਾਂਝੀਆਂ ਕਦਰਾਂ-ਕੀਮਤਾਂ ਹਨ, ਜੋ ਐਬਟਸਫੋਰਡ ਦੇ ਲੋਕਾਂ ਦੀ ਗੱਲ ਸੁਣਨ, ਮਿਲ ਕੇ ਕੰਮ ਕਰਨ ਅਤੇ ਕੰਮ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ। ‘ਐਬਟਸਫੋਰਡ ਵਾਇਸ’ ਟੀਮ ਦੀਆਂ ਤਰਜੀਹਾਂ ਵਿੱਚ ਸੁਰੱਖਿਅਤ ਇਲਾਕਾ , ਭਰੋਸੇਯੋਗ ਅਤੇ ਜ਼ਿੰਮੇਵਾਰ ਸ਼ਾਸਨ, ਪਾਰਕਾਂ ਅਤੇ ਮਨੋਰੰਜਨ ਸਹੂਲਤਾਂ ਵਿੱਚ ਨਿਵੇਸ਼, ਸਥਾਨਕ ਕਾਰੋਬਾਰਾਂ ਦਾ ਸਮਰਥਨ, ਖੇਤੀਬਾੜੀ ਦੀ ਸੁਰੱਖਿਆ, ਜ਼ਰੂਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਅਤੇ ਐਬਟਸਫੋਰਡ ਦੇ ਨਿਰੰਤਰ ਵਿਕਾਸ ਲਈ ਜ਼ਿੰਮੇਵਾਰ ਯੋਜਨਾਬੰਦੀ ਸ਼ਾਮਲ ਹੈ।
ਕੈਰਮਿਨ ਫਾਸਟ ਹੋਲੈਟ ਐਬਟਸਫੋਰਡ ਦੀ ਜੰਮਪਲ, ਇਕ ਅਧਿਆਪਕਾ, ਸੰਗੀਤਕਾਰ, ਕਾਰੋਬਾਰੀ ਅਤੇ ਚਾਰ ਬੱਚਿਆਂ ਦੀ ਮਾਂ ਹੈ। ਲਗਭਗ 20 ਸਾਲਾਂ ਤੋਂ, ਉਹ ਲੈਂਗਲੀ ਦੀ ਟ੍ਰਿਨਿਟੀ ਵੈਸਟਰਨ ਯੂਨੀਵਰਸਿਟੀ ਦੇ ‘ਸਕੂਲ ਆਫ਼ ਆਰਟਸ, ਮੀਡੀਆ ਐਂਡ ਕਲਚਰ’ ਵਿੱਚ ਪੜ੍ਹਾ ਰਹੀ ਹੈ । ਆਪਣੇ ਪਤੀ ਦੇ ਨਾਲ ਮਿਲ ਕੇ, ਉਨ੍ਹਾਂ ਨੇ ਐਬਟਸਫੋਰਡ ਦੇ ਪਰਿਵਾਰਾਂ ਦੀ ਸੇਵਾ ਕਰਨ ਵਾਲੇ ਇੱਕ ਸਥਾਨਕ ਕਾਇਰੋਪ੍ਰੈਕਟਿਕ ਕਲੀਨਿਕ ਨੂੰ ਸਥਾਪਤ ਕਰਨ ਅਤੇ ਚਲਾਉਣ ਵਿੱਚ ਵੀ ਮਦਦ ਕੀਤੀ ਹੈ।

ਕ੍ਰਿਸਟੀ ਮਿਲਜ਼ ਇੱਕ ਰਜਿਸਟਰਡ ਨਰਸ ਜੋ ਸਿਹਤ ਸੰਭਾਲ ਦੇ ਨਾਲ ਇਕ ਵਲੰਟੀਅਰ ਅਤੇ ਚਾਰ ਧੀਆਂ ਦੀ ਮਾਂ ਹੈ। ਫਰੇਜ਼ਰ ਹੈਲਥ  ਨਾਲ ਆਪਣੇ ਕਰੀਅਰ ਦੌਰਾਨ, ਉਸਨੇ ਸਿਹਤ ਸੰਭਾਲ ਦੇ ਮੁੱਢਲੇ ਪੱਧਰ ‘ਤੇ ਕੰਮ ਕਰਨ ਤੋਂ ਲੈ ਕੇ ਕਰਮਚਾਰੀਆਂ ਦੇ ਵਿਕਾਸ, ਸਿੱਖਿਆ ਅਤੇ ਰਣਨੀਤਕ ਯੋਜਨਾਬੰਦੀ ਤੇ ਪ੍ਰਬੰਧਕੀ ਪੋਸਟਾਂ ਤੇ ਜ਼ਿਕਰਯੋਗ ਕੰਮ ਕੀਤਾ ਹੈ। ਉਸਦਾ ਕਹਿਣਾ ਹੈ ਕਿ ਉਹ ਭਾਈਚਾਰਕ ਸਿਹਤ ਅਤੇ ਸੁਰੱਖਿਆ ਨੂੰ ਮਜ਼ਬੂਤ ​​ਕਰਨ, ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ  ਦਾ ਸਮਰਥਨ ਕਰਨ, ਪਾਰਕਾਂ, ਖੇਡ ਮੈਦਾਨਾਂ ਵਿੱਚ ਨਿਵੇਸ਼ ਕਰਨ ਅਤੇ ਮਜ਼ਬੂਤ ​​ਵਿੱਤੀ ਪ੍ਰਬੰਧਨ ਨੂੰ ਕਾਇਮ ਰੱਖਦੇ ਹੋਏ ਸ਼ਹਿਰ ਦੀ ਜ਼ਿੰਮੇਵਾਰਾਨਾ ਯੋਜਨਾਬੰਦੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਐਬਸਫੋਰਡ ਵਾਇਸ ਦੀ ਆਗੂ ਪੈਟਰੀਸ਼ੀਆ ਡ੍ਰੀਸਨ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਉਹਨਾਂ ਦੀ ਸਲੇਟ ਐਬਟਸਫੋਰਡ ਦੀ ਸੇਵਾ ਕਰਨ ਲਈ ਆਪਣੇ ਵੱਖ-ਵੱਖ ਹੁਨਰ ਅਤੇ ਤਜ਼ਰਬਿਆਂ ਦੀ ਵਰਤੋਂ ਕਰੇ। ਉਨ੍ਹਾਂ ਕਿਹਾ, “ਇੱਕ ਆਵਾਜ਼ ਫਰਕ ਲਿਆ ਸਕਦੀ ਹੈ, ਪਰ ਅਸੀਂ ਸਾਰੇ ਮਿਲ ਕੇ ਅਸੀਂ ਹੋਰ ਵੀ ਵੱਡਾ ਪ੍ਰਭਾਵ ਪਾ ਸਕਦੇ ਹਾਂ। ‘ਐਬਟਸਫੋਰਡ ਵਾਇਸ’  ਦਾ ਇਹੀ ਮਕਸਦ ਹੈ। ਤਿੰਨ ਆਗੂ-ਤਿੰਨ ਵੱਖੋ-ਵੱਖਰੇ ਪਿਛੋਕੜ ਤੇ ਐਬਟਸਫੋਰਡ ਲਈ ਇੱਕ ਸਾਂਝੀ ਵਚਨਬੱਧਤਾ।
ਵਧੇਰੇ ਜਾਣਕਾਰੀ ਲਈ abbotsfordvoice.ca ‘ਤੇ ਜਾਓ। ਮਿਉਂਸਪਲ ਚੋਣਾਂ ਸ਼ਨੀਵਾਰ, 17 ਅਕਤੂਬਰ ਨੂੰ ਹੋਣਗੀਆਂ।

Leave a Reply

Your email address will not be published. Required fields are marked *