Sep 23, 2026

ਐਬਸਫੋਰਡ ( ਦੇ ਪ੍ਰ ਬਿ)- ਐਬਸਫੋਰਡ ਸਕੂਲ ਟਰੱਸਟੀ ਰੂਪੀ ਕੰਡਾ-ਰਾਜਵਾਨ ਐਬਟਸਫੋਰਡ ਸਿਟੀ ਕੌਂਸਲ ਲਈ ਕੌਂਸਲਰ ਵਜੋਂ ਚੋਣ ਲੜ ਰਹੇ ਹਨ। ਪਿਛਲੇ ਚਾਰ ਸਾਲਾਂ ਦੌਰਾਨ ਇਕ ਸਕੂਲ ਟਰੱਸਟੀ ਵਜੋਂ ਜਿਥੇ ਉਨ੍ਹਾਂ ਨੇ ਭਾਈਚਾਰਕ ਸਾਂਝੀ ਦੀ ਵਕਾਲਤ, ਸਹਿਯੋਗ ਅਤੇ ਵਿਹਾਰਕ ਅਗਵਾਈ ਲਈ ਆਪਣੀ ਵੱਖਰੀ ਪਛਾਣ ਬਣਾਈ ਹੈ ਉਥੇ ਆਪਣੀ ਇਮਾਨਦਾਰੀ ਅਤੇ ਲੋਕਾਂ ਨੂੰ ਪਹਿਲ ਦੇਣ ਵਾਲੀ ਪਹੁੰਚ ਕਾਰਣ, ਐਬਸਫੋਰਡ ਵਾਸੀਆਂ ਦੀ ਪ੍ਰੇੇਰਨਾ ਸਦਕਾ ਸਿਟੀ ਕੌਂਸਲ ਲਈ ਚੋਣ ਲੜਨ ਦਾ ਫੈਸਲਾ ਲਿਆ ਹੈ।
ਰੂਪੀ ਕੰਡਾ ਰਾਜਵਾਨ ਦਾ ਕਹਿਣਾ ਹੈ ਕਿ “ਮੇਰਾ ਧਿਆਨ ਹਮੇਸ਼ਾ ਲੋਕਾਂ ਨਾਲ ਸਬੰਧ ਬਣਾਉਣ, ਉਨ੍ਹਾਂ ਦੀ ਗੱਲ ਸੁਣਨ ਅਤੇ ਅਜਿਹੇ ਮੌਕੇ ਪੈਦਾ ਕਰਨ ਵਿੱਚ ਮਦਦ ਕਰਨ ‘ਤੇ ਰਿਹਾ ਹੈ ਜੋ ਸਾਡੇ ਭਾਈਚਾਰੇ ਨੂੰ ਮਜ਼ਬੂਤ ​​ਕਰਦੇ ਹਨ। ਐਬਟਸਫੋਰਡ ਨੂੰ ਸਪੱਸ਼ਟਤਾ, ਸਹੀ ਦਿਸ਼ਾ ਅਤੇ ਅਗਾਂਹਵਧੂ ਸੋਚ ਵਾਲੀ ਅਗਵਾਈ ਦੀ ਲੋੜ ਹੈ। ਸਾਨੂੰ ਵਿਕਾਸ ਲਈ ਯੋਜਨਾ ਬਣਾਉਣ ਦੇ ਨਾਲ-ਨਾਲ ਉਸ ਭਾਈਚਾਰਕ ਭਾਵਨਾ ਦੀ ਰਾਖੀ ਕਰਨ ਦੀ ਵੀ ਲੋੜ ਹੈ ਜੋ ਇਸ ਸ਼ਹਿਰ ਨੂੰ ਖਾਸ ਬਣਾਉਂਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਮੈਂ ਸਕੂਲ ਟਰੱਸਟੀ ਵਜੋਂ ਆਪਣਾ ਮੌਜੂਦਾ ਅਹੁਦਾ ਛੱਡਣ ਦਾ ਫੈਸਲਾ ਇਸ ਲਈ ਕਰ ਰਹੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਭੂਮਿਕਾ ਨਿਭਾ ਲਈ ਹੈ ਅਤੇ ਆਪਣੀ ਮੁਹਿੰਮ ਦੌਰਾਨ ਭਾਈਚਾਰੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਲਿਆ ਹੈ।” “ਜੇਕਰ ਤੁਸੀਂ ਆਪਣੇ ਕੰਮ ਪੂਰੇ ਕਰ ਲਏ ਹਨ ਤਾਂ ਅਹੁਦੇ ‘ਤੇ ਬਣੇ ਰਹਿਣ ਦਾ ਕੀ ਫਾਇਦਾ? ਮੇਰਾ ਮੰਨਣਾ ਹੈ ਕਿ ਅਗਵਾਈ ਦਾ ਅਰਥ ਹੈ ਲਗਾਤਾਰ ਅੱਗੇ ਵਧਣਾ, ਉੱਥੇ ਸੇਵਾ ਕਰਨਾ ਜਿੱਥੇ ਤੁਹਾਡੀ ਸਭ ਤੋਂ ਵੱਧ ਲੋੜ ਹੈ  ਅਤੇ ਉਸ ਤਜ਼ਰਬੇ ਨੂੰ ਅੱਗੇ ਲਿਆ ਕੇ ਵਿਆਪਕ ਭਾਈਚਾਰੇ ਨੂੰ ਲਾਭ ਪਹੁੰਚਾਉਣਾ ਵੱਡਾ ਮਕਸਦ ਹੈ।
ਐਬਸਫੋਰਡ ਵਿਚ ਡੇ-ਕੇਅਰ ਦੀ ਸਾਬਕਾ ਸੰਚਾਲਕ ਰਹੀ ਰੂਪੀ ਕੰਡਾ ਕੋਲ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਤੋਂ ‘ਚਾਈਲਡ ਐਂਡ ਯੂਥ ਕੇਅਰ’  ਵਿੱਚ ਬੈਚਲਰ  ਡਿਗਰੀ ਹੈ। ਉਪਰੰਤ ਉਸਨੇ  ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਐਜੂਕੇਸ਼ਨ ਵਿੱਚ ਮਾਸਟਰ ਡਿਗਰੀ ਕੀਤੀ ਹੈ।
2022 ਵਿੱਚ ਐਬਟਸਫੋਰਡ ਸਕੂਲ ਟਰੱਸਟੀ ਵਜੋਂ ਚੁਣੀ ਜਾਣ ਵਾਲੀ ਪਹਿਲੀ ਪੰਜਾਬੀ ਮਹਿਲਾ ਹੋਣ ਦਾ ਉਹਨਾਂ ਨੂੰ ਮਾਣ ਹਾਸਲ ਹੈ। ਭਾਈਚਾਰੇ ਵਿੱਚ ਸਰਗਰਮ ਭੂਮਿਕਾ ਨਿਭਾਉਣਾ, ਵੱਖ-ਵੱਖ ਨਜ਼ਰੀਏ ਨੂੰ ਸਮਝਣਾ ਅਤੇ ਜੀਵਨ ਦੇ ਹਰ ਖੇਤਰ ਨਾਲ ਸਬੰਧਤ ਲੋਕਾਂ ਨਾਲ ਸੱਚੇ ਤੇ ਮਜ਼ਬੂਤ ​​ਰਿਸ਼ਤੇ ਕਾਇਮ ਕਰਨ ਵਿਚ ਉਹਨਾਂ ਦੀ ਭੂਮਿਕਾ ਅਹਿਮ ਹੈ। ਸਿਟੀ ਕੌਂਸਲਰ ਚੁਣੇ ਜਾਣ ਦੀ ਸੂਰਤ ਵਿਚ ਉਹਨਾਂ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਖੇਡ ਮੈਦਾਨਾਂ ਅਤੇ ਭਾਈਚਾਰਕ ਸਹੂਲਤਾਂ ਦਾ ਵਿਸਥਾਰ ਕਰਨਾ, ਵਿਦਿਆਰਥੀਆਂ ਅਤੇ ਪਰਿਵਾਰਾਂ ਲਈ ਆਵਾਜਾਈ ਤੇ ਪਾਰਕਿੰਗ ਦੇ ਬਿਹਤਰ ਹੱਲ ਲੱਭਣਾ, ਸਮਝਦਾਰੀ ਭਰੇ ਅਤੇ ਸੰਤੁਲਿਤ ਵਿਕਾਸ ਦਾ ਸਮਰਥਨ ਕਰਨਾ ਅਤੇ ਐਬਟਸਫੋਰਡ ਦੇ ਸਾਰੇ ਇਲਾਕਿਆਂ ਵਿੱਚ ਕੌਂਸਲ ਅਤੇ ਸ਼ਹਿਰੀਆਂ ਵਿਚਾਲੇ ਸਾਂਝ ਅਤੇ ਸੰਚਾਰ ਨੂੰ ਮਜ਼ਬੂਤ ​​ਕਰਨਾ ਸ਼ਾਮਲ ਹੈ।

Leave a Reply

Your email address will not be published. Required fields are marked *