Sep 23, 2026

ਅੰਮ੍ਰਿਤਸਰ- ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਅਮਰਜੀਤ ਸਿੰਘ ਚਾਵਲਾ ਵਿਰੁੱਧ ਜਬਰ ਜਨਾਹ ਦਾ ਕੇਸ ਦਰਜ ਕਰਾਉਣ ਵਾਲੀ ਔਰਤ ਨੂੰ ਉਨ੍ਹਾਂ ਦੀ ਕਿਰਦਾਰਕੁਸ਼ੀ ਲਈ ਬਹਿਰੀਨ ਤੋਂ ਲਿਆਂਦਾ ਗਿਆ ਸੀ। ਇਸ ਗੱਲ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਚੰਡੀਗੜ੍ਹ ਵਿਖੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕ ਦੋ ਦਸੰਬਰ ਦੇ ਹੁਕਮਨਾਮਿਆਂ ਦਾ ਬਦਲਾ ਲੈਣ ਲਈ ਇਸ ਹੱਦ ਤੱਕ ਡਿੱਗ ਚੁੱਕੇ ਹਨ ਕਿ ਵਿਦੇਸ਼ ਤੋਂ ਬੀਬੀ ਨੂੰ ਲਿਆ ਕੇ ਉਨ੍ਹਾਂ ਖਿਲਾਫ਼ ਵਰਤਣ ਲਈ ਸ਼੍ਰੋਮਣੀ ਕਮੇਟੀ ਵਿੱਚ ਸਹੂਲਤਾਂ ਅਤੇ ਰਿਹਾਇਸ਼ ਦਿੱਤੀ ਗਈ ਪਰ ਹੁਣ ਇਕ ਬੰਦੇ ’ਤੇ ਸਾਰਾ ਇਲਜ਼ਾਮ ਲਗਾ ਕੇ ਪੂਰੀ ਸਾਜ਼ਿਸ਼ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਬਹਿਰੀਨ ਤੋਂ ਔਰਤ ਨੂੰ ਭਾਰਤ ਲਿਆਉਣ ਪਿੱਛੇ ਮਨਸ਼ਿਆਂ ਦੀ ਵੀ ਜਾਂਚ ਕੀਤੀ ਜਾਵੇ।

ਗਿਆਨੀ ਹਰਪ੍ਰੀਤ ਸਿੰਘ ਨੇ ਪੁਲੀਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਅਮਰਜੀਤ ਸਿੰਘ ਚਾਵਲਾ ਵਿਰੁੱਧ 21 ਅਗਸਤ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ ਤਾਂ ਉਸ ਵਿਰੁੱਧ ਕਾਰਵਾਈ ਵਿੱਚ ਢਿੱਲ ਕਿਉਂ ਵਰਤੀ ਗਈ ਹੈ। ਇਸ ਕਾਰਨ ਉਹ ਵਿਦੇਸ਼ ਭੱਜਣ ਵਿੱਚ ਕਾਮਯਾਬ ਹੋ ਗਿਆ। ‘ਆਪ’ ਦੇ ਆਗੂਆਂ ਨੂੰ ਪਤਾ ਹੈ ਕਿ ਬਹਿਰੀਨ ਤੋਂ ਪੀੜਤ ਔਰਤ ਨੂੰ ਕੌਣ ਭਾਰਤ ਲੈ ਕੇ ਆਇਆ ਸੀ ਅਤੇ ਕਿਸ ਲਈ ਲਿਆਂਦਾ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਵਾਲ ਕੀਤਾ ਕਿ ਔਰਤ ਛੇ ਮਹੀਨੇ ਤੱਕ ਗੁਰੂ ਘਰ ਦੀ ਸਰਾਂ ਵਿੱਚ ਕਿਵੇਂ ਰਹਿ ਰਹੀ ਸੀ ਅਤੇ ਉਸ ਨੂੰ ਸਾਰੀਆਂ ਸਹੂਲਤਾਂ ਕਿਵੇਂ ਦਿੱਤੀਆਂ ਗਈਆਂ। ਜੇ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਲੋਂ ਇਸ ਘਟਨਾ ਤੋਂ ਅਗਿਆਨਤਾ ਪ੍ਰਗਟਾਉਣਾ ਵੀ ਹੈਰਾਨੀਜਨਕ ਹੈ। ਉਹ ਵੀ ਇਸ ਅਹੁਦੇ ’ਤੇ ਰਹਿਣ ਦੇ ਕਾਬਲ ਨਹੀਂ। ਇਸ ਘਿਣਾਉਣੀ ਹਰਕਤ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਅਸਤੀਫੇ ਲਈ 11 ਦਿਨ ਲਗਾਤਾਰ ਅਕਾਲ ਤਖ਼ਤ ’ਤੇ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸੁੱਚਾ ਸਿੰਘ ਛੋਟੇਪੁਰ, ਸਰਵਣ ਸਿੰਘ ਫਿਲੌਰ, ਮਨਜੀਤ ਸਿੰਘ, ਗੋਬਿੰਦ ਸਿੰਘ ਲੌਂਗੋਵਾਲ, ਗਗਨਜੀਤ ਸਿੰਘ ਬਰਨਾਲਾ, ਜਸਟਿਸ ਨਿਰਮਲ ਸਿੰਘ, ਦਵਿੰਦਰ ਸਿੰਘ ਸੋਢੀ, ਕਰਨੈਲ ਸਿੰਘ ਪੀਰਮੁਹੰਮਦ, ਗੁਰਜੀਤ ਸਿੰਘ ਤਲਵੰਡੀ ਸਣੇ ਹੋਰ ਆਗੂ ਹਾਜ਼ਰ ਸਨ।

featured-img

Leave a Reply

Your email address will not be published. Required fields are marked *