Sep 23, 2026

ਸਰੀ ( ਦੇ ਪ੍ਰ ਬਿ)- ਸਰੀ ਸਿਟੀ ਕੌਂਸਲ ਚੋਣਾਂ ਵਿਚ ਮੇਅਰ ਉਮੀਦਵਾਰ ਟਰੌਏ ਵੈਨ ਵਲੀਟ ਦੀ ਅਗਵਾਈ ਵਾਲੀ ਸਰੀ ਨਾਓ ਨਾਮ ਦੀ ਸਲੇਟ ਵਲੋਂ ਉਘੇ ਰੀਐਲਟਰ ਰਾਹੁਲ ਗਿੱਲ ਕੌਂਸਲਰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ। ਇਮੀਗ੍ਰਾਂਟਸ ਮਾਪਿਆਂ ਦਾ ਸਪੁੱਤਰ ਰਾਹੁਲ ਗਿੱਲ ਵੈਨਕੂਵਰ ਸ਼ਹਿਰ ਦਾ ਜੰਮਪਲ ਹੈ। ਜਿਲਾਂ ਨਵਾਂਸ਼ਹਿਰ ਦੇ ਪਿੰਡ ਬੇਗਮਪੁਰ ਨਾਲ ਸਬੰਧਿਤ ਉਸਦੇ ਮਾਪਿਆਂ ਨੇ ਉਸਨੂੰ ਪੰਜਾਬੀ ਸਭਿਆਚਾਰ ਤੇ ਵਿਰਸੇ ਨਾਲ ਜੋੜੀ ਰੱਖਣ ਲਈ ਮੁਢਲੀ ਵਿਦਿਆ ਪੰਜਾਬ ਤੋਂ ਦਿਲਵਾਈ। ਰਾਹੁਲ ਗਿੱਲ ਨੇ ਨਵਾਂਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਦੇ ਸ਼ਿਵਾਲਕ ਪਬਲਿਕ ਸਕੂਲ ਤੋਂ 7ਵੀਂ ਤੱਕ ਪੜਾਈ ਕੀਤੀ ਹੈ। ਪੰਜਾਬ ਤੋਂ ਮੁਢਲੀ ਪੜਾਈ ਕਰਨ ਉਪਰੰਤ ਉਹ ਆਪਣੇ ਮਾਪਿਆਂ ਕੋਲ ਵੈਨਕੂਵਰ ਪਰਤ ਆਏ ਤੇ ਇਥੇ ਆਕੇ ਉਚ ਵਿਦਿਆ ਪ੍ਰਾਪਤ ਕੀਤੀ। ਉਹਨਾਂ ਨੇ ਬਚਪਨ ਤੋਂ ਜਵਾਨੀ ਤੱਕ ਸਰੀ ਸ਼ਹਿਰ ਨੂੰ ਆਪਣੇ ਅੱਖੀਂ ਵਧਦਾ ਫੁਲਦਾ ਵੇਖਿਆ ਹੈ। ਇਕ ਰੀਐਲਟਰ ਵਜੋਂ ਕੈਰੀਅਰ ਦੀ ਸ਼ੁਰੂਆਤ ਕਰਨ ਅਤੇ ਲੋਅਰ ਮੇਨਲੈਂਡ ਦੇ ਨਾਮੀ ਰੀਐਲਟਰ ਵਜੋਂ ਵਿਚਰਦਿਆਂ ਉਹਨਾਂ ਨੇ ਸਰੀ ਅਤੇ ਲੋਅਰ ਮੇਨਲੈਂਡ ਦੇ ਵਿਕਾਸ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਆਪਣੀ ਪਤਨੀ ਅਮਨ ਗਿੱਲ ਨਾਲ ਮਿਲਕੇ ਉਹ ਅੱਜ ਵੀ ਦਿ ਗਿੱਲ ਟੀਮ ਦੇ ਸਹਿ ਮੁਖੀ ਵਜੋਂ ਵਿਚਰ ਰਹੇ ਹਨ। ਆਪਣੇ  ਦੋ ਦਹਾਕਿਆਂ ਤੋਂ ਵੱਧ ਸਮੇਂ ਦੇ  ਕਰੀਅਰ ਦੌਰਾਨ ਰਾਹੁਲ ਗਿੱਲ ਨੇ ਇੱਕ ਸਮਰਪਿਤ ਸਥਾਨਕ ਏਜੰਟ ਤੋਂ ਖੇਤਰ ਦੇ ਪ੍ਰਮੁੱਖ ਪ੍ਰਾਪਰਟੀ ਰਣਨੀਤੀਕਾਰ, ਡਿਵੈਲਪਰ ਅਤੇ ਨਾਗਰਿਕ ਹਿੱਤਾਂ ਦੇ ਪੈਰੋਕਾਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ।
ਸਾਲ 2004 ਵਿੱਚ ਰੀਅਲ ਅਸਟੇਟ ਦੇ ਖੇਤਰ ਵਿੱਚ ਰਾਹੁਲ ਗਿੱਲ ਦਾ ਪ੍ਰਵੇਸ਼ ਇੱਕ ਸਪੱਸ਼ਟ ਸੋਚ ‘ਤੇ ਆਧਾਰਿਤ ਸੀ। ਉਹ ਕਹਿੰਦੇ ਹਨ  ਜਾਇਦਾਦ ਦੇ ਲੈਣ-ਦੇਣ ਸਿਰਫ਼ ਇਕਰਾਰਨਾਮਿਆਂ ਬਾਰੇ ਨਹੀਂ ਹੁੰਦੇ—ਇਹ ਲੋਕਾਂ, ਇਕੁਇਟੀ (ਜਾਇਦਾਦ ਦੇ ਮੁੱਲ) ਅਤੇ ਲੰਬੇ ਸਮੇਂ ਦੀ ਸੁਰੱਖਿਆ ਬਾਰੇ ਹੁੰਦੇ ਹਨ। ਬਾਜ਼ਾਰ ਦੀਆਂ ਗਤੀਵਿਧੀਆਂ ਦੀ ਡੂੰਘੀ ਸਮਝ ਅਤੇ ਗਾਹਕਾਂ ਨੂੰ ਪਹਿਲ ਦੇਣ ਵਾਲੀ ਵਿਹਾਰਕ ਪਹੁੰਚ ਨਾਲ, ਗਿੱਲ ਨੇ ਲੰਬੇ ਸਮੇਂ ਦੇ ਸਬੰਧਾਂ ਅਤੇ ਮਾਨਵੀ ਮੁੱਲਾਂ ‘ਤੇ ਆਧਾਰਿਤ ਕਾਰੋਬਾਰ ਸਥਾਪਤ ਕੀਤਾ ਹੈ।
‘ਗਿਲਕੋ ਰੀਅਲ ਅਸਟੇਟ ਸਰਵਿਸਿਜ਼’  ਦੇ ਅਧੀਨ ਕੰਮ ਕਰਦਿਆਂ, ‘ਦਿ ਗਿੱਲ ਟੀਮ’ ਨੇ  ਸਰੀ, ਵ੍ਹਾਈਟ ਰੌਕ, ਸਾਊਥ ਸਰੀ, ਡੈਲਟਾ ਅਤੇ ਲੈਂਗਲੀ ਵਿੱਚ ਆਪਣੀ ਮਜ਼ਬੂਤ ਤੇ ਵਿਸ਼ਵਾਸਯੋਗ ​​ਪਛਾਣ ਬਣਾਈ ਹੈ।  ਪਿਛਲੇ ਵੀਹ ਸਾਲਾਂ ਤੋਂ ਵੱਧ ਦੇ ਸਰਗਰਮ ਕਾਰਜਕਾਲ ਦੌਰਾਨ, ਰਾਹੁਲ ਗਿੱਲ ਦਾ ਰਿਕਾਰਡ ਲੋਅਰ ਮੇਨਲੈਂਡ ਵਿੱਚ ਲਗਾਤਾਰ ਬਾਜ਼ਾਰ ਦੀ ਅਗਵਾਈ ਨੂੰ ਦਰਸਾਉਂਦਾ ਹੈ। ਉਸਨੇ  $1.8 ਬਿਲੀਅਨ ਤੋਂ ਵੱਧ ਦੀ ਕੁੱਲ ਵਿਕਰੀ ਕਰਦਿਆਂ ਇਕ ਰਿਕਾਰਡ ਸਥਾਪਿਤ ਕੀਤਾ ਹੈ। ਬਦਲਦੇ ਆਰਥਿਕ ਹਾਲਾਤਾਂ ਦੇ ਬਾਵਜੂਦ ਉਹਨਾਂ ਦੀ ਲਗਾਤਾਰ ਵਧੀਆ ਕਾਰਗੁਜ਼ਾਰੀ ਰਹੀ ਹੈ।-ਸਿਟੀ ਕੌਂਸਲ ਲਈ ਉਮੀਦਵਾਰੀ-

ਇਕ ਸਫਲ ਰੀਐਲਟਰ ਤੋਂ ਬਾਦ ਹੁਣ ਉਹ ਸਰੀ ਸ਼ਹਿਰ ਅਤੇ ਆਪਣੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੁੰਦਿਆਂ ਸਰੀ ਨਾਓ ਟੀਮ ਦੀ ਤਰਫੋਂ ਕੌੰਸਲ ਉਮੀਦਵਾਰ ਵਜੋਂ ਚੋਣ ਮੈਦਾਨ  ਵਿਚ ਹਨ। ​ਆਪਣੇ ਕਾਰੋਬਾਰ ਤੋਂ ਇਲਾਵਾ ਕਈ ਸਮਾਜ ਸੰਸਥਾਵਾਂ ਨਾਲ ਵਲੰਟੀਅਰ ਵਜੋਂ ਸੇਵਾਵਾਂ ਨਿਭਾਉਂਦਿਆਂ ਉਹਨਾਂ ਦਾ ਸਰਗਰਮ ਜਨਤਕ ਸੇਵਾ ਵਿਚ ਆਉਣ ਦਾ ਮਨ ਬਣਿਆ ਹੈ। ਉਹਨਾਂ ਦਾ ਮਿਉਂਸਪਲ ਰਾਜਨੀਤੀ ਵਿੱਚ ਆਉਣ ਦਾ ਵਿਚਾਰ ਆਪਣੇ ਨਿੱਜੀ-ਖੇਤਰ ਦੇ ਤਜ਼ਰਬੇ, ਰੀਅਲ ਅਸਟੇਟ ਦੇ ਗਿਆਨ ਅਤੇ ਭਾਈਚਾਰਕ ਸਬੰਧਾਂ ਨੂੰ ਨਾਲ ਲੈਕੇ ਚੱਲਣ ਦੀ  ਸਮਝ ਨਾਲ ਬਣਿਆ ਹੈ। ਉਹਨਾਂ ਅਤੇ  ਸਲੇਟ ਦੇ ਪਲੇਟਫਾਰਮ ਵਿਚ ਮੁੱਖ ਤਰਜੀਹਾਂ ਵਿਚ  ਸਮਾਰਟ ਅਤੇ ਜਵਾਬਦੇਹ ਵਿਕਾਸ, ਸਮਝਦਾਰੀ, ਸੁਚਾਰੂ ਭੂਮੀ-ਵਰਤੋਂ  ਯੋਜਨਾਬੰਦੀ, ਸਰੀ ਵਾਸੀਆਂ ਲਈ ਤੁਰੰਤ ਤੇ ਕਫਾਇਤੀ ਰਿਹਾਇਸ਼ ਸਪਲਾਈ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਸ਼ਾਮਿਲ ਹਨ। ਇਸਤੋਂ ਇਲਾਵਾ ਸਰੀ, ਕਲੋਵਰਡੇਲ ਅਤੇ ਸਾਊਥ ਸਰੀ ਵਿੱਚ ਚੰਗੇਰੇ ਗਵਾਂਢ ਦੀ ਸਥਾਪਨਾ, ਪਰਿਵਾਰਾਂ ਲਈ ਜਨਤਕ ਸੁਰੱਖਿਆ, ਭਾਈਚਾਰਕ ਸੇਵਾਵਾਂ ਨੂੰ ਉਪਲਬਧ ਕਰਵਾਉਣਾ ਵੀ ਸ਼ਾਮਿਲ ਹੈ। ਉਹ ਚਾਹੁੰਦੇ ਹਨ ਕਿ ਸਿਟੀ ਹਾਲ ਦੇ ਪ੍ਰਸ਼ਾਸਨ ਅਤੇ ਫੈਸਲੇ ਲੈਣ ਦੀ ਯੋਗਤਾ ਵਿਚ ਲੋਕਾਂ ਦੀ ਸ਼ਮੂਲੀਅਤ ਵਧੇਰੇ ਤੇ ਸਪੱਸ਼ਟ ਹੋਵੇ। ਖੇਤਰ ਦੇ ਰੀਅਲ ਅਸਟੇਟ ਵਿਕਾਸ ਨੂੰ ਆਮ ਸ਼ਹਿਰੀਆਂ ਲਈ ਲਾਹੇਵੰਦਾ ਬਣਾਉਣਾ ਬਹੁਤ ਜ਼ਰੂਰੀ ਹੈ।
ਰਾਹੁਲ ਗਿੱਲ ਆਪਣੀ ਮਿਉਂਸਪਲ ਉਮੀਦਵਾਰੀ ਨੂੰ ਫਰੇਜ਼ਰ ਵੈਲੀ ਵਿੱਚ ਆਪਣੇ ਵਿਵਹਾਰਕ ਜੀਵਨ ਦੇ ਨਾਲ ਕੁਦਰਤੀ ਵਿਸਥਾਰ ਵਜੋਂ ਵੇਖਦੇ ਹਨ। ਸਿਟੀ ਕੌਂਸਲਰ ਵਜੋਂ ਚੁਣੇ ਜਾਣ ਤੋਂ ਬਾਅਦ ਉਹ ਸਿਟੀ ਹਾਲ ਵਿੱਚ ਇੱਕ ਪਹੁੰਚਯੋਗ, ਜਵਾਬਦੇਹ ਅਤੇ ਲੋਕ ਹਿੱਤੂ ਆਵਾਜ਼ ਬੁਲੰਦ ਕਰਨ ਦੇ ਨਾਲ ਲੋਕਾਂ ਦੇ ਅਸਲ ਪ੍ਰਤੀਨਿਧ  ਵਜੋਂ ਸੇਵਾ ਕਰਨ ਲਈ ਵਚਨਬੱਧ ਹਨ।

Leave a Reply

Your email address will not be published. Required fields are marked *